*ਚੂੰਗੜਿਆਂ ਵਿਚ ਭਰੀਂ ਮੁਹੱਬਤ
ਭਰ ਦੀਵਿਆਂ ਦਾ ਥਾਲ
ਨੇਰ੍ਹੀਆਂ ਨੁੱਕਰਾਂ ਭਾਲ ਮਨ ਦੀਆਂ
ਨ੍ਹੇਰੀਆਂ ਨੁੱਕਰਾਂ ਭਾਲ
ਇਕ ਦੀਵਾ ਦੇਹੜੀ 'ਤੇ ਰੱਖੀਂ
ਅੱਖਾਂ ਮੀਟ ਧਿਆਈਂ
ਇੱਜ਼ਤ ਬਣੀ ਰਹੇ ਘਰ ਦੀ
ਥੋੜ ਤੋੜ ਨਾ ਪਾਈਂ
ਰਹੇ ਚਾਨਣ ਤੁਰਦਾ ਨਾਲ...
ਇਕ ਦੀਵਾ ਪਾਣੀ ਮੁੱਢ ਰੱਖੀਂ
ਇਕ ਕਰੀਂ ਅਰਜੋਈ
ਖ਼ਵਾਜਾ ਰੁੱਸਿਆ ਸਾਡੇ ਤੋਂ ਕੋਈ
ਬੱਜਰ ਗਲਤੀ ਹੋਈ
ਹੁਣ ਰੱਖਣਾ ਪਊ ਖਿਆਲ...
ਇਕ ਦੀਵਾ ਰੁੱਖਾਂ ਮੁੱਢ ਰੱਖੀਂ
ਪੌਣ ਝੁਲਾਵੇ ਪੱਖੀ
ਸਾਹਵਾਂ ਦੀ ਇਕ ਡੋਰ
ਤਨ 'ਚ ਸਜਾ ਕੇ ਰੱਖੀ
ਰਹੇ ਬਣਕੇ ਸਾਡੀ ਢਾਲ...
ਦੀਵਾ ਇਕ ਖੇਤਾਂ ਵਿਚ ਬਾਲੀਂ
ਮੁੜੇ ਫਸਲ ਘਰ ਆਵੇ
ਪੂੰਜੀਦਾਰ ਨਾ ਖੇਤੋਂ ਦਾਣੇ
ਉਰੇ ਪਰੇ ਕਰ ਜਾਵੇ
ਡਰ ਤੁਰਦਾ ਸਾਡੇ ਨਾਲ...
ਦੀਵਾ ਪੀਰਾਂ ਦੇ ਬਾਲੀਂ
ਇਕ ਦੀਵਾ ਮਦਰੱਸੇ ਵੀ
ਦੀਵਾ ਬਾਲ ਕਿਤਾਬਾਂ ਮੂਹਰੇ
ਸ਼ਬਦ ਮਨਾਂ ਵਿਚ ਵਸੇ ਵੀ
ਸੁਲਝਣ ਸਭ ਅੜੇ ਸੁਆਲ...
ਮੜ੍ਹੀ ਮਸਾਣੀਂ ਨਾ ਦੀਵੇ ਬਾਲੀਂ
ਪੁਰਖੇ ਤੇਰੇ ਅੰਦਰ
ਧਰਮ ਕਰਮ ਦੇ ਸਾਡੇ
ਮਨ ਵਿਚ ਮੰਦਰ ਨੇ
ਤੂੰ ਸੰਸਕਾਰਾਂ 'ਚੋਂ ਭਾਲ...
-ਮੋਬਾ: 97806-67686