ਪੰਜਾਬ ਵਿਚ ਵਿਕਾਸ ਵੱਲ ਝਾਤ ਮਾਰੀਏ ਤਾਂ ਪੰਜਾਬੀਆਂ ਦੇ ਰਹਿਣ-ਸਹਿਣ ਦੀ ਨੁਹਾਰ ਬਦਲ ਚੁੱਕੀ ਹੈ। ਕੱਚੇ ਕੋਠਿਆਂ ਦੀ ਜਗ੍ਹਾ ਵੱਡੀਆਂ-ਵੱਡੀਆਂ ਕੋਠੀਆਂ ਨੇ ਲੈ ਲਈ ਹੈ ਪਰ ਜ਼ਿਆਦਾਤਰ ਇਨ੍ਹਾਂ ਬਣੀਆਂ ਆਲੀਸ਼ਾਨ ਕੋਠੀਆਂ ਦੇ ਦਰਵਾਜ਼ਿਆਂ ਨੂੰ ਜਿੰਦੇ ਲੱਗੇ ਹੁੰਦੇ ਹਨ। ਬੂਹੇ-ਬਾਰੀਆਂ ਉੱਤੇ ਮਿੱਟੀ ਘੱਟਾ ਜੰਮਿਆ ਸਾਫ਼ ਦਿਸਦਾ ਹੈ। ਘਰ-ਬਾਰ ਬਹੁਤ ਸੋਹਣੇ ਬਣੇ ਹੁੰਦੇ ਹਨ ਪਰ ਉਨ੍ਹਾਂ ਵਿਚ ਹੱਸਦੇ-ਵੱਸਦੇ ਘਰਾਂ ਵਾਲੀ ਚਹਿਕ-ਮਹਿਕ, ਬੋਲ-ਬੁਲਾਰਾ ਤੇ ਹਾਸੇ ਨਹੀਂ ਸੁਣਦੇ। ਬੱਚਿਆਂ ਦੀਆਂ ਕਿਲਕਾਰੀਆਂ ਨਹੀਂ ਵੱਜਦੀਆਂ। ਕਿਸੇ-ਕਿਸੇ ਘਰ ਦੀ ਚਾਰਦੀਵਾਰੀ ਵਿਚ ਕੋਈ ਬੁੱਢਾ ਮਾਈ-ਬਾਪ ਜਾਂ ਕੋਈ ਪਰਵਾਸੀ ਮਜ਼ਦੂਰ ਉਨ੍ਹਾਂ ਕੋਠੀਆਂ ਜਾਂ ਹਵੇਲੀਆਂ ਦੀ ਰਾਖੀ ਬੈਠਾ ਹੁੰਦਾ ਹੈ, ਜਿਹੜੀਆਂ ਬਹੁਤ ਰੀਝਾਂ ਅਤੇ ਚਾਵਾਂ ਨਾਲ ਉਸਾਰੀਆਂ ਗਈਆਂ ਹੁੰਦੀਆਂ ਹਨ। ਮਨ ਸੋਚਦਾ ਹੁੰਦਾ ਹੈ ਕਿ ਇਨ੍ਹਾਂ ਘਰਾਂ ਦੇ ਮਾਲਕ ਕਦੇ ਘਰਾਂ ਨੂੰ ਪਰਤਣਗੇ ਤਾਂ ਬੂਹਿਆਂ ਵਿਚ ਤੇਲ ਚੋਇਆ ਜਾਵੇਗਾ। ਕਦੇ ਇਹ ਕੰਧਾਂ ਹੱਸਣਗੀਆਂ ਤੇ ਕਦੇ ਵਿਹੜੇ ਚਾਂਭੜਾ ਪਾਉਣਗੇ?
ਪੰਜਾਬ ਦੀਆਂ ਬਹੁਤ ਸਾਰੀਆਂ ਕੋਠੀਆਂ ਦੇ ਅਸਲੀ ਮਾਲਕ ਤਾਂ ਪ੍ਰਦੇਸੀ ਹੋ ਗਏ ਹਨ ਤੇ ਉਥੇ ਭੋਰਿਆਂ ਵਰਗੀਆਂ ਬੇਸਮੈਂਟਾਂ ਵਿਚ ਜਾਂ ਅਪਾਰਟਮੈਂਟਾਂ ਵਿਚ ਰੈਣ ਬਸੇਰੇ ਕਰ ਰਹੇ ਹਨ। ਉਨ੍ਹਾਂ ਘਰਾਂ ਵਿਚ ਉਹ ਰਹਿਣ ਨਹੀਂ, ਬਲਕਿ ਸਿਰਫ਼ ਸੌਣ ਹੀ ਆਉਂਦੇ ਹਨ। 19ਵੀਂ ਸਦੀ ਮੁੱਕਣ ਤੇ 20ਵੀਂ ਸਦੀ ਚੜ੍ਹਨ ਨਾਲ ਪੰਜਾਬੀਆਂ ਦਾ ਆਪਣੇ ਘਰਾਂ ਤੋਂ ਪਰਦੇਸਾਂ ਵੱਲ ਜਾਣ ਦਾ ਮੁਹਾਣ ਸ਼ੁਰੂ ਹੋਇਆ ਸੀ। ਪਹਿਲੇ ਸਮਿਆਂ ਵਿਚ ਪੰਜਾਬੀਆਂ ਨੂੰ ਹਮਲਾਵਰ ਘਰਾਂ ਤੋਂ ਉਜਾੜਦੇ ਸਨ, ਫਿਰ ਹਾਲਾਤ ਅਜਿਹੇ ਬਣੇ ਕਿ ਉਹ ਆਪ ਹੀ ਘਰਾਂ ਤੋਂ ਉਜੜਨ ਲੱਗ ਗਏ। 21ਵੀਂ ਸਦੀ ਦੀ ਸ਼ੁਰੂਆਤ ਵਿਚ ਪੰਜਾਬੀਆਂ ਨੇ ਵਿਦੇਸ਼ਾਂ ਵੱਲ ਨੂੰ ਅਜਿਹਾ ਰੁਖ ਕੀਤਾ ਕਿ ਹਰ ਦੂਜੇ ਪੰਜਾਬੀ ਦਾ ਟੀਚਾ ਬਾਹਰਲੇ ਮੁਲਕ ਵਿਚ ਵਸਣ ਦਾ ਹੋ ਗਿਆ। ਇਸ ਵੱਧਦੇ ਰੁਝਾਨ ਪਿੱਛੇ ਕਾਰਨ ਕੀ ਹੈ? ਇਹ ਜਾਣਨਾ ਬਹੁਤ ਜ਼ਰੂਰੀ ਹੈ। ਮਨੁੱਖ ਸਦਾ ਹੀ ਬਿਹਤਰ ਜੀਵਨ ਦੀ ਤਲਾਸ਼ ਵਿਚ ਰਿਹਾ ਹੈ ਤੇ ਰਹੇਗਾ। ਬਿਹਤਰ ਜੀਵਨ ਲਈ ਉਸ ਨੂੰ ਆਪਣਾ ਪਿਆਰਾ ਵਤਨ ਵੀ ਛੱਡਣਾ ਪਿਆ ਅਤੇ ਅੱਗੇ ਵੀ ਛੱਡਦਾ ਰਹੇਗਾ। ਪਰਵਾਸੀ ਮਜ਼ਦੂਰ ਪੰਜਾਬ ਦੀ ਸੈਰ ਕਰਨ ਦਾ ਸ਼ੌਕ ਪਾਲਣ ਨਹੀਂ ਆਉਂਦੇ। ਉਹ ਪੰਜਾਬ ਦੀ ਨਿਸ਼ਕਾਮ ਸੇਵਾ ਕਰਨ ਵਾਸਤੇ ਵੀ ਨਹੀਂ ਆਉਂਦੇ। ਪੰਜਾਬ ਉਨ੍ਹਾਂ ਨੂੰ ਯੂ. ਪੀ., ਬਿਹਾਰ ਨਾਲੋਂ ਬਿਹਤਰ ਇਵਜ਼ਾਨਾ ਦਿੰਦਾ ਹੈ, ਇਸ ਲਈ ਪਰਵਾਸੀ ਮਜ਼ਦੂਰ ਇਕ ਬਿਹਤਰ ਜੀਵਨ ਜਿਊਣ ਲਈ ਪੰਜਾਬ ਵੱਲ ਨੂੰ ਕੂਚ ਕਰਦੇ ਹਨ ਤੇ ਸਾਡੇ ਪੰਜਾਬੀ ਕੈਨੇਡਾ ਵਰਗੇ ਦੇਸ਼ਾਂ ਦਾ, ਕਿਉਂਕਿ ਉਥੇ ਉਨ੍ਹਾਂ ਦੀ ਕਿਰਤ ਦਾ ਵੱਧ ਮੁੱਲ ਮਿਲਦਾ ਹੈ। ਇਨਸਾਨ ਹਮੇਸ਼ਾ ਬਿਹਤਰ ਜੀਵਨ ਦੀ ਤਾਂਘ ਵਿਚ ਦੌੜ ਰਹੇ ਹਨ। ਇਹ ਦੌੜ ਕਦੇ ਮੁੱਕਣ ਵਾਲੀ ਨਹੀਂ। ਪੰਜਾਬੀਆਂ ਵਿਚ ਪੰਜਾਬ ਤੋਂ ਬਾਹਰ ਨਿਕਲਣ ਦੀਆਂ ਧਾਈਆਂ ਕੀਤੀਆਂ ਹੋਈਆਂ ਹਨ। ਇਹ ਦੌੜ ਕਦੇ ਮੁੱਕਣ ਵਾਲੀ ਨਹੀਂ। ਪੰਜਾਬੀਆਂ ਵਿਚ ਪੰਜਾਬ ਤੋਂ ਬਾਹਰ ਨਿਕਲਣ ਦੀਆਂ ਧਾਈਆਂ ਕੀਤੀਆਂ ਹੋਈਆਂ ਹਨ। ਉਹ ਪੁੱਠੇ ਸਿੱਧੇ ਸਾਰੇ ਰਾਹ ਅਖ਼ਤਿਆਰ ਕਰੀ ਜਾ ਰਹੇ ਹਨ। ਪ੍ਰਦੇਸੀ ਪੰਜਾਬੀ ਆਪਣੀ ਮਾਤ ਭੂਮੀ ਪੰਜਾਬ ਵਿਚ ਆਪਣੀ ਹੋਂਦ ਜਤਲਾਉਣ ਲਈ ਹੀ ਪੱਕੇ ਮਕਾਨ ਪਾ ਰਹੇ ਹਨ, ਬਿਨਾਂ ਇਹ ਸੋਚੇ ਕਿ ਉਨ੍ਹਾਂ ਦੀ ਔਲਾਦ ਇਨ੍ਹਾਂ ਮਕਾਨਾਂ ਨੂੰ ਕਦੇ ਘਰ ਬਣਾਏਗੀ ਜਾਂ ਨਹੀਂ? ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਤੂੜੀ ਦੀ ਪੰਡ' ਪੜ੍ਹੀਏ ਤਾਂ ਉਹ ਕਹਿੰਦੇ ਹਨ ਕਿ ਤੂੜੀ ਦੀ ਪੰਡ ਪਾਣੀ ਦੇ ਵਹਿਣ ਵਿਚ ਖੁੱਲ੍ਹ ਜਾਵੇ ਤਾਂ ਤੀਲਾ-ਤੀਲਾ ਖਿਲਰ ਜਾਂਦਾ ਹੈ ਤੇ ਲਹਿਰਾਂ ਉਨ੍ਹਾਂ ਤੀਲਿਆਂ ਨੂੰ ਆਪਣੀ ਦਿਸ਼ਾ ਵਿਚ ਵਹਾ ਲੈ ਜਾਂਦੀਆਂ ਹਨ। ਫਿਰ ਉਨ੍ਹਾਂ ਨੂੰ ਇਕੱਠਿਆਂ ਕਰਨਾ ਸੰਭਵ ਨਹੀਂ ਹੁੰਦਾ। ਬਸ ਅਫ਼ਸੋਸ ਹੀ ਹੁੰਦਾ ਹੈ ਕਿ ਤੂੜੀ ਦੀ ਪੰਡ ਖੁੱਲ੍ਹੀ ਕਿਉਂ? ਪਰ ਇਸ ਸਭ ਪਿੱਛੇ ਕਾਰਨ ਸਿਰਫ਼ ਇਕ ਹੀ ਹੈ, ਉਹ ਹੈ ਇਕ ਬਿਹਤਰ ਜੀਵਨ ਦੀ ਤਲਾਸ਼। ਇਨ੍ਹਾਂ ਹਾਲਾਤ ਨੂੰ ਦੇਖ ਕੇ ਇਹ ਵੀ ਸਿੱਧ ਹੁੰਦਾ ਹੈ ਕਿ ਸਾਡੇ ਦੇਸ਼ ਦੀ ਵਿਵਸਥਾ ਵਿਚ ਬਹੁਤ ਸਾਰੀਆਂ ਕਮੀਆਂ ਹਨ, ਜਿਸ ਕਰਕੇ ਲੋਕਾਂ ਨੂੰ ਆਪਣੀ ਥਾਲੀ ਛੱਡ ਬੇਗਾਨੀ ਥਾਲੀ ਵੱਲ ਝਾਤ ਮਾਰਨੀ ਪੈ ਰਹੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਪੰਜਾਬ ਦੀ ਰੌਣਕ ਪੰਜਾਬ ਵਿਚ ਹੀ ਰਹੇ ਤੇ ਲੋਕਾਂ ਦਾ ਇਕ ਵਧੀਆ ਜੀਵਨ ਜਿਊਣ ਦਾ ਸੁਪਨਾ ਆਪਣੇ ਦੇਸ਼ ਵਿਚ ਹੀ ਪੂਰਾ ਹੋ ਸਕੇ।
-ਮੋਬਾਈਲ : 97791-18066