ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਤਿਉਹਾਰਾਂ ਤੇ ਮੇਲਿਆਂ ਦੀ ਅਮੀਰ ਵਿਰਾਸਤ ਨਾਲ ਨਿਵਾਜੀ ਹੋਈ ਹੈ। ਕੁਦਰਤ ਨੇ ਇਸ ਧਰਤੀ ਨੂੰ ਬਹੁਤ ਕੁਝ ਅਜਿਹਾ ਬਖ਼ਸ਼ਿਆ ਹੋਇਆ ਹੈ ਜਿਹੜਾ ਧਰਤੀ 'ਤੇ ਵਸੇ ਖਿਤਿਆਂ ਵਿਚੋਂ ਵਿਰਲਿਆਂ ਦੇ ਹੀ ਹਿੱਸੇ ਆਇਆ ਹੈ। ਕਦੇ ਇਸ ਧਰਤੀ 'ਤੇ ਨਿਰਮਲ ਪਾਣੀਆਂ ਦੇ ਕਲ-ਕਲ ਵਗਦੇ ਦਰਿਆ ਇਸ ਦਾ ਸ਼ਿੰਗਾਰ ਸਨ। ਜਰਖ਼ੇਜ਼ ਭੂਮੀ 'ਤੇ ਲਹਿਲਹਾਉਂਦੀਆਂ ਫ਼ਸਲਾਂ ਕੁਦਰਤ ਵਲੋਂ ਵਰਸਾਏ ਸੰਗੀਤ ਦਾ ਅਗੰਮੀ ਨਗਮਾ ਛੇੜਦੀਆਂ ਸਨ। ਸੱਚੀ ਸੁੱਚੀ ਕਿਰਤ ਨੂੰ ਪ੍ਰਨਾਇਆ ਇਸ ਧਰਤੀ ਦਾ ਵਾਸੀ ਮਿਹਨਤ ਤੇ ਸਿਰੜ ਨਾਲ ਇਸ ਧਰਤੀ ਨੂੰ ਵਾਹੁੰਦਾ-ਬੀਜਦਾ, ਗੁੱਡਦਾ, ਸਿੰਜਦਾ ਤੇ ਪੁੱਤਾਂ ਵਾਂਗ ਫ਼ਸਲਾਂ ਨੂੰ ਪਾਲਦਾ ਕੋਈ ਕਰਮਯੋਗੀ ਸੀ। ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਜੁੜੇ ਇਸ ਧਰਤੀ 'ਤੇ ਅਨੇਕਾਂ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਪੁਰਬਾਂ ਵਿਚੋਂ ਹੀ ਵਿਸਾਖੀ ਦਾ ਤਿਉਹਾਰ ਆਪਣੇ ਅੰਦਰ ਬਹੁਤ ਹੀ ਸ਼ਾਨਾਂਮੱਤਾ ਇਤਿਹਾਸ ਸਮੋਈ ਬੈਠਾ ਹੈ। ਇਹ ਤਿਉਹਾਰ ਸਦੀਆ ਤੋਂ ਮੇਲੇ ਦੇ ਰੂਪ ਵਿਚ ਪੰਜਾਬੀਆਂ ਦੀ ਜਿੰਦ-ਜਾਨ ਬਣਿਆ ਹੋਇਆ ਹੈ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇਸ ਧਰਤੀ ਦੇ ਕਈ ਤਿਉਹਾਰ ਫਸਲਾਂ ਨਾਲ ਜੁੜੇ ਹੋਏ ਹਨ। ਵਿਸਾਖੀ ਵੀ ਕਣਕ ਦੀ ਵਾਢੀ ਨਾਲ ਜੁੜਿਆ ਰੰਗਲਾ ਤਿਉਹਾਰ ਹੈ। ਇਹ ਦਿਹਾੜਾ ਇਤਿਹਾਸ ਦੇ ਪੰਨਿਆਂ ਵਿਚ ਉਦੋਂ ਹੋਰ ਵੀ ਗੂੜ੍ਹਾ ਹੋ ਗਿਆ ਜਦੋਂ 1699 ਈ: ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਿਰਜਣਾ ਦੇ ਅਦੁੱਤੀ ਤੇ ਨਿਵੇਕਲੇ ਸੰਕਲਪ ਦਾ ਮੁੱਢ ਬੰਨ੍ਹਿਆਂ। ਪੂਰੇ ਦੇਸ਼ ਵਿਚੋਂ ਇਕੱਤਰ ਹੋਏ ਲੋਕਾਂ ਦੇ ਭਰਵੇਂ ਇਕੱਠ ਵਿਚ ਗੁਰੂ ਜੀ ਨੇ ਹੱਥ ਵਿਚ ਕਿਰਪਾਨ ਲੈ ਕੇ ਪੰਜ ਸਿਰਾਂ ਦੀ ਮੰਗ ਕੀਤੀ। ਇਕੱਠ ਵਿਚ ਖ਼ਾਮੋਸ਼ੀ ਪਸਰ ਗਈ, ਪਰ ਇਸ ਦੇ ਬਾਵਜੂਦ ਗੁਰੂ ਜੀ ਦੀ ਵੰਗਾਰ ਨੂੰ ਕਬੂਲਦਿਆਂ ਲਾਹੌਰ ਦਾ ਦਇਆ ਰਾਮ, ਦਿੱਲੀ ਵਾਸੀ ਧਰਮ ਚੰਦ, ਜਗਨਨਾਥਪੁਰੀ ਦਾ ਹਿੰਮਤ ਰਾਏ, ਦਵਾਰਕਾਪੁਰੀ ਦਾ ਮੁਹਕਮ ਚੰਦ ਤੇ ਬਿਦਰ ਵਾਸੀ ਸਾਹਿਬ ਚੰਦ ਆਪਣੇ ਆਪ ਨੂੰ ਗੁਰੁ ਨੂੰ ਸਮਰਪਿਤ ਕਰਨ ਲਈ ਨਿਤਰੇ।
ਇਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਸਿੰਘ ਸਾਜਿਆ ਤੇ ਨਵੇਂ ਸੰਕਲਪਾਂ ਨਾਲ ਨਵੇਂ ਮਨੁੱਖ ਦੀ ਸਿਰਜਣਾ ਕੀਤੀ। ਉਨ੍ਹਾਂ ਸਮਿਆਂ ਵਿਚ ਭਾਰਤੀ ਸਮਾਜ ਵਿਚ ਪਸਰੀ ਜਾਤਾਂ-ਪਾਤਾਂ ਤੇ ਹੋਰ ਸਮਾਜਿਕ ਵਲਗਣਾਂ ਦੀ ਬਿਮਾਰ ਮਾਨਸਿਕਤਾ ਤੋਂ ਉੱਪਰ ਉੱਠ ਕੇ ਅਜਿਹੇ ਖ਼ਾਲਸੇ ਦੀ ਸਿਰਜਣਾ ਕੀਤੀ ਜਿਸ ਦੀ ਸੋਚ ਤੇ ਦ੍ਰਿਸ਼ਟੀ ਸਰਬਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਪ੍ਰਨਾਈ ਹੋਈ ਸੀ। ਅਜਿਹੇ ਖ਼ਾਲਸੇ ਨੇ ਹੀ ਜਬਰ ਤੇ ਜ਼ੁਲਮ ਵਿਰੁੱਧ ਡਟ ਕੇ ਆਵਾਜ਼ ਉਠਾਈ। ਇਹ ਉਨ੍ਹਾਂ ਸਮਿਆਂ ਦੀ ਸਮਾਜਿਕ ਕ੍ਰਾਂਤੀ ਸੀ ਜਿਸ ਦੀ ਬਦੌਲਤ ਅਜਿਹੇ ਮਨੁੱਖ ਦੀ ਸਿਰਜਣਾ ਕੀਤੀ ਗਈ ਜੋ ਅਣਖ ਤੇ ਗ਼ੈਰਤ ਨੂੰ ਪ੍ਰਨਾਇਆ, ਜ਼ੁਲਮ ਤੇ ਜਬਰ ਵਿਰੁੱਧ ਡਟਣ ਵਾਲਾ, ਕਿਸੇ ਨਿਤਾਣੇ ਦਾ ਤਾਣ ਬਣਨ ਵਾਲਾ, ਭਗਤੀ, ਸ਼ਕਤੀ, ਸੰਜਮ, ਨਿਰਭੈ, ਨਿਰਵੈਰ ਤੇ ਨਿਮਾਣਤਾ ਜਿਹੇ ਆਦਰਸ਼ਾਂ ਦਾ ਧਾਰਨੀ ਸੀ
ਜਲ੍ਹਿਆਂਵਾਲੇ ਬਾਗ਼ ਦਾ ਇਤਿਹਾਸਕ ਸਾਕਾ ਵੀ ਅਪ੍ਰੈਲ 1919 ਵਿਚ ਵਿਸਾਖੀ ਵਾਲੇ ਦਿਨ ਹੀ ਵਾਪਰਿਆ। ਇਹ ਪੰਜਾਬੀਆਂ ਵਲੋਂ ਸਾਂਝੇ ਰੂਪ ਵਿਚ ਆਜ਼ਾਦੀ ਲਈ ਡ੍ਹੋਲੇ ਖੂਨ ਦਾ ਗਵਾਹ ਹੈ। ਅੱਜ ਵੀ ਸੰਘਰਸ਼ ਦੇ ਰਾਹ ਤੁਰੇ ਕਾਮਿਆਂ ਲਈ ਇਹ ਇਤਿਹਾਸਕ ਘਟਨਾ ਪ੍ਰੇਰਨਾ ਦਾ ਸੋਮਾ ਹੈ। ਪੰਜਾਬੀ ਲੋਕ ਸਾਹਿਤ ਵਿਚ ਵੀ ਕਣਕ ਦੀ ਫ਼ਸਲ ਨਾਲ ਜੁੜੇ ਅਨੇਕਾਂ ਲੋਕ-ਗੀਤ ਇਸ ਦੀ ਸਾਡੀ ਜ਼ਿੰਦਗੀ ਵਿਚ ਮਹੱਤਤਾ ਨੂੰ ਉਜਾਗਰ ਕਰਦੇ ਹਨ। ਇਹ ਨਿੱਤ ਵਰਤੋਂ ਦੀ ਚੀਜ਼ ਹੋਣ ਕਾਰਨ 'ਘਰ ਦੀ ਕੋਠੀ' ਦਾਣਿਆਂ ਨਾਲ ਭਰੀ ਹੋਣੀ ਹਰ ਇਕ ਦੇ ਮਨ ਨੂੰ ਤਸੱਲੀ ਭਰੀ ਖ਼ੁਸ਼ੀ ਹੋਣੀ ਸੁਭਾਵਿਕ ਗੱਲ ਹੈ। ਇਹ ਵੱਖਰੀ ਗੱਲ ਹੈ ਕਿ ਕਕਰੀਲੀਆਂ ਰਾਤਾਂ ਤੇ ਤਪਦੀਆਂ ਦੁਪਹਿਰਾਂ ਵਿਚ ਖੂਨ-ਪਸੀਨਾ ਇਕ ਕਰਨ ਦੇ ਬਾਵਜੂਦ ਵੀ 'ਅੰਨਦਾਤੇ' ਦੀਆਂ ਆਸਾਂ ਉਮੰਗਾਂ ਕਦੇ ਵੀ ਪੂਰੀਆਂ ਨਹੀਂ ਹੋਈਆਂ। ਇਹ ਉਦੋਂ ਵੀ ਰੁੱਖੀ ਸੁੱਖੀ ਖਾ ਕੇ ਅਣਹੋਇਆਂ ਦਾ ਜੀਵਨ ਹੰਢਾਉਂਦਾ ਸੀ ਤੇ ਬਹੁਤ ਕੁਝ ਬਦਲਣ ਦੇ ਬਾਵਜੂਦ ਅੱਜ ਵੀ ਥੁੜ੍ਹਾਂ ਮਾਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ।
ਮਿਹਨਤੀ ਸੁਭਾਅ, ਖੁਲ੍ਹੱਾ-ਡੁੱਲ੍ਹਾ ਖਾਣ-ਪੀਣ, ਆਪਣਾ ਹੱਕ ਜਤਾਉਣ ਦੀ ਦ੍ਰਿੜ੍ਹਤਾ, ਕਿਸੇ ਲਾਟੀਖਾਨ ਦੀ ਵੀ ਟੈਂਅ ਨਾ ਮੰਨਣੀ ਤੇ ਕਿਸੇ ਦੁਖੀ ਤੇ ਲੋੜਵੰਦ ਪ੍ਰਤੀ ਅੰਤਾਂ ਦੀ ਦਇਆ-ਭਾਵਨਾ ਜਿਹੇ ਗੁਣਾਂ ਨਾਲ ਵਰੋਸਾਏ ਪੰਜਾਬੀ, ਮੇਲਿਆਂ ਦੇ ਸ਼ੌਕੀਨ ਹਨ। ਪੁਰਾਣੇ ਸਮਿਆਂ ਵਿਚ ਖੇਤੀਬਾੜੀ ਦੇ ਧੰਦੇ ਵਿਚੋਂ ਕਿਸਾਨ ਨੂੰ ਘੱਟ ਹੀ ਵਿਹਲ ਮਿਲਦੀ ਸੀ। ਇਸ ਲਈ ਤਿਉਹਾਰ ਤੇ ਮੇਲੇ ਉਸ ਦੀ ਅਕੇਵੇਂ ਭਰੀ ਜ਼ਿੰਦਗੀ ਨੂੰ ਨਵਾਂ ਹੁਲਾਸ ਤੇ ਖ਼ੁਸ਼ੀ ਬਖ਼ਸ਼ਦੇ ਸਨ। ਮੇਲੇ ਜਾਣ ਦੇ ਚਾਅ ਵਿਚ ਉਹ ਆਪਣੇ ਕੰਮਾਂ ਨੂੰ ਛੋਹਲੇ ਹੱਥੀਂ ਨਿਬੇੜਦਾ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਧਨੀ ਰਾਮ ਚਾਤ੍ਰਿਕ ਦੀ ਵਿਸਾਖੀ ਮੇਲੇ ਬਾਰੇ ਲਿਖੀ ਕਵਿਤਾ 'ਮਾਰਦਾ ਦਮਾਮੇ ਜੱਟ ਮੇਲੇ ਆ ਗਿਆ' ਉਨ੍ਹਾਂ ਸਮਿਆਂ ਦੇ ਪੰਜਾਬੀ ਕਿਸਾਨ ਦੀ ਮੇਲੇ ਨੂੰ ਚੜ੍ਹਤ ਤੇ ਮਨ ਦੀ ਖ਼ੁਸ਼ੀ ਦੇ ਡੂੰਘੇ ਭਾਵਾਂ ਦਾ ਬਹੁਤ ਹੀ ਵਾਸਤਵਿਕ ਚਿਤਰਨ ਪੇਸ਼ ਕਰਦੀ ਹੈ। ਅਸਲ ਵਿਚ ਮੇਲਾ ਤਾਂ ਪੰਜਾਬੀ ਬੰਦੇ ਦੇ ਮਨ ਵਿਚ ਇਸ ਕਦਰ ਸਮਾਇਆ ਹੋਇਆ ਹੈ ਕਿ ਇਸ ਨੂੰ ਪੰਜਾਬੀ ਸੁਭਾਅ ਵਿਚੋਂ ਵੱਖ ਕਰ ਕੇ ਦੇਖਿਆ ਹੀ ਨਹੀਂ ਜਾ ਸਕਦਾ। ਮੇਲਾ ਉਸ ਦੀ ਰੂਹ ਨੂੰ ਅਗੰਮੀ ਖ਼ੁਸ਼ੀ ਪ੍ਰਦਾਨ ਕਰਨ ਦਾ ਅਵਸਰ ਤਾਂ ਦਿੰਦਾ ਹੀ ਹੈ, ਸਗੋਂ ਉਸ ਦੇ ਅੰਦਰ ਮਘਦੇ ਪੰਜਾਬੀਅਤ ਦੇ ਜਜ਼ਬੇ ਨੂੰ ਪ੍ਰਗਟਾਉਣ ਦਾ ਮੌਕਾ ਵੀ ਦਿੰਦਾ ਹੈ। ਇਸੇ ਕਾਰਨ ਹੀ ਪੰਜਾਬੀ ਲੋਕ-ਧਾਰਾ ਦੇ ਵਿਦਵਾਨ ਡਾ.ਵਣਜਾਰਾ ਬੇਦੀ ਨੇ ਲਿਖਿਆ ਹੈ, ਪੰਜਾਬੀ, ਸੁਭਾਅ ਦੇ ਬੜੇ ਰੰਗੀਲੇ ਤੇ ਦਿਲਾਂ ਦੇ ਬਾਦਸ਼ਾਹ ਹਨ। ਮੇਲਾ, ਬੀਜ ਰੂਪ ਵਿਚ, ਪੰਜਾਬੀ ਚਰਿੱਤਰ ਵਿਚ ਹੀ ਸਮਾਇਆ ਹੋਇਆ ਹੈ।
ਜੀਵਨ ਦੀਆਂ ਲੋੜਾਂ ਥੁੜ੍ਹਾਂ ਤੇ ਅਨੇਕਾਂ ਦੁਸ਼ਵਾਰੀਆਂ ਵਿਚ ਫਾਥਾ 'ਅੰਨਦਾਤਾ' ਹੁਣ 'ਦਮਾਮੇ ਮਾਰਦਾ' ਮੇਲੇ ਨਹੀਂ ਆਉਂਦਾ। ਜੇ ਆਉਂਦਾ ਵੀ ਹੈ ਤਾਂ ਉਸ ਦੇ ਮਨ ਵਿਚ ਮੇਲੇ ਦਾ ਪਹਿਲਾਂ ਜਿਹਾ ਚਾਅ ਨਹੀਂ ਰਿਹਾ। ਸਾਰੇ ਦੇਸ਼ ਦੇ ਅੰਨ ਭੰਡਾਰ ਨੂੰ ਮਾਲਾਮਾਲ ਕਰਨ ਵਾਲੇ ਦੀ ਆਪਣੀ ਜ਼ਿੰਦਗੀ ਇਸ ਕਦਰ ਵਿਯੋਗੀ ਪਈ ਹੈ ਕਿ ਉਸ ਦੇ ਮਨ ਵਿਚੋਂ ਮੇਲੇ ਜਾਣ ਦਾ ਚਾਅ ਹੀ ਜਿਵੇਂ ਗੁਆਚ ਗਿਆ ਹੈ। ਮਿਹਨਤਾਂ ਨਾਲ ਪਾਲੀ ਉਸ ਦੀ ਫ਼ਸਲ ਵੀ ਮੰਡੀਆਂ ਵਿਚ ਰੁੱਲਦੀ ਹੈ ਤੇ ਸਰਕਾਰਾਂ ਮਨਮਰਜ਼ੀ ਨਾਲ ਖਰੀਦ ਕਰ ਕੇ, ਕਿਸਾਨ ਦੀ ਖੂਨ-ਪਸੀਨੇ ਦੀ ਕਮਾਈ ਹੜੱਪੀ ਜਾ ਰਹੀਆਂ ਹਨ। ਹਕੂਮਤਾਂ ਇਸ ਕਦਰ ਬੇਰਹਿਮ ਹੋ ਗਈਆਂ ਹਨ ਕਿ ਧਰਤੀ-ਪੁੱਤਰ ਨੂੰ ਆਪਣੀਆਂ ਹੱਕੀ ਮੰਗਾਂ ਲਈ ਲੰਮੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਲਗਾਤਾਰ ਵਧ ਰਹੇ ਕਰਜ਼ੇ ਦਾ ਸੰਤਾਪ, ਕਿਸੇ ਧੀ ਧਿਆਣੀ ਦੇ ਹੱਥ ਪੀਲੇ ਕਰਨ ਦਾ ਝੋਰਾ, ਘਰ ਦੇ ਕਿਸੇ ਜੀਅ ਦਾ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਪੀੜਤ ਹੋਣ ਦਾ ਦਰਦ ਤੇ ਅਨੇਕਾਂ ਹੋਰ ਦੁਸ਼ਵਾਰੀਆਂ ਦਾ ਝੰਬਿਆ ਕਿਸਾਨ ਆਪਣੇ ਦੁੱਖਾਂ ਦੀ ਨਜਾਤ ਲਈ ਕਿਹਦਾ ਦਰ ਖੜਕਾਵੇ, ਕੋਈ ਸੁਣਨ ਵਾਲਾ ਹੈ ਹੀ ਨਹੀਂ। ਅਜਿਹੀ ਸਥਿਤੀ ਦਾ ਮਾਰਿਆ ਹੀ ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਪੈਂਦਾ ਹੈ। ਕਰਜ਼ੇ ਦਾ ਸਤਾਇਆ, ਜੇ ਕੋਈ ਬਾਪ ਧੀ ਦੇ ਵਿਆਹ ਵਾਲੇ ਦਿਨ ਵੀ ਖ਼ੁਦਕੁਸ਼ੀ ਜਿਹਾ ਕਦਮ ਚੁੱਕਣ ਲਈ ਮਜਬੂਰ ਹੁੰਦਾ ਹੈ ਤਾਂ ਸਮਝਿਆ ਜਾ ਸਕਦਾ ਹੈ ਕਿ ਸਥਿਤੀ ਕਿੰਨੀ ਦਰਦਮਈ ਹੋ ਚੁੱਕੀ ਹੈ। ਪਿਛਲੇ ਕਈ ਸਾਲਾਂ ਤੋਂ ਹਰ ਰੋਜ਼ ਦੋ ਤਿੰਨ ਕਿਸਾਨਾਂ ਦੀ ਖ਼ੁਦਕੁਸ਼ੀ ਦੀਆਂ ਦਿਲ ਵਲੂੰਧਰਨ ਵਾਲੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪ ਰਹੀਆਂ ਹਨ। ਹਕੂਮਤੀ ਧਿਰਾਂ ਏਨੀਆਂ ਅਸੰਵੇਦਨਸ਼ੀਲ ਹੋ ਚੁੱਕੀਆ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਪਰਿਵਾਰਾਂ ਦੇ ਕੀਰਨੇ ਸੁਣਾਈ ਨਹੀਂ ਦਿੰਦੇ।
ਸਮਿਆਂ ਨੇ ਬਹੁਤ ਕੁਝ ਬਦਲ ਦਿੱਤਾ ਹੈ। ਪੰਜਾਬ ਹਰ ਪੱਖ ਤੋਂ ਹੀ ਨਿੱਘਰਦਾ ਜਾ ਰਿਹਾ ਹੈ। ਅਜੋਕੇ ਪੰਜਾਬੀ ਬੰਦੇ ਦੇ ਕਿਰਦਾਰ ਵਿਚੋਂ ਪੰਜਾਬੀਅਤ ਦੀ ਅਸਲੋਂ ਨਿਵੇਕਲੀ ਪਛਾਣ ਦੇ ਮੁੱਲਵਾਨ ਆਦਰਸ਼ ਹੌਲੀ-ਹੌਲੀ ਕਿਰਦੇ ਜਾ ਰਹੇ ਹਨ। ਜਿਸ ਦੇ ਸਿੱਟੇ ਵਜੋਂ ਮੇਲਿਆਂ ਤਿਉਹਾਰਾਂ ਦੀ ਸਾਰਥਿਕਤਾ ਗਵਾਚਦੀ ਜਾ ਰਹੀ ਹੈ। ਵਿਸਾਖੀ ਦਾ ਤਿਉਹਾਰ ਕੋਈ ਨਿਰਾ ਮੇਲਾ ਹੀ ਨਹੀਂ ਹੈ, ਇਹ ਮਾਨਵੀ ਆਦਰਸ਼ਾਂ ਨੂੰ ਪ੍ਰਣਾਈ ਸਾਡੀ ਸ਼ਾਨਾਂਮੱਤੀ ਵਿਰਾਸਤ ਹੈ। ਖ਼ੁਦਕੁਸ਼ੀਆਂ ਦੇ ਰਾਹ ਤੁਰੇ ਧਰਤੀ ਪੁੱਤਰਾਂ ਨੂੰ ਵੀ ਇਸ ਪਵਿੱਤਰ ਦਿਹਾੜੇ 'ਤੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਵੀ ਸੰਕਟ ਦਾ ਮੁਕਾਬਲਾ ਦ੍ਰਿੜ ਹੌਸਲੇ ਤੇ ਬਹਾਦਰੀ ਨਾਲ ਕਰਨ ਦੀਆਂ ਸਾਡੀਆਂ ਪਰੰਪਰਾਵਾਂ 'ਤੇ ਚੱਲ ਕੇ ਹੀ ਕਰਨਗੇ ਨਾ ਕਿ ਖ਼ੁਦਕੁਸ਼ੀ ਦੇ ਰਾਹ ਤੁਰਨਗੇ। ਉਂਜ ਵੀ ਖ਼ੁਦਕੁਸ਼ੀ ਦਾ ਵਰਤਾਰਾ ਪੰਜਾਬੀ ਸੁਭਾਅ ਦੇ ਉਲਟ ਹੈ। ਇਹ ਤਾਂ ਪੰਜਾਬ ਨੂੰ ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਹੈ ਕਿ ਸਾਰਾ ਪੰਜਾਬ ਹੀ ਕਿਸੇ ਨਾ ਕਿਸੇ ਪੱਖ ਤੋਂ ਢਹਿੰਦੀ ਕਲਾ ਦੇ ਰਾਹ ਤੁਰਿਆ ਜਾ ਰਿਹਾ ਹੈ। ਵਿਸਾਖੀ ਵਰਗੇ ਸ਼ਾਨਾਂਮੱਤੇ ਤਿਉਹਾਰ ਦੀ ਸਾਰਥਿਕਤਾ ਇਸ ਵਿਚ ਹੀ ਹੈ ਕਿ ਨਿਘਾਰ ਦੀ ਚਰਮਸੀਮਾ 'ਤੇ ਪਹੁੰਚੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਰਾਹ ਤੋਰਨ ਲਈ ਹਰ ਪੰਜਾਬੀ ਬੰਦਾ ਹੌਸਲੇ, ਦ੍ਰਿੜ੍ਹਤਾ ਤੇ ਬਹਾਦਰੀ ਦਾ ਮੁਜ਼ਾਹਰਾ ਕਰੇ।
-ਪਿੰਡ-ਖਰਲ ਕਲਾਂ (ਜਲੰਧਰ) ਮੁਬਾਈਲ : 98153-56086