ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-03-2022

ਸਿੱਖ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ

Ad Position 21
No active advertisement
ਅਜੀਤ ਡੈਸਕ 18-03-2022

ਹੋਲਾ ਮਹੱਲਾ ਸਿੱਖਾਂ ਦਾ ਇਕ ਅਹਿਮ ਦਿਹਾੜਾ ਹੈ ਜੋ ਕਿ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਸਿੱਖ ਹੋਲੀ ਦੇ ਪਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ ਕਿਉਂਕਿ ਲੋਕਾਂ ਨੇ ਇਕ-ਦੂਜੇ 'ਤੇ ਰੰਗ, ਗੰਦ-ਮੰਦ ਸੁੱਟਣ, ਖਰੂਦ ਮਚਾਉਣ, ਸ਼ਰਾਬ ਪੀਣ, ਮੰਦਾ ਬੋਲਣ ਆਦਿ ਘਟੀਆ ਹਰਕਤਾਂ ਨੂੰ ਹੋਲੀ ਦਾ ਅੰਗ ਸਮਝ ਛੱਡਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਨਵੇਂ ਤਰੀਕੇ ਨਾਲ ਮਨਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਅਣਖ ਨੂੰ ਜਗਾ ਕੇ, ਉਨ੍ਹਾਂ ਦੇ ਮਨਾਂ ਅੰਦਰ ਚੜ੍ਹਦੀ ਕਲਾ ਦਾ ਅਹਿਸਾਸ ਪੈਦਾ ਕਰਨ ਲਈ ਹੋਲੀ ਨੂੰ 'ਹੋਲੇ ਮਹੱਲੇ' ਦੇ ਰੂਪ ਵਿਚ ਮਨਾਉਣ ਦੀ ਰੀਤ ਚਲਾਈ। ਚੇਤ ਵਦੀ ਏਕਮ, ਸੰਮਤ 1757 (1700 ਈ:) ਨੂੰ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿਖੇ 'ਹੋਲਗੜ੍ਹ' ਦੇ ਸਥਾਨ 'ਤੇ ਪਹਿਲੀ ਵਾਰ 'ਹੋਲਾ ਮਹੱਲਾ' ਮਨਾਇਆ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਦਸਮੇਸ਼ ਪਿਤਾ ਨੇ 'ਹੋਲੇ ਮਹੱਲੇ' ਨੂੰ ਸੁਤੰਤਰ ਸਿੱਖ ਸੋਚ ਅਨੁਸਾਰ ਮਨਾਉਣ ਦਾ ਆਰੰਭ ਖ਼ਾਲਸਾ ਪੰਥ ਦੀ ਸਿਰਜਣਾ ਤੋਂ ਤੁਰੰਤ ਬਾਅਦ ਕੀਤਾ ਤਾਂ ਕਿ ਖੁਦ-ਮੁਖਤਿਆਰ ਖ਼ਾਲਸਾ, ਆਪਣੀ ਵਿਲੱਖਣ ਹੋਂਦ-ਹਸਤੀ ਅਨੁਸਾਰ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਦਿਨ-ਦਿਹਾਰ ਵਿਲੱਖਣ ਤੇ ਨਿਰਾਲੇ ਰੂਪ ਵਿਚ ਮਨਾ, ਆਪਣੀ ਸੁਤੰਤਰ ਹੋਂਦ ਤੇ ਨਿਆਰੇਪਨ ਦਾ ਪ੍ਰਗਟਾਵਾ ਕਰ ਸਕੇ। ਗੁਰਦੇਵ ਦਾ ਆਸ਼ਾ ਪੰਜਾਬੀਆਂ ਦੇ ਮਨਾਂ ਵਿਚੋਂ ਗ਼ੁਲਾਮੀ ਦੇ ਅੰਸ਼ ਨੂੰ ਮੂਲੋਂ ਹੀ ਖ਼ਤਮ ਕਰਨਾ ਸੀ ਤਾਂ ਕਿ ਉਹ ਸੋਚ-ਵਿਚਾਰ ਤੇ ਵਿਵਹਾਰ ਵਿਚ ਸੁਤੰਤਰ ਹੋ ਵਿਚਰ ਸਕਣ।
'ਹੋਲਾ' ਸ਼ਬਦ 'ਹੋਲੀ' ਦਾ ਧੜੱਲੇਦਾਰ ਬਦਲਵਾਂ ਰੂਪ ਹੈ ਜੋ ਡਿੱਗਿਆਂ-ਢੱਠਿਆਂ ਦੇ ਹਿਰਦੇ ਅੰਦਰ ਉਤਸ਼ਾਹ ਤੇ ਹੁਲਾਸ ਪੈਦਾ ਕਰਦਾ ਹੈ। ਸਿੱਖਾਂ ਨੇ ਉਸ ਸਮੇਂ ਨੇ ਲੋਕਾਂ ਦੇ ਮਨਾਂ 'ਚ ਚੜ੍ਹਦੀ ਕਲਾ ਤੇ ਸੂਰਬੀਰਤਾ ਦਾ ਜਜ਼ਬਾ ਭਰਨ ਲਈ ਅਨੇਕਾਂ ਅਜਿਹੇ 'ਬੋਲੇ' ਪ੍ਰਚਲਿਤ ਕੀਤੇ ਹਨ, ਜਿਨ੍ਹਾਂ ਨੂੰ 'ਖ਼ਾਲਸਾਈ ਬੋਲੇ' ਕਿਹਾ ਜਾਂਦਾ ਹੈ, ਜਿਸ ਤਰ੍ਹਾਂ 'ਇਕ' ਨੂੰ 'ਸਵਾ ਲੱਖ' ਕਹਿਣਾ, 'ਮੌਤ' ਨੂੰ 'ਚੜ੍ਹਾਈ ਕਰਨਾ', 'ਤੇਗ' ਨੂੰ 'ਤੇਗਾ', 'ਦੇਗ' ਨੂੰ 'ਦੇਗਾ', 'ਦਸਤਾਰ' ਨੂੰ 'ਦਸਤਾਰਾ', 'ਮੁੱਛਾਂ' ਨੂੰ 'ਮੁਛਹਿਰਾ', 'ਦਾੜ੍ਹੀ' ਨੂੰ 'ਦਾੜ੍ਹਾ' ਆਦਿ । ਇਸੇ ਤਰ੍ਹਾਂ ਹੋਲੀ ਨੂੰ 'ਹੋਲਾ' ਕਹਿਣਾ ਸਿੱਖਾਂ ਦੀ ਵਿਲੱਖਣਤਾ ਅਤੇ ਚੜ੍ਹਦੀ ਕਲਾ ਦੀ ਭਾਵਨਾ ਨੂੰ ਪ੍ਰਗਟਾਉਂਦਾ ਹੈ।
ਭਾਰਤੀ ਲੋਕ ਉਸ ਸਮੇਂ ਘਰ-ਪਰਿਵਾਰ ਵਿਚ ਹੀ ਰੰਗ, ਗੰਦ-ਮੰਦ ਆਪਣਿਆਂ 'ਤੇ ਸੁੱਟ ਕੇ ਮਨ-ਪ੍ਰਚਾਵਾ ਕਰਦੇ ਸਨ। ਰਵਾਇਤੀ ਹੋਲੀ ਤੇ ਲੱਠਮਾਰ ਹੋਲੀ ਨਾਲ ਭਾਰਤੀ ਦੇਵੀਆਂ ਦੀ ਇੱਜ਼ਤ ਗ਼ਜ਼ਨੀ ਦੇ ਬਾਜ਼ਾਰਾਂ 'ਚੋਂ ਨਿਲਾਮ ਹੋਣ ਤੋਂ ਬਚ ਨਾ ਸਕੀ।
'ਪੰਜਾਬੀ ਲੋਕਧਾਰਾ ਵਿਸ਼ਵਕੋਸ਼' ਮੁਤਾਬਿਕ ਮਹੱਲਾ ਅਰਬੀ ਦੇ ਸ਼ਬਦ 'ਮਹੱਲਹੋ' ਦਾ ਤਦਭਵ ਹੈ, ਜਿਸ ਦਾ ਭਾਵ ਉਸ ਸਥਾਨ ਤੋਂ ਹੈ, ਜਿੱਥੇ 'ਫ਼ਤਹਿ' ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। 'ਹੋਲੇ ਮਹੱਲੇ' ਵਾਲੇ ਦਿਨ ਖ਼ਾਲਸੇ ਨੂੰ ਦੋ ਦਲਾਂ ਵਿਚ ਵੰਡ ਕੇ, ਦਸਮ ਪਾਤਸ਼ਾਹ ਮਸਨੂਈ (ਨਕਲੀ) ਯੁੱਧ ਕਰਵਾਇਆ ਕਰਦੇ ਸਨ। ਇਕ ਦਲ ਨਿਸਚਿਤ ਸਥਾਨ 'ਤੇ ਕਾਬਜ਼ ਹੋ ਜਾਂਦਾ, ਦੂਜਾ ਉਸ 'ਤੇ ਹਮਲਾ ਕਰ ਕੇ ਕਿਲ੍ਹਾ ਖੋਹਣ ਦਾ ਯਤਨ ਕਰਦਾ। ਇਸ ਤਰ੍ਹਾਂ ਨਕਲੀ ਯੁੱਧ ਦੁਆਰਾ ਯੁੱਧ-ਜੁਗਤੀ ਅਤੇ ਪੈਂਤੜੇਬਾਜ਼ੀ ਦਾ ਅਭਿਆਸ ਹੁੰਦਾ। ਯੁੱਧ ਦੇ ਨਗਾਰੇ ਵੱਜਦੇ, ਹਥਿਆਰਾਂ ਦਾ ਟਕਰਾਓ ਹੁੰਦਾ, ਜੈਕਾਰੇ ਗੂੰਜਦੇ ਅਤੇ 'ਫ਼ਤਹਿ' ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ। ਜਿਹੜਾ ਦਲ ਜਿੱਤ ਪ੍ਰਾਪਤ ਕਰਦਾ ਉਸ ਨੂੰ ਗੁਰਦੇਵ ਪਿਤਾ, ਗੁਰੂ- ਦਰਬਾਰ ਵਲੋਂ ਸਿਰੋਪਾਓ ਦੀ ਬਖ਼ਸ਼ਿਸ਼ ਕਰਦੇ। ਫਿਰ ਉਥੇ ਹੀ ਦਰਬਾਰ ਸਜਦਾ ਅਤੇ ਸ਼ਸਤਰਧਾਰੀ ਸਿੰਘ ਆਪੋ-ਆਪਣੇ ਕਰਤੱਬ ਵਿਖਾਉਂਦੇ। ਪਹਿਲਾਂ 'ਮਹੱਲਾ' ਸ਼ਬਦ ਇਸੇ ਭਾਵ ਵਿਚ ਵਰਤਿਆ ਜਾਂਦਾ ਰਿਹਾ ਪਰ ਹੌਲੀ-ਹੌਲੀ ਇਹ ਸ਼ਬਦ ਉਸ ਜਲੂਸ ਲਈ ਪ੍ਰਚਲਿਤ ਹੋ ਗਿਆ ਜੋ 'ਫ਼ਤਹਿ' ਉਪਰੰਤ ਫ਼ੌਜੀ ਸਜ-ਧਜ ਅਤੇ ਨਗਾਰਿਆਂ 'ਤੇ ਚੋਟ ਨਾਲ ਨਿਕਲਦਾ। 'ਹੋਲੇ ਮਹੱਲੇ' ਦੇ ਜਲੂਸ ਦੀ ਪ੍ਰਥਾ ਹੁਣ ਤੱਕ ਜਾਰੀ ਹੈ। ਇਸ ਤਰ੍ਹਾਂ ਪਤਾ ਲਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗ਼ੁਲਾਮੀ ਅਤੇ ਹਕੂਮਤੀ ਜਬਰ ਵਿਰੁੱਧ ਲੋਕ-ਮਨਾਂ ਅੰਦਰ ਨਵਾਂ ਉਤਸ਼ਾਹ ਅਤੇ ਕੁਰਬਾਨੀ ਦਾ ਜਜ਼ਬਾ ਭਰਨ ਲਈ 'ਹੋਲੀ' ਨੂੰ 'ਹੋਲੇ' ਦਾ ਰੂਪ ਦਿੱਤਾ।
ਅਜੋਕੇ ਸਮੇਂ 'ਹੋਲੇ ਮਹੱਲੇ' ਦੀ ਮੂਲ ਭਾਵਨਾ ਨੂੰ ਉਜਾਗਰ ਕਰਨ ਦੀ ਬਹੁਤ ਲੋੜ ਹੈ। ਸਮਾਜ ਵਿਚ ਪ੍ਰਚੱਲਿਤ ਹੋ ਚੁੱਕੀਆਂ ਅਨੇਕ ਤਰ੍ਹਾਂ ਦੀਆਂ ਨਸ਼ਿਆਂ, ਭਰੂਣ ਹੱਤਿਆ, ਦਹੇਜ, ਵਾਤਾਵਰਨ ਪ੍ਰਦੂਸ਼ਣ ਆਦਿ ਬੁਰਾਈਆਂ ਅਤੇ ਕੁਰੀਤੀਆਂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਲੋਕ-ਮਨਾਂ ਅੰਦਰ ਚੇਤਨਾ ਪੈਦਾ ਕਰਨੀ ਚਾਹੀਦੀ ਹੈ। ਲੋਕਾਂ ਦੀਆਂ ਭਾਵਨਾਵਾਂ ਨੂੰ ਸੌੜੇ, ਸਵਾਰਥੀ ਹਿਤਾਂ ਦੀ ਪੂਰਤੀ ਲਈ ਵਰਤਣ ਦੀ ਬਜਾਏ, ਉਨ੍ਹਾਂ ਨੂੰ ਹੱਕ, ਸੱਚ ਤੇ ਇਨਸਾਫ਼ ਦੀ ਸਥਾਪਤੀ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਤਾਂ ਕਿ ਵਰਤਮਾਨ ਸਮੇਂ ਵੀ ਹੋਲਾ ਮਹੱਲਾ ਸਿੱਖ ਚੜ੍ਹਦੀ ਕਲਾ ਦਾ ਨਜ਼ਾਰਾ ਪੇਸ਼ ਕਰ ਸਕੇ, ਜਿਸ ਤੋਂ ਪ੍ਰੇਰਨਾ ਤੇ ਉਤਸ਼ਾਹ ਪ੍ਰਾਪਤ ਕਰ, ਨਸ਼ਿਆਂ ਦੀ ਗੁਲਾਮ ਹੋ ਰਹੀ ਪੰਜਾਬੀ ਨੌਜਵਾਨੀ ਨੂੰ ਠੱਲ੍ਹ ਪਵੇ। ਮਾਨਸਿਕ ਅਤੇ ਸਰੀਰਕ ਸਿਹਤ ਹੀ ਕੌਮ ਦੀ ਚੜ੍ਹਦੀ ਕਲਾ ਨੂੰ ਪ੍ਰਗਟ ਕਰਦੀ ਹੈ, ਜਿਸ ਵੱਲ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

-ਸੰਪਰਕ : 001-365-739-7979

Ad Position 22
No active advertisement
ਪਿਛਲੀ ਖ਼ਬਰ <h4> ਸਰਬੰਸਦਾਨੀ ਦੇ ਲਾਡਲੇ 52 ਕਵੀਆਂ ਦੀ ਪਾਵਨ ਧਰਤੀ </h4> ਪਾਉਂਟਾ ਸਾਹਿਬ ਦਾ ਹੋਲਾ ਮਹੱਲਾ ਅਗਲੀ ਖ਼ਬਰ kanya
Ad Position 24
No active advertisement