ਵਿਸਾਖੀ ਪੰਜਾਬ ਦਾ ਪ੍ਰਮੁੱਖ ਤਿਉਹਾਰ ਹੈ। ਇਹ ਆਰਥਿਕਤਾ ਅਤੇ ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਸਾਡੇ ਦੇਸ਼ ਵਿਸ਼ੇਸ਼ ਕਰਕੇ ਪੰਜਾਬ ਦੀ ਆਰਥਿਕਤਾ ਦਾ ਮੁੱਖ ਆਧਾਰ ਖੇਤੀ ਹੈ। ਦੇਸ਼ ਦੀ ਤਿੰਨ ਚੌਥਾਈ ਵਸੋਂ ਖੇਤੀ ਉੱਤੇ ਨਿਰਭਰ ਹੈ। ਸ਼ਹਿਰੀ ਵਸੋਂ ਵੀ ਖੇਤੀ ਦੇ ਵਿਕਾਸ ਨਾਲ ਹੀ ਜੁੜੀ ਹੋਈ ਹੈ। ਜਦੋਂ ਫ਼ਸਲ ਚੰਗੀ ਹੁੰਦੀ ਹੈ, ਉਦੋਂ ਹੀ ਵਸੋਂ ਦੇ ਤਿੰਨ ਚੌਥਾਈ ਹਿੱਸੇ ਕੋਲ ਖ਼ਰੀਦ ਸ਼ਕਤੀ ਆਉਂਦੀ ਹੈ। ਇਸ ਖ਼ਰੀਦ ਸ਼ਕਤੀ ਉੱਤੇ ਹੀ ਸਨਅਤ ਅਤੇ ਵਪਾਰ ਆਧਾਰਿਤ ਹੈ। ਵਿਸਾਖੀ ਤੱਕ ਹਾੜ੍ਹੀ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਖੇਤਾਂ ਵਿਚ ਖੜ੍ਹੀ ਪੱਕੀ ਫ਼ਸਲ ਇੰਜ ਜਾਪਦੀ ਹੈ ਜਿਵੇਂ ਕੁਦਰਤ ਨੇ ਹਰ ਪਾਸੇ ਸੋਨਾ ਬਿਖੇਰ ਦਿੱਤਾ ਹੋਵੇ। ਇਸੇ ਕਰਕੇ ਨਵਾਂ ਸਾਲ ਭਾਵੇਂ ਪਹਿਲੀ ਜਨਵਰੀ ਜਾਂ ਪਹਿਲੀ ਚੇਤ ਨੂੰ ਸ਼ੁਰੂ ਹੁੰਦਾ ਹੈ ਪਰ ਆਰਥਿਕ ਵਰ੍ਹਾ ਵਿਸਾਖੀ ਵਾਲੇ ਦਿਨ ਤੋਂ ਹੀ ਸ਼ੁਰੂ ਹੁੰਦਾ ਹੈ। ਜਿਸ ਵਰ੍ਹੇ ਫ਼ਸਲ ਚੰਗੀ ਹੁੰਦੀ ਹੈ, ਉਸ ਵਰ੍ਹੇ ਹੀ ਵਿਕਾਸ ਦਰ ਵਿਚ ਵਾਧਾ ਹੁੰਦਾ ਹੈ। ਪੱਕੀ ਫ਼ਸਲ ਦੀ ਖ਼ੁਸ਼ੀ ਵਿਚ ਅਤੇ ਆਉਣ ਵਾਲੀ ਖੁਸ਼ਹਾਲੀ ਦੀ ਆਸ ਵਿਚ ਵਿਸਾਖ ਮਹੀਨੇ ਦੇ ਪਹਿਲੇ ਦਿਨ ਨੂੰ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਵੇਰ ਬੇਮੌਸਮੀ ਬਾਰਸ਼ ਨੇ ਫ਼ਸਲਾਂ ਦਾ ਨੁਕਸਾਨ ਕੀਤਾ ਹੈ। ਅਸਲ ਵਿਚ ਖੇਤੀ ਸੰਸਾਰ ਵਿਚ ਸਭ ਤੋਂ ਵੱਧ ਮਿਹਨਤ ਤੇ ਖ਼ਤਰਿਆਂ ਵਾਲਾ ਧੰਦਾ ਹੈ। ਜੇਕਰ ਕਣਕ ਦੀ ਫ਼ਸਲ ਸਿਰੇ ਚੜ੍ਹ ਜਾਵੇ ਤਾਂ ਕਿਸਾਨ ਰੱਬ ਦਾ ਧੰਨਵਾਦ ਵਿਸਾਖ ਮਹੀਨੇ ਦੇ ਪਹਿਲ ਦਿਨ ਵਿਸਾਖੀ ਦਾ ਤਿਉਹਾਰ ਮਨਾ ਕੇ ਕਰਦਾ ਹੈ।
ਵਿਸਾਖ ਦਾ ਮਹੀਨਾ ਸਾਰੇ ਪੰਜਾਬ ਵਿਚ ਵਿਸ਼ੇਸ਼ ਭੱਜ-ਦੌੜ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਸਾਰੇ ਵਰਗਾਂ ਦੇ ਲੋਕ ਆਪਣੇ ਭੜੋਲਿਆਂ ਨੂੰ ਭਰਨ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ। ਆਧੁਨਿਕ ਮਸ਼ੀਨਾਂ ਦੇ ਆਉਣ ਨਾਲ ਭਾਵੇਂ ਵਾਢੀਆਂ ਦੀ ਪਹਿਲਾਂ ਵਰਗੀ ਗਹਿਮਾ-ਗਹਿਮੀ ਘਟ ਗਈ ਹੈ, ਪ੍ਰੰਤੂ ਫਿਰ ਵੀ ਕਈ ਥਾਈਂ ਅਜੇ ਵੀ ਪੁਰਾਣੇ ਢੰਗ ਤਰੀਕੇ ਨਜ਼ਰ ਆ ਜਾਂਦੇ ਹਨ। ਆਧੁਨਿਕਤਾ ਅਤੇ ਮਸ਼ੀਨੀਕਰਨ ਦੇ ਪ੍ਰਭਾਵ ਹੇਠ ਇਸ ਤਿਉਹਾਰ ਦਾ ਵੀ ਰੂਪ-ਰੰਗ ਬਦਲਿਆ ਹੈ। ਹੁਣ ਮੇਲਿਆਂ ਵਿਚ ਪਹਿਲਾਂ ਵਾਲੀ ਰਵਾਇਤੀ ਰੌਣਕ ਨਹੀਂ ਹੁੰਦੀ। ਮਸ਼ੀਨਾਂ ਦੇ ਆਉਣ ਨਾਲ ਹਾੜ੍ਹੀ ਦੀ ਵਾਢੀ ਲਈ ਹੋਣ ਵਾਲੀ ਤਿਆਰੀ ਦੀ ਰੌਣਕ ਵੀ ਨਹੀਂ ਹੁੰਦੀ ਪਰ ਫਿਰ ਵੀ ਵਿਸਾਖੀ ਖ਼ੁਸ਼ਹਾਲੀ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਸ ਤਿਉਹਾਰ ਨੂੰ ਸਾਰੇ ਲੋਕੀਂ ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤ ਦੇ ਹੋਣ, ਰਲ ਕੇ ਮਨਾਉਂਦੇ ਹਨ।
ਵਿਸਾਖੀ ਦਾ ਤਿਉਹਾਰ ਦੇਸ਼ ਦੀ ਏਕਤਾ ਅਤੇ ਖ਼ੁਸ਼ਹਾਲੀ ਦਾ ਸੰਦੇਸ਼ ਦਿੰਦਾ ਹੈ। ਅਨੇਕਤਾ ਵਿਚ ਏਕਤਾ ਦਾ ਪ੍ਰਤੀਕ ਹੈ। ਵਿਸਾਖੀ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਤੋਂ ਕੋਈ ਤਿੰਨ ਸਦੀਆਂ ਪਹਿਲਾਂ ਇਸੇ ਦਿਨ ਇਕ ਅਜਿਹੀ ਰਾਜਨੀਤਕ ਪ੍ਰਣਾਲੀ ਅਤੇ ਜੀਵਨ-ਜਾਚ ਦੀ ਸਿਰਜਣਾ ਕੀਤੀ, ਜਿਹੜੀ ਆਪਣੇ ਆਪ ਵਿਚ ਨਿਵੇਕਲੀ ਸੀ। ਇਕ ਅਜੇਹੇ ਪੁਰਖ ਦੀ ਸਿਰਜਣਾ ਕੀਤੀ ਗਈ ਜਿਹੜਾ ਪੂਰਨ ਪੁਰਖ ਸੀ। ਅੱਜ ਤੱਕ ਜਿੰਨੀਆਂ ਵੀ ਰਾਜਨੀਤਕ ਪ੍ਰਣਾਲੀਆਂ ਦੀ ਸਿਰਜਣਾ ਅਤੇ ਵਰਤੋਂ ਇਸ ਸੰਸਾਰ ਵਿਚ ਕੀਤੀ ਗਈ, ਸਭਨਾਂ ਵਿਚ ਹੀ ਕੋਈ ਨਾ ਕੋਈ ਘਾਟ ਜ਼ਰੂਰ ਸੀ ਪਰ ਗੁਰੂ ਜੀ ਦਾ 'ਖ਼ਾਲਸਾ ਰਾਜ' ਦਾ ਸੰਕਲਪ ਅਤੇ ਖ਼ਾਲਸੇ ਦੀ ਸਿਰਜਣਾ ਆਪਣੇ ਆਪ ਵਿਚ ਸੰਪੂਰਨ ਹੈ, ਜਿਸ ਵਿਚ ਅੱਜ ਤੱਕ ਕਿਸੇ ਨੂੰ ਕੋਈ ਕਮੀ ਨਜ਼ਰ ਨਹੀਂ ਆਈ। ਖ਼ਾਲਸੇ ਦੀ ਸਿਰਜਣਾ ਸਿੱਖ ਗੁਰੂਆਂ ਨੇ ਦੋ ਸੌ ਸਾਲਾਂ ਦੀ ਘਾਲਣਾ ਪਿੱਛੋਂ ਹੀ ਸੰਪੂਰਨ ਕੀਤੀ ਅਤੇ ਆਪਣੇ ਖ਼ਾਲਸੇ ਨੂੰ ਸੰਤ ਸਿਪਾਹੀ ਦਾ ਰੂਪ ਦਿੱਤਾ। ਰਾਜ ਚਲਾਉਣ ਸਮੇਂ ਉਹ ਸੰਤ ਹੈ ਜਿਹੜਾ ਉਜਲੇ ਮਨ ਨਾਲ ਸੱਚ ਦਾ ਪਹਿਰੇਦਾਰ ਹੈ। ਇਸ ਦੇ ਨਾਲ ਹੀ ਮਜ਼ਲੂਮਾਂ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਉਹ ਸਿਪਾਹੀ ਵੀ ਹੈ। ਅਜਿਹਾ ਸੰਤ ਸਿਪਾਹੀ ਜਿਹੜਾ ਗ੍ਰਹਿਸਥੀ ਧਰਮ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਹੈ। ਅਜਿਹੇ ਮਨੁੱਖ ਦਾ ਸੰਕਲਪ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ। ਉਹ ਚਾਹੁੰਦੇ ਸਨ ਕਿ ਧਰਮ, ਰੰਗ, ਜਾਤ, ਪੈਸਾ ਆਦਿ ਦੇ ਆਧਾਰ ਉਤੇ ਪਈਆਂ ਵੰਡੀਆਂ ਤੋਂ ਉੱਪਰ ਉੱਠ ਲੋਕਾਈ ਬਰਾਬਰ ਹੋਵੇ, ਜਿਨ੍ਹਾਂ ਦੇ ਪੱਲੇ ਸੱਚ ਹੋਵੇ, ਸਾਰਿਆਂ ਦੇ ਮਨ ਸਾਫ਼ ਅਤੇ ਨੀਵੇਂ ਹੋਣ, ਹਰ ਪਾਸੇ ਪਿਆਰ ਦੀ ਧਾਰਾ ਵਗਦੀ ਹੋਵੇ। ਕਿਸੇ ਨੂੰ ਵੀ ਡਰ ਕੇ ਜਿਊਣਾ ਨਾ ਪਵੇ ਅਤੇ ਨਾ ਹੀ ਕੋਈ ਕਿਸੇ ਨੂੰ ਡਰਾਉਣ ਦੀ ਕੋਸ਼ਿਸ਼ ਕਰੇ। ਸਭਨਾਂ ਵਿਚ ਇਕੋ ਰੱਬ ਦੀ ਜੋਤ ਵਸਦੀ ਹੈ, ਇਸ ਕਰਕੇ ਅਸੀਂ ਸਾਰੇ ਬਰਾਬਰ ਹਾਂ ਅਤੇ ਆਪਸੀ ਪ੍ਰੇਮ ਦੇ ਭਾਗੀ ਹਾਂ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਇਕ ਰਾਜਨੀਤਕ, ਸਮਾਜਕ ਅਤੇ ਸੱਭਿਆਚਾਰਕ ਇਨਕਲਾਬ ਸਿਰਜਿਆ। ਦਸਮੇਸ਼ ਪਿਤਾ ਨੇ ਖ਼ਾਲਸੇ ਦੀ ਸਿਰਜਣਾ ਕਰ ਕੇ ਸੰਸਾਰ ਵਿਚ ਮਨੁੱਖੀ ਵਿਤਕਰੇ ਮਿਟਾ ਸਭਨਾਂ ਨੂੰ ਬਰਾਬਰੀ ਬਖ਼ਸ਼ੀ। ਉਨ੍ਹਾਂ ਨੇ ਆਪਣੇ ਕਥਨ 'ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ' ਨੂੰ ਅਮਲੀ ਰੂਪ ਦਿੱਤਾ। ਧਰਮ, ਜਾਤ, ਰੰਗ, ਨਸਲ, ਅਮੀਰੀ ਆਦਿ ਕਾਰਨ ਪਏ ਮਨੁੱਖੀ ਵਿਤਕਰਿਆਂ ਨੂੰ ਇਕੋ ਝਟਕੇ ਨਾਲ ਤੋੜ ਸਭਨਾਂ ਨੂੰ ਇਕੋ ਨਾਂਅ ਅਤੇ ਸਰੂਪ ਦੀ ਬਸ਼ਸ਼ਿਸ਼ ਦਿੱਤੀ। ਅਜਿਹਾ ਕਾਰਨਾਮਾ ਇਤਿਹਾਸ ਵਿਚ ਹੁਣ ਤੱਕ ਹੋਰ ਕਿਧਰੇ ਨਹੀਂ ਵਾਪਰਿਆ। ਉਨ੍ਹਾਂ ਕੇਵਲ ਸਮਾਜਿਕ ਬਰਾਬਰੀ ਹੀ ਸਥਾਪਤ ਨਹੀਂ ਕੀਤੀ ਸਗੋਂ ਅੰਮ੍ਰਿਤ ਦੀ ਦਾਤ ਨਾਲ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਤੇ ਨਿਓਟਿਆਂ ਨੂੰ ਓਟ ਪ੍ਰਦਾਨ ਕੀਤੀ। ਜਿਹੜੇ ਲੋਕ ਆਪਣੇ ਆਪ ਨੂੰ ਨਿਮਾਣੇ, ਨਿਤਾਣੇ, ਅਤੇ ਲਿਤਾੜੇ ਹੋਏ ਸਮਝ ਨਰਕ ਦਾ ਜੀਵਨ ਜੀ ਰਹੇ ਸਨ, ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼, ਸੱਚ ਤੇ ਹੱਕ ਦੀ ਲੜਾਈ ਲਈ ਤਿਆਰ ਕੀਤਾ। ਉਹ ਲੋਕ ਜਿਹੜੇ ਸਿਰ ਨੀਵਾਂ ਕਰ ਕੇ ਜੀਵਨ ਜੀ ਰਹੇ ਸਨ, ਉਨ੍ਹਾਂ ਨੂੰ ਅਣਖ ਨਾਲ ਜਿਊਣ ਦੀ ਹਿੰਮਤ ਬਖ਼ਸ਼ੀ। ਉਨ੍ਹਾਂ ਲੋਕਾਂ ਨੇ ਜਿਹੜੇ ਹਮੇਸ਼ਾ ਆਪਣੇ ਆਪ ਨੂੰ ਨਿਤਾਣੇ ਸਮਝਦੇ ਸਨ, ਗੁਰੂ ਜੀ ਦੀ ਅਗਵਾਈ ਹੇਠ ਜਦੋਂ ਹਥਿਆਰ ਚੁੱਕੇ ਤਾਂ ਵੱਡੇ ਵੱਡੇ ਜਰਨੈਲਾਂ ਦੇ ਛੱਕੇ ਛੁਡਾ ਦਿੱਤੇ। ਇਸ ਤਰ੍ਹਾਂ ਗੁਰੂ ਜੀ ਨੇ ਸੰਸਾਰ ਵਿਚ ਸਹੀ ਅਰਥਾਂ ਵਿਚ ਸਮਾਜਵਾਦ ਦੀ ਨੀਂਹ ਰੱਖੀ। ਗੁਰੂ ਜੀ ਨੇ ਸ਼ਖ਼ਸੀ ਰਾਜ ਨੂੰ ਖ਼ਤਮ ਕਰ ਕੇ ਪੰਚਾਇਤੀ ਰਾਜ ਦੀ ਜੁਗਤ ਸੰਸਾਰ ਨੂੰ ਦਿੱਤੀ। ਉਨ੍ਹਾਂ ਸਾਰੇ ਫ਼ੈਸਲੇ ਸੰਗਤ ਦੇ ਸਾਹਮਣੇ ਪੰਜ ਪਿਆਰਿਆਂ ਰਾਹੀਂ ਕਰਵਾਏ। ਇਥੋਂ ਤੱਕ ਕਿ ਆਪਣੇ ਆਪ ਨੂੰ ਵੀ ਆਪਣੇ ਸਿੰਘਾਂ ਦੇ ਬਰਾਬਰ ਖੜ੍ਹਾ ਕੀਤਾ। ਇਸੇ ਤਰ੍ਹਾਂ ਹੀ ਗੁਰੂ ਜੀ ਨੇ ਸੱਭਿਆਚਾਰਕ ਇਨਕਲਾਬ ਲਿਆਂਦਾ। ਜਿਸ ਨਾਲ ਸਾਰੇ ਹੀ ਲੋਕ ਸੰਤ ਸਿਪਾਹੀ ਬਣ ਗਏ। ਆਪ ਨੇ ਸਾਦਾ, ਪਵਿੱਤਰ ਅਤੇ ਉੱਚੀ ਰਹਿਣੀ ਵਾਲਾ ਜੀਵਨ ਜੀਉਣ ਦਾ ਆਦੇਸ਼ ਦਿੱਤਾ। ਗੁਰੂ ਜੀ ਨੇ ਲੋਕਾਂ ਨੂੰ ਕਰਮ ਕਾਂਡਾਂ, ਵਹਿਮਾਂ, ਭਰਮਾਂ, ਦੇਵੀ-ਦੇਵਤਿਆ ਦੇ ਚੱਕਰਾਂ ਵਿਚੋਂ ਕੱਢ ਕੇਵਲ ਪ੍ਰਮਾਤਮਾ ਦੀ ਭਗਤੀ ਕਰਨ ਦਾ ਹੁਕਮ ਜਾਰੀ ਕੀਤਾ। ਤਨ ਦੀ ਅਰੋਗਤਾ ਲਈ ਜਿਥੇ ਕਸਰਤ ਉੱਤੇ ਜ਼ੋਰ ਦਿੱਤਾ ਉਥੇ ਨਸ਼ਿਆਂ ਦੀ ਵਰਤੋਂ ਦੀ ਵੀ ਮਨਾਹੀ ਕੀਤੀ। ਗੁਰੂ ਜੀ ਨੇ ਆਪਣੇ ਸਿੱਖਾਂ ਲਈ ਤੰਬਾਕੂ ਦੀ ਵਰਤੋਂ ਪੱਕੇ ਤੌਰ ਉੱਤੇ ਬੰਦ ਕਰ ਦਿੱਤੀ। ਇਸ ਸਮੇਂ ਸੰਸਾਰ ਜਿਸ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ, ਇਸ ਵਿਚੋਂ ਬਾਹਰ ਨਿਕਲਣ ਲਈ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ਦੀ ਲੋੜ ਹੈ। ਗੁਰੂ ਜੀ ਨੇ ਔਰਤਾਂ ਨੂੰ ਬਰਾਬਰੀ ਦੀ ਬਖ਼ਸ਼ਿਸ਼ ਕੀਤੀ। ਕੁੜੀਆਂ ਨੂੰ ਮਾਰਨ ਦੀ ਕੁਰੀਤੀ ਨੂੰ ਸਮਾਜ ਦਾ ਸਭ ਤੋਂ ਵੱਡਾ ਕੋਹੜ ਦੱਸਿਆ। ਉਨ੍ਹਾਂ ਕੇਵਲ ਆਪਣੇ ਸਿੱਖਾਂ ਨੂੰ ਹੀ ਕੁੜੀ ਮਾਰਨ ਤੋਂ ਨਹੀਂ ਰੋਕਿਆ, ਸਗੋਂ ਉਨ੍ਹਾਂ ਨੂੰ ਹੁਕਮ ਕੀਤਾ ਕਿ ਉਹ ਕਿਸੇ ਵੀ ਕੁੜੀ ਮਾਰ ਨਾਲ ਕੋਈ ਸੰਬੰਧ ਨਾ ਰੱਖਣ।
ਪੰਜਾਬ ਜਿਸ ਮੌਜੂਦਾ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ ਉਸ ਵਿਚੋਂ ਬਾਹਰ ਕੱਢਣ ਲਈ ਵਿਸਾਖੀ, ਭਾਵ ਖ਼ਾਲਸੇ ਦੀ ਸਿਰਜਣਾ ਵਾਲੇ ਦਿਨ ਤੋਂ ਸਿੱਖ ਪੰਥ ਵਲੋਂ ਇਕ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ। ਸਿੱਖਾਂ ਵਿਚ ਪਤਿਤਪੁਣਾ ਅਤੇ ਵਿਖਾਵਾ ਵਧ ਰਿਹਾ ਹੈ। ਗ਼ਰੀਬ ਕਿਸਾਨ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਗੁਰੂ ਜੀ ਨੇ ਸਾਰੇ ਵਿਤਕਰੇ ਦੂਰ ਕਰ ਕੇ ਖ਼ਾਲਸੇ ਦੀ ਸਿਰਜਣਾ ਕੀਤੀ ਸੀ ਪਰ ਅਸੀਂ ਮੁੜ ਵਿਤਕਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇਥੋਂ ਤੱਕ ਕਿ ਗੁਰੂ ਘਰ ਵੀ ਬਿਰਾਦਰੀਆਂ ਦੇ ਨਾਂਅ ਉੱਤੇ ਬਣ ਗਏ ਹਨ। ਗੁਰੂ ਜੀ ਦੇ ਲਾਡਲੇ ਰੰਗਰੇਟੇ ਸਿੱਖਾਂ ਨੂੰ ਪਿੰਡਾਂ ਵਿਚ ਬਰਾਬਰੀ ਨਹੀਂ ਹੈ। ਆਓ ਮੁੜ ਬਰਾਬਰੀ ਦੀ ਮੁਹਿੰਮ ਸ਼ੁਰੂ ਕਰੀਏ, ਖ਼ਾਲਸੇ ਨੂੰ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦਾ ਸਬਕ ਪੜ੍ਹਾਈਏ ਤੇ ਸ਼ਬਦ ਗੁਰੂ ਨਾਲ ਜੋੜੀਏ ਤਾਂ ਜੋ ਸੂਬੇ ਵਿਚ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਖ਼ਤਮ ਹੋ ਸਕੇ।
ਆਪਣੇ ਗ਼ਰੀਬ ਕਿਸਾਨਾਂ ਦੀ ਬਾਂਹ ਫੜੀਏ ਤਾਂ ਜੋ ਕਿਸੇ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਨਾ ਹੋਣਾ ਪਵੇ। ਆਰਥਿਕ ਬਰਾਬਰੀ ਨਾਲ ਹੀ ਸਮਾਜਿਕ ਬਰਾਬਰੀ ਸੰਭਵ ਹੋ ਸਕਦੀ ਹੈ। ਹਰੇਕ ਪਿੰਡ ਦੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਨੂੰ ਪਿੰਡ ਦੇ ਸਭ ਤੋਂ ਗ਼ਰੀਬਾਂ ਦੀ ਸੂਚੀ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਕਰਜ਼ੇ ਦੇ ਚੁੰਗਲ ਵਿਚੋਂ ਕਿਵੇਂ ਕੱਢਿਆ ਜਾਵੇ ਇਸ ਬਾਰੇ ਵਿਚਾਰ ਕੀਤੀ ਜਾਵੇ। ਜੇਕਰ ਅਸੀਂ ਗ਼ਰੀਬ ਕਿਸਾਨਾਂ ਦੀ ਬਾਹ ਫ਼ੜ ਸਕੀਏ ਤਾਂ ਹੀ ਅਸੀਂ ਸੱਚੇ ਸੁੱਚੇ ਗੁਰੂ ਦੇ ਸਿੱਖ ਅਖਵਾਉਣ ਵਾਲੇ ਹੋ ਸਕਾਂਗੇ।
ਸਾਂਝੀਵਾਲਤਾ ਦਾ ਪ੍ਰਤੀਕ ਵਿਸਾਖੀ
ਅਜੀਤ ਡੈਸਕ
14-04-2022