ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-01-2022

<H4>ਗੁਰੂ ਗੋਬਿੰਦ ਸਿੰਘ ਵਿਸ਼ੇਸ਼ ਅੰਕ</H4> ਯੁੱਗ-ਪੁਰਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ

Ad Position 21
No active advertisement
ਅਜੀਤ ਡੈਸਕ 09-01-2022

ਇਤਿਹਾਸ ਇਸ ਹਕੀਕਤ ਦੀ ਗਵਾਹੀ ਭਰਦਾ ਹੈ ਕਿ ਬਹੁ ਪੱਖੀ ਸ਼ਖ਼ਸੀਅਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਕ ਵੱਡੇ ਇਤਿਹਾਸਕ ਇਨਕਲਾਬ ਦਾ ਮੁੱਢ ਬੰਨ੍ਹਿਆ ਸੀ ਅਤੇ ਸਮਾਂ ਆਉਣ 'ਤੇ ਇਸ ਇਨਕਲਾਬ ਨੇ ਭਾਰਤ ਦੀ ਸਮਾਜੀ ਵਿਵਸਥਾ ਤੇ ਉਸ ਦੀ ਰੂਪ-ਰੇਖਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ। ਸਦੀਆਂ ਤੋਂ ਸ਼ੋਸ਼ਣ ਤੇ ਵਿਤਕਰੇ ਦਾ ਸ਼ਿਕਾਰ ਹੁੰਦੇ ਚਲੇ ਆ ਰਹੇ ਭਾਰਤੀ ਸਮਾਜ ਦਾ ਇਕ ਵੱਡਾ ਹਿੱਸਾ, ਸਮਾਜੀ ਤੇ ਰਾਜਸੀ ਪੱਧਰ 'ਤੇ ਸੱਤਾ ਵਿਚ ਆਪਣੀ ਬਣਦੀ ਹਿੱਸੇਦਾਰੀ ਮੰਗਣ ਦੀ ਰਾਹ 'ਤੇ ਤੁਰ ਪਿਆ ਸੀ। ਇਕ ਨਵੀਂ ਜਾਗਰੂਕਤਾ ਪੈਦਾ ਹੋ ਗਈ ਸੀ ਅਤੇ ਆਮ ਜਨਤਾ ਨੂੰ ਆਸ ਦੀ ਕਿਰਨ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ। ਸੱਤਾ ਦੇ ਸਮੀਕਰਨ ਵੀ ਬਦਲਣੇ ਸ਼ੁਰੂ ਹੋ ਗਏ ਸਨ। ਸੱਚਮੁੱਚ ਇਹ ਪਰਿਵਰਤਨ ਹਰ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਸੀ ਅਤੇ ਭਾਰਤੀ ਸਮਾਜ ਇਸ ਪਰਿਵਰਤਨ ਦੇ ਇਨਕਲਾਬ ਦੇ ਮੋਢੀ ਯੁੱਗ-ਪੁਰਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹਮੇਸ਼ਾ ਰਿਣੀ ਰਹੇਗਾ।
ਅਸਲ ਵਿਚ ਗੁਰੂ ਸਾਹਿਬ ਦੀ ਜਿਸ ਗੱਲ ਨੇ ਆਮ ਲੋਕਾਂ ਨੂੰ ਸਭ ਤੋਂ ਵੱਧ ਅਸਰ-ਅੰਦਾਜ਼ ਕੀਤਾ, ਉਹ ਸੀ ਉਨ੍ਹਾਂ ਦੀ ਸਮਾਜਿਕ ਇਨਕਲਾਬ ਪ੍ਰਤੀ ਅਦੁੱਤੀ ਪ੍ਰਤੀਬੱਧਤਾ। ਉਨ੍ਹਾਂ ਦੇ ਹਰ ਬੋਲ ਅਤੇ ਹਰ ਵਿਹਾਰ ਵਿਚੋਂ ਇਹ ਪ੍ਰਤੀਬੱਧਤਾ ਪਰਿਪੱਕ ਹੁੰਦੀ ਨਜ਼ਰ ਆਉਂਦੀ ਹੈ। ਇਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਉਸ ਪ੍ਰਤੀਬੱਧਤਾ ਦੇ ਉਹ ਬਚਨ ਚੇਤੇ ਆਉਂਦੇ ਹਨ ਜਿਹੜੇ ਵੇਲੇ ਦੇ ਹਾਲਾਤ ਦੇ ਦਰਪੇਸ਼ ਉਨ੍ਹਾਂ ਨੇ ਕਹੇ ਸਨ ਅਤੇ ਜਿਨ੍ਹਾਂ ਨੂੰ ਗਿਆਨੀ ਗਿਆਨ ਸਿੰਘ ਨੇ ਆਪਣੇ 'ਪੰਥ ਪ੍ਰਕਾਸ਼' ਵਿਚ ਇਸ ਤਰ੍ਹਾਂ ਕਲਮਬੰਦ ਕੀਤਾ ਹੈ :
ਜਿਨ ਕੀ ਜਾਤਿ ਔਰ ਕੁਲ ਮਾਂਹੀ।
ਸਰਦਾਰੀ ਨਹਿ ਭਈ ਕਦਾਹੀਂ।
ਕੀਟਨ ਤੈ ਇਨ ਕੋ ਮ੍ਰਿਗਿੰਦੂ।
ਕਰੋ ਹਰਨ ਹਿਤ ਤੁਰਕ ਗਜਿੰਦੂ।
ਇਨ ਹੀ ਕੋ ਸਰਦਾਰ ਬਨਾਵੋਂ।
ਤਬੈ ਗੋਬਿੰਦ ਸਿੰਘ ਨਾਮ ਸਦਾਵੋਂ।
ਇਤਿਹਾਸਕ ਪ੍ਰਸੰਗ ਵਿਚ ਵੇਖੀਏ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਆਰੰਭ ਹੋਈ ਇਸ ਇਨਕਲਾਬੀ ਪ੍ਰਕਿਰਿਆ ਦੌਰਾਨ ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਪ੍ਰਾਣਾਂ ਦੀ ਆਹੂਤੀ ਦੇਣੀ ਪਈ ਸੀ। ਫਿਰ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਆਪਣੀ ਸ਼ਹਾਦਤ ਦਿੱਤੀ ਸੀ। ਫਿਰ ਸਮਾਂ ਆਉਣ 'ਤੇ ਜਦੋਂ ਸਿੱਖਾਂ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨ ਕੇ ਸੀਸ ਅਰਪਣ ਕਰ ਦਿੱਤਾ ਸੀ ਅਤੇ ਫਿਰ ਖ਼ਾਲਸੇ ਦੀ ਸਿਰਜਣਾ ਹੋ ਗਈ ਸੀ। ਦਰਅਸਲ, ਇਹ ਗੁਰੂਆਂ ਦੁਆਰਾ ਦਿੱਤੀ ਲੰਮੀ ਤਰਬੀਅਤ ਦਾ ਹੀ ਨਤੀਜਾ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਾਂ ਦੀ ਮੰਗ ਕੀਤੀ ਤਾਂ ਇਕ ਤੋਂ ਬਾਅਦ ਇਕ ਸਿੱਖ ਸਿਰ ਤਲੀ ਉਪਰ ਰੱਖ ਕੇ ਨਿੱਤਰ ਕੇ ਸਾਹਮਣੇ ਆ ਗਿਆ ਅਤੇ ਖ਼ਾਲਸੇ ਦੀ ਸਿਰਜਣਾ ਦਾ ਅਮਲ ਮੁਕੰਮਲ ਹੋ ਗਿਆ।
ਇਹ ਇਕ ਐਸਾ ਮਹਾਨ ਕਾਰਨਾਮਾ ਸੀ ਜਿਸ ਨੇ ਮੁਰਦਾ ਕੌਮ ਵਿਚ ਰੂਹ ਫੂਕ ਦਿੱਤੀ ਸੀ। ਜਿਸ ਨੇ ਲੋਕਾਂ ਦੇ ਮਨਾਂ ਅੰਦਰ ਕ੍ਰਾਂਤੀ ਦੀ ਜਵਾਲਾ ਜਗਾ ਦਿੱਤੀ ਸੀ। ਉਹ ਸਮਾਜ, ਜਿਹੜਾ ਗੁਲਾਮੀ ਨੂੰ ਆਪਣੀ ਤਕਦੀਰ ਸਮਝੀ ਬੈਠਾ ਸੀ, ਵਿਸ਼ਵਾਸ ਦੇ ਪੈਰਾਂ ਉਪਰ ਖੜੋਣਾ ਸ਼ੁਰੂ ਹੋ ਗਿਆ। ਉਸ ਦੀ ਚੇਤਨਾ ਜਾਗ ਉੱਠੀ, ਆਤਮ ਵਿਸ਼ਵਾਸ ਬੁਲੰਦ ਹੋ ਗਿਆ। ਸੱਚਮੁੱਚ ਇਹ ਇਕ ਅਨੋਖੀ ਕਰਾਮਾਤ ਸੀ। ਚਿੜੀਆਂ ਨੇ ਬਾਜ਼ਾਂ ਉਪਰ ਹੱਲਾ ਬੋਲ ਦਿੱਤਾ ਸੀ, ਇਕ-ਇਕ ਸਿੱਖ ਹਜ਼ਾਰਾਂ-ਲੱਖਾਂ ਦੇ ਬਰਾਬਰ ਹੋ ਨਿੱਤਰਿਆ ਸੀ।
ਇਤਿਹਾਸ ਇਸ ਸੱਚਾਈ ਦੀ ਵੀ ਵਜ਼ਾਹਤ ਕਰਦਾ ਹੈ ਕਿ ਜ਼ਾਲਮ ਹਕੂਮਤ ਦੇ ਤਸ਼ੱਦਦ ਦੇ ਖ਼ਿਲਾਫ਼ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ ਬੇਮਿਸਾਲ ਦਲੇਰੀ ਦਾ ਪਰਿਚੈ ਦਿੱਤਾ ਸੀ। ਜਿਨ੍ਹਾਂ ਹਾਲਾਤ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਸੀ ਅਤੇ ਮੈਦਾਨੇ-ਜੰਗ ਵਿਚ ਸ਼ਹਾਦਤ ਦੇਣ ਦਾ ਨਿਰਣਾ ਲਿਆ ਸੀ, ਉਸ ਦੀ ਦੂਜੀ ਮਿਸਾਲ ਇਤਿਹਾਸ ਵਿਚ ਨਹੀਂ ਮਿਲਦੀ। ਫੇਰ ਜਿਸ ਜੁਰੱਅਤ ਦਾ ਮੁਜ਼ਾਹਰਾ 9 ਸਾਲ ਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ 7 ਸਾਲ ਦੇ ਬਾਬਾ ਫ਼ਤਹਿ ਸਿੰਘ ਨੇ ਕੀਤਾ ਅਤੇ ਜਿਸ ਤਰ੍ਹਾਂ ਸੂਬਾ ਸਰਹਿੰਦ ਦੀ ਹਰ ਤਜਵੀਜ਼ ਰੱਦ ਕਰ ਕੇ ਸ਼ਹੀਦ ਹੋ ਜਾਣ ਨੂੰ ਤਰਜੀਹ ਦਿੱਤੀ, ਉਸ ਦੀ ਵੀ ਕੋਈ ਹੋਰ ਦੂਜਾ ਉਦਾਹਰਨ ਇਤਿਹਾਸ ਵਿਚ ਨਹੀਂ ਮਿਲਦੀ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ 'ਜ਼ਫਰਨਾਮਹ' ਵਿਚ ਫ਼ਰਮਾਇਆ ਸੀ :
- ਚਿਹਾ ਸ਼ੁਦ ਕਿ ਚੂੰ ਬਚਗਾਂ ਕੁਸ਼ਤਹ ਚਾਰ।
ਕਿਹ ਬਾਕੀ ਬ-ਮਾਂਦ ਅਸਤ ਪੇਚੀਦਹ ਮਾਰ।
- ਚਿਹ ਮਰਦੀ ਕਿਹ ਅਖ਼ਗਰ ਖਮੋਸ਼ਾਂ ਕੁਨੀ।
ਕਿਹ ਆਤਿਸ਼ ਦਮਾਂ ਰਾ ਫ਼ਰੋਜ਼ਾ ਕੁਨੀ।
ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਖ਼ਾਲਸਾ ਪੰਥ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਨੇ ਕਿਹਾ ਸੀ :
ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ।
ਹਿੰਦੀ ਦੇ ਸਿਰਮੌਰ ਸਾਹਿਤਕਾਰ ਤੇ ਕਵੀ ਮੈਥਿਲੀ ਸ਼ਰਣ ਗੁਪਤ ਗੁਰੂ ਸਾਹਿਬ ਨੂੰ ਆਪਣੀ ਸ਼ਰਧਾ ਭੇਟ ਕਰਦਿਆਂ ਕਹਿੰਦੇ ਹਨ:
ਸਿੱਖ ਸੰਘ ਕੇ ਭਾਗਯ-ਵਿਧਾਤਾ,
ਨਿਰਮਾਤਾ ਥੇ ਗੁਰੂ ਗੋਬਿੰਦ,
ਜੋ ਦੇ ਗਏ ਵੰਸ਼ ਤਕ ਕੀ ਬਲਿ,
ਵੇ ਦਾਤਾ ਥੇ ਗੁਰੂ ਗੋਬਿੰਦ।
ਅਸਲ ਵਿਚ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰਾ ਜੀਵਨ ਇਕ ਵੱਡਾ ਸੰਘਰਸ਼ ਕੀਤਾ ਸੀ। ਫਿਰ ਅਤਿ ਦੀ ਵਚਨ-ਬੱਧਤਾ ਅਤੇ ਪਰਿਪੱਕਤਾ ਦਾ ਪ੍ਰਗਟਾਵਾ ਕਰਦਿਆਂ ਉਹ ਹਮੇਸ਼ਾ ਆਪਣੇ ਨਿਸ਼ਾਨੇ ਵੱਲ ਵਧਦੇ ਚਲੇ ਗਏ ਸਨ। ਅਕਾਲ-ਪੁਰਖ ਨਾਲ ਕੀਤੇ ਅਹਿਦ ਉਪਰ ਕਿਸ ਤਰ੍ਹਾਂ ਪਰਵਾਨ ਚੜ੍ਹੇ ਹਨ ਗੁਰੂ ਗੋਬਿੰਦ ਸਿੰਘ ਜੀ, ਇਸ ਦੀ ਜਿਉਂਦੀ ਜਾਗਦੀ ਮਿਸਾਲ ਪਟਨੇ ਵਿਚ ਪ੍ਰਕਾਸ਼ ਤੋਂ ਲੈ ਕੇ ਅਨੰਦਪੁਰ ਤੱਕ ਅਤੇ ਅਨੰਦਪੁਰ ਤਿਆਗਣ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਦੀ ਉਨ੍ਹਾਂ ਦੀ ਜੀਵਨ ਯਾਤਰਾ ਹੈ। ਇਸ ਲਾਸਾਨੀ ਜੀਵਨ ਯਾਤਰਾ ਨੇ ਮਾਣ-ਮੱਤੇ ਇਤਿਹਾਸ ਦੀ ਸਿਰਜਣਾ ਕਰ ਦਿੱਤੀ ਸੀ।
ਇਕ ਹੋਰ ਨੁਕਤਾ ਇਥੇ ਸਾਂਝਾ ਕਰਨਾ ਚਾਹੁੰਦਾ ਹਾਂ। ਅੱਜ ਜਿਸ ਤਰ੍ਹਾਂ ਪਿਛੜੇ ਵਰਗ ਨੂੰ ਸੱਤਾ ਦੀ ਮੂਹਰਲੀ ਕਤਾਰ ਵਿਚ ਖੜ੍ਹੇ ਕਰਨ ਲਈ ਸਾਰੀਆਂ ਰਾਜਸੀ ਧਿਰਾਂ ਤੱਤਪਰਤਾ ਵਿਖਾ ਰਹੀਆਂ ਹਨ, ਉਸਦੇ ਪਿਛੋਕੜ ਵਿਚ 'ਬੇਕਸਾਂ-ਰਾ ਯਾਰ' ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇਤਿਹਾਸਕ ਵਚਨਬੱਧਤਾ ਦੀ ਸਭ ਤੋਂ ਅਹਿਮ ਭੂਮਿਕਾ ਹੈ। ਭਾਈ ਨੰਦ ਲਾਲ ਦੇ ਇਹ ਸ਼ਬਦ, ਮੈਨੂੰ ਇਸ ਸਾਰੇ ਸੰਦਰਭ ਵਿਚ ਬਹੁਤ ਢੁੱਕਵੇਂ ਪ੍ਰਤੀਤ ਹੁੰਦੇ ਹਨ: 'ਕਾਦਿਰੇ ਹਰਕਾਰ ਗੁਰੂ ਗੋਬਿੰਦ ਸਿੰਘ। ਬੇਕਸਾਂ-ਰਾ ਯਾਰ ਗੁਰੂ ਗੋਬਿੰਦ ਸਿੰਘ।'
ਭਾਈ ਵੀਰ ਸਿੰਘ ਜੀ ਇਸ ਸਾਰੇ ਇਤਿਹਾਸਕ-ਪ੍ਰਸੰਗ ਨੂੰ ਆਪਣੇ ਨਿਵੇਕਲੇ ਅੰਦਾਜ਼ ਵਿਚ ਪੇਸ਼ ਕਰਦੇ ਹਨ। ਉਨ੍ਹਾਂ ਦਾ ਕਥਨ ਹੈ : ਅਸੀਂ ਉਨ੍ਹਾਂ ਵਿਚੋਂ ਹੀ ਨਿਕਲੇ ਹਾਂ, ਜਿਨ੍ਹਾਂ ਦੀਆਂ ਸਦੀਆਂ ਦੀਆਂ ਬੇਬੱਸ ਮੌਤਾਂ ਦੇ ਕਾਰਨ ਇਕ ਪਹਾੜ ਦਾ ਨਾਮ ਹੀ 'ਹਿੰਦੂ ਕੁਸ਼' ਰੱਖ ਦਿੱਤਾ ਗਿਆ ਹੈ। ਜਿਥੋਂ ਲੰਘਦੇ ਹਿੰਦੂ ਕੈਦੀ ਸਰਦੀ ਨਾ ਝੱਲ ਸਕਣ ਕਰ ਕੇ ਮਰ ਜਾਂਦੇ ਹਨ ਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਮ ਹਿੰਦੂ ਕੁਸ਼ ਧਰ ਦਿੱਤਾ ਹੈ। ਵਾਹ ਉਇ ਸਾਹਿਬ! ਸੁਹਣੇ ਕੁੰਡਿਆਲਆਲੇ ਕੇਸਾਂ ਵਾਲੇ ਕਲਗੀਧਰ! ਧੰਨ ਤੇਰੀ ਜਿੰਦ! ਤੇ ਜਿੰਦ ਪਾਣ ਦੀ ਰੱਬੀ ਤਾਕਤ! ਇਨ੍ਹਾਂ ਮਰ ਮਿਟਿਆਂ ਹਿੰਦੀਆਂ ਵਿਚ ਤੂੰ ਕਿਹੜੀ ਅਮਰ, ਅਝੁੱਕ, ਸਦਾ ਬਲਦੀ ਜ਼ਿੰਦਗੀ ਫੂਕ ਦਿੱਤੀ ਹੈ ਕਿ ਜਿਸ ਦੇ ਬੱਚੇ ਵੀ, ਤੇਰੇ ਆਪਣੇ ਬੱਚਿਆਂ ਵਾਲੀ, ਬੀਰਤਾ ਦਿਖਾਲਦੇ ਹਨ।'
ਸਮੁੱਚੀ ਇਨਕਲਾਬੀ ਮੁਹਿੰਮ ਦੀ ਗੱਲ ਕਰਦਿਆਂ, ਇਥੇ ਗੁਰੂ ਗੋਬਿੰਦ ਸਿੰਘ ਜੀ ਦੇ ਇਕ ਅਤਿ ਮਹੱਤਵਪੂਰਨ ਪੈਗ਼ੰਬਰੀ ਤੇ ਰੂਹਾਨੀ ਸੰਦੇਸ਼ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਹਾਂ। ਦਸਮ ਪਿਤਾ ਨੇ ਆਪਣੀ ਬਾਣੀ ਤੇ ਵਿਹਾਰ ਰਾਹੀਂ ਹਰ ਤਰ੍ਹਾਂ ਦੇ ਵਿਤਕਰੇ ਨੂੰ ਨਕਾਰ ਕੇ ਸੰਪੂਰਨ ਮਨੁੱਖ ਜਾਤੀ ਵਿਚ ਸਮਾਨਤਾ ਤੇ ਸੁਤੰਤਰਤਾ ਦੀ ਭਾਵਨਾ ਉਜਾਗਰ ਕਰਨ ਦਾ ਮਹਾਨ ਕਾਰਜ ਕੀਤਾ ਸੀ। ਗੁਰੂ ਸਾਹਿਬੁ ਦੀ ਪਵਿੱਤਰ ਬਾਣੀ ਦੀਆਂ ਇਹ ਸਤਰਾਂ ਧਿਆਨ ਦੇਣ ਵਾਲੀਆਂ ਹਨ :
ਕੋਊ ਭਇਓ ਮੁੰਡੀਆ ਸੰਨਿਆਸੀ
ਕੋਊ ਜੋਗੀ ਭਇਓ,
ਕੋਊ ਬ੍ਰਹਮਚਾਰੀ
ਕੋਊ ਜਤੀ ਅਨੁਮਾਨਬੋ।
ਹਿੰਦੂ ਤੁਰਕ ਕੋਊ
ਰਾਫਜੀ ਇਮਾਮ ਸਾਫੀ,
ਮਾਨਸ ਕੀ ਜਾਤ
ਸਭੈ ਏਕੋ ਪਹਿਚਾਨਬੋ।
ਗੁਰੂ ਸਾਹਿਬ ਦੀ ਬਾਣੀ ਵਿਚ ਦਰਜ ਇਹ ਸੰਦੇਸ਼ ਵੀ ਵੱਡੀ ਅਹਿਮੀਅਤ ਵਾਲਾ ਹੈ। ਉਨ੍ਹਾਂ ਦਾ ਸੰਦੇਸ਼ ਹੈ - 'ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ' - ਪਰਮ ਪਿਤਾ ਪ੍ਰਭੂ ਪਰਮਾਤਮਾ ਨੂੰ ਉਹੀ ਪ੍ਰਾਪਤ ਕਰ ਸਕਦਾ ਹੈ ਜਿਹੜਾ ਪ੍ਰੇਮ ਦੀ ਰਾਹ 'ਤੇ ਤੁਰਦਾ ਹੈ :
ਕਹਾ ਭਯੋ ਜੋ ਦੋਊ ਲੋਚਨਾ ਮੂੰਦ ਕੈ
ਬੈਠਿ ਰਹਿਓ ਬਕ ਧਿਆਨ ਲਗਾਇਓ॥
ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨਿ
ਲੋਕ ਗਯੋ ਪਰਲੋਕ ਗਵਾਇਓ॥
ਬਾਸ ਕੀਓ ਬਿਖਿਅਨ ਸੋ ਬੈਠ ਕੇ
ਐਸੇ ਹੀ ਐਸ ਸੁ ਬੈਸ ਬਿਤਾਇਓ॥
ਸਾਚੁ ਕਹੋ ਸੁਨ ਲੇਹੁ ਸਭੈ
ਜਿਨ ਪ੍ਰ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
ਆਖ਼ਿਰ ਵਿਚ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਕੀਦਤ ਭੇਟ ਕਰਦੀਆਂ ਅਤੇ ਉਨ੍ਹਾਂ ਦੀ ਅਦੁੱਤੀ ਸ਼ਖ਼ਸੀਅਤ ਨੂੰ ਖ਼ੂਬਸੂਰਤ ਸ਼ਬਦਾਂ ਵਿਚ ਬਿਆਨ ਕਰਦੀ ਹਕੀਮ ਅੱਲਾ ਯਾਰ ਖ਼ਾਂ ਜੋਗੀ ਦੀ ਰਚਨਾ 'ਗੰਜਿ ਸ਼ਹੀਦਾਂ' ਦੀਆਂ ਇਨ੍ਹਾਂ ਸਤਰਾਂ ਨੂੰ ਦਰਜ ਕਰਨਾ ਚਾਹੁੰਦਾ ਹਾਂ :
ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵੁਹ ਕਮ ਹੈ।
ਹਰਚੰਦ ਮੇਰੇ ਹਾਥ ਮੇਂ ਪੁਰ ਜ਼ੋਰ ਕਲਮ ਹੈ।
ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬਿ-ਰਕਮ ਹੈ।
ਇਕ ਆਂਖ ਸੇ ਕਿਆ, ਬੁਲਬੁਲਾ ਕੁਲ ਬਹਿਰ ਕੋ ਦੇਖੇ!
ਸਾਹਿਲ ਕੋ, ਯਾ ਮੰਝਧਾਰ ਕੋ, ਯਾ ਲਹਰ ਕੋ ਦੇਖੇ!

Ad Position 22
No active advertisement
ਪਿਛਲੀ ਖ਼ਬਰ ਅਦੁੱਤੀ ਸ਼ਖ਼ਸੀਅਤ ਦੇ ਮਾਲਕ ਗੁਰੂ ਸਾਹਿਬ ਅਗਲੀ ਖ਼ਬਰ kanya
Ad Position 24
No active advertisement