ਗਰੂਆਂ-ਪੀਰਾਂ ਦੀ ਚਰਨ-ਛੋਹ ਧਰਤੀ 'ਤੇ ਅਨੇਕ ਹੀ ਮੇਲੇ-ਤਿਉਹਾਰ ਆਉਂਦੇ ਹਨ, ਜੋ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਇਹ ਲੋਕਾਈ ਨੂੰ ਖੁਸ਼ੀਆਂ-ਖੇੜਿਆਂ ਦੀ ਭਰੀ ਚੰਗੇਰ ਭੇਟ ਹੀ ਨਹੀਂ ਕਰਦੇ ਬਲਕਿ ਜੀਵਨ ਸੇਧਾਂ ਤੇ ਸੱਭਿਆਚਾਰ ਨਾਲ ਜੋੜਦੇ ਹਨ। ਪੰਜਾਬੀ ਸੱਭਿਆਚਾਰ ਵਿਚ ਇਨ੍ਹਾਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਕਿਉਂਕਿ ਇੱਥੇ ਸਾਰੇ ਹੀ ਤਿਉਹਾਰ ਬਿਨਾਂ ਕਿਸੇ ਭੇਦ-ਭਾਵ ਦੇ ਬੜੇ ਉਤਸ਼ਾਹ ਅਤੇ ਉਮਾਹ ਨਾਲ ਮਨਾਏ ਜਾਂਦੇ ਹਨ। ਇਨ੍ਹਾਂ ਦਾ ਝਿਲਕਾਰੀਂ ਲੋਕ-ਗੀਤਾਂ ਤੋਂ ਵੀ ਸਾਫ਼-ਸਾਫ਼ ਨਜ਼ਰ ਆਉਂਦਾ ਹੈ:
ਮੇਰਾ ਕੱਲੀ ਦਾ ਜੀਅ ਨਹੀਂ ਲੱਗਦਾ,
ਵੇ ਲੈ ਚੱਲ ਮੇਲੇ ਨੂੰ।
ਚੱਲ ਚਲੀਏ ਜਰਗ ਦੇ ਮੇਲੇ,
ਮੁੰਡਾ ਤੇਰਾ ਮੈਂ ਚੁੱਕ ਲਊਂ।
ਮੇਲਿਆਂ ਤੇ ਤਿਉਹਾਰਾਂ ਦੇ ਗੁਲਦਸਤੇ ਵਿਚ ਵਿਸਾਖੀ ਦਾ ਮੇਲਾ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਦੇਸੀ ਮਹੀਨਾ ਵਿਸਾਖ, ਜਿਸ ਦਾ ਨਾਂਅ 'ਵਿਸਾਖਾ ਨਛੱਤਰ' ਤੋਂ ਲਿਆ ਗਿਆ ਹੈ। ਇਹ 27 ਨਛੱਤਰਾਂ ਵਿਚੋਂ ਸੋਲ੍ਹਵਾਂ ਹੈ। ਪੁਰਾਤਨ ਗ੍ਰੰਥਾਂ ਅਨੁਸਾਰ ਇਹ ਨਛੱਤਰ ਸਭ ਤੋਂ ਪਵਿੱਤਰ ਹੈ। ਵਿਸਾਖ ਮਹੀਨੇ ਦਾ ਪਹਿਲਾਂ ਦਿਨ ਹੋਣ ਕਰਕੇ ਵਿਸਾਖੀ ਵਜੋਂ ਮਨਾਇਆ ਜਾਂਦਾ ਹੈ।
ਇਸ ਪਵਿੱਤਰ ਦਿਹਾੜੇ ਨਾਲ ਕਈ ਇਤਿਹਾਸਕ ਘਟਨਾਵਾਂ ਜੁੜੀਆਂ ਹਨ। ਸੀ੍ਰ ਗੁਰੂ ਗੋਬਿੰਦ ਸਿੰਘ ਨੇ 1699 ਈ: ਵਿਚ ਖ਼ਾਲਸੇ ਦੀ ਸਾਜਨਾ ਕਰਕੇ ਭਾਰਤ ਦੀ ਮੋਈ ਮਿੱਟੀ ਵਿਚੋਂ ਅਜਿਹੇ ਸੰਤ-ਸਿਪਾਹੀ ਪੈਦਾ ਕੀਤੇ, ਜਿਨ੍ਹਾਂ ਦੇਸ਼ ਅਤੇ ਕੌਮ ਦੀ ਤਕਦੀਰ ਤੇ ਤਸਵੀਰ ਬਦਲ ਦਿੱਤੀ ਹੈ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ 1567 ਈ: ਨੂੰ ਇਸੇ ਹੀ ਦਿਨ 'ਗੁਰੂ ਦਾ ਲੰਗਰ' ਸ਼ੁਰੂ ਕਰਕੇ ਜਾਤ ਪਾਤ ਦਾ ਭਰਮ ਮਿਟਾਇਆ ਤੇ ਸਭ ਨੂੰ ਤਾਲੀਮ ਦਿੱਤੀ ਕਿ ਸਾਰੇ ਮਨੁੱਖ ਬਰਾਬਰ ਹਨ। ਜ਼ਾਲਮ ਅੰਗਰੇਜ਼ਾਂ ਨੇ 'ਜਲ੍ਹਿਆਂ ਵਾਲਾ ਬਾਗ਼' ਅੰਮ੍ਰਿਤਸਰ ਵਿਖੇ ਰੋਸ ਜਲਸੇ ਵਿਚ ਬੈਠੇ ਹੋਏ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਹਿੰਦੂ ਧਰਮ ਅਨੁਸਾਰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਸੇ ਹੀ ਦਿਨ 'ਗੰਗਾ ਦੇਵੀ' ਧਰਤੀ 'ਤੇ ਆਈ ਸੀ। ਲੋਕ ਇਸ ਦਿਨ ਪਵਿੱਤਰ ਗੰਗਾ, ਸਰੋਵਰਾਂ, ਚਲਦੇ ਪਾਣੀ ਵਿਚ ਇਸ਼ਨਾਨ ਕਰਕੇ ਆਪਣੀ ਆਤਮਾ ਨੂੰ ਸ਼ੁੱਧ ਕਰਦੇ ਹਨ। ਬਹੁਤ ਸਾਰੇ ਲੋਕ ਇਸ ਦਿਨ ਨੂੰ ਨਵੇਂ ਸਾਲ ਦੀ ਸ਼ੁਰੂਆਤ ਵਜੋਂ ਲੈਂਦੇ ਹਨ।
ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਹਾੜ੍ਹੀ ਦੀ ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿਚ ਥਾਂ-ਥਾਂ 'ਤੇ ਲੱਗਦਾ ਹੈ। ਇਹ ਤਿਉਹਾਰ ਇਕੱਲੇ ਭਾਰਤ ਵਿਚ ਹੀ ਨਹੀਂ, ਸਗੋਂ ਅਮਰੀਕਾ, ਕੈਨੇਡਾ, ਯੂਰਪ, ਇੰਗਲੈਂਡ ਆਦਿ ਵਿਚ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਵੀ ਮਾਣ ਵਾਲੀ ਗੱਲ ਹੈ ਕਿ 1993 ਵਿਚ ਕੈਨੇਡਾ ਦੀ ਹਕੂਮਤ ਨੇ ਵਿਸਾਖੀ ਦਿਹਾੜੇ 'ਤੇ ਟਿਕਟ ਜਾਰੀ ਕੀਤਾ ਸੀ।
ਜ਼ਿਆਦਾਤਰ ਜ਼ਿਮੀਂਦਾਰ ਇਸ ਦਿਨ ਕਣਕ ਦੀ ਵਾਢੀ ਸ਼ੁਰੂ ਕਰਦੇ ਹਨ ਅਤੇ ਘਰਾਂ ਵਿਚ ਵਿਆਹ ਵਰਗਾ ਮਾਹੌਲ ਬਣ ਜਾਂਦਾ ਹੈ। ਸੱਜ-ਵਿਆਹੀਆਂ ਮੁਟਿਆਰਾਂ ਦਾ ਰੂਪ ਕਣਕ ਦੇ ਸੁਨਹਿਰੀ ਦਾਣਿਆਂ ਵਾਂਗ ਭਾਅ ਮਾਰਦਾ ਹੈ, ਚੜ੍ਹਦੇ ਸੂਰਜ ਦੀ ਲਾਲੀ ਨੂੰ ਮਾਤ ਪਾਉਂਦਾ ਹੈ। ਭਾਂਤ-ਭਾਂਤ ਦੀ ਮਠਿਆਈ, ਪਕੌੜੇ ਘਰਾਂ ਵਿਚ ਹੀ ਤਿਆਰ ਕੀਤੇ ਜਾਂਦੇ ਹਨ, ਲੋਕ ਜੀਅ ਭਰ ਕੇ ਖਾਂਦੇ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦਿਨ ਪ੍ਰਾਹੁਣਚਾਰੀ ਆਮ ਬਣੀ ਰਹਿੰਦੀ ਹੈ।
ਵਿਸਾਖੀ ਦਾ ਮੇਲਾ ਰੁੱਤ-ਬਦਲੀ ਨਾਲ ਸਬੰਧ ਰੱਖਦਾ ਹੈ। ਇਸ ਸਮੇਂ ਸਰਦੀ ਬਿਲਕੁਲ ਖ਼ਤਮ ਹੋ ਜਾਂਦੀ ਹੈ, ਗਰਮੀ ਤੇਜ਼ ਕਦਮ ਪੁੱਟਣ ਲੱਗਦੀ ਹੈ। ਆਪਣੀ ਅਣਥੱਕ ਮਿਹਨਤ ਨੂੰ ਸਿਰੇ ਚੜ੍ਹੀ ਫ਼ਸਲ ਵੇਖ ਕੇ ਕਿਸਾਨ ਦਾ ਦਿਲ ਖ਼ੁਸ਼ੀਆਂ ਨਾਲ ਗਦ-ਗਦ ਹੋ ਉਠਦਾ ਹੈ। ਉਹ ਢੋਲ ਦੀ ਤਾਲ ਨਾਲ ਤਾਲ ਮਿਲਾ ਕੇ ਭੰਗੜਾ ਪਾਉਂਦਾ ਹੋਇਆ ਗਾਉਂਦਾ ਹੈ:
ਬਾਰ੍ਹੀਂ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਹਾਸਾ।
ਭੰਗੜਾ ਬਣਾਉਣ ਵਾਲਿਆ,
ਤੇਰਾ ਸੁਰਗਾਂ 'ਚ ਹੋਵੇ ਵਾਸਾ।
ਪੰਜਾਬ ਦੀਆਂ ਮੁਟਿਆਰਾਂ ਗਿੱਧੇ ਵਿਚ ਧਮਾਲਾਂ ਦੇ ਨਾਲ-ਨਾਲ ਬੋਲੀਆਂ ਵੀ ਵੱਧ-ਚੜ੍ਹ ਕੇ ਪਾਉਂਦੀਆਂ ਹਨ। ਇਹ ਸੁਣ ਕੇ ਅਕਾਸ਼ ਵੀ ਨਸ਼ਿਆ ਜਾਂਦਾ ਹੈ:
ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ,
ਇਕੋ ਜਿਹੀਆਂ ਮੁਟਿਆਰਾਂ।
ਗਲੀਂ ਉਨ੍ਹਾਂ ਦੇ ਝੱਗੇ ਰੇਸ਼ਮੀ,
ਤੇ ਤੇੜ ਨਵੀਆਂ ਸਲਵਾਰਾਂ।
ਸੁਹਣੀਆਂ ਇਉਂ ਨੱਚਣ,
ਜਿਉਂ ਹਰਨਾਂ ਦੀਆਂ ਡਾਰਾਂ।
ਵਿਸਾਖੀ ਦਾ ਮੇਲਾ ਆਮ ਤੌਰ 'ਤੇ ਦਰਿਆਵਾਂ, ਝੀਲਾਂ ਅਤੇ ਸਰੋਵਰਾਂ ਦੇ ਕੰਢੇ 'ਤੇ ਲੱਗਦਾ ਹੈ, ਜਿਵੇਂ ਹਰਿਦੁਵਾਰ, ਰਵਾਲਸਰ ਆਦਿ। ਐਮਨਾਬਾਦ, ਸਿਆਲਕੋਟ ਤੇ ਗੁਜਰਾਂਵਾਲਾ ਵਿਖੇ ਵਿਸ਼ੇਸ਼ ਤੌਰ 'ਤੇ ਵਿਸਾਖੀ ਦਾ ਮੇਲਾ ਦੇਖਣਯੋਗ ਹੁੰਦਾ ਹੈ। ਕਈ ਤਾਂ ਧਾਰਮਿਕ ਸਥਾਨ 'ਤੇ ਚਲੇ ਜਾਂਦੇ ਹਨ ਅਤੇ ਇਸ਼ਨਾਨ ਕਰਕੇ ਆਪਣੇ ਤਨ-ਮਨ ਨੂੰ ਪਵਿੱਤਰ ਕਰਦੇ ਹਨ। ਭਾਰਤ ਦੇ ਕੋਨੇ-ਕੋਨੇ 'ਚ 'ਪਸ਼ੂਆਂ ਦੀ ਮੰਡੀ' ਵੀ ਲੱਗਦੀ ਹੈ। ਗੱਲ ਕੀ, ਚਾਰੇ ਪਾਸੇ ਰੌਣਕ ਹੀ ਰੌਣਕ ਹੁੰਦੀ ਹੈ।
ਪੰਜਾਬੀ ਦੇ ਪ੍ਰਸਿੱਧ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਜੀ 'ਵਿਸਾਖੀ ਦੇ ਮੇਲੇ' ਦਾ ਦ੍ਰਿਸ਼ ਇਉਂ ਚਿਤਰਨ ਕਰਦੇ ਨੇ:
ਥਾਈਂ ਥਾਈਂ ਖੇਡਾਂ ਤੇ ਪੰਘੂੜੇ ਆਏ ਨੇ।
ਜੋਗੀਆਂ, ਮਦਾਰੀਆਂ ਤਮਾਸ਼ੇ ਲਾਏ ਨੇ।
ਵੰਝਲੀ, ਲੰਗੋਜਾ, ਕਾਟੋ, ਤੂੰਬਾ ਵੱਜਦੇ।
ਛਿੰਜ ਵਿਚ ਸੂਰੇ ਪਹਿਲਵਾਨ ਗੱਜਦੇ।
ਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ।
ਭੀੜ ਵਿਚ ਮੋਢੇ ਨਾਲ ਮੋਢਾ ਵੱਜਦਾ।
ਕੋਹਾਂ ਵਿਚ ਮੇਲੇ ਨੇ ਜ਼ਮੀਨ ਮੱਲੀ ਏ।
ਚੱਲ ਨੀ ਪਰੇਮੀਏ ਵਿਸਾਖੀ ਚੱਲੀਏ।
ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਟੋਲੀਆਂ ਬਣਾ ਕੇ ਮੇਲਾ ਦੇਖਣ ਜਾਂਦੇ ਨੇ। ...ਤੇ ਇਕ-ਦੂਜੇ ਨੂੰ ਸੁਣਾ-ਸੁਣਾ ਕੇ ਬੋਲੀਆਂ ਪਾਉਂਦੇ ਨੇ:
ਮੇਰਾ ਡਿਗਿਆ ਰੁਮਾਲ ਫੜਾ ਦੇ,
ਨੀ ਰਾਹੇ ਰਾਹੇ ਜਾਣ ਵਾਲੀਏ।
ਮੁਟਿਆਰਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਹਵਾ ਨਾਲ ਕਲੋਲਾਂ ਕਰਦੀਆਂ ਹਨ। ਕੋਠੇ ਜਿੱਡੇ ਕੱਦ ਤੇ ਕਸ਼ਮੀਰੀ ਸੇਬ ਵਾਂਗ ਭਖਦੀਆਂ ਗੱਲ੍ਹਾਂ ਹੁਸਨ ਨੂੰ ਮਾਤ ਪਾਉਂਦੀਆਂ ਹਨ। ਮੇਲੇ ਵਿਚ ਤਿਲ਼ ਸੁੱਟਣ ਲਈ ਥਾਂ ਨਹੀਂ ਮਿਲਦੀ, ਮੋਢੇ ਨਾਲ ਮੋਢਾ ਵੱਜਦਾ। ਬਾਜ਼ਾਰ ਪੂਰੀ ਤਰ੍ਹਾਂ ਸੱਜਿਆ ਪਿਆ ਹੈ। ਦੁਕਾਨਾਂ ਵਿਚ ਹਰ ਤਰ੍ਹਾਂ ਦੀ ਵਸਤੂ ਪਈ ਹੈ- ਪਰਾਂਦੀਆਂ ਤੋਂ ਲੈ ਕੇ ਮਹੇਲਾਂ ਤੱਕ, ਨਹੁੰ-ਪਾਲਿਸ਼ ਤੋਂ ਲੈ ਕੇ ਚਕਲੇ-ਵੇਲਣੇ ਤੱਕ, ਦਾਤਣ, ਸੁਰਮਾ, ਕੰਘੀਆਂ, ਜੁੱਤੀਆਂ ਤੇ ਕਈ ਹੋਰ ਚੀਜ਼ਾਂ। ਇਕ ਪਾਸੇ ਸਰਕਸ ਚੱਲ ਰਹੀ ਹੈ ਤੇ ਦੂਸਰੇ ਪਾਸੇ ਛਿੰਝ-ਕੁਸ਼ਤੀਆਂ। ਬੱਚੇ ਪੰਘੂੜਿਆਂ ਦੁਆਲੇ ਹੋਏ ਹਨ ਤੇ ਖ਼ੂਬ ਮੌਜ-ਮਸਤੀ ਕਰ ਰਹੇ ਨੇ। ਜਦੋਂ ਮੇਲਾ ਖ਼ਤਮ ਹੋਣ ਨੂੰ ਆਇਆ ਤਾਂ ਦੁਕਾਨਦਾਰ ਮਹਿੰਗਾ-ਸਸਤਾ ਕਰਕੇ ਸਾਮਾਨ ਕੱਢ ਰਹੇ ਨੇ; ਜੋ ਵੱਟਿਆ ਸੋ ਖੱਟਿਆ। ਹਰ ਕੋਈ ਖ਼ਰੀਦੋ-ਫਰੋਖ਼ਤ ਕਰ ਰਿਹਾ ਹੈ।
ਵਿਸਾਖੀ ਦੇ ਮੇਲੇ ਨਾਲ ਲੋਕਾਈ ਦੇ ਮਨਾਂ 'ਚ ਆਪਸੀ ਪਿਆਰ-ਮੁਹੱਬਤ ਵਧਦਾ ਹੈ, ਸਮਾਜਿਕ ਚੇਤਨਾ ਜਾਗਦੀ ਹੈ। ਇੱਥੇ ਹੀ ਬੱਸ ਨਹੀਂ ਖੇਡਾਂ, ਛਿੰਝ-ਕੁਸ਼ਤੀਆਂ, ਗਾਉਣ-ਵਜਾਉਣ ਦਾ ਅਖਾੜਾ ਦੇਖ ਕੇ ਮਨਾਂ ਵਿਚ ਕੁਝ ਕਰ ਦਿਖਾਉਣ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਸਾਨੂੰ ਖੁਸ਼ੀਆਂ, ਖੇੜੇ ਤੇ ਆਪਣੇ ਸੱਭਿਆਚਾਰ ਨਾਲ ਜੋੜਦੇ ਹੀ ਨਹੀਂ, ਸਗੋਂ 'ਕੌਮੀ ਏਕਤਾ', ਸਦਭਾਵਨਾ ਤੇ ਇੱਕ-ਦੂਜੇ ਦੇ ਦੁੱਖ-ਸੁੱਖ ਵਿਚ ਭਾਗੀ ਹੋਣ ਦੀ ਭਾਵਨਾ ਸਿਖਾਉਂਦੇ ਹਨ। ਜਿੱਥੇ ਇਹ ਮੇਲੇ-ਤਿਉਹਾਰ ਪੰਜਾਬੀਆਂ ਨੂੰ ਰੰਗੀਨੀ ਪ੍ਰਦਾਨ ਕਰਦੇ ਹਨ, ਉਥੇ ਆਦਰਸ਼ ਜੀਵਨ ਨਾਲ ਵੀ ਜੋੜਦੇ ਹਨ।
ਦੋ ਦਿਨ ਘੱਟ ਜੀਉਣਾ,
(ਪਰ) ਜੀਉਣਾ ਮਟਕ ਦੇ ਨਾਲ।
# 402-ਈ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ-141 013
ਮੋਬਾਈਲ : 94170-01983