ਪੰਜਾਬ ਅਜਿਹਾ ਵਡਭਾਗਾ ਖਿੱਤਾ ਹੈ ਜਿਥੇ ਸਾਰੀਆਂ ਦੀਆਂ ਸਾਰੀਆਂ ਰੁੱਤਾਂ ਦਾ ਆਗਮਨ ਹੁੰਦਾ ਹੈ। ਧਰਤੀ ਵੀ ਪੱਧਰੀ, ਵਾਹੀਯੋਗ ਅਤੇ ਸੇਂਜੂ ਹੈ। ਰੁੱਤਾਂ ਅਨੁਸਾਰ ਤੇ ਫ਼ਸਲੀ ਚੱਕਰ ਨੂੰ ਮੁੱਖ ਰੱਖਦਿਆਂ ਹੋਇਆਂ ਹਰੇਕ ਮੌਸਮ ਵਿਚ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਜਿਵੇਂ ਦੀਵਾਲੀ ਬਰਸਾਤ ਪਿਛੋਂ ਘਰਾਂ ਦੀ ਸਾਫ਼-ਸਫ਼ਾਈ, ਸਾਉਣੀ ਦੀ ਫ਼ਸਲ ਘਰ ਆਉਣ ਦੀ ਖ਼ੁਸ਼ੀ ਅਤੇ ਆਉਣ ਵਾਲੀ ਸਰਦੀ ਦਾ ਸਵਾਗਤ ਕਰਨ ਲਈ ਮਨਾਈ ਜਾਂਦੀ ਹੈ। ਇਵੇਂ ਹੀ ਵਿਸਾਖੀ ਸਰਦੀ ਦੇ ਅੰਤ, ਗਰਮੀ ਦੀ ਆਮਦ ਅਤੇ ਹਾੜ੍ਹੀ ਦੀ ਫ਼ਸਲ ਦੀ ਸਾਂਭ-ਸੰਭਾਲ ਦੀ ਤਿਆਰੀ ਦਾ ਤਿਉਹਾਰ ਹੈ। ਇਸੇ ਤਰ੍ਹਾਂ ਹੋਲੀ ਸਰਦੀ ਦੇ ਖਾਤਮੇ ਹਰ ਪਾਸੇ ਖਿੜੀ ਬਹਾਰ ਦੇ ਨਜ਼ਾਰੇ ਦਾ ਤਿਉਹਾਰ ਹੈ। ਇਨ੍ਹਾਂ ਤਿਉਹਾਰਾਂ ਨੂੰ ਨਿਰਾ ਹੱਸਣ ਖੇਡਣ ਤੇ ਖਾਣ ਪੀਣ ਤੱਕ ਹੀ ਸੀਮਤ ਨਾ ਰੱਖਿਆ ਜਾਵੇ ਇਸ ਕਰਕੇ ਵਿਦਵਾਨਾਂ ਨੇ ਇਨ੍ਹਾਂ ਨਾਲ ਸਾਖੀਆਂ ਜੋੜ ਦਿੱਤੀਆਂ ਅਤੇ ਲੋਕਾਂ ਨੂੰ ਸੱਚੇ-ਸੁੱਚੇ ਜੀਵਨ ਜੀਉਣ ਦੀ ਪ੍ਰੇਰਨਾ ਦੇਣ ਲਈ ਇਨ੍ਹਾਂ ਨੂੰ ਬਦੀ ਉਤੇ ਨੇਕੀ ਦੀ ਜਿੱਤ ਦੇ ਤਿਉਹਾਰ ਬਣਾ ਦਿੱਤੇ, ਪਰ ਇਹ ਅਸਰ ਬਹੁਤੀ ਦੇਰ ਨਾ ਰਿਹਾ ਕੁਝ ਕੁ ਖਾਣ ਪੀਣ ਦੇ ਸ਼ੁਕੀਨ ਲੋਕਾਂ ਨੇ ਦੀਵਾਲੀ ਨੂੰ ਲਕਸ਼ਮੀ ਨਾਲ ਜੋੜ ਜੁਆ ਖੇਡਣ ਦੀ ਪਿਰਤ ਪਾ ਦਿੱਤੀ। ਹੋਲੀ ਵਾਲੇ ਦਿਨ ਭੰਗ ਦਾ ਨਸ਼ਾ ਕਰਕੇ ਇਕ ਦੂਜੇ ਉਤੇ ਰੰਗ ਪਾਉਣ ਅਤੇ ਇਸੇ ਦੀ ਆੜ ਹੇਠ ਮਾੜੀਆਂ ਹਰਕਤਾਂ ਕਰਨ ਦੀ ਖੁੱਲ੍ਹ ਲੈਣ ਦਾ ਯਤਨ ਕੀਤਾ। ਵਿਸਾਖੀ ਨੂੰ ਵੀ ਕਿਸਾਨਾਂ ਨੇ ਨੱਚਣ ਗਾਉਣ ਤੇ ਖਾਣ-ਪੀਣ ਤੱਕ ਸੀਮਤ ਕਰ ਦਿੱਤਾ। ਸ਼ਾਹੂਕਾਰਾਂ ਨੇ ਨਵੇਂ ਵਹੀ ਖਾਤੇ ਖੋਲ੍ਹੇ ਤਾਂ ਜੋ ਕਿਸਾਨ ਦੀ ਫ਼ਸਲ ਆਉਣ 'ਤੇ ਆਪਣੀ ਵਸੂਲੀ ਕੀਤੀ ਜਾ ਸਕੇ।
ਸਮਾਜ ਵਿਚ ਕੰਮਕਾਜ ਆਧਾਰਿਤ ਪਈਆਂ ਵੰਡੀਆਂ ਨੂੰ ਮਜ਼ਬੂਤ ਕਰਕੇ ਵੱਖੋ ਵੱਖਰੀਆਂ ਜਾਤਾਂ ਬਣਾ ਦਿੱਤੀਆਂ ਗਈਆਂ। ਸਾਰੇ ਸਮਾਜ ਨੂੰ ਚਾਰ ਵਰਗਾਂ ਵਿਚ ਵੰਡਿਆ ਗਿਆ। ਬ੍ਰਾਹਮਣ ਅਤੇ ਖੱਤਰੀਆਂ ਨੇ ਆਪਣੇ-ਆਪ ਨੂੰ ਉੱਚ ਜਾਤੀ ਦੇ ਆਖਿਆ ਜਦੋਂ ਕਿ ਵੈਸ਼ ਅਤੇ ਸ਼ੂਦਰਾਂ ਨੂੰ ਨੀਵੀਂ ਜਾਤੀ ਦੇ ਕਰਾਰ ਦਿੱਤਾ ਗਿਆ। ਸ਼ੂਦਰ ਜਿਨ੍ਹਾਂ ਦੀ ਸਮਾਜ ਵਿਚ ਬਹੁਗਿਣਤੀ ਸੀ ਉਨ੍ਹਾਂ ਨੂੰ ਅਛੂਤ ਆਖਿਆ ਗਿਆ ਅਤੇ ਉਨ੍ਹਾਂ ਦੇ ਪਰਛਾਵੇਂ ਤੋਂ ਵੀ ਦੂਰ ਰਹਿਣ ਦਾ ਯਤਨ ਕੀਤਾ ਗਿਆ। ਇਹ ਵਰਗ ਜਿਸ ਦੀ ਸਮਾਜ ਵਿਚ ਬਹੁਗਿਣਤੀ ਸੀ ਗਰੀਬੀ ਦੀ ਚੱਕੀ ਵਿਚ ਪਿਸਦਾ ਰਿਹਾ ਤੇ ਉੱਚ ਵਰਗਾਂ ਦੀ ਸੇਵਾ ਕਰਦਾ ਰਿਹਾ। ਇਸ ਦੇ ਨਾਲ ਹੀ ਰਾਜਸੀ ਅਤੇ ਧਾਰਮਿਕ ਜ਼ੁਲਮ ਵੀ ਆਪਣੀ ਸਿਖ਼ਰ ਉਤੇ ਪੁੱਜਿਆ।
ਸਮਾਜ ਵਿਚ ਵਾਪਰ ਰਹੇ ਇਸ ਦੁਖਾਂਤ ਨੂੰ ਦੂਰ ਕਰਨ ਲਈ ਤੇ ਸਭਨਾਂ ਨੂੰ ਬਰਾਬਰੀ ਦੀ ਬਖ਼ਸ਼ਿਸ਼ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਇਕ ਮੁਹਿੰਮ ਸ਼ੁਰੂ ਕੀਤੀ ਜਿਸ ਦੀ ਸੰਪੂਰਨਤਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਨਾਲ ਕੀਤੀ। ਉਨ੍ਹਾਂ ਨੇ ਜਾਤਪਾਤ, ਅਮੀਰੀ ਗ਼ਰੀਬੀ ਤੇ ਧਰਮਾਂ ਦੇ ਨਾਂਅ ਉਤੇ ਪਾਈਆਂ ਵੰਡੀਆਂ ਨੂੰ ਮੇਟ ਸਭਨਾਂ ਨੂੰ ਸਿੰਘ ਬਣਾ ਦਿੱਤਾ। ਸਦੀਆਂ ਤੋਂ ਦੱਬੀ ਕੁਚਲੀ ਲੋਕਾਈ ਜਿਹੜੀ ਆਪਣੇ-ਆਪ ਨੂੰ ਨਿਮਾਣੀ, ਨਿਤਾਣੀ ਤੇ ਕਮਜ਼ੋਰ ਸਮਝਦੀ ਸੀ ਉਨ੍ਹਾਂ ਨੂੰ ਬਰਾਬਰੀ ਦਾ ਅਹਿਸਾਸ ਕਰਵਾਇਆ। ਉਨ੍ਹਾਂ ਅੰਦਰੋਂ ਮੌਤ ਦੇ ਭੈਅ ਨੂੰ ਦੂਰ ਕਰਕੇ ਜ਼ੁਲਮ ਦਾ ਮੁਕਾਬਲਾ ਕਰਨ ਦੀ ਦਲੇਰੀ ਭਰੀ। ਗੁਰੂ ਸਾਹਿਬ ਨੇ ਇਨ੍ਹਾਂ ਰਵਾਇਤੀ ਤਿਉਹਾਰਾਂ ਦੀ ਵਰਤੋਂ ਆਪਣੇ ਮਿਸ਼ਨ ਦੀ ਪੂਰਤੀ ਲਈ ਕੀਤੀ। ਹੋਲੀ ਜਿਹੜੀ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਸੀ, ਉਸ ਨੂੰ ਸੱਚਮੁੱਚ ਬਦੀ ਵਿਰੁੱਧ ਲੜਾਈ ਲਈ ਲੋਕਾਂ ਨੂੰ ਤਿਆਰ ਕਰਨ ਲਈ ਹੋਲੇ ਦਾ ਰੂਪ ਦੇ ਦਿੱਤਾ। ਗੁਰੂ ਜੀ ਨੇ ਸ਼ੂਦਰ ਸਮਝੇ ਜਾਂਦੇ ਨਿਮਾਣੇ ਲੋਕਾਂ ਨੂੰ ਨਸ਼ਿਆਂ ਦੇ ਚੁੰਗਲ ਵਿਚੋਂ ਕੱਢ ਕੇ ਸਵੈ-ਭਰੋਸੇ ਦੀ ਪਾਹੁਲ ਪਿਲਾ ਹਥਿਆਰ ਚੁੱਕਣ ਲਈ ਪ੍ਰੇਰਿਆ। ਹੋਲੀ ਵਾਲੇ ਦਿਨ ਰੰਗ ਵਿਲਾਸ ਕਰਨ ਦੀ ਥਾਂ ਹਥਿਆਰਾਂ ਨਾਲ ਖੇਡਣ ਦੀ ਜਾਚ ਸਿਖਾਈ। ਸ਼ੂਦਰਾਂ ਨੂੰ ਇਕ ਦਿਨ ਦੀ ਮਿਲੀ ਅਜ਼ਾਦੀ ਦਾ ਭੁਲੇਖਾ ਸੀ ਤੇ ਇਸੇ ਭੁਲੇਖੇ ਵਿਚ ਉਹ ਹੋਲੀ ਨੂੰ ਨਸ਼ਾ, ਭੰਗ ਪੀ ਕੇ ਵਿਲਾਸ, ਵਿਕਾਰ ਅਤੇ ਗੰਦ ਦੀ ਵਰਤੋਂ ਲਈ ਵਰਤਣ ਲਗ ਪਏ ਸਨ। ਗੁਰੂ ਜੀ ਨੇ ਪ੍ਰੇਰਿਆ ਕਿ ਜੇਕਰ ਤੁਸੀਂ ਸੱਚਮੁੱਚ ਅਜ਼ਾਦੀ ਅਤੇ ਬਰਾਬਰੀ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਆਪਣੇ ਅੰਦਰ ਦੀ ਤਾਕਤ ਨੂੰ ਪਹਿਚਾਣੋ, ਆਪਣੇ ਹੱਕਾਂ ਦੀ ਰਾਖੀ ਲਈ ਤਾਕਤ ਦੀ ਵਰਤੋਂ ਕਰੋ। ਇਸ ਦਾ ਨਮੂਨਾ ਲੋਕ ਭੰਗਾਣੀ ਦੇ ਯੁੱਧ ਸਮੇਂ ਵੇਖ ਚੁੱਕੇ ਸਨ।
ਗੁਰੂ ਜੀ ਨੇ ਸਮਾਜ ਦੇ ਕਮਜ਼ੋਰ ਸਮਝੇ ਜਾਂਦੇ ਵਰਗ ਨੂੰ ਹੋਲੀ ਦੀਆਂ ਰੰਗਰਲੀਆਂ ਤੋਂ ਮੋੜ ਕੇ ਹੋਲੇ-ਮਹੱਲੇ ਦੇ ਰੂਪ ਵਿਚ ਬੀਰਤਾ ਦਾ ਪ੍ਰਗਟਾਵਾ ਕਰਨ ਲਈ ਉਤਸ਼ਾਹਿਤ ਕੀਤਾ। ਪੁਰਾਣੇ ਸੰਸਕਾਰਾਂ ਨੂੰ ਉੱਕਾ ਹੀ ਖ਼ਤਮ ਕਰਨ ਅਤੇ ਗੰਦੇ ਰੰਗਾਂ ਦੀ ਵਰਤੋਂ ਨੂੰ ਪੱਕੇ ਤੌਰ 'ਤੇ ਬੰਦ ਕਰਕੇ ਸਿੱਖਾਂ ਲਈ ਹੋਲਾ ਬਹਾਦਰੀ ਅਤੇ ਸ਼ਕਤੀ ਦੇ ਪ੍ਰਦਰਸ਼ਨ ਦਾ ਤਿਉਹਾਰ ਬਣਾ ਦਿੱਤਾ। ਹੋਲੇ ਮੌਕੇ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਣ ਲੱਗੇ ਜਿਥੇ ਤੀਰ, ਤਲਵਾਰ, ਗਤਕੇ ਆਦਿ ਦੇ ਮਾਹਿਰਾਂ ਨੂੰ ਇਨਾਮ ਦਿੱਤੇ ਜਾਂਦੇ ਸਨ। ਇੰਝ ਸ਼ਸਤਰ ਵਿੱਦਿਆ ਦਾ ਇਕ ਨਵਾਂ ਦੌਰ ਸ਼ੁਰੂ ਹੋ ਗਿਆ। ਹੱਥਾਂ ਵਿਚ ਟੋਕਰੀਆਂ, ਝਾੜੂ ਅਤੇ ਹਲ ਵਾਹੁਣ ਵਾਲੇ ਲੋਕਾਂ ਨੇ ਧੌਣਾਂ ਨੂੰ ਉੱਚਾ ਚੁੱਕਿਆ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕੀਤਾ।
-ਮੋਬਾ: 94170-87328