ਜਲ੍ਹਿਆਂਵਾਲਾ ਬਾਗ਼ ਵਿਚ ਅੰਗਰੇਜ਼ ਬ੍ਰਿਗੇਡੀਅਰ ਹੈਰੀ ਡਾਇਰ ਵਲੋਂ ਭਾਰਤੀਆਂ ਦੇ ਕਤਲੇਆਮ ਨੂੰ ਭਾਵੇਂ ਸੌ ਵਰ੍ਹੇ ਤੋਂ ਵੀ ਉੱਪਰ ਹੋ ਗਏ ਹਨ ਪਰ ਦਿਲ ਦੇ ਜ਼ਖ਼ਮਾਂ ਦੀ ਚੀਸ ਅਜੇ ਵੀ ਕਾਇਮ ਹੈ। ਡਾਇਰ ਵਲੋਂ ਵਿਸਾਖੀ ਦੇ ਦਿਨ 'ਤੇ 1999 ਈ: ਨੂੰ ਇਕੱਠੇ ਹੋਏ ਪੰਜਾਬੀਆਂ 'ਤੇ 10 ਮਿੰਟ ਲਗਾਤਾਰ ਗੋਲੀ ਚਲਦੀ ਰਹੀ, ਜੋ ਭਾਰਤੀਆਂ ਦੀ ਰੂਹ ਨੂੰ ਕੁਚਲਣ ਵਾਲੇ ਕਾਲੇ ਕਾਨੂੰਨ ਰੌਲਟ ਐਕਟ ਦੇ ਵਿਰੋਧ ਵਿਚ ਇਕੱਠੇ ਹੋਏ ਸਨ, ਜਿਸ ਦੇ ਨਤੀਜੇ ਵਜੋਂ ਸਰਕਾਰੀ ਅੰਕੜਿਆਂ ਅਨੁਸਾਰ 379 ਬੰਦੇ ਮਾਰੇ ਗਏ ਤੇ 1200 ਦੇ ਲਗਪਗ ਫੱਟੜ ਹੋ ਗਏ।
ਇਸ ਘਟਨਾਕ੍ਰਮ ਦੇ ਪਿਛੋਕੜ ਵਿਚ ਅੰਗਰੇਜ਼ਾਂ ਵਲੋਂ ਆਜ਼ਾਦੀ ਦੇ ਅੰਦੋਲਨ ਤੇ ਲੋਕਾਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਬਣਾਇਆ ਕਾਲਾ ਕਾਨੂੰਨ ਰੋਲਟ ਐਕਟ ਸੀ।
ਇਸ ਐਕਟ ਦੇ ਨਾਲ ਦੇਸ਼ ਭਿਆਨਕ ਖ਼ਤਰੇ ਵੱਲ ਵਧਣ ਲੱਗਾ। ਇਸ ਦੇ ਵਿਰੁੱਧ ਦੇਸ਼ ਵਿਆਪੀ ਜ਼ੋਰਦਾਰ ਸਰਬ ਹਿੰਦ ਸਤਿਆ ਗ੍ਰਹਿ ਦੀ ਲਹਿਰ ਮਹਾਤਮਾ ਗਾਂਧੀ ਵਲੋਂ ਆਰੰਭ ਕੀਤੀ ਗਈ, ਜੋ ਮਹਾਤਮਾ ਗਾਂਧੀ ਤੇ ਹੋਰ ਉਸ ਦੇ ਸਹਿਯੋਗੀ ਨੇਤਾਵਾਂ ਸ੍ਰੀਮਤੀ ਸਰੋਜਨੀ ਨਾਇਡੂ, ਜਵਾਹਰ ਲਾਲ ਨਹਿਰੂ ਆਦਿ ਨਾਲ ਦਿੱਲੀ, ਕਲਕੱਤਾ, ਅੰਮ੍ਰਿਤਸਰ, ਲਾਹੌਰ ਆਦਿ ਸ਼ਹਿਰਾਂ ਵਿਚ ਫੈਲ ਗਈ। 30 ਮਾਰਚ ਤੋਂ 6 ਅਪ੍ਰੈਲ ਤੱਕ ਦੇਸ਼ ਵਿਆਪੀ ਹੜਤਾਲਾਂ ਹੋਈਆਂ। ਪੰਜਾਬ ਵਿਚ ਅੰਮ੍ਰਿਤਸਰ ਇਸ ਐਕਟ ਵਿਰੋਧੀ ਅੰਦੋਲਨ ਦਾ ਕੇਂਦਰ ਬਣ ਗਿਆ। ਲੋਕਾਂ ਨੇ ਬੜੇ ਜੋਸ਼ ਨਾਲ ਦੁਕਾਨਾਂ ਬੰਦ ਕੀਤੀਆਂ। ਭਾਵੇਂ ਕਿਸੇ ਨੇ ਇਸ ਐਕਟ ਨੂੰ ਪੜ੍ਹਿਆ ਵੀ ਨਾ, ਸਭ ਨੂੰ ਪਤਾ ਸੀ ਕਿ ਇਹ ਮਾੜਾ ਹੈ। ਇਕ ਦੁਕਾਨਦਾਰ ਨੂੰ ਜਦੋਂ ਪੁੱਛਿਆ ਗਿਆ ਕਿ ਸੁਣਾ ਭਾਈ ਤੂੰ ਦੁਕਾਨ ਕਿਉਂ ਬੰਦ ਕਰੀ ਜਾਨਾਂ ਤਾਂ ਉਸ ਨੇ ਉੱਤਰ ਦਿੱਤਾ, 'ਰੌਲਟ ਸਾਹਿਬ ਦਾ ਹੁਕਮ ਹੈ।'
6 ਅਪ੍ਰੈਲ ਤੋਂ 10 ਅਪ੍ਰੈਲ ਤੱਕ ਰੌਲਟ ਐਕਟ ਵਿਰੋਧੀ ਅੰਦੋਲਨ ਸਿਖ਼ਰ 'ਤੇ ਪਹੁੰਚ ਗਿਆ। ਡਾ. ਸੈਫ਼ੂਦੀਨ ਕਿਚਲੂ ਤੇ ਡਾ. ਸਤਿਆਪਾਲ ਦੀਆਂ ਧੂੰਆਂਧਾਰ ਤਕਰੀਰਾਂ ਨੇ ਅੰਦੋਲਨ ਨੂੰ ਤਾਜ਼ਗੀ ਬਖ਼ਸ਼ੀ। 9 ਅਪ੍ਰੈਲ ਨੂੰ ਹਿੰਦੂਆਂ ਦਾ ਰਾਮਨੌਮੀ ਦਾ ਤਿਉਹਾਰ ਸੀ। ਵਿਸਾਖੀ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਲੋਕ ਬਹੁਤ ਆਉਂਦੇ ਹਨ। ਇਸ ਸਮੇਂ ਇਕ ਵਿਸ਼ਾਲ ਜਲੂਸ ਦਾ ਪ੍ਰਬੰਧ ਕੀਤਾ ਗਿਆ, ਜਿਸ ਦੀ ਹਾਜ਼ਰੀ ਹੌਲੀ-ਹੌਲੀ 50,000 ਤੱਕ ਪਹੁੰਚ ਗਈ। ਇਹ ਜਲੂਸ ਅਨੁਸ਼ਾਸਨਬੱਧ ਹੋ ਕੇ ਪਾਲਾਂ ਵਿਚ ਨਿਕਲਿਆ ਜਿਸ ਦੀ ਅਗਵਾਈ ਡਾ. ਹਾਫ਼ਿਜ਼ ਬਸ਼ੀਰ, ਘੋੜੇ 'ਤੇ ਸਵਾਰ ਹੋ ਕੇ ਕਰ ਰਿਹਾ ਸੀ। ਜਲੂਸ ਹਿੰਦੂ ਮੁਸਲਮਾਨ ਏਕਤਾ ਦੇ ਦ੍ਰਿਸ਼ ਪੇਸ਼ ਕਰ ਰਿਹਾ ਸੀ। ਮਹਾਤਮਾ ਗਾਂਧੀ, ਡਾ. ਕਿਚਲੂ ਤੇ ਡਾ. ਸਤਿਆਪਾਲ ਦੀ ਜੈ ਦੇ ਨਾਅਰੇ ਗੂੰਜ ਰਹੇ ਸਨ। ਲੋਕਾਂ ਦਾ ਇਹ ਹਜੂਮ ਉੱਚਾ ਪੁਲ ਪਾਰ ਕਰਕੇ ਸਿਵਲ ਲਾਈਨਜ਼ ਵਿਚ ਡੀ.ਸੀ. ਦਫ਼ਤਰ ਆਪਣਾ ਮੰਗ ਪੱਤਰ ਦੇਣਾ ਚਾਹੁੰਦਾ ਸੀ ਪਰ ਡਿਊਟੀ 'ਤੇ ਹਾਜ਼ਰ ਮਿਸਟਰ ਆਰ. ਬੀ. ਬੈਕਟ ਨੇ ਇਸ ਹਜੂਮ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਏਨੇ ਨੂੰ ਪੁਲਿਸ ਵਾਲਿਆਂ ਨੇ ਗੋਲੀ ਚਲਾ ਦਿੱਤੀ। ਸਿੱਟੇ ਵਜੋਂ ਤਿੰਨ-ਚਾਰ ਬੰਦੇ ਮਾਰੇ ਗਏ, ਕੁਝ ਫੱਟੜ ਹੋ ਗਏ। ਇਸ ਦੇ ਪ੍ਰਤੀਕਰਮ ਵਜੋਂ ਦੰਗੇ ਫਸਾਦ ਹੋ ਗਏ। ਇਸ ਫਸਾਦ ਵਿਚ ਕੁਝ ਗ਼ੈਰ-ਫ਼ੌਜੀ ਅਧਿਕਾਰੀ ਵੀ ਮਾਰੇ ਗਏ। ਡਿਪਟੀ ਕਮਿਸ਼ਨਰ ਦਾ ਖਿਆਲ ਸੀ ਕਿ 1857 ਦੇ ਗ਼ਦਰ ਮਗਰੋਂ ਅੰਗਰੇਜ਼ਾਂ ਦੇ ਸਿਰ ਫਿਰ ਭਾਰੀ ਬਿਪਤਾ ਪੈ ਗਈ ਹੈ।
ਖ਼ੂਨੀ ਕਤਲੇਆਮ : ਅੰਮ੍ਰਿਤਸਰ ਸ਼ਹਿਰ ਫ਼ਸਾਦੀਆਂ ਦੇ ਕਬਜ਼ੇ ਵਿਚ ਆ ਗਿਆ ਸੀ। ਅੰਮ੍ਰਿਤਸਰ ਸ਼ਹਿਰ ਨੂੰ ਫ਼ਸਾਦੀਆਂ ਤੋਂ ਮੁਕਤ ਕਰਾਉਣ ਲਈ ਬ੍ਰਿਗੇਡੀਅਰ ਹੈਰੀ ਡਾਇਰ ਨੂੰ 11 ਅਪ੍ਰੈਲ ਨੂੰ ਚਾਰਜ ਦਿੱਤਾ ਗਿਆ। ਡਾਇਰ ਨੇ 12 ਅਪ੍ਰੈਲ ਨੂੰ ਸ਼ਹਿਰ ਵਿਚ ਮੁਨਾਦੀ ਕਰਕੇ, ਲੋਕਾਂ ਨੂੰ ਜਲਸੇ ਤੇ ਜਲੂਸ 'ਤੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ। ਖਿਲਾਫ਼ਵਰਜੀ ਕਰਨ ਤੇ ਗੋਲੀ ਮਾਰਨ ਦੀ ਚਿਤਾਵਨੀ ਵੀ ਦੇ ਦਿੱਤੀ। ਇਸ ਆਰਡਰ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਲੋਕ ਕਿ ਅੰਦਾਜ਼ੇ ਮੁਤਾਬਕ 25000 ਤਕ ਦੀ ਗਿਣਤੀ ਵਿਚ ਜਲ੍ਹਿਆਂ ਵਾਲੇ ਬਾਗ਼ ਵਿਚ ਇਕ ਭਾਰੀ ਜਲਸੇ ਵਿਚ ਇਕੱਠੇ ਹੋਏ। ਇਹ ਦਿਨ 13 ਅਪ੍ਰੈਲ, 1919 ਦਾ ਸੀ ਜਦੋਂ ਅੰਮ੍ਰਿਤਸਰ ਦਾ ਮੰਨਿਆ ਪ੍ਰਮੰਨਿਆ ਲੀਡਰ ਘਨੱਈਆ ਲਾਲ ਪ੍ਰਧਾਨਗੀ ਕਰ ਰਿਹਾ ਸੀ। ਉਸ ਵੇਲੇ ਤਕਰੀਬਨ ਸ਼ਾਮ 4.30 ਵਜੇ ਡਾਇਰ ਇਕਦਮ ਪੰਜਾਹ ਸਿਪਾਹੀਆਂ ਸਮੇਤ ਦਾਖਲ ਹੋਇਆ ਤੇ ਇਕਦਮ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਦਸ ਮਿੰਟ ਤੱਕ ਗੋਲੀ ਚਲਦੀ ਰਹੀ। ਸਰਕਾਰੀ ਅੰਕੜਿਆਂ ਅਨੁਸਾਰ 379 ਬੰਦੇ ਮਾਰੇ ਗਏ, 1200 ਫੱਟੜ ਹੋਏ। ਇੰਗਲੈਂਡ ਦੀ ਪਾਰਲੀਮੈਂਟ ਵਿਚ ਡਾ. ਚਰਚਿਲ ਨੇ ਇਸ ਖ਼ੂਨੀ ਕਤਲੇਆਮ ਨੂੰ ਦਹਿਸ਼ਤ ਭਰਪੂਰ ਦੱਸਿਆ ਜਿਸ ਨੇ ਸਭਿਆ ਵਰਤਾਓ ਦੀਆਂ ਸਾਰੀਆਂ ਹੱਦਾਂ ਨੂੰ ਤੋੜ ਦਿੱਤਾ। ਜਨਰਲ ਡਾਇਰ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਗਿਆ।
ਖ਼ੂਨੀ ਕਤਲੇਆਮ ਦੇ ਦੂਰਗਾਮੀ ਸਿੱਟੇ, ਦੇਸ਼ ਆਜ਼ਾਦੀ ਦੇ ਅੰਦੋਲਨ 'ਤੇ ਪ੍ਰਭਾਵ : ਜਲ੍ਹਿਆਂ ਵਾਲੇ ਬਾਗ਼ ਵਿਚ ਹਿੰਦੂ, ਸਿੱਖ, ਮੁਸਲਮਾਨਾਂ ਦੇ ਡੁੱਲ੍ਹੇ ਖ਼ੂਨ ਨਾਲ ਹਿੰਦੁਸਤਾਨ ਦੇ ਲੋਕਾਂ ਵਿਚ ਕੌਮੀਅਤ ਦੀ ਭਾਵਨਾ ਪ੍ਰਚੰਡ ਹੋ ਗਈ। ਹੁਣ ਆਜ਼ਾਦੀ ਦੇ ਭਵਿੱਖੀ ਅੰਦੋਲਨ ਵਿਚ ਤਿੰਨੇ ਭਾਈਚਾਰਿਆਂ ਦੇ ਲੋਕ ਭਾਗ ਲੈਣ ਲੱਗੇ। ਨੌਜਵਾਨ ਵਰਗ ਵੀ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਇਆ। ਸ਼ਹੀਦ ਭਗਤ ਸਿੰਘ ਇਸ ਸਮੇਂ 12 ਸਾਲ ਦੀ ਉਮਰ ਦਾ ਸੀ। ਉਸ ਨੇ ਜਲ੍ਹਿਆਂ ਵਾਲੇ ਬਾਗ਼ ਤੋਂ ਮੁੱਠ ਕੁ ਖ਼ੂਨੀ ਮਿੱਟੀ ਲਿਆ ਕੇ ਆਪਣੀ ਅਲਮਾਰੀ ਵਿਚ ਰੱਖ ਲਈ ਜੋ ਉਸ ਲਈ ਕੁਰਬਾਨੀ ਦਾ ਸਰੋਤ ਬਣੀ ਰਹੀ। ਇਸ ਖ਼ੂਨੀ ਕਤਲੇਆਮ ਦਾ ਬਦਲਾ ਊਧਮ ਸਿੰਘ 'ਸੁਨਾਮ' ਨੇ 21 ਸਾਲ ਬਾਅਦ 1940 ਈ: ਵਿਚ ਪੰਜਾਬ ਦੇ ਲੈਫਟੀਨੈਂਟ ਸਰ ਮਾਈਕਲ ਓ-ਡਵਾਇਰ ਨੂੰ ਲੰਡਨ ਦੇ ਕੈਕਸਟਨ ਹਾਲ ਵਿਚ ਕਤਲ ਕਰ ਕੇ ਲਿਆ।
ਸਿੱਖ ਸੰਘਰਸ਼ 'ਤੇ ਪਏ ਪ੍ਰਭਾਵਾਂ ਦੀ ਪਛਾਣ : ਇਸ ਖ਼ੂਨੀ ਕਤਲੇਆਮ ਤੋਂ ਬਾਅਦ ਸਿੱਖ ਕੌਮ ਆਪਣੀ ਹਸਤੀ ਤੇ ਗੌਰਵ ਨੂੰ ਪਛਾਨਣ ਲਈ ਵਧੇਰੇ ਜਥੇਬੰਦ ਹੋਣ ਲੱਗੀ। ਅੰਮ੍ਰਿਤਸਰ ਦੀ ਪ੍ਰੇਰਿਕ ਧਰਤੀ ਤੋਂ ਹੀ 'ਸ਼ਕਤੀਸ਼ਾਲੀ ਲਹਿਰਾਂ ਅਕਾਲੀ ਲਹਿਰ ਤੇ ਬੱਬਰ ਅਕਾਲੀ ਲਹਿਰ ਦਾ ਆਰੰਭ ਹੋਇਆ। 1920 ਤੋਂ 1925 ਦੌਰਾਨ ਅਕਾਲੀ ਲਹਿਰ ਦੇ ਰੂਪ ਵਿਚ ਜ਼ੋਰਦਾਰ ਅੰਦੋਲਨ ਕੀਤਾ ਗਿਆ। ਜਿਸ ਦਾ ਮੁੱਖ ਆਦਰਸ਼ ਸਿੱਖਾਂ ਦੀਆਂ ਸੁਨਹਿਰੀ ਮਾਨਵੀ ਪਰੰਪਰਾਵਾਂ ਨੂੰ ਬਚਾਉਣ ਲਈ ਪਤਿਤ ਤੇ ਪਿਛਾਂਹਖਿਚੂ ਮਹੰਤ-ਸ਼੍ਰੇਣੀ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ ਸੀ। ਇਸ ਸੰਬੰਧ ਵਿਚ ਸਿੱਖ ਧਰਮ ਦੀਆਂ ਦੋ ਸ਼ਕਤੀਸ਼ਾਲੀ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ। ਗੁਰਦੁਆਰਿਆਂ ਵਿਚ ਸਥਾਪਤ ਮਹੰਤ-ਗੀਰੀ ਪ੍ਰਬੰਧ ਨਾਲ ਜ਼ਬਰਦਸਤ ਟਾਕਰੇ ਹੋਏ, ਸਾਕੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਨਨਕਾਣਾ ਸਾਹਿਬ ਦਾ ਸਾਕਾ (22 ਫਰਵਰੀ, 1921) ਸਭ ਤੋਂ ਜ਼ਿਆਦਾ ਖ਼ੂਨੀ ਸਾਕਾ ਸੀ। ਕਈ ਮੋਰਚੇ ਲੱਗੇ, ਜਿਨ੍ਹਾਂ ਦੇ ਫਲ ਸਰੂਪ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਹੋਏ। ਇਸ ਲਹਿਰ (ਗੁਰਦੁਆਰਾ ਸੁਧਾਰ ਲਹਿਰ) ਨੇ ਅੰਗਰੇਜ਼ੀ ਸਰਕਾਰ ਦੇ ਗੌਰਵ ਤੇ ਮਾਣ ਨੂੰ ਮਿੱਟੀ ਵਿਚ ਮਿਲਾ ਦਿੱਤਾ ਕਿਉਂਕਿ ਅੰਗਰੇਜ਼ ਸਰਕਾਰ ਮਹੰਤਾਂ ਦੀ ਪਿੱਠ ਠੋਕਦੀ ਸੀ ਤੇ ਸਿੱਖ ਕੌਮੀ ਆਚਰਨ ਅੰਗਰੇਜ਼ਾਂ ਨੂੰ ਹਮੇਸ਼ਾ ਹੀ ਰੜਕਦਾ ਸੀ।
ਅਜੋਕੇ ਯੁੱਗ ਵਿਚ ਸਾਰਥਕਤਾ : ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਕਤਲੇਆਮ ਤੋਂ ਮਿਲਦੀ ਇਹ ਸਿੱਖਿਆ ਅੱਜ ਵੀ ਬੜੀ ਸਾਰਥਕ ਹੈ ਕਿ ਮਨੁੱਖੀ ਸਮਾਜ ਵਿਚ ਕਿਸੇ ਸਟੇਟ ਦੇ ਵੱਡੇ ਰਾਜ ਅਧਿਕਾਰੀ ਨੂੰ ਸੰਤੁਲਿਤ, ਗੰਭੀਰ, ਬਹਾਦਰ ਤੇ ਲੋਕ ਪੱਖੀ ਨੀਤੀਆਂ ਵਾਲਾ ਹੋਣਾ ਚਾਹੀਦਾ ਹੈ। ਜੇ ਉਹ ਮਾਈਕਲ ਓ-ਡਵਾਇਰ ਵਰਗਾ ਹੱਠੀ, ਜ਼ਿੱਦੀ, ਆਕੜਖੋਰ ਲੋੜ ਤੋਂ ਵੱਧ ਆਤਮ ਵਿਸ਼ਵਾਸੀ ਹੋਵੇ ਤਾਂ ਰਾਜ ਵਿਚ ਵੱਡੇ ਤੋਂ ਵੱਡੇ ਅੰਦੋਲਨ ਭਖ ਸਕਦੇ ਹਨ। ਸਰਕਾਰ ਦੇ ਮੁੱਖ ਨਿਸ਼ਾਨੇ ਬਾਰੇ ਉਹਦੇ ਖਿਆਲ ਕਿੰਨੇ ਘਟੀਆ ਤੇ ਘਾਤਕ ਸਨ।
ਸਰਕਾਰ ਦਾ ਮੁੱਖ ਨਿਸ਼ਾਨਾ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ ਹੁੰਦਾ ਹੈ। ਲੋਕਾਂ ਨੂੰ ਪੂਰੀ ਆਜ਼ਾਦੀ ਜਾਂ ਖੁੱਲ੍ਹ ਦੇਣਾ ਨਹੀਂ। (ਵੀ. ਐਮ. ਦੱਤ ਜਲ੍ਹਿਆਂਵਾਲਾ ਬਾਗ਼, ਪੰਨਾ ਨੰ: 52)
10 ਅਪ੍ਰੈਲ, 1919 ਨੂੰ ਅੰਮ੍ਰਿਤਸਰ ਵਿਖੇ ਨਿਕਲੇ ਜਲੂਸ ਸਮੇਂ ਹਿੰਦੂ, ਮੁਸਲਮਾਨ ਏਕਤਾ ਦੇ ਦ੍ਰਿਸ਼ 'ਤੇ ਨਜ਼ਾਰੇ ਅਜੋਕੇ ਯੁੱਗ ਵਿਚ ਫ਼ਿਰਕੂ ਏਕਤਾ ਲਈ ਸਰੋਤ ਬਣ ਸਕਦੇ ਹਨ।
ਇਸ ਖ਼ੂਨੀ ਸਾਕੇ ਨੇ ਆਜ਼ਾਦੀ ਪ੍ਰਾਪਤੀ ਲਈ ਦੇਸ਼ ਵਾਸੀਆਂ ਵਿਚ ਏਨਾ ਜੋਸ਼ ਭਰਿਆ ਜੋ 1947 ਈ: ਤੱਕ ਦੇਸ਼ ਦੀ ਵੰਡ ਸਮੇਂ ਤੱਕ ਨਿਰੰਤਰ ਜਾਰੀ ਰਿਹਾ। ਦੇਸ਼ ਵੰਡ ਸਮੇਂ ਕਿੰਨੇ ਹੀ ਦੰਗੇ ਫ਼ਸਾਦ ਤੇ ਕਤਲੇਆਮ ਦੇਖਣ ਨੂੰ ਮਿਲੇ। ਮਨੁੱਖੀ ਜ਼ਿੰਦਗੀ ਦੀ ਇਹ ਤ੍ਰਾਸਦੀ ਹੈ ਕਿ ਮਨੁੱਖ ਆਪਣੀ ਅੰਦਰਲੀਆਂ ਹਿੰਸਾ, ਖ਼ੁਦਗਰਜ਼ੀ ਲੋਭ ਤੇ ਕ੍ਰੋਧ ਦੀਆਂ ਮਾੜੀਆਂ ਪ੍ਰਵਿਰਤੀਆਂ ਤੋਂ ਕਦੀ ਮੁਕਤ ਨਹੀਂ ਹੋ ਸਕਦਾ। ਨਤੀਜਾ ਮਨੁੱਖ ਦੀ ਦੁਨੀਆ ਹਮੇਸਾ ਘਲੂਘਾਰਿਆਂ ਤੇ ਸਾਕਿਆਂ ਵਿਚ ਘਿਰੀ ਰਹੀ ਤੇ ਸੰਸਾਰ ਦੀ ਨਗਰੀ ਵਿਚ ਅਮਨ ਇਕ ਸੁਪਨਾ ਬਣਿਆ ਰਹਿੰਦਾ ਹੈ। ਖ਼ੁਦਾ ਮਿਹਰ ਕਰੇ।
-ਫਗਵਾੜਾ।
ਮੋਬਾਈਲ: 90563-60763