ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2020

ਸਜਣਾ-ਫਬਣਾ ਪੰਜਾਬੀਆਂ ਦਾ

Ad Position 21
No active advertisement
ਅਜੀਤ ਡੈਸਕ 14-11-2020

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਨੱਕ ਦੇ ਗਹਿਣੇ : ਨੱਕ ਦੀ ਖ਼ੂਬਸੂਰਤੀ ਵਧਾਉਣ ਲਈ ਇਸ ਵਿਚ ਤੀਲੀ, ਲੌਂਗ, ਕੋਕਾ, ਮੇਖ, ਨੱਥ, ਮੱਛਲੀ, ਬੁਲਾਕ, ਮੇਖ, ਬੇਸਰਾ ਅਤੇ ਨੁਕਰਾ ਆਦਿ ਗਹਿਣੇ ਪਹਿਨਣ ਦਾ ਰਿਵਾਜ ਸੀ। ਨੱਥ, ਸੋਨੇ ਦੀ ਚੂੜੀ ਵਰਗੀ ਹੁੰਦੀ ਹੈ ਜਿਸ ਵਿਚ ਹੀਰੇ ਮੋਤੀ ਜੜੇ ਤੇ ਹੋਰ ਸਜਾਵਟ ਕੀਤੀ ਹੁੁੰਦੀ ਹੈ। ਵਜ਼ਨ ਵਿਚ ਭਾਰੀ ਹੋਣ ਕਰਕੇ ਇਸ ਨੂੰ ਰੇਸ਼ਮੀ ਡੋਰੀ ਜਾਂ ਜ਼ੰਜੀਰੀ ਪਾ ਕੇ ਕੰਨ ਨਾਲ ਅੜਾ ਦਿੱਤਾ ਜਾਂਦਾ ਹੈ।
ਤੀਲੀ ਇਕ ਬਾਰੀਕ ਮੇਖ-ਨੁਮਾ ਗਹਿਣਾ ਹੁੰਦਾ ਸੀ, ਜਿਸ ਉੱਪਰ ਇਕ ਛੋਟਾ ਜਿਹਾ ਨਗ ਲੱਗਾ ਹੁੰਦਾ ਸੀ। ਲੌਂਗ ਨੱਕ ਦੇ ਇਕ ਪਾਸੇ ਪਹਿਨਿਆ ਜਾਣ ਵਾਲਾ ਕੋਕਾ ਹੁੰਦਾ ਹੈ। ਲੌਂਗ ਵਿਚਾਲੇ ਇਕ ਵੱਡਾ ਨਗ ਤੇ ਆਲੇ-ਦੁਆਲੇ ਹੋਰ ਛੋਟੇ ਨਗ ਜੜੇ ਹੁੰਦੇ ਸੀ। ਮੱਛਲੀ ਨੱਕ ਦੀਆਂ ਦੋਵਾਂ ਨ੍ਹਾਸਾਂ ਦੇ ਵਿਚਕਾਰਲੀ ਹੱਡੀ ਵਿਚ ਪਹਿਨੀ ਜਾਂਦੀ ਸੀ। ਲੋਕ ਗੀਤਾਂ ਵਿਚ ਕਿਹਾ ਗਿਆ ਹੈ-
* ਤੀਲੀ ਲੌਂਗ ਦਾ ਮੁਕੱਦਮਾ ਭਾਰੀ,
ਥਾਣੇਦਾਰਾ ਸੋਚ ਕੇ ਕਰੀਂ
*ਸੁਣ ਨੀ ਕੁੜੀਏ ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਨੀ ਖੂੰਹ ਟੋਭੇ 'ਤੇ ਚਰਚਾ ਹੁੰਦੀ,
ਚਰਚਾ ਨਾ ਕਰਵਾਈਏ,
ਧਰਮੀ ਬਾਬਲ ਦੀ,
ਪੱਗ ਨੂੰ ਦਾਗ ਨਾ ਲਾਈਏ।
* ਨੱਥ ਪਾ ਕੇ ਆਈ ਸੀ,
ਟਿੱਕਾ ਪਾ ਕੇ ਆਈ ਸੀ,
ਲੌਂਗ ਪਾ ਕੇ ਹੁਣ ਆਈ ਐ,
ਦੇਖ ਲੰਬੜਾ ਨਿਹਾਲ ਕੁਰ ਆਈ ਐ।
* ਨੱਥ, ਮਛਲੀ, ਮੇਖ਼ ਤੇ ਕੋਕਾ,
ਇਹ ਨੇ ਸਾਰੇ ਛੋਟੇ ਮਹਿਕਮੇ।
* ਨੱਕ ਵਿਚ ਤੇਰੇ ਲੌਂਗ ਤੇ ਮਛਲੀ,
ਮੱਥੇ ਚਮਕੇ ਟਿੱਕਾ,
ਨੀ ਤੇਰੇ ਮੂਹਰੇ ਚੰਨ ਅੰਬਰਾਂ ਦਾ,
ਲੱਗਦਾ ਫਿੱਕਾ ਫਿੱਕਾ।
*ਸੱਗੀ ਫੁੱਲ ਸਰਕਾਰੀ ਗਹਿਣਾ,
ਤੀਲੀ ਲੌਂਗ ਕੰਜਰਾਂ ਦੇ
*ਤੇਰੇ ਲੌਂਗ ਦਾ ਪਿਆ ਲਿਸ਼ਕਾਰਾ,
ਹਾਲ਼ੀਆਂ ਨੇ ਹਲ਼ ਡੱਕ ਲਏ
ਨੱਕ ਦਾ ਗਹਿਣਾ ਪ੍ਰਾਚੀਨ ਸਮੇਂ ਵਿਚ ਨਹੀਂ ਸੀ ਹੁੰਦਾ। ਹੌਲੀ-ਹੌਲੀ ਨੱਥ, ਚੂੜਾ ਸੁਹਾਗ ਦਾ ਚਿੰਨ੍ਹ ਬਣ ਗਿਆ। ਪੰਜਾਬੀ ਸੱਭਿਆਚਾਰ ਵਿਚ ਇਹ ਅਸੀਸ 'ਤੇਰਾ ਨੱਥ ਤੇ ਚੂੜਾ ਬਣਿਆ ਰਹੇ' ਇਸ ਦੀ ਲੋਕਪ੍ਰਿਅਤਾ ਵੱਲ ਸੰਕੇਤ ਕਰਦੀ ਹੈ।
ਹੱਥਾਂ ਤੇ ਗੁੱਟ ਦੇ ਗਹਿਣੇ : ਬਾਹਵਾਂ ਵਿਚ ਪਹਿਨੇ ਜਾਣ ਵਾਲੇ ਗਹਿਣਿਆਂ ਵਿਚ ਗੋਖੜੂ, ਕੜੇ, ਬਾਜੂਬੰਦ, ਘੜੀਚੂੜੀ, ਵੰਗਾਂ, ਕਲੀਰੇ, ਪਰੀਬੰਦ, ਗਜ਼ਰਾ, ਪਹੁੰਚੀ, ਸਿੰਘਾੜੇ, ਲੱਛੇ, ਘੜੀ ਤੇ ਕੰਗਣ ਆਦਿ ਜਾਣੇ-ਪਛਾਣੇ ਗਹਿਣੇ ਹਨ। ਬਾਜੂਬੰਦ ਇਕ ਪੇਟੀ ਵਰਗਾ ਚਾਂਦੀ ਦੀ ਪੱਟੀ 'ਤੇ ਜੜਿਆ ਗਹਿਣਾ ਹੁੰਦਾ ਹੈ ਜਿਹੜਾ ਡੌਲੇ 'ਤੇ ਬੰਨ੍ਹਿਆ ਜਾਂਦਾ ਹੈ। ਪਰੀਬੰਦ ਤੇ ਛੋਟੇ ਘੁੰਗਰੂ ਲੱਗੇ ਹੁੰਦੇ ਸਨ ਤੇ ਚੂੜੇ ਦੇ ਵਿਚਾਲੇ ਪਹਿਨਿਆ ਜਾਂਦਾ ਸੀ। ਇਹ ਘੁੰਗਰੂ ਬਾਂਹ ਹਿਲਦਿਆਂ ਹੀ ਆਪਣੀ ਛਣ-ਛਣ ਦਾ ਸੰਗੀਤ ਸ਼ੁਰੂ ਕਰ ਦਿੰਦੇ ਸਨ।
*ਬਾਜੂ ਬੰਦ ਬੇਸ਼ਰਮੀ ਗਹਿਣਾ,
ਜੱਫੀ ਪਾਇਆਂ ਛਣਕ ਪਵੇ
*ਤੇਰਾ ਚੂੜਾ ਰਸਾਲਾ ਪੂਰਾ,
ਬਾਜ਼ੂ ਬੰਦ ਵਿਗੜ ਗਏ।
ਗਜਰਿਆਂ ਵਿਚ ਗਲੀਆਂ ਹੁੰਦੀਆਂ ਸਨ, ਪਰ ਆਟਾ ਗੁੰਨਣ ਸਮੇਂ ਇਨ੍ਹਾਂ ਵਿਚ ਆਟਾ ਫਸ ਜਾਣ ਦੇ ਝੰਜਟ ਕਾਰਨ ਕਈ ਸਵਾਣੀਆਂ ਬਗੈਰ ਗਲੀਆਂ ਦੇ ਗਜਰੇ ਪਹਿਨਦੀਆਂ ਸਨ। ਇਨ੍ਹਾਂ ਨੂੰ ਘੜੀ ਵਾਂਗ ਚਾਬੀ ਲੱਗੀ ਹੁੰਦੀ ਸੀ ਤੇ ਚਾਬੀ ਨਾਲ ਹੀ ਕੱਸਿਆ ਤੇ ਖ੍ਹੋਲਿਆ ਜਾਂਦਾ ਸੀ। ਬਾਗੜੀ ਔਰਤਾਂ ਕੂਹਣੀ ਦੇ ਉਪਰਲੇ ਪਾਸੇ ਸ਼ੇਰ ਦੇ ਮੂੰਹ ਵਾਲੀਆਂ ਚਾਂਦੀ ਦੀਆਂ ਨਿਗਰ ਟਾਡਾਂ ਜਾਂ ਅਨੰਤ ਪਾਉਂਦੀਆਂ ਹਨ। ਕਈ ਔਰਤਾਂ ਇਸ ਦੀ ਥਾਂ ਬਾਜੂਬੰਦ ਪਾਉਂਦੀਆਂ ਹਨ। ਕੂਹਣੀ ਤੋਂ ਬਾਂਹ ਵੱਲ ਨੂੰ ਪਹਿਲਾਂ ਕੰਗਣ, ਫਿਰ ਦੋ-ਤਿੰਨ ਚੂੜੀਆਂ, ਘੁੰਗਰੂਆਂ ਵਾਲਾ ਪਰੀਬੰਦ, ਫਿਰ ਕਈ ਚੂੜੀਆਂ ਦਾ ਚੂੜਾ, ਗਜਰੇ ਤੇ ਬੰਦ ਪਾਏ ਜਾਂਦੇ ਹਨ। ਗੋਖੜੂ, ਸਿੰਘਾੜੇ, ਲੱਛੇ, ਘੜੀ ਚੂੜੀ ਗੁੱਟ ਉੱਤੇ ਪਾਏ ਜਾਂਦੇ ਹਨ।
*ਪਰੀਬੰਦ ਅੰਗਰੇਜ਼ੀ ਗੋਰੇ,
ਫ਼ੌਜ ਦੇ ਵਿਚਾਲੇ ਸਜਦੇ।
*ਨੀ ਹੱਥੀਂ ਤੇਰੇ ਛਾਪਾ ਛੱਲੇ,
ਬਾਹੀਂ ਚੂੜਾ ਛਣਕੇ,
ਨੀ ਫਿਰ ਕਦ ਨੱਚੇਂਗੀ,
ਨੱਚ ਲੈ ਪਟੋਲਾ ਬਣਕੇ।
*ਹੱਥ ਮਚਗੇ ਪਹੁੰਚੀਆਂ ਵਾਲ਼ੇ,
ਧੁੱਪੇ ਮੈਂ ਪਕਾਵਾਂ ਰੋਟੀਆਂ
*ਮੇਲੇ ਜਾਏਂਗਾ ਲਿਆ ਦੀਂ ਪਹੁੰਚੀ,
ਲੈ ਜਾ ਮੇਰਾ ਗੁੱਟ ਮਿਣ ਕੇ
ਹੱਥਾਂ ਦੀਆਂ ਉਂਗਲਾਂ ਦੇ ਗਹਿਣੇ : ਉਂਗਲਾਂ ਵਿਚ ਮੁੰਦਰੀਆਂ, ਚਾਂਦੀ ਦੇ ਛੱਲੇ, ਹੱਥ ਫੁੱਲ, ਰਤਨ ਚੌਂਕ, ਕਲੀਚੜੀਆਂ, ਛਾਪ, ਆਰਸੀ, ਬ੍ਰਹਮ ਗੰਢ ਆਦਿ ਗਹਿਣੇ ਪਹਿਨੇ ਜਾਂਦੇ ਸਨ। ਹੱਥ ਦੇ ਉਪਰਲੇ ਪਾਸੇ ਪੰਜ-ਅੰਗਲਾ, ਰਤਨਚੌਂਕ ਜਾਂ ਹੱਥ-ਫ਼ੁੱਲ ਪਾਏ ਜਾਂਦੇ ਹਨ। ਇਸ ਨਾਲ ਜ਼ੰਜੀਰਾਂ ਰਾਹੀਂ ਉਂਗਲਾਂ ਦੀਆਂ ਛਾਪਾਂ ਜੁੜੀਆਂ ਹੁੰਦੀਆਂ ਹਨ। ਆਰਸੀ ਵਿਆਹ ਪਿੱਛੋਂ ਅੰਗੂਠੇ ਵਿਚ ਪਾਇਆ ਜਾਣ ਵਾਲਾ ਸੋਨੇ ਦਾ ਗਹਿਣਾ ਹੈ। ਇਸ ਵਿਚ ਮੂੰਹ ਦੇਖਣ ਵਾਸਤੇ ਸ਼ੀਸ਼ਾ ਲੱਗਾ ਹੁੰਦਾ ਹੈ। ਲੋਕ ਜੀਵਨ ਵਿਚ-
*ਅੱਧੀ ਰਾਤੀਂ ਪਾਣੀ ਮੰਗਦਾ, ਮੈਂ ਤਾਂ ਆਰਸੀ ਦਾ ਕੌਲ ਬਣਾਇਆ
*ਚੰਨ ਵਰਗੀ ਭਰਜਾਈ ਮੇਰਾ ਵੀਰ ਵਿਆਹ ਕੇ ਲਿਆਇਆ
ਹੱਥੀਂ ਉਹਦੇ ਛਾਪਾਂ ਛੱਲੇ, ਬਾਹੀਂ ਚੂੜਾ ਪਾਇਆ
ਖੁੱਲ੍ਹ ਕੇ ਨੱਚ ਭਾਬੋ
ਦਿਨ ਸ਼ਗਨਾਂ ਦਾ ਆਇਆ।
ਪੈਰਾਂ ਦੇ ਗਹਿਣੇ : ਪੈਰਾਂ ਵਿਚ ਜ਼ੰਜੀਰਾਂ ਨਾਲ ਜੁੜੀਆਂ ਪਟੜੀਆਂ, ਗੁਸਲਪੱਟੀ, ਸ਼ਕੁੰਤਲਾ ਚੈਨ ਤੇ ਪੰਜੇਬਾਂ, ਬਾਂਕਾਂ, ਕੁੰਡਲੀਦਾਰ ਤੋੜੇ, ਲੱਛੇ, ਵਿੰਗੇ ਜਿਹੇ ਠੋਸ ਕੜੇ ਤੇ ਬਾਂਕਾਂ, ਖੋਖਲੇ ਬੋਰਾਂ ਵਾਲੀਆਂ ਝਾਂਜਰਾਂ ਆਦਿ ਪੈਰਾਂ ਵਿਚ ਪਹਿਨੇ ਜਾਣ ਵਾਲੇ ਗਹਿਣੇ ਹਨ। ਪੈਰਾਂ ਦੀਆਂ ਉਂਗਲਾਂ ਵਿਚ ਗੂਠੜੇ, ਬਿਛੂਏ ਤੇ ਛੱਲੇ ਛੱਲੀਆਂ ਪਾਏ ਜਾਂਦੇ ਹਨ। ਪੈਰਾਂ ਦੀਆਂ ਪੰਜ ਉਂਗਲਾਂ ਵਿਚ ਇਕੋ ਜਿਹੀਆਂ ਪੰਜ ਛਾਪਾਂ ਪਹਿਨੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਪੰਜ-ਅੰਗਲਾਂ ਕਹਿੰਦੇ ਸਨ।
* ਸੱਪ ਰੰਗੀ ਬੋਸਕੀ ਦਾ ਸੂਟ ਸਵਾ ਦੇ,
ਉੱਤੇ ਪਵਾ ਦੇ ਮੋਰ ਘੁੱਗੀਆਂ
ਰੁੱਤ ਗਿੱਧਿਆਂ ਦੀ ਆਈ ਹਾਣੀਆਂ,
ਬੋਰ ਝਾਂਜਰਾਂ ਦੇ ਪਾਉਂਦੇ ਨੇ ਦੁਹਾਈ ਹਾਣੀਆਂ।
* ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਘੜਾਉਣੀਆਂ, ਮੇਰੀ ਮੁੰਦਰੀ 'ਚ ਨਗ ਜੜਵਾ ਦੇ ਹਾਣੀਆਂ
ਮੈਨੂੰ ਚਾਂਦੀ ਦੀਆਂ, ਚਾਂਦੀ ਦੀਆਂ ਝਾਂਜਰਾਂ ਘੜਾ ਦੇ ਹਾਣੀਆਂ
* ਇਹ ਝਾਂਜਰਾਂ ਤਾਰ ਅੰਗਰੇਜ਼ੀ,
ਮਿੰਟਾਂ 'ਚ ਦੇਣ ਖ਼ਬਰਾਂ।
*ਲੱਤ ਮਾਰੂੰਗੀ ਪੰਜੇਬਾਂ ਵਾਲ਼ੀ,
ਪਰੇ ਹੋ ਜਾ ਜੱਟ ਵੱਟਿਆ।
*ਅੱਗ ਲਾਗੀ ਝਾਂਜਰਾਂ ਵਾਲ਼ੀ,
ਲੈਣ ਆਈ ਪਾਣੀ ਦਾ ਛੰਨਾ।
*ਪਾਣੀ ਡੋਲ੍ਹਗੀ ਝਾਂਜਰਾਂ ਵਾਲ਼ੀ,
ਕੈਂਠੇ ਵਾਲਾ ਤਿਲ੍ਹਕ ਗਿਆ।
*ਆਹ ਲੈ ਫੜ ਮਿੱਤਰਾ,
ਬਾਂਕਾਂ ਮੇਚ ਨਾ ਆਈਆਂ
*ਰੰਨ ਅੱਡੀਆਂ ਕੂਚਦੀ ਮਰਗੀ,
ਬਾਂਕਾਂ ਨਾ ਜੁੜੀਆਂ
ਮਰਦਾਂ ਦੇ ਗਹਿਣੇ: ਸ਼ੁਕੀਨ ਮੁੰਡੇ ਤੇ ਮਰਦ ਕੈਂਠਾ, ਮਾਲਾ, ਕੰਠ-ਤਵੀਜ਼, ਤਵੀਤੜੀਆਂ, ਕੜੇ, ਨੱਤੀਆਂ, ਮੁੰਦਰਾਂ, ਜ਼ੰਜੀਰੀ, ਕੰਨਾਂ ਵਿਚ ਵਾਲੇ, ਕਲਗੀ ਤੇ ਮੁਕਟ ਆਦਿ ਗਹਿਣੇ ਪਹਿਨਦੇ ਸਨ।
ਬੱਚਿਆਂ ਨੂੰ ਸਗਲੇ, ਪੌਂਟੇ, ਕੜੇ, ਕੰਗਣ ਆਦਿ ਪਹਿਨਾਏ ਜਾਂਦੇ ਸਨ।
ਹਿਮਾਚਲ ਅਤੇ ਪੰਜਾਬ ਦੇ ਗਹਿਣਿਆਂ ਵਿਚ ਥੋੜ੍ਹਾ ਹੀ ਫ਼ਰਕ ਹੈ। ਮਰਦ ਬਹੁਤ ਘੱਟ ਗਹਿਣੇ ਪਹਿਨਦੇ ਹਨ। ਹੁਣ ਔਰਤਾਂ ਵੀ ਘੱਟ ਗਹਿਣੇ ਪਹਿਨਦੀਆਂ ਹਨ। ਸਮੇਂ ਦੇ ਬਦਲਣ ਨਾਲ ਗਹਿਣਿਆਂ ਦਾ ਰਿਵਾਜ, ਬਣਤਰ ਤੇ ਫੈਸ਼ਨ ਬਦਲਦਾ ਰਹਿੰਦਾ ਹੈ। ਸੋਨੇ-ਚਾਂਦੀ ਦੇ ਪੁਰਾਤਨ ਲੋਕ ਗਹਿਣਿਆਂ ਦੀ ਥਾਂ ਹੁਣ ਮੁਲੰਮੇ ਵਾਲੇ, ਰੋਲਡ ਗੋਲਡ ਦੇ, ਸਟੋਨ, ਮੈਟਲ, ਤਾਂਬਾ, ਲੋਹਾ, ਪਿੱਤਲ ਅਤੇ ਏ.ਡੀ.(ਅਮਰੀਕਨ ਡਾਇਮੰਡ) ਜਾਂ ਨਕਲੀ ਗਹਿਣੇ ਪਹਿਨਣ ਦਾ ਰਿਵਾਜ ਵੀ ਵਧ ਗਿਆ ਹੈ। ਹੱਥ ਦੇ ਬਣੇ ਗਹਿਣਿਆਂ ਨਾਲੋਂ ਮਸ਼ੀਨੀ ਗਹਿਣੇ ਜ਼ਿਆਦਾ ਪ੍ਰਚੱਲਤ ਹੋ ਰਹੇ ਹਨ। ਸਾਡੇ ਰਵਾਇਤੀ ਗਹਿਣੇ ਹੁਣ ਨਾਮ ਦੇ ਹੀ ਸੱਭਿਆਚਾਰ ਦਾ ਹਿੱਸਾ ਹਨ। ਇਹ ਲੋਕ ਗਹਿਣੇ ਸਾਡੇ ਸੱਭਿਆਚਾਰ ਅਤੇ ਆਧੁਨਿਕ ਸਾਹਿਤਕ ਪਿੜ 'ਚੋਂ ਲਗਪਗ ਮਨਫੀ ਹੀ ਹੋ ਗਏ ਹਨ। ਨਵੀਂ ਪੀੜ੍ਹੀ ਤਾਂ ਇਨ੍ਹਾਂ ਗਹਿਣਿਆਂ ਦੇ ਨਾਵਾਂ ਤੋਂ ਹੀ ਅਨਜਾਣ ਹੈ। ਅੱਜ ਦੇ ਸਮੇਂ ਵਿਚ ਇਹ ਸਭ ਗਹਿਣੇ ਮੇਲੇ, ਤੀਆਂ ਜਾਂ ਯੂਥ ਫੈਸਟੀਵਲਾਂ ਵਿਚ ਹੀ ਵੇਖਣ ਨੂੰ ਮਿਲਦੇ ਹਨ। ਲੋੜ ਹੈ ਸਾਨੂੰ ਆਪਣੇ ਵਿਰਾਸਤੀ ਗਹਿਣਿਆਂ ਨੂੰ ਸਾਂਭ ਕੇ ਰੱਖਣ ਦੀ ਤਾਂ ਜੋ ਇਹ ਵਿਰਸਾ ਹਮੇਸ਼ਾ ਕਾਇਮ ਰਹੇ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਹਿਜ਼ ਬੀਤੇ ਸਮੇਂ ਦੀ ਗੱਲ ਬਣ ਕੇ ਨਾ ਰਹਿ ਜਾਵੇ।
(ਸਮਾਪਤ)

-ਮੋਬਾਈਲ : 94178-31583

Ad Position 22
No active advertisement
ਪਿਛਲੀ ਖ਼ਬਰ <h4> ਛੋਟੀ ਕਹਾਣੀ </h4> ਖਿੜੇ ਫੁੱਲ ਅਗਲੀ ਖ਼ਬਰ ਨਹੀਂ ਮੁੱਕਦੀ ਬਿਹਤਰ ਜ਼ਿੰਦਗੀ ਦੀ ਤਾਂਘ
Ad Position 24
No active advertisement