ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2023

ਵਿਸਾਖੀ : ਸੱਭਿਆਚਾਰਕ ਅਤੇ ਧਾਰਮਿਕ ਮਹੱਤਵ

Ad Position 21
No active advertisement
ਅਜੀਤ ਡੈਸਕ 14-04-2023

ਵਿਸਾਖੀ ਮੌਸਮੀ ਤਿਉਹਾਰ ਹੈ ਜਿਹੜਾ ਕਿ ਹਰ ਸਾਲ ਅਪ੍ਰੈਲ ਮਹੀਨੇ ਦੇ ਅੱਧ ਵਿਚ ਮਨਾਇਆ ਜਾਂਦਾ ਹੈ। ਪੰਜਾਬ ਦੇ ਸੱਭਿਆਚਾਰ ਵਿਚ ਇਸ ਨੇ ਆਪਣੀ ਵੱਖਰੀ ਪਛਾਣ ਕਾਇਮ ਕਰ ਲਈ ਹੈ ਪਰ ਨਾਲ ਹੀ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਵੀ ਇਸਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਚਿਹਰੇ 'ਤੇ ਰੌਣਕ, ਖ਼ੁਸ਼ੀਆਂ ਅਤੇ ਖੇੜੇ ਲਿਆਉਣ ਵਾਲਾ ਇਹ ਤਿਉਹਾਰ ਖੇਤੀ ਨਾਲ ਜੁੜਿਆ ਹੋਇਆ ਹੈ। ਇਸ ਦਿਵਸ ਮੌਕੇ ਕਣਕ ਦੀ ਪੈਦਾਵਾਰ ਨੂੰ ਪ੍ਰਮੁੱਖਤਾ ਨਾਲ ਦੇਖਿਆ ਜਾਂਦਾ ਹੈ ਜਿਸ ਦੀ ਸੁਰੱਖਿਆ ਅਤੇ ਵਾਧੇ ਲਈ ਨਿਰੰਤਰ ਅਰਦਾਸ ਕੀਤੀ ਜਾਂਦੀ ਹੈ। ਇਸ ਖਿੱਤੇ ਵਿਚ ਪੈਦਾ ਹੋਣ ਵਾਲੇ ਅਨਾਜ ਨੇ ਕੇਵਲ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਦੀ ਹੀ ਪੂਰਤੀ ਨਹੀਂ ਕੀਤੀ ਬਲਕਿ ਦੇਸ਼ ਦੀਆਂ ਅੰਨ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਵੱਡਾ ਹਿੱਸਾ ਪਾਇਆ ਹੈ। ਇਸ ਲਈ ਇਹ ਫ਼ਸਲ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦੇ ਲੋਕਾਂ ਲਈ ਖ਼ੁਸ਼ੀਆਂ ਪੈਦਾ ਕਰਨ ਵਿਚ ਯੋਗਦਾਨ ਪਾਉਂਦੀ ਹੈ। ਇਸ ਮੌਸਮ ਦੌਰਾਨ ਪੰਜਾਬ ਦੇ ਲੋਕਾਂ ਦੇ ਚਿਹਰੇ 'ਤੇ ਦਿਖਾਈ ਦਿੰਦੀ ਖ਼ੁਸ਼ੀ ਨੂੰ ਭਾਵੇਂ ਬਹੁਤ ਸਾਰੇ ਕਵੀਆਂ ਨੇ ਰੂਪਮਾਨ ਕੀਤਾ ਹੈ ਪਰ ਧਨੀ ਰਾਮ ਚਾਤ੍ਰਿਕ ਦੀ 'ਮਾਰਦਾ ਦਮਾਮੇ ਜੱਟ ਮੇਲੇ ਆ ਗਿਆ' ਸਿਰਲੇਖ ਅਧੀਨ ਕਵਿਤਾ ਦਾ ਪੰਜਾਬੀਆਂ ਦੇ ਮਨਾਂ 'ਤੇ ਸਭ ਤੋਂ ਵਧੇਰੇ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਪੰਜਾਬ ਦੇ ਲੋਕ ਬਹੁਤ ਹੀ ਖ਼ੁਸ਼ੀ, ਜੋਸ਼, ਉਤਸ਼ਾਹ ਅਤੇ ਚਾਅ ਨਾਲ ਇਸ ਕਵਿਤਾ ਦਾ ਗਾਇਨ ਕਰਦੇ ਹਨ ਅਤੇ ਹੁਣ ਇਹ ਕਵਿਤਾ ਲੋਕ ਮਨਾਂ ਵਿਚ ਪ੍ਰਵੇਸ਼ ਕਰ ਗਈ ਹੈ।
ਇਸ ਤਿਉਹਾਰ ਨੇ ਪੰਜਾਬੀਆਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਵੱਡਾ ਹਿੱਸਾ ਪਾਇਆ ਹੈ। ਇਸ ਕਰਕੇ ਫ਼ਸਲ ਦੇ ਪੱਕ ਕੇ ਵਿਕ ਜਾਣ ਉਪਰੰਤ ਹੀ ਕਿਸਾਨਾਂ ਵਲੋਂ ਸਮੂਹ ਪਰਿਵਾਰਕ, ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿਚ ਯੋਗਦਾਨ ਪਾਇਆ ਜਾਂਦਾ ਹੈ। ਇਸ ਲਈ ਇਸ ਤਿਉਹਾਰ ਮੌਕੇ ਕੇਵਲ ਮੇਲਿਆਂ ਵਿਚ ਹੀ ਰੌਣਕ ਦੇਖਣ ਨੂੰ ਨਹੀਂ ਮਿਲਦੀ ਬਲਕਿ ਧਾਰਮਿਕ ਅਸਥਾਨਾਂ 'ਤੇ ਵੀ ਵੱਡੀ ਗਿਣਤੀ ਵਿਚ ਲੋਕ ਹਾਜ਼ਰੀ ਭਰਦੇ ਹਨ। ਪੰਜਾਬ ਦੇ ਲੋਕਾਂ 'ਤੇ ਗੁਰੂ ਸਾਹਿਬਾਨ ਦਾ ਸਭ ਤੋਂ ਵਧੇਰੇ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਅਤੇ ਹਰ ਧਰਮ ਨਾਲ ਸੰਬੰਧਿਤ ਵਿਅਕਤੀ ਗੁਰੂ-ਘਰ ਪ੍ਰਤੀ ਆਸਥਾ ਰੱਖਦਾ ਹੈ। ਆਵਾਜਾਈ ਅਤੇ ਆਰਥਿਕਤਾ ਕਮਜ਼ੋਰ ਹੋਣ ਕਰਕੇ ਪਹਿਲਾਂ ਆਮ ਲੋਕ ਕੇਵਲ ਦੀਵਾਲੀ ਅਤੇ ਵਿਸਾਖੀ ਨੂੰ ਹੀ ਗੁਰੂ-ਘਰਾਂ ਵਿਚ ਹਾਜ਼ਰੀ ਭਰਦੇ ਸਨ ਪਰ ਜਿਉਂ-ਜਿਉਂ ਇਹ ਦੋਵੇਂ ਸਾਧਨ ਮਜ਼ਬੂਤ ਹੁੰਦੇ ਗਏ, ਗੁਰਧਾਮਾਂ ਵਿਚ ਸਾਰਾ ਸਾਲ ਹੀ ਰੌਣਕ ਵੀ ਵੱਧਦੀ ਗਈ।
ਸਿੱਖ ਧਰਮ ਵਿਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਰਾਂ ਮਹੀਨਿਆਂ ਨਾਲ ਸੰਬੰਧਿਤ ਬਾਣੀ ਦੀ ਰਚਨਾ ਕੀਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਮਹੀਨੇ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦੇ ਹਨ-ਵੈਸਾਖੁ ਭਲਾ ਸਾਖਾ ਵੇਸ ਕਰੇ॥ ਇਸ ਦਾ ਭਾਵ ਹੈ ਕਿ ਇਸ ਮਹੀਨੇ ਵਿਚ ਪਤਝੜ ਤੋਂ ਬਾਅਦ ਰੌਣਕ ਪਰਤ ਰਹੀ ਹੈ, ਰੁੱਖਾਂ 'ਤੇ ਕਰੂੰਬਲਾਂ ਫੁੱਟ ਗਈਆਂ ਹਨ ਅਤੇ ਰੁੰਡ-ਮੁੰਡ ਹੋਏ ਰੁੱਖਾਂ ਦੀ ਪਛਾਣ ਸੰਭਵ ਹੋ ਗਈ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹੀਨੇ ਵਿਚ ਪ੍ਰਭੂ-ਪ੍ਰੀਤ ਪੈਦਾ ਕਰਨ ਦਾ ਮਹੱਤਵ ਦੱਸਿਆ ਹੈ।
ਗੁਰੂ ਸਾਹਿਬਾਨ ਦੇ ਹੁਕਮਨਾਮਿਆਂ ਵਿਚ ਵੀ ਸੰਗਤ ਨੂੰ ਦੀਵਾਲੀ ਅਤੇ ਵਿਸਾਖੀ ਦੇ ਮੌਕੇ ਗੁਰੂ-ਘਰ ਆਉਣ ਦਾ ਆਦੇਸ਼ ਕੀਤਾ ਮਿਲਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਹ ਤਿਉਹਾਰ ਵਿਸ਼ੇਸ਼ ਰੂਪ ਧਾਰਨ ਕਰ ਗਿਆ ਸੀ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਇਸ ਮਹੀਨੇ ਵਿਚ ਰੁੱਖਾਂ ਦੇ ਨਵੇਂ ਰੂਪ ਦਾ ਜ਼ਿਕਰ ਕੀਤਾ ਹੈ ਜਿਹੜਾ ਕਿ ਉਨ੍ਹਾਂ ਦੀ ਪਛਾਣ ਨੂੰ ਕਾਇਮ ਕਰਨ ਲਈ ਮਹੱਤਵਪੂਰਨ ਹੈ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮਹੀਨੇ ਮਨੁੱਖਾਂ ਦੀ ਸਦੀਵੀ ਪਛਾਣ ਕਾਇਮ ਕਰਨ ਦਾ ਸਫਲ ਯਤਨ ਕੀਤਾ ਹੈ। ਗੁਰੂ ਜੀ ਦੁਆਰਾ ਖ਼ਾਲਸੇ ਦੀ ਸਿਰਜਣਾ ਨੂੰ ਵਿਸ਼ੇਸ਼ ਰੂਪ ਵਿਚ ਦੇਖਿਆ ਜਾਂਦਾ ਹੈ ਜਿਸ ਨੇ ਸਮਾਜ ਵਿਚੋਂ ਜਾਤ-ਪਾਤ, ਊਚ-ਨੀਚ, ਭੇਦ-ਭਾਵ ਅਤੇ ਅਮੀਰ-ਗ਼ਰੀਬ ਦੀ ਪਛਾਣ ਨੂੰ ਖ਼ਤਮ ਕਰ ਕੇ ਇਕ ਨਿਸ਼ਾਨ ਅਤੇ ਇਕ ਵਿਧਾਨ ਅਧੀਨ ਸਭਨਾਂ ਨੂੰ ਪ੍ਰਵਾਨ ਕਰਨ ਦਾ ਵਿਲੱਖਣ ਕਾਰਜ ਕੀਤਾ ਹੈ। ਗੁਰੂ ਜੀ ਨੇ ਸਿੱਖਾਂ ਨੂੰ ਅਜਿਹੀ ਵਿਲੱਖਣ ਪਛਾਣ ਪ੍ਰਦਾਨ ਕੀਤੀ ਹੈ ਜਿਹੜੀ ਕਿ ਹਰ ਮੌਸਮ, ਦਸ਼ਾ ਅਤੇ ਦਿਸ਼ਾ ਵਿਚ ਲੁਕੋ ਸਕਣੀ ਅਸੰਭਵ ਹੈ। ਸਿੱਖ ਦੀ ਇਹ ਵਿਲੱਖਣ ਪਛਾਣ ਉਸ ਨੂੰ ਹਮੇਸ਼ਾ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ, ਸਰਬੱਤ ਦਾ ਭਲਾ ਮੰਗਦੀ ਹੈ ਅਤੇ ਪਰਉਪਕਾਰ ਦੇ ਕਾਰਜ ਕਰਦੀ ਹੈ। ਭਾਈ ਨੰਦ ਲਾਲ ਜੀ ਦੁਆਰਾ ਰਚਿਤ ਇਹ ਪੰਕਤੀਆਂ ਗੁਰੂ ਜੀ ਦੁਆਰਾ ਪੈਦਾ ਕੀਤੇ ਗਏ ਖ਼ਾਲਸੇ ਦੇ ਉਦੇਸ਼ ਦੀ ਰੂਪ-ਰੇਖਾ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ:
ਖਾਲਸਾ ਸੋਇ ਨਿਰਧਨ ਕੋ ਪਾਲੈ,
ਖਾਲਸਾ ਸੋਇ ਦੁਸ਼ਟ ਕੋ ਗਾਲੈ।
ਖਾਲਸਾ ਸੋਇ ਨਾਮ ਜਪ ਕਰੈ,
ਖਾਲਸਾ ਸੋਇ ਮਲੇਛ ਪਰ ਚੜ੍ਹੈ।
ਖਾਲਸਾ ਸੋਇ ਨਾਮ ਸਿਉ ਜੋੜੈ,
ਖਾਲਸਾ ਸੋਇ ਬੰਧਨ ਕੋ ਤੋੜੈ।
ਖਾਲਸਾ ਸੋਇ ਜੋ ਚੜ੍ਹੇ ਤੁਰੰਗ,
ਖਾਲਸਾ ਸੋਇ ਜੋ ਕਰੇ ਨਿਤ ਜੰਗ।
ਖਾਲਸਾ ਸੋਇ ਸ਼ਸਤਰ ਕੋ ਧਾਰੈ,
ਖਾਲਸਾ ਸੋਇ ਦੁਸ਼ਟ ਕੋ ਮਾਰੈ।
ਪਰਮਾਤਮਾ ਨਾਲ ਜੁੜਨ ਅਤੇ ਸਰਬੱਤ ਦੀ ਭਲਾਈ ਵਾਲੇ ਜਿਹੜੇ ਕਾਰਜਾਂ ਦੀ ਨਿਸ਼ਾਨਦੇਹੀ ਉਕਤ ਪੰਕਤੀਆਂ ਵਿਚ ਕੀਤੀ ਗਈ ਹੈ ਜਿਸ 'ਤੇ ਚੱਲਦੇ ਹੋਏ ਸਿੱਖਾਂ ਨੇ ਦੇਸ਼-ਦੁਨੀਆ ਵਿਚ ਆਪਣੀ ਵੱਖਰੀ ਪਛਾਣ ਕਾਇਮ ਕਰ ਲਈ ਹੈ। ਭਾਵੇਂ ਕਿ ਪੰਜਾਬ ਵਿਚ ਤਖ਼ਤ ਸੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਸ ਪੁਰਬ ਮੌਕੇ ਵੱਡੀ ਗਿਣਤੀ ਵਿਚ ਸੰਗਤ ਜੁੜਦੀ ਹੈ ਅਤੇ ਗੁਰੂ ਸਾਹਿਬਾਨ ਦੇ ਸੰਦੇਸ਼ ਅਤੇ ਸਿੱਖਿਆ ਨੂੰ ਹਿਰਦੇ ਵਿਚ ਗ੍ਰਹਿਣ ਕਰਦੀ ਹੈ ਪਰ ਹੁਣ ਇਸ ਦਾ ਪ੍ਰਭਾਵ ਦੁਨੀਆ ਦੇ ਭਿੰਨ-ਭਿੰਨ ਦੇਸ਼ਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਵਰਗੇ ਵੱਡੇ ਮੁਲਕਾਂ ਵਲੋਂ ਮਾਨਤਾ ਦੇਣ ਨਾਲ ਇਸ ਤਿਉਹਾਰ ਨੂੰ ਅੰਤਰਰਾਸ਼ਟਰੀ ਪਛਾਣ ਪ੍ਰਾਪਤ ਹੋਈ ਹੈ। ਕਈ ਦੇਸ਼ਾਂ ਵਿਚ 'ਦਸਤਾਰ ਦਿਵਸ' ਵਜੋਂ ਇਸ ਤਿਉਹਾਰ ਨੂੰ ਮਨਾਉਣ ਦਾ ਰਿਵਾਜ ਪ੍ਰਚੱਲਿਤ ਹੁੰਦਾ ਜਾ ਰਿਹਾ ਹੈ।
ਭਾਵੇਂ ਕਿ ਇਸ ਤਿੳਹਾਰ ਦੀ ਪਛਾਣ ਅਤੇ ਪ੍ਰਸਿੱਧੀ ਨੇ ਪੰਜਾਬੀਆਂ ਅਤੇ ਸਿੱਖਾਂ ਦਾ ਮਾਣ ਵਧਾਇਆ ਹੈ ਪਰ ਨਾਲ ਹੀ ਕੁਝ ਅਜਿਹੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਕਰਵਾਇਆ ਹੈ ਜਿਹੜੀਆਂ ਕਿ ਜੀਵਨ ਵਿਚ ਖ਼ੁਸ਼ੀਆਂ ਅਤੇ ਖੇੜੇ ਲਿਆਉਣ ਦਾ ਆਧਾਰ ਮੰਨੀਆਂ ਗਈਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਪਾਣੀ ਹੈ। ਪਾਣੀ ਨੇ ਪੰਜਾਬ ਦੀ ਜ਼ਮੀਨ ਨੂੰ ਖ਼ੁਸ਼ਹਾਲ ਬਣਾਇਆ ਹੈ ਜਿਸ ਕਰਕੇ ਇਸ ਇਲਾਕੇ ਨੂੰ ਦੇਸ਼ ਦੇ ਅੰਨ ਪੈਦਾ ਕਰਨ ਵਾਲੇ ਖਿੱਤੇ ਵਜੋਂ ਜਾਣਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਪਾਣੀ ਵਿਚ ਬਾਣੀ ਦਾ ਸੁਮੇਲ ਕਰ ਕੇ ਖ਼ਾਲਸੇ ਦੀ ਸਿਰਜਣਾ ਕੀਤੀ ਤਾਂ ਇਸ ਨੇ ਜਿੱਥੇ ਬਾਹਰੀ ਹਮਲਾਵਰਾਂ ਦਾ ਟਾਕਰਾ ਕੀਤਾ, ਉੱਥੇ ਸਮਾਜ ਵਿਚ ਗੁਰੂ ਸਾਹਿਬਾਨ ਦੁਆਰਾ ਪੈਦਾ ਕੀਤੀਆਂ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਸੀ ਜਿਸ ਦੇ ਸਿੱਟੇ ਵਜੋਂ ਆਮ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਆਗੂ ਪ੍ਰਵਾਨ ਕਰ ਲਿਆ ਸੀ ਅਤੇ ਅੰਗਰੇਜ਼ ਵੀ ਉਨ੍ਹਾਂ ਨਾਲ ਸੰਧੀ ਕਰਨ ਲਈ ਮਜਬੂਰ ਹੋ ਗਏ ਸਨ।
ਮੌਜੂਦਾ ਸਮੇਂ ਵਿਚ ਪੰਜਾਬ ਵਲੋਂ ਪੈਦਾ ਕੀਤੇ ਜਾ ਰਹੇ ਅਨਾਜ ਦੀ ਪੁਰਾਤਨ ਗੁਣਵੱਤਾ ਗੁਆਚਦੀ ਜਾ ਰਹੀ ਹੈ ਅਤੇ ਦੂਜੇ ਰਾਜਾਂ ਵਿਚ ਪੈਦਾ ਹੋ ਰਹੀ ਕਣਕ ਦਾ ਆਟਾ ਪੰਜਾਬ ਦੀਆਂ ਆਟਾ-ਚੱਕੀਆਂ 'ਤੇ ਆਮ ਦੇਖਿਆ ਜਾ ਸਕਦਾ ਹੈ। ਅਨਾਜ ਦੀ ਗੁਣਵੱਤਾ ਨੂੰ ਉੱਚਾ ਚੁੱਕਣਾ ਅਤੇ ਪਾਣੀ ਨੂੰ ਬਚਾਉਣਾ ਹੀ ਭਵਿੱਖ ਦੀਆਂ ਨਸਲਾਂ ਦੀਆਂ ਖ਼ੁਸ਼ੀਆਂ ਖੇੜਿਆਂ ਨੂੰ ਕਾਇਮ ਰੱਖਣ ਵਿਚ ਯੋਗਦਾਨ ਪਾ ਸਕਦਾ ਹੈ। ਖੇਤੀ ਦੇ ਨਾਲ-ਨਾਲ ਖ਼ਲਕਤ ਵਿਚ ਗੁਰੂ ਸਾਹਿਬਾਨ ਦੁਆਰਾ ਪ੍ਰਦਾਨ ਕੀਤੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖ ਕੇ ਹੀ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਹੈ। ਨਹੀਂ ਤਾਂ ਜਿਸ ਤਰ੍ਹਾਂ ਝੂਠ, ਬੇਈਮਾਨੀ ਅਤੇ ਨਸ਼ਿਆਂ ਦਾ ਬੋਲਬਾਲਾ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਉਹ ਸਮਾਜ ਲਈ ਘਾਤਕ ਸਿੱਧ ਹੋ ਰਿਹਾ ਹੈ ਅਤੇ ਨਾਲ ਹੀ ਮਾਣ ਪੈਦਾ ਕਰ ਰਹੇ ਆਦਰਸ਼ਾਂ ਨੂੰ ਵੀ ਖੋਰਾ ਲੱਗਾ ਰਿਹਾ ਹੈ। ਵਿਸਾਖੀ ਦੇ ਤਿੳਹਾਰ ਮੌਕੇ ਆਪਣੇ ਪਿਛੋਕੜ ਵੱਲ ਝਾਤ ਮਾਰਨ ਦੀ ਲੋੜ ਹੈ ਜਿਸ ਵਿਚੋਂ ਸ਼ੁੱਧ ਪਾਣੀ, ਸ਼ੁੱਧ ਅਨਾਜ, ਸ਼ੁੱਧ ਆਚਾਰ, ਸ਼ੁੱਧ ਵਿਹਾਰ ਅਤੇ ਸ਼ੁੱਧ ਵਿਚਾਰ ਪ੍ਰਗਟ ਹੁੰਦਾ ਹੈ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਸੰਸਾਰ ਵਿਚ ਉੱਚਤਮ ਸਥਾਨ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਲੈ ਕੇ ਜਾਂਦਾ ਹੈ।


-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ad Position 22
No active advertisement
ਪਿਛਲੀ ਖ਼ਬਰ ਜਲ੍ਹਿਆਂਵਾਲਾ ਬਾਗ਼ ਦੀਆਂ ਕੰਧਾਂ 'ਤੇ ਅੱਜ ਵੀ ਮੌਜੂਦ ਨੇ ਸਾਕੇ ਦੇ ਨਿਸ਼ਾਨ ਅਗਲੀ ਖ਼ਬਰ ਸਿੱਖ ਕੌਮ ਦੀ ਨਿਆਰੀ ਹਸਤੀ ਦਾ ਪ੍ਰਤੀਕ : ਖ਼ਾਲਸਾ ਸਾਜਨਾ ਦਿਵਸ
Ad Position 24
No active advertisement