ਜਲ੍ਹਿਆਂਵਾਲਾ ਬਾਗ਼ ਸਾਕੇ ਨੂੰ ਵਾਪਰਿਆਂ ਹੋਇਆਂ ਅੱਜ 102 ਵਰ੍ਹੇ ਬੀਤ ਚੁੱਕੇ ਹਨ। ਐਨਾ ਸਮਾਂ ਲੰਘ ਜਾਣ ਦੇ ਬਾਵਜੂਦ ਅਜੇ ਤੱਕ ਇਹ ਪਤਾ ਨਹੀਂ ਲਗਾਇਆ ਜਾ ਸਕਿਆ ਕਿ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਬਾਗ 'ਚ ਜਨਰਲ ਆਰ. ਈ. ਐਚ. (ਰਿਨਾਲਡ ਏਡਵਰਡ ਹੈਰੀ) ਡਾਇਰ ਦੇ ਸਿਪਾਹੀਆਂ ਵਲੋਂ ਕਿੰਨੇ ਨਿਰਦੋਸ਼ ਲੋਕਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਉਸ ਦਿਨ ਬਾਗ਼ 'ਚ ਸ਼ਹੀਦ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਲੈ ਕੇ ਮੁੱਢ ਤੋਂ ਵੱਖੋ ਵੱਖਰੇ ਦਾਅਵੇ ਕੀਤੇ ਜਾਂਦੇ ਰਹੇ ਹਨ। ਹਾਲ ਹੀ 'ਚ ਪੰਜਾਬ ਸਰਕਾਰ ਨੇ ਆਪਣੇ ਪੱਧਰ 'ਤੇ ਸ਼ਹੀਦਾਂ ਦੀ ਅਸਲ ਗਿਣਤੀ ਨੂੰ ਸਾਹਮਣੇ ਲਿਆਉਣ ਦਾ ਦਾਅਵਾ ਤਾਂ ਕੀਤਾ ਹੈ, ਪਰ ਇਸ ਬਾਰੇ ਨਤੀਜੇ ਸਿਫ਼ਰ (ਜ਼ੀਰੋ) ਤੋਂ ਅਗਾਂਹ ਨਹੀਂ ਵਧ ਸਕੇ ਹਨ।
102 ਸਾਲ ਪਹਿਲਾਂ ਜਦੋਂ ਜਨਰਲ ਡਾਇਰ ਦੁਆਰਾ 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ 'ਚ ਹਜ਼ਾਰਾਂ ਬੇਗੁਨਾਹਾਂ 'ਤੇ ਗੋਲੀਆਂ ਚਲਵਾ ਰਿਹਾ ਸੀ ਤਾਂ ਉਸ ਸਮੇਂ ਬਾਗ਼ ਤੋਂ ਥੋੜੀ ਦੂਰੀ 'ਤੇ ਇਕ 14 ਸਾਲਾਂ ਬਾਲਕ ਰਾਧਾ ਕ੍ਰਿਸ਼ਨ ਵੀ ਬੇਵੱਸ ਹੋਈ ਖੜ੍ਹਾ ਬਾਗ਼ 'ਚੋਂ ਆ ਰਹੀਆਂ ਜ਼ਖ਼ਮੀਆਂ ਦੀਆਂ ਚੀਕਾਂ ਸੁਣ ਰਿਹਾ ਸੀ। ਇਸ ਸਾਕੇ ਦੇ ਚਸ਼ਮਦੀਦ ਗਵਾਹ ਸੇਠ ਰਾਧਾ ਕ੍ਰਿਸ਼ਨ ਦੇ ਜੀਵਨ 'ਤੇ ਕਿਤਾਬ ਲਿਖਦਿਆਂ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਮੇਰੇ ਸਾਹਮਣੇ ਆਈਆਂ ਜੋ ਨਾ ਤਾਂ ਇਤਿਹਾਸ ਦੀਆਂ ਕਿਤਾਬਾਂ 'ਚ ਦਰਜ ਹਨ ਅਤੇ ਨਾ ਹੀ ਆਮ ਜਨਤਾ ਦੀ ਜ਼ਬਾਨ 'ਤੇ ਹਨ। ਸੇਠ ਰਾਧਾ ਕ੍ਰਿਸ਼ਨ ਨੇ ਆਪਣੀ ਡਾਇਰੀ 'ਚ ਲਿਖਿਆ ਹੈ, 'ਮੈਂ ਉਸ ਮੰਦਭਾਗੇ ਦਿਨ ਸ਼ਾਮ ਸਾਢੇ ਚਾਰ ਵਜੇ ਚੌਕ ਫ਼ਵਾਰਾ 'ਚ ਖੜ੍ਹਾ ਸਾਂ। ਜਨਰਲ ਡਾਇਰ ਅਤੇ ਉਸ ਦਾ ਚਹੇਤਾ ਕੈਪਟਨ ਬ੍ਰਿਗਸ ਦੋਵੇਂ ਸਭ ਤੋਂ ਅੱਗੇ ਵਾਲੀ ਕਾਰ 'ਚ ਬੈਠੇ ਹੋਏ ਸਨ। ਉਨ੍ਹਾਂ ਦੇ ਪਿੱਛੇ ਦੋ ਹਥਿਆਰਾਂ ਨਾਲ ਲੈਸ ਜੀਪਾਂ ਅਤੇ ਇਕ ਪੁਲਿਸ ਕਾਰ ਸੀ ਜਿਸ 'ਚ ਡੀ. ਐਸ. ਪੀ. ਪਲੂਮਰ ਅਤੇ ਸੁਪ੍ਰਿੰਟੈਂਡੈਂਟ ਆਫ਼ ਪੁਲਿਸ ਰਹਿਲ ਬੈਠੇ ਸਨ। ਇਨ੍ਹਾਂ ਕਾਰਾਂ ਦੇ ਪਿੱਛੇ ਪੈਦਲ ਸਿਪਾਹੀ ਤੇਜ਼ ਰਫ਼ਤਾਰ ਦੌੜ ਕੇ ਆ ਰਹੇ ਸਨ। ਸਭ ਤੋਂ ਅੱਗੇ ਇਕ ਰਸਤਾ ਦੱਸਣ ਵਾਲਾ ਸਿਪਾਹੀ ਮੋਟਰਸਾਈਕਲ 'ਤੇ ਜਾ ਰਿਹਾ ਸੀ। ਇਹ ਸੈਨਿਕ ਜਲੂਸ ਹਾਲ ਬਾਜ਼ਾਰ ਦੇ ਵਿਚੋਂ ਦੀ ਹੁੰਦਾ ਹੋਇਆ ਚੌਕ ਫ਼ਵਾਰਾ 'ਚ ਪਹੁੰਚਿਆ ਸੀ। ਸਭ ਕਾਰਾਂ ਸਮੇਤ ਉਹ ਜੀਪ ਜਿਸ 'ਤੇ ਮਸ਼ੀਨਗੰਨ ਲਗਾਈ ਗਈ ਸੀ, ਨੂੰ ਚੌਂਕ 'ਚ ਹੀ ਖੜ੍ਹਾ ਕਰਨਾ ਪਿਆ, ਕਿਉਂਕਿ ਅੱਗੇ ਰਸਤਾ ਬਹੁਤ ਤੰਗ ਸੀ। ਜਦੋਂ ਬਾਗ਼ 'ਚ ਗੋਲੀਆਂ ਚਲਣ ਦੀ ਆਵਾਜ਼ ਆਈ ਤਾਂ ਦੂਸਰੇ ਲੋਕਾਂ ਦੀ ਤਰ੍ਹਾਂ ਮੈਂ ਵੀ ਬਾਜ਼ਾਰ ਵੱਲ ਭੱਜਿਆ ਅਤੇ ਲੁੱਕ ਗਿਆ। ਸਿਪਾਹੀਆਂ ਦੇ ਬਾਗ਼ 'ਚੋਂ ਚਲੇ ਜਾਣ ਦੇ ਬਾਅਦ ਹੋਰਨਾਂ ਲੋਕਾਂ ਦੀ ਤਰ੍ਹਾਂ ਮੈਂ ਵੀ ਜ਼ਖਮੀਆਂ ਨੂੰ ਪਾਣੀ ਪਿਆਉਣ ਜਾਂ ਕਿਸੇ ਪ੍ਰਕਾਰ ਦੀ ਹੋਰ ਸਹਾਇਤਾ ਦੇਣ ਦੀ ਹਿੰਮਤ ਨਾ ਕਰ ਸਕਿਆ। ਜਨਰਲ ਡਾਇਰ ਦੇ ਸੈਨਿਕਾਂ ਦੁਆਰਾ ਚਲਾਈਆਂ ਗੋਲੀਆਂ ਦੇ ਬਾਅਦ ਬਾਗ਼ ਦੀ ਭੂਮੀ 'ਤੇ ਲਾਸ਼ਾਂ ਦੇ ਢੇਰ ਲੱਗ ਗਏ।
ਅੰਮ੍ਰਿਤਸਰ ਫਲੋਰ ਐਂਡ ਜਨਰਲ ਮਿੱਲ ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਪੰਜਾਬ ਵਪਾਰ ਮੰਡਲ ਦੇ ਉਪ-ਪ੍ਰਧਾਨ ਲਾਲਾ ਗਿਰਧਾਰੀ ਲਾਲ ਜੋ ਕਿ 13 ਅਪ੍ਰੈਲ 1919 ਦੀ ਸਵੇਰ 11.30 ਵਜੇ ਕਲਕੱਤਾ ਮੇਲ ਰਾਹੀਂ ਅੰਮ੍ਰਿਤਸਰ ਪਹੁੰਚੇ ਸਨ, ਦੁਆਰਾ ਦਰਜ ਕਰਵਾਇਆ ਗਿਆ ਬਿਆਨ ਇਸ ਪ੍ਰਕਾਰ ਹੈ - 'ਜਦੋਂ ਮੈਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਚੋਂ ਬਾਹਰ ਨਿਕਲਿਆਂ ਤਾਂ ਉਥੇ ਨਾ ਕੋਈ ਕੁਲੀ ਸੀ ਅਤੇ ਨਾ ਹੀ ਕੋਈ ਸਵਾਰੀ। ਮੈਂ ਵੇਖਿਆ ਪੈਦਲ ਚੱਲਣ ਵਾਲਿਆਂ ਲਈ ਜੋ ਪੁਲ ਸੀ, ਉਸ 'ਤੇ ਗੋਰੇ ਸੈਨਿਕ ਪਹਿਰਾ ਦੇ ਰਹੇ ਸਨ। ਉਹ ਹਰ ਕਿਸੇ ਦੇ ਸਾਮਾਨ ਦੀ ਚੰਗੀ ਤਰ੍ਹਾਂ ਨਾਲ ਤਲਾਸ਼ੀ ਲੈ ਰਹੇ ਸਨ। ਜੇਕਰ ਕਿਸੇ ਨੂੰ ਉਹ ਖੂੰਡੀ ਜਾਂ ਸੋਟੀ ਲੈ ਕੇ ਚੱਲਦਾ ਵੇਖਦੇ ਤਾਂ ਤੁਰੰਤ ਉਸ ਦੀ ਖੂੰਡੀ ਜ਼ਬਤ ਕਰ ਲਈ ਜਾਂਦੀ। ਜਦੋਂ ਮੈਂ ਸ਼ਹਿਰ 'ਚ ਪਹੁੰਚਿਆਂ ਤਾਂ ਪਤਾ ਚਲਿਆ ਕਿ ਇਕ ਰਾਤ ਪਹਿਲਾਂ ਹੀ ਪੂਰੇ ਸ਼ਹਿਰ ਦੀ ਬਿਜਲੀ-ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਮੇਰਾ ਘਰ ਜਲ੍ਹਿਆਂਵਾਲਾ ਬਾਗ਼ ਦੇ ਬਿਲਕੁਲ ਪਾਸ ਹੀ ਸੀ। ਉਸ ਸ਼ਾਮ ਮੈਂ ਬਾਗ਼ 'ਚ ਸੈਂਕੜੇ ਲੋਕਾਂ ਨੂੰ ਸੈਨਿਕਾਂ ਦੀਆਂ ਗੋਲੀਆਂ ਨਾਲ ਇੱਧਰ-ਉੱਧਰ ਮਰਦਿਆਂ ਵੇਖਿਆ। ਜ਼ਿਆਦਾਤਰ ਸੈਨਿਕ ਉਨ੍ਹਾਂ ਰਸਤਿਆਂ ਵੱਲ ਗੋਲੀਆਂ ਚਲਾ ਰਹੇ ਸਨ ਜਿੱਧਰੋਂ ਲੋਕ ਬਾਹਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਕਈ ਲੋਕ ਭੱਜਦੀ ਭੀੜ ਦੇ ਪੈਰਾਂ 'ਚ ਆ ਕੇ ਕੁਚਲੇ ਗਏ। ਜੋ ਲੋਕ ਜ਼ਮੀਨ 'ਤੇ ਲੇਟ ਗਏ ਸਨ, ਉਨ੍ਹਾਂ 'ਤੇ ਵੀ ਗੋਲੀਆਂ ਚਲਾਈਆਂ ਜਾ ਰਹੀਆਂ ਸਨ। ਸੈਨਿਕਾਂ ਦੇ ਬਾਗ਼ 'ਚੋਂ ਚਲੇ ਜਾਣ ਦੇ ਬਾਅਦ ਮੈਂ ਪੂਰੇ ਬਾਗ਼ ਦਾ ਚੱਕਰ ਲਗਾ ਕੇ ਵੇਖਿਆ। ਹਰ ਜਗ੍ਹਾ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਕਿਸੇ ਦੇ ਸਿਰ 'ਚ ਗੋਲੀ ਲੱਗੀ ਸੀ ਤਾਂ ਕਿਸੇ ਦੀ ਅੱਖ, ਨੱਕ ਜਾਂ ਲੱਤ-ਪੈਰ 'ਤੇ। ਮੇਰਾ ਅੰਦਾਜ਼ਾ ਹੈ ਕਿ ਉਸ ਸਮੇਂ ਬਾਗ਼ 'ਚ ਇਕ ਹਜ਼ਾਰ ਤੋਂ ਵਧੇਰੇ ਲਾਸ਼ਾਂ ਸਨ।'
ਚਸ਼ਮਦੀਦ ਗਵਾਹਾਂ ਅਨੁਸਾਰ ਜਨਰਲ ਡਾਇਰ ਵਲੋਂ ਗੋਲੀ ਚਲਾਉਣ ਦਾ ਆਦੇਸ਼ ਦੇਣ ਤੋਂ ਬਾਅਦ ਪਹਿਲੀ ਗੋਲੀ ਮਦਨ ਮੋਹਨ (13 ਸਾਲ) ਪੁੱਤਰ ਡਾ. ਮਨੀ ਰਾਮ ਨੂੰ ਲੱਗੀ, ਜਿਸ ਦਾ ਘਰ ਬਿਲਕੁਲ ਬਾਗ਼ ਦੇ ਨਾਲ ਹੀ ਸੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਬਾਗ਼ 'ਚ ਖੇਡ ਰਿਹਾ ਸੀ। 10-15 ਮਿੰਟ ਤੱਕ ਲਗਾਤਾਰ ਗੋਲੀਆਂ ਚੱਲਦੀਆਂ ਰਹੀਆਂ। ਕੁੱਲ 1650 ਗੋਲੀਆਂ ਚਲੀਆਂ। ਇਹ ਗੋਲੀਆਂ ਚੱਲਣੀਆਂ ਤਦ ਬੰਦ ਹੋਈਆਂ ਜਦੋਂ ਸੈਨਿਕਾਂ ਕੋਲੋਂ ਗੋਲੀਆਂ ਖ਼ਤਮ ਹੋ ਗਈਆਂ। ਹੋਮ ਮਨਿਸਟਰ ਵਿਭਾਗ (1919), ਨੰਬਰ 23, ਡੀ.ਆਰ. 2 ਦੇ ਅਨੁਸਾਰ ਜੇ. ਪੀ. ਥਾਮਸਨ ਅਤੇ ਐਚ. ਡੀ. ਕਰੈਕ (14 ਅਗਸਤ 1919) ਨੇ ਦੱਸਿਆ ਕਿ ਜਨਰਲ ਡਾਇਰ ਨੇ 200-300 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ, ਪ੍ਰੰਤੂ ਮਿਲਟਰੀ ਰਿਪੋਰਟ ਦੇ ਅਨੁਸਾਰ 200 ਤੋਂ ਵੀ ਘੱਟ ਵਿਅਕਤੀ ਮਾਰੇ ਗਏ ਸਨ। ਸਰਕਾਰੀ ਸੂਤਰਾਂ ਦੇ ਅਨੁਸਾਰ 379 ਲੋਕਾਂ ਦੇ ਮਾਰੇ ਜਾਣ ਅਤੇ 1208 ਦੇ ਜ਼ਖ਼ਮੀ ਹੋਣ ਦਾ ਅਨੁਮਾਨ ਹੈ। ਕੁਝ ਹੋਰ ਸੰਸਥਾਵਾਂ ਦੁਆਰਾ ਤਿਆਰ ਕਰਵਾਏ ਗਏ ਸਰਕਾਰੀ ਅੰਕੜਿਆਂ 'ਚ ਜਲ੍ਹਿਆਂਵਾਲਾ ਬਾਗ਼ 'ਚ ਮਾਰੇ ਗਏ ਲੋਕਾਂ ਦੀ ਗਿਣਤੀ 800 ਤੋਂ ਜ਼ਿਆਦਾ ਦੱਸੀ ਗਈ। ਮਿਸਟਰ ਥਾਮਸਨ ਨੇ ਦੱਸਿਆ ਕਿ ਬਾਗ਼ ਵਿਚ ਮਰਨ ਵਾਲਿਆਂ ਦੀ ਗਿਣਤੀ 290 ਤੋਂ ਜ਼ਿਆਦਾ ਨਹੀਂ ਸੀ, ਜਦਕਿ ਸੇਵਾ ਸਮਿਤੀ ਨੇ ਮਰਨ ਵਾਲਿਆਂ ਦੀ ਗਿਣਤੀ 500 ਦੱਸੀ। ਸਮਾਚਾਰ ਪੱਤਰ 'ਅੰਮ੍ਰਿਤ ਬਾਜ਼ਾਰ ਪੱਤ੍ਰਿਕਾ, ਕਲਕੱਤਾ' ਦੇ 7 ਅਗਸਤ, 1919 ਦੇ ਅੰਕ ਅਨੁਸਾਰ ਸਵਾਮੀ ਸ਼ਰਧਾ ਨੰਦ ਨੇ ਅੰਮ੍ਰਿਤਸਰ ਪਹੁੰਚ ਕੇ ਅੰਕੜਿਆਂ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 1500 ਦੇ ਲਗਪਗ ਸੀ। ਜਲ੍ਹਿਆਂਵਾਲਾ ਬਾਗ਼ ਯਾਦਗਾਰੀ ਟਰੱਸਟ ਕੋਲ 388 ਸ਼ਹੀਦਾਂ ਦੀ ਸੂਚੀ ਹੈ, ਜਦਕਿ ਜਲ੍ਹਿਆਂਵਾਲਾ ਬਾਗ਼ ਸ਼ਹੀਦ ਪਰਿਵਾਰ ਸਮਿਤੀ ਪਾਸ 436 ਨਾਵਾਂ ਦੀ ਸੂਚੀ ਹੈ। ਪੰਜਾਬ ਗੌਰਮਿੰਟ ਹੋਮ ਮਨਿਸਟਰੀ ਪਾਰਟ ਬੀ. 1921, ਫਾਈਲ ਨੰਬਰ 139 ਵਿਚ 381 ਨਾਵਾਂ ਦਾ ਵੇਰਵਾ ਹੈ। ਮੈਂ (ਲੇਖਕ ਨੇ) ਆਪਣੀ ਪੁਸਤਕ 'ਤਵਾਰੀਖ਼ ਲਾਹੌਰ-ਅੰਮ੍ਰਿਤਸਰ' 'ਚ ਜੋ ਸੂਚੀ ਪ੍ਰਕਾਸ਼ਿਤ ਕੀਤੀ ਹੈ, ਉਸ 'ਚ ਸ਼ਹੀਦ ਹੋਣ ਵਾਲਿਆਂ ਦੇ 501 ਨਾਂਅ ਦਰਜ ਹਨ। ਇਹ ਸੂਚੀ 12 ਨਵੰਬਰ, 1919 ਨੂੰ ਮੁਕੰਮਲ ਹੋਈ ਸੀ। ਇਸ ਸੂਚੀ 'ਚ ਉਨ੍ਹਾਂ 42 ਪੁਰਸ਼ਾਂ, ਇਕ ਔਰਤ ਅਤੇ ਇਕ ਬੱਚਾ, ਜਿਨ੍ਹਾਂ ਦਾ ਸਸਕਾਰ ਸੇਵਾ ਸਮਿਤੀ ਦੁਆਰਾ ਕੀਤਾ ਗਿਆ ਸੀ; ਦੀ ਪਹਿਚਾਣ ਨਾ ਹੋਣ ਕਰਕੇ ਉਨ੍ਹਾਂ ਦੇ ਨਾਵਾਂ ਦਾ ਕੋਈ ਵੇਰਵਾ ਦਰਜ ਨਹੀਂ ਹੈ। ਇਸ ਦੇ ਇਲਾਵਾ ਉਕਤ ਸੂਚੀ 'ਚ ਇਕ ਵਿਅਕਤੀ ਦਾ ਨਾਂਅ ਭੁਲੇਖੇ ਨਾਲ ਦੋ ਵਾਰ ਲਿਖਿਆ ਗਿਆ ਹੈ ਅਤੇ ਹੋਰਨਾਂ 14 ਲੋਕਾਂ ਦੀ ਬਾਅਦ 'ਚ ਜਿਊਂਦੇ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਲ੍ਹਿਆਂਵਾਲਾ ਬਾਗ਼ 'ਚ 13 ਅਪ੍ਰੈਲ, 1919 ਨੂੰ ਸ਼ਹੀਦ ਹੋਣ ਵਾਲੇ ਲੋਕਾਂ ਦੇ ਨਾਵਾਂ ਦੀਆਂ ਉਕਤ ਸਾਰੀਆਂ ਸੂਚੀਆਂ 'ਚ ਸਭ ਤੋਂ ਵੱਡੀ ਖ਼ਾਮੀ ਇਹ ਹੈ ਕਿ ਇਨ੍ਹਾਂ 'ਚ ਦਰਜ ਨਾਵਾਂ ਦੀ ਗਿਣਤੀ ਕਤਲੇਆਮ ਦੇ 4 ਮਹੀਨੇ ਬਾਅਦ ਭਾਵ 20 ਅਗਸਤ, 1919 ਨੂੰ ਆਰੰਭੀ ਗਈ। ਉਸ ਵੇਲੇ ਤੱਕ ਉਕਤ ਸਾਕੇ ਦੇ ਸ਼ਿਕਾਰ ਲੋਕ ਕਤਲੇਆਮ ਦੇ ਬਾਅਦ ਪੈਦਾ ਹੋਏ ਖ਼ੌਫ਼ਨਾਕ ਹਾਲਾਤਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁਕੇ ਸਨ ਅਤੇ ਬਹੁਤ ਸਾਰੇ ਲੋਕਾਂ ਨੇ ਕਿਸੇ ਮਾਮਲੇ ਵਿਚ ਫਸਣ ਦੇ ਡਰ ਤੋਂ ਸਾਕੇ 'ਚ ਸ਼ਹੀਦ ਜਾਂ ਜ਼ਖ਼ਮੀ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੀ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਾਕੇ 'ਚ ਸ਼ਹੀਦ ਹੋਣ ਵਾਲੇ ਨਾਗਰਿਕਾਂ ਨੂੰ ਅਗਿਆਤ ਨਾ ਰਹਿਣ ਦੇਵੇ, ਸਗੋਂ ਉਨ੍ਹਾਂ ਦੇ ਨਾਂਅ ਅਤੇ ਤਸਵੀਰਾਂ ਸਨਮਾਨਿਤ ਢੰਗ ਨਾਲ ਬਾਗ਼ 'ਚ ਨਵੀਆਂ ਉਸਾਰੀਆਂ ਗਈਆਂ ਗੈਲਰੀਆਂ 'ਚ ਲਗਾਈਆਂ ਜਾਣ।
-ਪੱਤਰਕਾਰ, 'ਅਜੀਤ' ਉਪ ਦਫ਼ਤਰ, ਅੰਮ੍ਰਿਤਸਰ
ਫ਼ੋਨ : 93561-27771