ਆਪਣੇ ਖ਼ਾਵੰਦ ਨਾਲ ਰੁਸ ਕੇ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਪੇਕੇ ਘਰ ਬੈਠੀ ਸੀ। ਮਾਂ-ਬਾਪ ਕੋਲ ਆ ਕੇ ਉਸ ਨੇ ਆਪਣੇ ਪਤੀ, ਨਣਦਾਂ ਅਤੇ ਸੱਸ-ਸਹੁਰੇ ਪ੍ਰਤੀ ਸਾਰਾ ਗੁਬ-ਗੁਬਾਰ ਕੱਢ ਦਿੱਤਾ। ਮਾਂ-ਬਾਪ ਨੇ 'ਕੋਈ ਨਹੀਂ, ਕਰਾਂਗੇ ਉਨ੍ਹਾਂ ਨਾਲ ਗੱਲ। ਤੂੰ ਓਨਾ ਚਿਰ ਇੱਥੇ ਰਹਿ। ਤੂੰ ਸੁੱਟੀ ਹੋਈ ਥੋੜੈਂ। ਚਾਹੇ ਡੱਕਾ ਦੂਹਰਾ ਨਾ ਕਰ। ਅਰਾਮ ਨਾਲ ਰਹਿ ਇੱਥੇ', ਮਾਂ ਨੇ ਬੁੱਕਲ ਵਿਚ ਲੈ ਕੇ ਉਸ ਨੂੰ ਦਿਲਾਸਾ ਦਿੱਤਾ। ਉਂਜ ਮਾਂ-ਬਾਪ ਨੇ ਅੰਦਾਜ਼ਾ ਲਾ ਲਿਆ ਸੀ ਕਿ ਧੀ ਮਨਜੀਤ ਦਾ ਗੁੱਸਾ ਦੁੱਧ ਦੇ ਉਬਾਲੇ ਵਰਗਾ ਹੈ। ਸਮੇਂ ਨਾਲ ਆਪੇ ਸੂਤ ਹੋਜੂ। ਇਸ ਕਰਕੇ ਉਨ੍ਹਾਂ ਨੇ ਕੁੜੀ ਦੇ ਸਹੁਰਿਆਂ ਪ੍ਰਤੀ ਕੋਈ ਅੱਗ ਨਹੀਂ ਉੱਗਲੀ।
ਫਿਰ ਇਕ ਦਿਨ ਉਹਨੂੰ ਡਾਕ ਰਾਹੀਂ ਖ਼ਤ ਪ੍ਰਾਪਤ ਹੋਇਆ। ਉਸ ਨੇ ਐਡਰੈਸ ਤੋਂ ਹੀ ਆਪਣੇ ਪਤੀ ਦੀ ਲਿਖਤ ਪਹਿਚਾਣ ਲਈ। ਧੜਕਦੇ ਦਿਲ ਨਾਲ ਉਸ ਨੇ ਖ਼ਤ ਖੋਲ੍ਹਿਆ। ਲਿਖਿਆ ਸੀ, 'ਤੈਨੂੰ ਇੱਥੇ ਆਇਆਂ 3 ਮਹੀਨਿਆਂ ਤੋਂ ਦੋ ਦਿਨ ਉੱਪਰ ਹੋ ਗਏ ਨੇ। ਤੇਰੇ ਜਾਣ ਬਾਅਦ ਮੈਂ ਮਹਿਸੂਸ ਕੀਤਾ ਹੈ ਕਿ ਤੇਰੀ ਹੋਂਦ ਮਨਫ਼ੀ ਕਰ ਕੇ ਮੇਰੇ ਕੋਲ ਕੁਝ ਨਹੀਂ ਬਚਦਾ। ਠੀਕ ਹੈ ਕਿ ਰੋਸੇ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਪਰ ਰੋਸੇ ਇੰਜ ਵਿਛੜਣ ਲਈ ਨਹੀਂ ਹੁੰਦੇ। ਇਹ ਤਾਂ ਮਨ ਦਾ ਸਥਾਈ ਵੇਗ ਹੁੰਦਾ ਹੈ-ਹਵਾ ਦੇ ਬੁੱਲੇ ਦੀ ਤਰ੍ਹਾਂ। ਭਲਾ ਇੰਜ ਕਦੇ ਆਪਣਿਆਂ ਤੋਂ ਵੀ ਬੇਮੁਖ ਹੋਈਦੈ? ਤੂੰ ਦੱਸ ਕਿਸ ਦਿਨ 'ਆਪਣੇ ਘਰ' ਆਉਣਾ ਹੈ? ਤੇਰੀ ਆਮਦ ਵਾਲੇ ਦਿਨਾਂ ਨੂੰ ਮੈਂ ਪੋਟਿਆਂ 'ਤੇ ਗਿਣਨ ਲੱਗ ਜਾਵਾਂ ਅਤੇ ਹੱਥਾਂ ਦੇ ਪੋਟੇ ਵੀ ਮੈਨੂੰ ਚੰਗੇ-ਚੰਗੇ ਲੱਗਣ। ਹਾਂ, ਜੇ ਤੂੰ ਮੈਨੂੰ ਆਪਣੇ ਕੋਲ ਬੁਲਾਏਂਗੀ, ਮੈਂ ਤੈਨੂੰ ਲੈਣ ਆ ਜਾਵਾਂਗਾ। ਭਲਾਂ ਤੇਰੇ ਬੋਲ ਭੁੰਜੇ ਸੁੱਟ ਸਕਦਾ ਹਾਂ?'
ਖ਼ਤ ਪੜ੍ਹ ਕੇ ਉਹਦੇ ਨੈਣਾਂ 'ਚ ਆਪ-ਮੁਹਾਰੇ ਅੱਥਰੂ ਉੱਮੜ ਆਏ। ਉਸ ਨੇ ਭਰੇ ਮਨ ਅਤੇ ਛਲਕਦੇ ਨੈਣਾਂ ਨਾਲ ਖ਼ਤ ਲਿਖਿਆ, 'ਮੇਰੇ ਰਾਜਨ! ਤੇਰੀ ਹੋਂਦ ਮੇਰੀ ਜ਼ਿੰਦਗੀ ਦਾ ਖ਼ੂਬਸੂਰਤ ਹਾਸਲ ਹੈ। ਤੈਨੂੰ ਛੱਡ ਕੇ ਮੈਂ ਦਿਲੋਂ ਹਰ ਰੋਜ਼ ਪਛਤਾ ਰਹੀ ਹਾਂ। ਤੇਰੇ ਮੋਢੇ 'ਤੇ ਸਿਰ ਰੱਖ ਕੇ ਹੱਸਣ ਨੂੰ ਵੀ ਜੀਅ ਕਰਦਾ ਹੈ ਅਤੇ ਰੋਣ ਨੂੰ ਵੀ। ਬੱਸ ਤੂੰ ਛੇਤੀ ਆ ਜਾ। ਮੇਰਾ ਸਾਰਾ ਸਰੀਰ ਨਜ਼ਰ ਬਣ ਕੇ ਹੁਣ ਤੋਂ ਹੀ ਉਨ੍ਹਾਂ ਰਾਹਾਂ ਵੱਲ ਵੇਖ ਰਿਹਾ ਹੈ, ਜਿੱਥੋਂ ਦੀ ਤੂੰ ਆਉਣਾ ਹੈ। ਮੇਰੀ ਉਡੀਕ ਦੀਆਂ ਘੜੀਆਂ ਲੰਬੀਆਂ ਨਾ ਕਰੀਂ।'
ਖ਼ਤ ਲਿਖ ਕੇ ਉਹਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਹਵਾ ਵਿਚ ਉੱਡ ਰਹੀ ਹੋਵੇ। ਖ਼ਤ ਪੋਸਟ ਕਰਨ ਲਈ ਉਹ ਚੁਬਾਰੇ ਤੋਂ ਹੇਠਾਂ ਆ ਗਈ। ਉਹਦੀ ਮਾਂ ਰਸੋਈ ਵਿਚ ਰੋਟੀ ਬਣਾ ਰਹੀ ਸੀ। ਪਾਰਕ ਵਿਚ ਖਿੜ੍ਹੇ ਫੁੱਲ ਉਹਨੂੰ ਚੰਗੇ-ਚੰਗੇ ਲੱਗੇ। ਉਹ ਆਪ-ਮੁਹਾਰੇ ਬੋਲ ਪਈ, 'ਵੇਖ ਮੰਮੀ, ਆਪਣੇ ਪਾਰਕ ਵਿਚ ਕਿੰਨ੍ਹੇ ਸੋਹਣੇ ਫੁੱਲ ਖਿੜ੍ਹੇ ਨੇ।'
ਮੰਮੀ ਨੇ ਰਸੋਈ ਵਿਚੋਂ ਹੀ ਜਵਾਬ ਦਿੱਤਾ, 'ਮਨਜੀਤ, ਫੁੱਲ ਤਾਂ ਕਿੰਨੇ ਦਿਨਾਂ ਦੇ ਖਿੜ੍ਹੇ ਹੋਏ ਨੇ। ਅੱਗੇ ਤੂੰ ਧਿਆਨ ਨਾਲ ਵੇਖਿਆ ਹੀ ਨਹੀਂ।'
ਉਹ ਕੁਝ ਨਹੀਂ ਬੋਲੀ ਬਸ ਇਕ ਟੱਕ ਫੁੱਲਾਂ ਵੱਲ ਵਿਹੰਦੀ ਰਹੀ।
-ਸੰਗਰੂਰ।
ਮੋਬਾਈਲ : 94171-48866