ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਤੇ ਉਨ੍ਹਾਂ ਦੀ ਮਹਾਨ ਰੂਹਾਨੀ ਸ਼ਖ਼ਸੀਅਤ ਨੂੰ ਬੜੇ ਖ਼ੂਬਸੂਰਤ ਢੰਗ ਨਾਲ ਕਲਮਬੰਦ ਕੀਤਾ ਹੈ। ਭਾਈ ਸਾਹਿਬ ਦਾ ਕਥਨ ਹੈ-ਸਤਿਗੁਰੂ ਨਾਨਕ ਦੇਵ ਜੀ ਦੇ ਪਰਗਟ ਹੋਣ ਨਾਲ ਅਗਿਆਨਤਾ ਦਾ ਹਨੇਰਾ ਮਿਟ ਗਿਆ ਅਤੇ ਸਾਰੇ ਸੰਸਾਰ ਵਿਚ ਗਿਆਨ ਦਾ ਚਾਨਣ ਹੋ ਗਿਆ। ਜਿਸ ਤਰ੍ਹਾਂ ਸੂਰਜ ਦੇ ਨਿਕਲਣ ਨਾਲ ਤਾਰੇ ਛੁਪ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ, ਜਿਸ ਤਰ੍ਹਾਂ ਸ਼ੇਰ ਦੇ ਗਰਜਨ ਨਾਲ ਹਿਰਨਾਂ ਦੀਆਂ ਡਾਰਾਂ ਭੱਜ ਜਾਂਦੀਆਂ ਹਨ, ਧੀਰਜ ਨਹੀਂ ਧਰਦੀਆਂ-ਇਸ ਤਰ੍ਹਾਂ ਵਾਪਰ ਗਿਆ। ਜਿਥੇ ਵੀ ਬਾਬਾ ਨਾਨਕ ਪੈਰ ਧਰ ਦਿੰਦੇ ਹਨ, ਉਹੀ ਸਥਾਨ ਪੂਜਾ ਦੇ ਆਸਣ ਵਜੋਂ ਸੁਭਾਇਮਾਨ ਹੋ ਜਾਂਦਾ ਹੈ। ਘਰ-ਘਰ ਵਿਚ ਧਰਮਸਾਲ ਕਾਇਮ ਹੋ ਗਈ ਹੈ ਅਤੇ ਸਦਾ ਵਿਸਾਖੀ ਦੇ ਦਿਨ ਵਾਂਗ ਕੀਰਤਨ ਹੋਣ ਲੱਗ ਪਿਆ ਹੈ। ਬਾਬਾ ਨਾਨਕ ਨੇ ਚਾਰੇ ਦਿਸ਼ਾਵਾਂ ਅਤੇ ਨੌਂ-ਖੰਡ ਪ੍ਰਿਥਵੀ ਨੂੰ ਸੱਚੇ ਨਾਮ ਦਾ ਸਹਾਰਾ ਦੇ ਕੇ ਤਾਰ ਦਿੱਤਾ। ਕਲਜੁਗ ਵਿਚ ਸ਼੍ਰੋਮਣੀ ਗੁਰੂ ਪਰਗਟ ਹੋ ਗਏ ਹਨ :
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧੁ ਜਗਿ ਚਾਨਣੁ ਹੋਆ॥
ਜਿਉ ਕਰ ਸੂਰਜੁ ਨਿਕਲਿਆ
ਤਾਰੇ ਛਪੇ ਅੰਧੇਰੁ ਪਲੋਆ॥
ਸਿੰਘੁ ਬੁਕੇ ਮਿਰਗਾਵਲੀ ਭੰਨੀ
ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੇ
ਪੂਜਾ ਆਸਣੁ ਥਾਪਣਿ ਸੋਆ॥
ਸਿਧਾਸਣਿ ਸਭਿ ਜਗਤਿ ਦੇ
ਨਾਨਕ ਆਦਿ ਮਤੇ ਜੇ ਕੋਆ॥
ਘਰਿ ਘਰਿ ਅੰਦਰਿ ਧਰਮਸਾਲ
ਹੋਵੈ ਕੀਰਤਨੁ ਸਦਾ ਵਿਸੋਆ॥
ਬਾਬੇ ਤਾਰੇ ਚਾਰਿ ਚਕਿ ਨਉ
ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥
'ਮਹਿਮਾ ਪ੍ਰਕਾਸ਼' ਦੇ ਰਚਨਕਾਰ ਸਰੂਪ ਦਾਸ ਭੱਲਾ ਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੀ ਗੱਲ ਨੂੰ ਆਪਣੇ ਨਿਵੇਕਲੇ ਅੰਦਾਜ਼ ਵਿਚ ਬਿਆਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ-ਸਾਰੇ ਜਗਤ ਵਿਚ ਜੈ ਜੈ ਕਾਰ ਹੋ ਗਈ, ਤਿੰਨਾ ਲੋਕਾਂ ਵਿਚ ਖ਼ੁਸ਼ੀਆਂ ਮਨਾਈਆਂ ਗਈਆਂ, ਜਦੋਂ ਗੁਰੂ ਨਾਨਕ ਦੇ ਰੂਪ ਵਿਚ, ਅਗਿਆਨ ਦਾ ਹਨੇਰਾ ਦੂਰ ਕਰਨ ਵਾਲੇ, ਗਿਆਨ ਦੇ ਸੂਰਜ ਦਾ ਉਦੈ ਹੋਇਆ:
ਜੈ ਜੈ ਕਾਰ ਜਗਤ ਸੋ,
ਭਇਆ ਮੰਗਲ ਤ੍ਰਈ ਲੋਕ।
ਉਦੇ ਭਇਓ ਰਵਿ ਗਿਆਨ ਕੋ,
ਮਿਟਜੋ ਤਿਮਰ ਅਗਿਆਨ ਵਿਜੋਗ॥
ਫਿਰ ਆਪਣੀ ਅਕੀਦਤ ਭੇਟ ਕਰਦਿਆਂ ਰਚਨਕਾਰ ਲਿਖਦਾ ਹੈ ਧੰਨ ਹੈ ਉਹ ਦੇਸ਼, ਧੰਨ ਹੈ ਉਹ ਨਗਰ, ਧੰਨ ਹੈ ਉਹ ਕੁੱਲ, ਉਹ ਸਮਾਂ, ਉਹ ਮਾਤਾ ਪਿਤਾ, ਉਹ ਗ੍ਰਹਿ ਧੰਨ ਹੈ ਜਿਥੇ ਨਿਰੰਜਨੀ ਅਵਤਾਰ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਹੋਇਆ ਹੈ:
ਹਰਿ ਭਇਓ ਅਵਤਾਰ ਨਿਰੰਜਨੀ,
ਸੰਤ ਰੂਪ ਤਨ ਧਾਰ॥
ਕਾਰਨ ਤਾਰਨ ਜਗਤ ਕੋ,
ਕਰ ਹੈ ਭਗਤ ਪ੍ਰਚਾਰ॥
ਧੰਨ ਦੇਸ, ਧੰਨ ਨਗਰ ਸੋ,
ਧੰਨ ਬਚਨ ਕੁਲ ਸੋਇ॥
ਧੰਨ ਸਮਾ, ਧਨ ਮਾਤਾ ਪਿਤ,
ਧਨ ਸੰਤ ਜਨਮ ਗ੍ਰਹ ਹੋਇ॥
ਸਰ ਮੁਹੰਮਦ ਇਕਬਾਲ ਨੇ ਕਿਹਾ ਸੀ ਕਿ ਗੁਰੂ ਨਾਨਕ 'ਤੋਹੀਦ' ਦੀ ਆਵਾਜ਼ ਬਣ ਕੇ ਆਏ ਸਨ। ਪੰਜਾਬ ਤੋਂ ਉੱਠੀ ਉਸ 'ਮਰਦ-ਏ-ਕਾਮਲ' ਦੀ ਆਵਾਜ਼ ਨੇ ਗਫ਼ਲਤ ਦੀ ਨੀਂਦ ਵਿਚ ਸੁੱਤੇ ਹਿੰਦੁਸਤਾਨ ਨੂੰ ਜਗਾ ਦਿੱਤਾ ਸੀ-
ਫਿਰ ਉਠੀ ਆਖ਼ਿਰ ਸਦਾ ਤੋਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਯਾ ਖ਼ਵਾਬ ਸੇ।
ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਅਧਿਐਨ ਕਰੀਏ ਤਾਂ ਇਹ ਹਕੀਕਤ ਬੜੀ ਸ਼ਿੱਦਤ ਨਾਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਆਪਣੀਆਂ ਰਚਨਾਵਾਂ ਵਿਚ 'ਰੱਬ ਦੀ ਇੱਕਤਾ' ਦੇ ਸਿਧਾਂਤ ਦੀ ਵਿਆਖਿਆ ਬੜੀ ਤਫ਼ਸੀਲ ਨਾਲ ਕੀਤੀ ਹੈ। ਫਿਰ ਇਹ ਸੱਚਾਈ ਵੀ ਜਗ-ਜ਼ਾਹਰ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਹਰ ਬੋਲ ਵਿਚ ਸਮੁੱਚੀ ਮਨੁੱਖਤਾ ਦੇ ਕਲਿਆਣ ਦੀ ਗੱਲ ਅਤੇ ਸਾਂਝੀਵਾਲਤਾ ਦਾ ਸੰਦੇਸ਼ ਸਮੋਇਆ ਹੋਇਆ ਹੈ। ਅਸਲ ਵਿਚ, ਗੁਰੂ ਸਾਹਿਬ ਨੇ ਸਮੁੱਚੀ ਮਨੁੱਖਤਾ ਵਿਚ ਮੌਜੂਦ ਸਾਂਝੇ ਤੇ ਸਦੀਵੀ ਤੱਤ ਨੂੰ ਪਛਾਨਣ ਦਾ ਇਕ ਵੱਡਾ ਸੰਕਲਪ ਦਿੱਤਾ ਸੀ। ਇਹੋ ਸੰਕਲਪ ਉਹਨਾਂ ਦੀ ਸਮੁੱਚੀ ਵਿਚਾਰਧਾਰਾ ਦਾ ਮੁੱਖ ਧੁਰਾ ਬਣ ਗਿਆ ਸੀ। ਅੱਜ ਵੀ ਇਹ ਸੰਕਲਪ ਪੂਰੀ ਤਰ੍ਹਾਂ ਪ੍ਰਾਸੰਗਿਕ ਹੈ। ਇਕ ਹੋਰ ਅਹਿਮ ਨੁਕਤਾ ਇੱਥੇ ਸਾਂਝਾ ਕਰਨਾ ਚਾਹੁੰਦਾ ਹਾਂ। ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿਚ ਥਾਂ-ਥਾਂ 'ਤੇ ਵਿਭਿੰਨਤਾ ਦੀ, ਵੰਨ-ਸੁਵੰਨਤਾ ਦੀ ਵਜ਼ਾਹਤ ਕਰਦੇ ਹਨ, ਉਸ ਦੀ ਭਰਪੂਰ ਚਰਚਾ ਕਰਦੇ ਹਨ। ਫਿਰ ਵਿਭਿੰਨਤਾ ਦੀ ਪ੍ਰਸੰਸਾ ਕਰਦੇ ਹਨ ਅਤੇ ਉਸ ਨੂੰ ਤਰ੍ਹਾਂ-ਤਰ੍ਹਾਂ ਨਾਲ ਵਡਿਆਉਂਦੇ ਹਨ। ਗੁਰੂ ਸਾਹਿਬ ਦਾ ਸੰਦੇਸ਼ ਹੈ ਕਿ ਜਿਸ ਪਰਮਾਤਮਾ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ, ਉਹ ਜਿਵੇਂ ਉਸ ਦੀ ਰਜ਼ਾ ਹੈ ਆਪਣੇ ਪੈਦਾ ਕੀਤੇ ਹੋਇਆਂ ਦੀ ਸੰਭਾਲ ਵੀ ਕਰ ਰਿਹਾ ਹੈ। ਜਪੁਜੀ ਸਾਹਿਬ ਦੀਆਂ ਇਹ ਸਤਰਾਂ ਵੇਖਣ ਵਾਲੀਆਂ ਹਨ :
ਰੰਗੀ ਰੰਗੀ ਭਾਤੀ ਕਰਿ ਕਰਿ
ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਵੇਖੈ ਕੀਤਾ ਆਪਣਾ
ਜਿਵ ਤਿਸ ਦੀ ਵਡਿਆਈ॥
ਇਕ ਹੋਰ ਥਾਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਤੇਰੀਆਂ ਕਿਤਨੀਆਂ ਸ਼ਕਤੀਆਂ ਹਨ ਅਤੇ ਕਿਤਨੀਆਂ ਵੱਡੀਆਂ ਤੇਰੀਆਂ ਦਾਤਾਂ ਹਨ। ਕਿਤਨੇ ਹੀ ਤੇਰੇ ਜੀਅ-ਜੰਤ ਹਨ ਜੋ ਦਿਨ ਰਾਤ ਤੇਰੀ ਸਿਫ਼ਤ ਕਰਦੇ ਰਹਿੰਦੇ ਹਨ। ਕਿਤਨੇ ਹੀ ਤੇਰੇ ਰੰਗ ਰੂਪ ਹਨ ਅਤੇ ਕਿਤਨੇ ਹੀ ਉੱਚੀਆਂ ਨੀਵੀਆਂ ਕਹੀਆਂ ਜਾਣ ਵਾਲੀਆਂ ਜਾਤਾਂ ਵਿਚ ਹਨ :
ਕੇਤੀਆ ਤੇਰੀਆ ਕੁਦਰਤੀ
ਕੇਵਡ ਤੇਰੀ ਦਾਤਿ॥
ਕੇਤੇ ਤੇਰੇ ਜੀਅ ਜੰਤ
ਸਿਫਤਿ ਕਰਹਿ ਦਿਨੁ ਰਾਤਿ॥
ਕੇਤੇ ਤੇਰੇ ਰੂਪ ਰੰਗ ਕੇਤੇ
ਜਾਤਿ ਅਜਾਤਿ॥
ਦਰਅਸਲ, ਦੁਨੀਆ ਦੀ ਸਭ ਤੋਂ ਵੱਡੀ ਹਕੀਕਤ ਉਸ ਦੀ ਵਿਭਿੰਨਤਾ ਹੈ। ਵਿਭਿੰਨਤਾ ਵੀ ਐਸੀ ਜਿਸ ਨੂੰ ਕੋਈ ਮੇਟ ਨਹੀਂ ਸਕਦਾ। ਇਤਿਹਾਸ ਵਿਚ ਬੜੇ ਦੌਰ ਐਸੇ ਆਏ ਹਨ ਜਦੋਂ ਧਰਮ ਦੇ ਰਾਜ ਦੀਆ ਸ਼ਕਤੀਆਂ ਨੇ ਇਸ ਵਿਭਿੰਨਤਾ ਨੂੰ ਮੁਕਾਉਣ ਲਈ ਸਿਰ-ਧੜ ਦੀ ਬਾਜ਼ੀ ਲਾ ਦਿੱਤੀ। ਪਰ ਅੱਜ ਵੀ ਇਹ ਸੱਚ ਸਭ ਦੇ ਸਾਹਮਣੇ ਹੈ ਕਿ ਕੋਈ ਵੀ ਤਾਨਾਸ਼ਾਹੀ ਤਾਕਤ ਜਾਂ ਮੁਹਿੰਮ ਇਸ ਨਿਸ਼ਾਨੇ ਨੂੰ ਪ੍ਰਾਪਤ ਕਰਨ ਵਿਚ ਸਫ਼ਲ ਨਹੀਂ ਹੋ ਸਕੀ। ਪਰ ਵਿਭਿੰਨਤਾ ਹਮੇਸ਼ਾ ਕਾਇਮ ਰਹੇ ਅਤੇ ਉਸ ਦੀ ਖ਼ੂਬਸੂਰਤੀ ਬਰਕਰਾਰ ਰਹੇ, ਇਸ ਲਈ ਜ਼ਰੂਰੀ ਹੁੰਦਾ ਹੈ-ਆਪਸੀ ਸੰਵਾਦ। ਇਤਿਹਾਸਕ ਸਾਖੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਵਿਭਿੰਨਤਾ ਦੀ ਖ਼ੂਬਸੂਰਤੀ ਕਾਇਮ ਰੱਖਦਿਆਂ, ਆਪਸੀ ਸੰਵਾਦ ਰਾਹੀਂ-ਵੱਖ-ਵੱਖ ਧਰਮਾਂ ਵਿਚਕਾਰ ਇਕ ਵਿਆਪਕ ਸਾਂਝ ਸਥਾਪਿਤ ਕਰਨ ਲਈ ਸਾਰੀ ਦੁਨੀਆ ਦਾ ਭ੍ਰਮਣ ਕਰ ਕੇ, ਬੇਮਿਸਾਲ ਭੂਮਿਕਾ ਨਿਭਾਈ ਸੀ।
ਇਕ ਗੱਲ ਹੋਰ। ਗੁਰੂ ਨਾਨਕ ਪਾਤਸ਼ਾਹ ਦਾ ਇਹ ਸੰਦੇਸ਼ ਵੀ ਬਹੁਤ ਸਪੱਸ਼ਟ ਹੈ। ਜੇ ਰੱਬ ਇਕ ਹੈ, ਤਾਂ ਉਸ ਦੀ ਰਚਨਾ ਵਿਚ ਵੰਡੀਆਂ ਕਿਸ ਤਰ੍ਹਾਂ ਪਾਈਆਂ ਜਾ ਸਕਦੀਆਂ ਹਨ। ਜੇ ਰਚਨਾਕਾਰ ਇਕ ਹੈ, ਉਸ ਦੀ ਰਚਨਾ ਦਾ ਭੇਦ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਹਕੀਕਤ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਕਿਸੇ ਵੀ ਆਧਾਰ 'ਤੇ ਵੰਡ ਤੇ ਵਿਤਕਰਾ ਮਨਜ਼ੂਰ ਨਹੀਂ। ਧਰਮ ਦੇ ਆਧਾਰ 'ਤੇ ਭੇਦ-ਭਾਵ ਨੂੰ ਅਸਵੀਕਾਰ ਕਰਦਿਆਂ ਗੁਰੂ ਸਾਹਿਬ ਇਕ ਸਿਧਾਂਤ ਦਿੰਦੇ ਹਨ ਕਿ ਰੱਬ ਦੇ ਕਈ ਨਾਮ ਰੱਖੇ ਜਾ ਸਕਦੇ ਹਨ, ਉਸ ਨੂੰ ਯਾਦ ਕਰਨ ਦੇ ਤਰੀਕੇ ਵੱਖਰੇ ਹੋ ਸਕਦੇ ਹਨ। ਪਰ ਇਸ ਆਧਾਰ 'ਤੇ ਰਚਨਾ ਵਿਚ ਪਾੜੇ ਨਹੀਂ ਪਾਏ ਜਾ ਸਕਦੇ। ਇਸ ਤੋਂ ਖ਼ੂਬਸੂਰਤ ਉਦਾਹਰਨ ਕੀ ਹੋ ਸਕਦਾ ਹੈ-ਸਮੁੱਚੀ ਲੋਕਾਈ ਨੂੰ ਸੰਬੋਧਨ ਦਾ ਅਤੇ ਉਹਨਾਂ ਦੀ ਸਾਂਝੀ ਅਤੇ ਵਿਆਪਕ ਦ੍ਰਿਸ਼ਟੀ ਦਾ, ਜਦੋਂ ਗੁਰੂ ਨਾਨਕ ਦੇਵ ਜੀ ਨਿਵੇਕਲੇ ਢੰਗ ਨਾਲ ਵੰਨ-ਸੁਵੰਨਤਾ ਦੀ ਪ੍ਰਸੰਸਾ ਕਰਦਿਆਂ, ਅਤਿ ਨਿਮਰ ਭਾਵ ਨਾਲ ਕਹਿੰਦੇ ਹਨ-'ਨਾਨਕ ਵਿਚਾਰਾ ਕੀ ਆਖ ਸਕਦਾ ਹੈ ? ਸਾਰਾ ਸੰਸਾਰ ਹੀ ਤੈਨੂੰ 'ਇਕ' ਨੂੰ ਸਲਾਹ ਰਿਹਾ ਹੈ। ਨਾਨਕ ਦਾ ਸਿਰ ਤੇਰੀ ਸਿਫ਼ਤੋ-ਸਲਾਹ ਕਰਨ ਵਾਲੇ ਬੰਦਿਆਂ ਦੇ ਕਦਮਾਂ 'ਤੇ ਹੈ ਭਾਵੇਂ ਤੈਨੂੰ ਕੋਈ ਕਿਸੇ ਵੀ ਨਾਮ ਨਾਲ ਯਾਦ ਕਰ ਰਿਹਾ ਹੈ। ਜਿਤਨੇ ਵੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ :'
ਨਾਨਕੁ ਵੇਚਾਰਾ ਕਿਆ ਕਹੈ॥
ਸਭੁ ਲੋਕੁ ਸਲਾਹੇ ਏਕਸੈ॥
ਸਿਰੁ ਨਾਨਕ ਲੋਕਾ ਪਾਵ ਹੈ॥
ਬਲਿਹਾਰੀ ਜਾਉ ਤੇਰੇ ਨਾਵ ਹੈ॥
ਆਖ਼ਿਰ ਵਿਚ, ਦੇਸ਼ ਦੇ ਮਕਬੂਲ ਸ਼ਾਇਰ 'ਨਜ਼ੀਰ ਅਕਬਰਬਾਦੀ' ਦੀ ਗੁਰੂ ਨਾਨਕ ਪਾਤਸ਼ਾਹ ਉਪਰ ਲਿਖੀ ਇਕ ਖ਼ੂਬਸੂਰਤ ਨਜ਼ਮ ਦੀਆਂ ਕੁਝ ਸਤਰਾਂ ਦਰਜ ਕਰ ਕੇ ਲੇਖ ਦੀ ਸਮਾਪਤੀ ਕਰਨਾ ਚਾਹੁੰਦਾ ਹਾਂ। ਇਹਨਾਂ ਸਤਰਾਂ ਵਿਚ ਸ਼ਾਇਰ ਨੇ ਗੁਰੂ ਨਾਨਕ ਸਾਹਿਬ ਦੀ ਅਦੁੱਤੀ ਸ਼ਖ਼ਸੀਅਤ ਨਿਵੇਕਲੇ ਅੰਦਾਜ਼ ਵਿਚ ਬਿਆਨ ਹੈ :
ਹੈਂ ਕਹਿਤੇ ਨਾਨਕ ਸ਼ਾਹ ਜਿਨਹੇ,
ਵਹ ਪੂਰੇ ਹੈਂ ਅਗਾਹ ਗੁਰੂ।
ਵਹ ਕਾਮਿਲ, ਰਹਬਰ, ਜਗ ਮੇਂ ਹੈਂ,
ਯੂੰ ਰੌਸ਼ਨ ਜੈਸੇ ਮਾਹ, ਗੁਰੂ।
ਮਕਸੂਦ ਮੁਰਾਦ, ਉਮੀਦ ਸਭੀ,
ਬਰ ਲਾਤੇ ਹੈਂ ਦਿਲਖਵਾਹ ਗੁਰੂ।
ਨਿਤ ਲੁਤਫ਼ ਕਰਮ ਸੇ ਕਰਤੇ ਹੈਂ,
ਹਮ ਲੋਗੋਂ ਕਾ ਨਿਰਬਾਹ ਗੁਰੂ।
ਇਸ ਬਖ਼ਸ਼ਿਸ਼ ਇਸ ਅਜ਼ਮਤ ਕੇ ਹੈ,
ਬਾਬਾ ਨਾਨਕ ਸ਼ਾਹ ਗੁਰੂ।
ਸਭ ਸੀਸ ਨਵਾ ਅਰਦਾਸ ਕਰੋ,
ਔਰ ਹਰ ਦਮ ਬੋਲੋ ਵਾਹ ਗੁਰੂ।
ਸਤਿਗੁਰ ਨਾਨਕ ਪ੍ਰਗਟਿਆ
ਅਜੀਤ ਡੈਸਕ
19-11-2021