ਇਤਿਹਾਸਕ ਤੌਰ 'ਤੇ ਦਸਤਾਰ ਦਾ ਅਤੀਤ ਬਹੁਤ ਹੀ ਗੌਰਵਸ਼ਾਲੀ ਰਿਹਾ ਹੈ। ਇਹ ਸਮਾਜ ਅੰਦਰ ਵਡੱਪਣ ਦਾ ਪ੍ਰਤੀਕ ਰਹੀ ਹੈ, ਸਮਾਜਿਕ ਤੇ ਸੱਭਿਆਚਾਰਕ ਦੇ ਪੱਖ ਤੋਂ ਅਦਬ-ਸਤਿਕਾਰ ਦਾ ਪ੍ਰਤੀਕ ਰਹੀ ਹੈ। ਨੰਗੇ ਸਿਰ ਫਿਰਨਾ-ਤੁਰਨਾ ਸਮਾਜ ਵਿਚ ਠੀਕ ਨਹੀਂ ਸਮਝਿਆ ਜਾਂਦਾ ਸੀ। ਸੰਸਾਰ ਭਰ ਵਿਚ ਹਮੇਸ਼ਾ ਹੀ ਦਸਤਾਰ ਦਾ ਸਤਿਕਾਰ ਰਿਹਾ ਹੈ ਜਿੱਥੇ ਸਿਰ ਦਾ ਸ਼ਿੰਗਾਰ ਬਣ ਕੇ ਵੱਡੇਪਣ ਦੀ ਨਿਸ਼ਾਨੀ ਬਣੀ ਉੱਥੇ ਹੀ ਉੱਚਤਾ-ਸੁੱਚਤਾ ਇਨਸਾਫ਼ ਪਸੰਦਗੀ, ਚੰਗਿਆਈ ਆਦਿ ਦੀ ਪ੍ਰਤੀਕ ਬਣੀ। ਮਨੁੱਖ ਦੀ ਪਹਿਚਾਣ ਦਸਤਾਰ ਤੋਂ ਕੀਤੀ ਜਾ ਸਕਦੀ ਹੈ। ਬਾਦਸ਼ਾਹਾਂ ਦੀ ਪੱਗ ਦਾ ਢੰਗ, ਧਾਰਮਿਕ ਵਿਅਕਤੀਆਂ ਦੀ ਪੱਗ ਬੰਨ੍ਹਣ ਦੇ ਢੰਗ ਵੱਖ-ਵੱਖ ਤਰ੍ਹਾਂ ਦੇ ਹਨ। ਸਿੱਖ ਦੇ ਦਸਤਾਰ ਸਜਾਉਣ ਦੇ ਕਈ ਤਰੀਕੇ ਹਨ। ਸਿੱਖ ਦੇ ਦਸਤਾਰ ਸਜਾਉਣ ਤੋਂ ਉਸ ਦੇ ਕਿਸ ਇਲਾਕੇ ਦਾ ਰਹਿਣ ਵਾਲਾ, ਕਿਸ ਸੰਪਰਦਾ ਨੂੰ ਮੰਨਣ ਵਾਲੇ ਦਾ ਪਤਾ ਚੱਲ ਜਾਂਦਾ ਅਤੇ ਸਾਧਾਰਨ ਸਿੱਖ, ਫ਼ੌਜੀ ਸਿੱਖ, ਨਿਹੰਗ ਸਿੰਘ, ਨਿਰਮਲੇ ਸਿੱਖ, ਨਾਮਧਾਰੀ ਸਿੱਖ, ਟਕਸਾਲੀ ਸਿੱਖਾਂ ਦੇ ਦਸਤਾਰ ਸਜਾਉਣ ਦੇ ਵੱਖ-ਵੱਖ ਅੰਦਾਜ਼ ਹਨ। ਕੇਸਾਂ ਦੀ ਸੁਰੱਖਿਆ ਲਈ ਦਸਤਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਪੁਰਾਤਨ ਸਿੱਖ ਦੋਹਰੀ ਦਸਤਾਰ ਸਜਾਉਂਦੇ ਹਨ ਤਾਂ ਜੋ ਕੇਸਾਂ ਦਾ ਸਤਿਕਾਰ ਬਰਕਰਾਰ ਰਹੇ। ਸਿੱਖਾਂ ਦੀ ਦਸਤਾਰ ਨਾਲ ਸਾਂਝ ਧਰਮ ਜਿੰਨੀ ਹੀ ਪੁਰਾਣੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ ਤੋਂ ਹੀ ਦਸਤਾਰ ਸਿੱਖ ਦੀ ਪਛਾਣ ਦਾ ਅਹਿਮ ਅੰਗ ਬਣ ਗਈ ਸੀ ਉਨ੍ਹਾਂ ਤੋਂ ਬਾਅਦ ਗੁਰੂ ਸਾਹਿਬਾਨ ਨੇ ਵੀ ਸਿੱਖਾਂ ਵਿਚ ਦਸਤਾਰ ਸਜਾਉਣ ਦੀ ਮਰਯਾਦਾ ਨੂੰ ਦ੍ਰਿੜ੍ਹ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਦਸਤਾਰ ਦਾ ਮਹੱਤਵ, ਮਾਣ-ਵਡਿਆਈ ਹੋਰ ਵੀ ਬੁਲੰਦ ਹੋਈ। ਛੇਵੇਂ ਪਾਤਸ਼ਾਹ ਜੀ ਦੇ ਦਰਬਾਰੀ ਢਾਡੀ ਭਾਈ ਨੱਥਾ ਜੀ ਅਤੇ, ਭਾਈ ਅਬਦੁੱਲਾ ਜੀ ਨੇ ਆਪਣੀ ਇਕ ਵਾਰ ਵਿਚ ਸਮਕਾਲੀ ਦੁਨਿਆਵੀ ਬਾਦਸ਼ਾਹ ਜਹਾਂਗੀਰ ਦੇ ਮੁਕਾਬਲੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸਜਾਈ ਸੁੰਦਰ ਦਸਤਾਰ ਨੂੰ 'ਪੱਗ ਤੇਰੀ, ਕੀ ਜਹਾਂਗੀਰ ਦੀ? ਕਹਿ ਕੇ ਵਡਿਆਇਆ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 1699 ਦੀ ਵੈਸਾਖੀ ਮੌਕੇ ਖ਼ਾਲਸਾ ਪ੍ਰਗਟ ਕਰਨ ਸਮੇਂ ਕੇਸ ਅਤੇ ਦਸਤਾਰ ਸਿੱਖ ਜੀਵਨ ਜਾਂਚ ਦਾ ਹਿੱਸਾ ਬਣ ਗਏ। ਹਰ ਸਮੇਂ ਸਿੱਖਾਂ ਨੇ ਆਪਣੀ ਸ਼ਾਨ ਦੀ ਪ੍ਰਤੀਕ ਦਸਤਾਰ ਨੂੰ ਉੱਚੀ ਤੇ ਸੁੱਚੀ ਰੱਖਿਆ।
ਅੱਜ ਸਿੱਖਾਂ ਨੂੰ ਦਸਤਾਰ ਦੀ ਸ਼ਾਨ ਬਰਕਰਾਰ ਰੱਖਣ ਲਈ ਅੰਤਰ ਰਾਸ਼ਟਰੀ ਪੱਧਰ 'ਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਕਈ ਬਾਹਰਲੇ ਦੇਸ਼ਾਂ ਵਿਚ ਸਕੂਲੀ ਵਿਦਿਆਰਥੀਆਂ ਤੋਂ ਲੈ ਕੇ ਕੰਮ ਕਰਨ ਵਾਲਿਆਂ ਨੂੰ ਦਸਤਾਰ ਸਜਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਭਾਵੇਂ ਮੌਤ ਦੇ ਮੂੰਹ ਵਿਚ ਕਿਉਂ ਨਾ ਖੜ੍ਹਾ ਹੋਵੇ। ਉਹ ਦਸਤਾਰ ਨੂੰ ਆਪਣੇ ਨਾਲੋਂ ਵੱਖ ਨਹੀਂ ਕਰ ਸਕਦਾ। ਮੌਜੂਦਾ ਸਮੇਂ ਵਿਚ ਕੁਝ ਸਾਡੇ ਨੌਜਵਾਨ ਵੀਰਾਂ ਵਲੋਂ ਦਸਤਾਰ ਦੇ ਮਹੱਤਵ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਆਪਣੀ ਅਮੀਰ ਵਿਰਾਸਤ ਨੂੰ ਛੱਡ ਕੇ ਦੂਸਰਿਆਂ ਦੀ ਨਕਲ ਕਰਕੇ ਦਸਤਾਰ ਦੀ ਥਾਂ ਟੋਪੀ ਪਾ ਕੇ ਫਖਰ ਮਹਿਸੂਸ ਕੀਤਾ ਜਾ ਰਿਹਾ ਹੈ ਜੋ ਕਿ ਸਾਡੀ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ। ਜਦੋਂ ਕੋਈ ਮੌਤ ਹੋ ਜਾਵੇ ਤਾਂ ਚਿੱਟੀ ਦਸਤਾਰ ਮਰਨ ਵਾਲੇ ਦੇ ਵਾਰਸ ਦੇ ਸਿਰ 'ਤੇ ਬੰਨ੍ਹੀ ਜਾਂਦੀ ਹੈ। ਇਸ ਤਰ੍ਹਾਂ ਉਸ ਨੂੰ ਘਰ ਦਾ ਮੁਖੀ ਬਣਾਇਆ ਜਾਂਦਾ ਹੈ। ਦਸਤਾਰ ਸੱਭਿਆਚਾਰ ਦੀ ਬਹੁਤ ਵੱਡੀ ਨਿਸ਼ਾਨੀ ਹੈ। ਜੇਕਰ ਕਿਸੇ ਝਗੜੇ ਵਿਚ ਕਿਸੇ ਦੀ ਦਸਤਾਰ ਉਤਰ ਜਾਵੇ ਤਾਂ ਉਸ ਦੀ ਬੇਇੱਜ਼ਤੀ ਸਮਝੀ ਜਾਂਦੀ ਹੈ। ਇਕ ਪਿਤਾ ਆਪਣੇ ਧੀ-ਪੁੱਤਰ ਨੂੰ ਵੀ ਕਹਿੰਦਾ ਹੈ ਕਿ ਮੇਰੀ ਪੱਗ ਦੀ ਲਾਜ ਰੱਖਣੀ। ਜਦੋਂ ਕਿਸੇ ਨੂੰ ਮਿੱਤਰ ਬਣਾਉਣਾ ਹੋਵੇ ਤਾਂ ਉਸ ਨਾਲ ਪੱਗ ਵਟਾਉਣ ਦੀ ਰਸਮ ਵੀ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ਕਈ ਸਭਾ-ਸੁਸਾਇਟੀਆਂ, ਧਾਰਮਿਕ, ਸਮਾਜਿਕ ਜਥੇਬੰਦੀਆਂ ਦਸਤਾਰ ਦੀ ਮਹੱਤਤਾ ਅਤੇ ਸ਼ਾਨ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਦਸਤਾਰਬੰਦੀ ਮੁਕਾਬਲੇ ਕਰਵਾ ਰਹੀਆਂ ਹਨ। ਟਰੇਨਿੰਗ ਸੈਂਟਰ ਖੋਲ੍ਹ ਰਹੀਆਂ ਹਨ। ਉੱਥੇ ਹੀ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਬਹੁਤ ਵੱਡੇ ਪੱਧਰ 'ਤੇ ਸਕੂਲੀ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਆਕਰਸ਼ਕ ਇਨਾਮ ਤੇ ਦਸਤਾਰ ਸੰਬੰਧੀ ਸ਼ੌਕ ਅਤੇ ਜਾਗਰਤੀ ਪੈਦਾ ਕਰਨ ਦਾ ਹੰਭਲਾ ਮਾਰਿਆ ਗਿਆ ਹੈ, ਜਿਸ ਵਿਚ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ।
ਆਪਣੀ ਦਸਤਾਰ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਵੱਖਰਾ ਨਜ਼ਰ ਆਉਂਦਾ ਹੈ। ਇਸ ਕਾਰਨ ਸਿੱਖਾਂ ਨੂੰ ਬਹੁਤ ਹੀ ਮਾਨ-ਸਤਿਕਾਰ ਹਾਸਲ ਹੋਇਆ ਹੈ। ਦਸਤਾਰ ਨਾਲ ਜੁੜੀ ਸਾਡੀ ਮਹਾਨ ਵਿਰਾਸਤ ਸਾਡਾ ਗੌਰਵ ਹੈ। ਅੱਜ ਦਾ ਨੌਜਵਾਨ ਦਸਤਾਰ ਦੇ ਸੁਨਹਿਰੀ ਇਤਿਹਾਸ ਤੋਂ ਸੇਧ ਲੈ ਕੇ ਦਸਤਾਰ ਧਾਰੀ ਹੋਣ ਵਿਚ ਮਾਣ ਮਹਿਸੂਸ ਕਰੇ।
-ਸਾਬਕਾ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ।