ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-03-2022

<h4> ਸਰਬੰਸਦਾਨੀ ਦੇ ਲਾਡਲੇ 52 ਕਵੀਆਂ ਦੀ ਪਾਵਨ ਧਰਤੀ </h4> ਪਾਉਂਟਾ ਸਾਹਿਬ ਦਾ ਹੋਲਾ ਮਹੱਲਾ

Ad Position 21
No active advertisement
ਅਜੀਤ ਡੈਸਕ 18-03-2022

ਸਰਬੰਸਦਾਨੀ ਨੀਲੇ ਦੇ ਸ਼ਾਹ-ਸਵਾਰ, ਸੰਤ-ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ-ਨਰੋਏ ਸਮਾਜ ਦੀ ਸਿਰਜਣਾ ਲਈ ਇਕ ਨਿਵੇਕਲੀ ਵਿਚਾਰਧਾਰਾ ਦਿੱਤੀ। ਮਨੁੱਖੀ ਸਮਾਜ ਦੇ ਦੋਵੇਂ ਅੰਗਾਂ ਇਸਤਰੀ ਤੇ ਪੁਰਸ਼ ਲਈ ਗ੍ਰਹਿਸਥੀ ਹੋਣਾ, ਪਰਉਪਕਾਰੀ ਹੋਣਾ ਅਤੇ ਹਰ ਵਕਤ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣੇ ਗੁਰਸਿੱਖਾਂ ਨੂੰ ਆਪਾ ਸਮਰਪਿਤ ਕਰਨ ਲਈ ਪਾਬੰਦ ਕੀਤਾ। ਕਲਗੀਧਰ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਪਾਉਂਟਾ ਸਾਹਿਬ 'ਚ ਨਿਵਾਸ ਸਮੇਂ ਹੋਲੇ ਮਹੱਲੇ ਦੇ ਮੌਕੇ 'ਤੇ ਆਪਣੇ ਸਿੰਘਾਂ ਨੂੰ ਨਕਲੀ ਟਾਕਰੇ ਦਾ ਸਾਂਗ ਰਚ ਕੇ ਖ਼ਾਲਸਾ ਫੌਜ ਨੂੰ ਰਣ ਤੱਤੇ ਅੰਦਰ ਹੁੰਦੀ ਅਸਲੀ ਦਾਅ-ਪੇਚਾਂ, ਚਾਲਾਂ, ਹਰਕਤਾਂ ਨੂੰ ਬਿਆਨ ਗੋਚਰੇ ਕਰਕੇ ਅਭਿਆਸ ਕਰਦੇ। ਹਰ ਜਥੇ ਨੂੰ ਵੱਖ-ਵੱਖ ਵਰਦੀਆਂ ਪਹਿਨਾਈਆਂ ਜਾਂਦੀਆਂ। ਅਜਿਹੇ ਹਮਲੇ ਸਮੇਂ ਘੋੜਿਆਂ ਤੇ ਹਾਥੀਆਂ ਦੀ ਵਰਤੋਂ ਵੀ ਕੀਤੀ ਜਾਂਦੀ। ਪਾਤਸ਼ਾਹ ਆਪ ਵੀ ਲੜਾਈ ਵਿਚ ਹਿੱਸਾ ਲੈਂਦੇ। ਯੁੱਧ ਵਿਚ ਨਗਾਰੇ ਵੱਜਦੇ, ਹਥਿਆਰਾਂ ਦੇ ਟਕਰਾਅ ਹੁੰਦੇ, ਜੈਕਾਰੇ ਗੂੰਜਦੇ, ਸਤਿਗੁਰੂ ਆਪ ਯੋਧਿਆਂ ਨੂੰ ਹੱਲਾਸ਼ੇਰੀ ਦਿੰਦੇ। ਅੰਤ ਵਿਚ ਫ਼ਤਹਿ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ। ਸਰਬੰਸਦਾਨੀ ਪਿਤਾ ਨੇ ਮਨੁੱਖ ਮਾਤਰ ਨੂੰ ਪਸ਼ੂ ਬਿਰਤੀ ਤੋਂ ਆਜ਼ਾਦ ਕਰਵਾਇਆ। ਹੋਲੀ ਨੂੰ ਹੋਲੇ ਮਹੱਲੇ ਦਾ ਰੂਪ ਦੇ ਕੇ ਮਨੁੱਖਤਾ ਨੂੰ ਮਰਦਾਨਗੀ ਤੇ ਆਤਮਿਕ ਸ਼ੁੱਧਤਾ ਦੇ ਮੰਡਲਾਂ ਦਾ ਵਾਸੀ ਬਣਾਇਆ। ਖ਼ਾਲਸਾ ਪੰਥ ਦੀ ਸਾਜਨਾ ਦੇ ਸੰਕਲਪ ਨੂੰ ਆਪਣੇ ਜ਼ਿਹਨ ਵਿਚ ਲੈ ਕੇ ਸਮੇਂ ਦੀ ਵੰਗਾਰ ਅਨੁਸਾਰ ਸਾਹਿਤ ਸਿਰਜਣਾ ਤੇ ਕਲਾਤਮਿਕ ਰੁਚੀਆਂ ਦੀ ਪੂਰਤੀ ਲਈ ਦਸਮ ਪਿਤਾ ਨੇ ਆਪਣੇ ਜੀਵਨ ਦੀ ਭਰ ਜਵਾਨੀ 'ਚ ਸਾਢੇ ਚਾਰ ਵਰ੍ਹੇ ਨਾਹਨ ਰਿਆਸਤ ਵਿਚ ਜਮਨਾ ਦੇ ਕਿਨਾਰੇ ਪਾਉਂਟਾ ਸਾਹਿਬ ਵਿਖੇ ਬਿਤਾਏ। ਗੁਰੂ ਸਾਹਿਬ ਨੇ ਇਸ ਪਾਵਨ ਧਰਤੀ 'ਤੇ ਆਪਣੇ ਲਾਡਲੇ 152 ਕਵੀਆਂ ਤੇ ਸਾਹਿਤ ਰਸੀਆਂ ਨੂੰ ਨਾਲ ਲੈ ਕੇ ਅਦਬੀ ਮਹਿਫ਼ਲਾਂ ਨੂੰ ਸ਼ਿੰਗਾਰਿਆ। ਇਸੇ ਅਸਥਾਨ 'ਤੇ ਚੰਦਨ ਕਵੀ ਦੀ ਕਵਿਤਾ ਤੋਂ ਪ੍ਰਸੰਨ ਹੋ ਕੇ ਉਸ ਨੂੰ 65000 ਮੋਹਰਾਂ ਦੇ ਕੇ ਸਨਮਾਨਿਤ ਕੀਤਾ। ਜਮਨਾ ਦੇ ਕਲ-ਕਲ ਵਹਿੰਦੇ ਪਾਣੀ ਨਾਲ ਕਲੋਲਾਂ ਕਰਦਿਆਂ ਕੁਦਰਤ ਦੀ ਸੁਹਾਵਣੀ ਗੋਦ ਵਿਚ ਬਿਰਾਜ ਕੇ ਦਸਮ ਗ੍ਰੰਥ ਦੀਆਂ ਅਨੇਕਾਂ ਬਾਣੀਆਂ ਦੀ ਰਚਨਾ ਕੀਤੀ। ਦੇਸ਼ ਦੇ ਕੋਨੇ-ਕੋਨੇ ਤੋਂ ਸਾਹਿਤਕਾਰ ਵਿਸ਼ੇਸ਼ ਕਰਕੇ ਕਵੀ ਆਪਣੀਆਂ ਆਤਮਿਕ ਰਸ ਭਰਪੂਰ ਪ੍ਰੇਮਰਸ, ਬੀਰਰਸ, ਹਾਸਰਸ ਦੀਆਂ ਕਵਿਤਾਵਾਂ ਗੁਰੂ ਸਾਹਿਬ ਨੂੰ ਸਰਵਣ ਕਰਵਾਉਣ ਲਈ ਪਾਉਂਟਾ ਸਾਹਿਬ ਪੁੱਜਦੇ ਸਨ। ਇਥੇ ਹੀ ਪੀਰ ਬੁੱਧੂ ਸ਼ਾਹ ਵੀ ਸਢੌਰੇ ਤੋਂ ਆਪਣੇ ਪੁੱਤਰਾਂ ਤੇ ਮੁਰੀਦਾਂ ਸਮੇਤ ਸਰਬੰਸਦਾਨੀ ਪਿਤਾ ਦੇ ਦਰਸ਼ਨਾਂ ਹਿਤ ਇਥੇ ਪੁੱਜਾ। ਉਨ੍ਹਾਂ ਭੰਗਾਣੀ ਦੇ ਯੁੱਧ ਵਿਚ ਆਪਣੇ ਪੁੱਤਰਾਂ ਤੇ ਮੁਰੀਦਾਂ ਸਮੇਤ ਯੁੱਧ ਕਲਾ ਦੇ ਜੌਹਰ ਵਿਖਾਏ। ਯੁੱਧ ਤੋਂ ਪਿੱਛੋਂ ਆਪਣੇ ਪੁੱਤਰਾਂ ਤੇ ਮੁਰੀਦਾਂ ਦੀ ਸ਼ਹਾਦਤ ਹੋਣ 'ਤੇ ਪੀਰ ਜੀ ਨੇ ਗੁਰੂ ਪਾਤਸ਼ਾਹ ਜੀ ਤੋਂ ਛੋਟੀ ਦਸਤਾਰ ਤੇ ਕੇਸਾਂ ਸਮੇਤ ਕੰਘਾ ਪ੍ਰਾਪਤ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਸ੍ਰੀ ਅਨੰਦਪੁਰ ਸਾਹਿਬ ਵਾਂਗ ਸ੍ਰੀ ਪਾਉਂਟਾ ਸਾਹਿਬ ਦੀ ਹੋਲੇ ਮਹੱਲੇ ਦੀ ਰੌਣਕ ਦੇਖਣ ਯੋਗ ਹੁੰਦੀ ਹੈ। ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਹਿਮਾਚਲ, ਹਰਿਆਣਾ, ਪੰਜਾਬ, ਦਿੱਲੀ, ਉਤਰਾਂਚਲ ਖਾਸ ਕਰਕੇ ਦੂਨ ਅਤੇ ਤਰਾਈ ਦੇ ਇਲਾਕੇ ਦੀਆਂ ਸੰਗਤਾਂ ਲਈ ਵਿਸ਼ੇਸ਼ ਖਿੱਚ ਰੱਖਦੀ ਹੈ। ਲੱਖਾਂ ਸਿੱਖ ਸੰਗਤਾਂ ਹੋਲੇ-ਮਹੱਲੇ ਦੇ ਪਾਵਨ ਅਵਸਰ 'ਤੇ ਇਸ ਪਾਵਨ ਧਰਤੀ ਨੂੰ ਪ੍ਰਣਾਮ ਕਰਨ ਪੁੱਜਦੀਆਂ ਹਨ। ਇਹ ਮੇਲਾ ਪਹਾੜੀ ਤੇ ਪੰਜਾਬੀ ਸੱਭਿਆਚਾਰ ਦਾ ਸੁਮੇਲ ਬਣ ਜਾਂਦਾ ਹੈ, ਜੋ ਲਗਾਤਾਰ ਤਿੰਨ ਦਿਨ ਚਲਦਾ ਹੈ, ਦੀਵਾਨ ਸਜਦੇ ਹਨ। ਇਨ੍ਹਾਂ ਦੀਵਾਨਾਂ ਵਿਚ ਕਵੀ ਦਰਬਾਰ, ਕੀਰਤਨ ਦਰਬਾਰ ਤੇ ਢਾਡੀਆਂ, ਪ੍ਰਚਾਰਕਾਂ ਨੂੰ ਸੁਣਨ ਲਈ ਲੱਖਾਂ ਸੰਗਤਾਂ ਪੁੱਜਦੀਆਂ ਹਨ।

-ਮੋਬਾ: 98143-24040 bhagwansinghjohal@gmail.com

Ad Position 22
No active advertisement
ਪਿਛਲੀ ਖ਼ਬਰ ਬੀਰਤਾ ਅਤੇ ਸਵੈ ਭਰੋਸੇ ਦਾ ਪ੍ਰਤੀਕ ਹੋਲਾ ਮਹੱਲਾ ਅਗਲੀ ਖ਼ਬਰ ਸਿੱਖ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ
Ad Position 24
No active advertisement