ਆ ਗਈ ਫਿਰ ਦੀਵਿਆਂ ਦੀ ਰਾਤ ਹੈ,
ਹਰ ਤਰਫ਼ ਹੀ ਨੂਰ ਦੀ ਬਰਸਾਤ ਹੈ।
ਹਰ ਤਰਫ਼ ਹੈ ਚਾਨਣਾ ਹੀ ਚਾਨਣਾ,
ਕਿੰਨੀ ਦਿਲਕਸ਼ ਤੇਰੀ ਕਾਇਨਾਤ ਹੈ।
ਇਸ਼ਕ ਨੇ ਅੱਜ ਲਾਟ ਨੂੰ ਹੈ ਚੁੰਮਣਾ,
ਇਸ਼ਕ ਹੀ ਪਰਵਾਨਿਆਂ ਦੀ ਜਾਤ ਹੈ।
ਮੱਸਿਆ ਅੱਜ ਪੁੰਨਿਆ ਵਿਚ ਵਟ ਗਈ,
ਇਹ ਤੇਰੀ ਕੈਸੀ ਅਨੋਖੀ ਦਾਤ ਹੈ।
ਦੀਵਿਆਂ ਵਿਚ ਜੋਤਿ ਤੇਰੀ ਜਗ ਰਹੀ,
ਹੋ ਗਈ ਮਿੱਟੀ ਦੀ ਉੱਚੀ ਜਾਤ ਹੈ।
ਬਾਵਰੇ ਨੈਣਾਂ ਨੇ ਚਾਨਣ ਪੀ ਲਿਆ,
ਹਰ ਤਰਫ਼ ਤੇਰੀ ਹੀ ਤੇਰੀ ਝਾਤ ਹੈ।
ਹੁਣ ਹਨੇਰੇ ਵੀ ਉਜਾਲੇ ਹੋ ਗਏ,
ਮਿਲ ਗਈ ਜੋ ਨੂਰ ਦੀ ਸੌਗਾਤ ਹੈ।
ਹਰ ਤਰਫ਼ ਹੀ ਰੌਸ਼ਨੀ ਦੇ ਫੁੱਲ ਖਿੜੇ,
ਹਰ ਤਰਫ਼ ਤੇਰੀ ਹੀ ਤੇਰੀ ਬਾਤ ਹੈ।
ਸਾਰਿਆਂ ਮੱਥਿਆਂ 'ਚ ਦੀਵੇ ਬਾਲ਼ ਦੇ,
ਮੰਗਦਾ ਦਿਲ ਬਸ ਇਹੀ ਖ਼ੈਰਾਤ ਹੈ।
**
ਗ਼ਜ਼ਲ <h4>*ਡਾ: ਸਰਬਜੀਤ ਕੌਰ ਸੰਧਾਵਾਲੀਆ * </h4>
ਅਜੀਤ ਡੈਸਕ
14-11-2020