9 ਅਪ੍ਰੈਲ, 1919 ਨੂੰ ਅੰਮ੍ਰਿਤਸਰ ਦੇ ਸੱਤਿਆਗ੍ਰਹਿ ਸਭਾ ਦੇ ਸਕੱਤਰ ਡਾ. ਹਾਫ਼ਿਜ਼ ਮੁਹੰਮਦ ਬਸ਼ੀਰ ਨੇ ਰਾਮ ਨੌਮੀ ਦਾ ਤਿਉਹਾਰ ਰਾਸ਼ਟਰੀ ਏਕਤਾ ਦਿਵਸ ਦੇ ਰੂਪ 'ਚ ਮਨਾ ਕੇ ਇਕ ਨਵਾਂ ਇਤਿਹਾਸ ਰਚਿਆ। ਇਹ ਰਿਪੋਰਟ ਲੈਫ਼ਟੀਨੈਂਟ ਗਵਰਨਰ ਸਰ ਮਾਈਕਲ ਉਡਵਾਇਰ ਪਾਸ ਲਾਹੌਰ ਪਹੁੰਚਣ 'ਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਇਲ ਇਰਵਿਨ ਵਲੋਂ ਅਗਲੇ ਹੀ ਦਿਨ 10 ਅਪ੍ਰੈਲ, 1919 ਨੂੰ ਸਵੇਰੇ 10 ਵਜੇ ਡਾ. ਸਤਿਆਪਾਲ ਤੇ ਸੈਫ਼ੂਦੀਨ ਕਿਚਲੂ, ਜੋ ਕਿ ਪ੍ਰਸਿੱਧ ਸਥਾਨਕ ਨੇਤਾ ਸਨ, ਨੂੰ ਗ੍ਰਿਫ਼ਤਾਰ ਕਰ ਕੇ ਜ਼ੋਲ ਕੈਂਪ, ਧਰਮਸ਼ਾਲਾ ਭੇਜ ਦਿੱਤਾ ਗਿਆ। ਦੋਵਾਂ ਨੇਤਾਵਾਂ ਦੇ ਅੰਮ੍ਰਿਤਸਰ 'ਚ ਦਾਖ਼ਲੇ 'ਤੇ ਪਾਬੰਦੀ ਲਾਏ ਜਾਣ ਦੇ ਰੋਸ ਵਜੋਂ ਸਵੇਰੇ 11.30 ਵਜੇ ਸ਼ਹਿਰ ਦੇ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਡੀ. ਸੀ. ਦੀ ਕੋਠੀ ਪਹੁੰਚਣ ਲਈ ਇਕੱਠੇ ਹੋਣ ਲੱਗੇ। ਜਦੋਂ ਜਲੂਸ ਹਾਲ ਬ੍ਰਿਜ (ਪੌੜੀਆਂ ਵਾਲਾ ਪੁਲ, ਜੋ ਕਿ ਹੁਣ ਖ਼ਤਮ ਕਰ ਦਿੱਤਾ ਗਿਆ ਹੈ) ਪਾਸ ਪਹੁੰਚਿਆ ਤਾਂ ਕੈਪਟਨ ਮੈਸੇ (ਸਿਵਲ ਲਾਈਨ ਜੇਲ੍ਹ ਦਾ ਕਮਾਂਡਰ) ਮੌਕੇ 'ਤੇ ਪਹੁੰਚ ਗਿਆ। ਬਿਨਾਂ ਭੀੜ ਨੂੰ ਕੋਈ ਚਿਤਾਵਨੀ ਦਿੱਤੇ ਉਸ ਦੇ ਅੰਗਰੇਜ਼ ਸਿਪਾਹੀਆਂ ਨੇ ਭੀੜ 'ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਕੁਝ ਲੋਕ ਮੌਕੇ 'ਤੇ ਹੀ ਮਾਰੇ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਇਸ ਦੇ ਵਿਰੋਧ 'ਚ ਭੀੜ ਨੇ ਦੁਪਹਿਰ ਇਕ ਵਜੇ ਦੇ ਲਗਭਗ ਰੇਲਵੇ ਗੁਦਾਮ, ਟੈਲੀਗਰਾਮ ਦਫ਼ਤਰ, ਨੈਸ਼ਨਲ ਬੈਂਕ ਆਫ਼ ਇੰਡੀਆ, ਅਲਾਇੰਸ ਬੈਂਕ, ਚਾਰਟਰਡ ਬੈਂਕ, ਰਿਲੀਜੀਅਸ ਬੁੱਕ ਸੁਸਾਇਟੀ ਡੀਪੂ, ਸਬ-ਡਾਕਘਰ ਦਰਬਾਰ ਸਾਹਿਬ, ਢਾਬ ਬਸਤੀ ਰਾਮ ਤੇ ਮਜੀਠ ਮੰਡੀ ਆਦਿ ਵਿਚ ਤੋੜ-ਭੰਨ ਕਰਨ ਤੋਂ ਬਾਅਦ ਅੱਗ ਲਗਾ ਦਿੱਤੀ। ਇਸ ਕਾਰਵਾਈ ਦੌਰਾਨ 5 ਅੰਗਰੇਜ਼ ਵੀ ਮਾਰੇ ਗਏ। ਸ਼ਹਿਰ ਦੇ ਹਾਲਾਤ ਬੇਕਾਬੂ ਹੁੰਦੇ ਵੇਖ ਡੀ. ਸੀ. ਨੇ 200 ਗੋਰਖਾ ਜਵਾਨ, ਜੋ ਦੂਸਰੇ ਇਲਾਕਿਆਂ 'ਚ ਤਾਇਨਾਤ ਸਨ, ਨੂੰ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਮੰਗਵਾ ਲਿਆ। ਮੇਜਰ ਮੈਕਡੋਨਲਡ ਦੀ ਕਮਾਂਡ ਹੇਠ 300 ਫ਼ੌਜੀ ਲਾਹੌਰ ਤੋਂ ਅੰਮ੍ਰਿਤਸਰ ਪਹੁੰਚ ਗਏ ਅਤੇ ਉਸੇ ਦਿਨ 11 ਅਪ੍ਰੈਲ ਦੀ ਸ਼ਾਮ ਜਲੰਧਰ ਬ੍ਰਿਗੇਡ ਦਾ ਕਮਾਂਡਰ ਬ੍ਰਿਗੇਡੀਅਰ ਜਨਰਲ ਆਰ. ਈ. ਐਚ. ਡਾਇਰ ਆਪਣੀ ਫ਼ੌਜੀ ਟੁਕੜੀ ਸਮੇਤ ਅੰਮ੍ਰਿਤਸਰ ਪਹੁੰਚ ਗਿਆ ਅਤੇ ਸੈਨਾ ਦਾ ਹੈੱਡ ਆਫ਼ਿਸ ਰੇਲਵੇ ਸਟੇਸ਼ਨ ਤੋਂ ਰਾਮ ਬਾਗ਼ (ਜਿੱਥੇ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ਹੈ) 'ਚ ਤਬਦੀਲ ਕਰ ਲਿਆ।
12 ਅਪ੍ਰੈਲ ਦੀ ਸਵੇਰ 10 ਵਜੇ ਜਨਰਲ ਡਾਇਰ ਨੇ 125 ਅੰਗਰੇਜ਼ ਅਤੇ 310 ਭਾਰਤੀ ਫ਼ੌਜੀਆਂ ਨਾਲ ਸ਼ਹਿਰ ਦੀ ਗਸ਼ਤ ਕੀਤੀ। ਲੋਕਾਂ ਨੂੰ ਚੌਕਾਂ ਵਿਚ ਢੋਲ ਵਜਾ ਕੇ ਅਤੇ ਪੋਸਟਰਾਂ ਰਾਹੀਂ ਚੇਤਾਵਨੀ ਦਿੱਤੀ ਗਈ ਕਿ 4 ਤੋਂ ਜ਼ਿਆਦਾ ਲੋਕ ਇਕ ਜਗ੍ਹਾ ਇਕੱਠੇ ਨਾ ਹੋਣ। ਇਸ ਬਾਰੇ 'ਅਪੀਲ' ਸਿਰਲੇਖ ਹੇਠ ਉਰਦੂ ਤੇ ਗੁਰਮੁਖੀ 'ਚ ਲਿਖੇ ਪੋਸਟਰ ਹਾਲ ਬਾਜ਼ਾਰ ਤੇ ਲੋਹਗੜ੍ਹ ਆਬਾਦੀ 'ਚ ਸਿਰਫ਼ 19 ਸਥਾਨਾਂ 'ਤੇ ਲਗਾਏ ਗਏ। 13 ਅਪ੍ਰੈਲ ਦੀ ਸਵੇਰ ਨੂੰ ਡਾਇਰ ਨੇ ਸ਼ਹਿਰ ਦੀਆਂ ਸੜਕਾਂ 'ਤੇ ਫਿਰ ਗਸ਼ਤ ਕੀਤੀ। ਸਿਟੀ ਸੁਪਰਿੰਟੈਂਡੈਂਟ ਅਸ਼ਰਫ਼ ਖ਼ਾਨ, ਸਬ-ਇੰਸਪੈਕਟਰ ਉਬੇਦ ਉੱਲਾ ਤੇ ਨਾਇਬ ਤਹਿਸੀਲਦਾਰ ਮਲਿਕ ਫ਼ਤਹਿ ਖ਼ਾਨ ਵੀ ਘੋੜਿਆਂ 'ਤੇ ਉਸ ਦੇ ਨਾਲ ਸਨ। ਸਖ਼ਤੀ ਦੇ ਬਾਵਜੂਦ ਲੋਕ ਜਲ੍ਹਿਆਂਵਾਲਾ ਬਾਗ਼ 'ਚ ਇਕੱਠੇ ਹੋਣਾ ਸ਼ੁਰੂ ਹੋ ਗਏ। ਜਨਰਲ ਡਾਇਰ ਨੂੰ ਸ਼ਾਮ 4 ਵਜੇ ਖ਼ਬਰ ਮਿਲੀ ਕਿ ਜਲ੍ਹਿਆਂਵਾਲਾ ਬਾਗ਼ 'ਚ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਚੁੱਕੇ ਹਨ। ਉਹ ਉਥੋਂ ਬਾਗ਼ ਵੱਲ ਜਾਣ ਲਈ ਆਪਣੀ ਕਾਰ 'ਚ ਨਿਕਲਿਆ, ਉਸ ਦਾ ਚਹੇਤਾ ਕੈਪਟਨ ਬ੍ਰਿਗਸ ਵੀ ਉਸ ਦੇ ਨਾਲ ਬੈਠਾ ਸੀ। ਉਸ ਦੀ ਕਾਰ ਦੇ ਪਿੱਛੇ ਦੋ ਹਥਿਆਰਾਂ ਨਾਲ ਲੈੱਸ ਕਾਰਾਂ ਸਨ, ਜਿਨ੍ਹਾਂ ਦੀ ਰਖਵਾਲੀ ਪੁਲਿਸ ਸੁਪਰਿੰਟੈਂਡੈਂਟ ਮਿ. ਰੇਹੀਲ ਅਤੇ ਡਿਪਟੀ ਸੁਪਰਿੰਟੈਂਡੈਂਟ ਮਿ. ਪਲੁਮਰ ਕਰ ਰਹੇ ਸਨ। ਜਨਰਲ ਡਾਇਰ ਦੀ ਕਾਰ ਸਮੇਤ ਹੋਰਨਾਂ ਹਥਿਆਰਾਂ ਨਾਲ ਲੈਸ ਗੱਡੀਆਂ ਨੂੰ ਚੌਕ ਫੁਹਾਰਾ ਦੇ ਡਾਕਘਰ ਕੋਲ ਖੜ੍ਹਾ ਕਰਨਾ ਪਿਆ, ਕਿਉਂਕਿ ਇਸ ਤੋਂ ਅੱਗੇ ਰਸਤਾ ਤੰਗ ਹੋਣ ਕਰਕੇ ਵਾਹਨਾਂ ਨੂੰ ਅਗਾਂਹ ਲੈ ਕੇ ਜਾਣਾ ਸੰਭਵ ਨਹੀਂ ਸੀ। ਉੱਥੇ ਇਕੱਠੀ ਹੋਈ ਲੋਕਾਂ ਦੀ ਭੀੜ ਨੇ ਡਾਇਰ ਨੂੰ ਗ਼ੁੱਸੇ ਵਿਚ ਵੇਖ ਡਰਦਿਆਂ ਉਸ ਨੂੰ ਸਲੂਟ ਮਾਰਿਆ ਅਤੇ 'ਗੋਰਾ ਸਾਹਿਬ' ਜ਼ਿੰਦਾਬਾਦ ਦੇ ਨਾਅਰੇ ਲਗਾਏ। ਡਾਇਰ ਉਥੋਂ ਪੈਦਲ ਫ਼ੌਜ ਸਮੇਤ ਪੂਰੇ 5.15 ਵਜੇ ਬਾਗ਼ 'ਚ ਪਹੁੰਚਿਆ, ਉੱਥੇ ਜਲਸਾ ਪੂਰੇ 4.30 ਵਜੇ ਸ਼ੁਰੂ ਹੋ ਚੁੱਕਿਆ ਸੀ। ਸਭਾ ਵਿਚ ਗੋਪੀ ਨਾਥ 'ਬੇਕਲ' ਨੇ ਆਪਣੀ ਕਵਿਤਾ 'ਫ਼ਰਿਆਦ' ਪੜ੍ਹਨੀ ਸ਼ੁਰੂ ਕੀਤੀ ਹੀ ਸੀ ਕਿ ਫ਼ੌਜ ਨੇ ਹੁਕਮ ਮਿਲਦਿਆਂ ਹੀ ਭੀੜ ਵੱਲ ਆਪਣੀਆਂ ਬੰਦੂਕਾਂ ਤਾਣ ਲਈਆਂ। ਸਭਾ ਦੀ ਪ੍ਰਧਾਨਗੀ ਕਰ ਰਹੇ ਡਾ. ਗੁਰਬਖ਼ਸ਼ ਸਿੰਘ ਰਾਇ ਨੇ ਜਲਦੀ ਨਾਲ ਅੰਗਰੇਜ਼ ਸਰਕਾਰ ਪ੍ਰਤੀ ਵਫ਼ਾਦਾਰ ਰਹਿਣ ਦਾ ਪਹਿਲਾ ਪ੍ਰਸਤਾਵ ਪੜ੍ਹਿਆ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਇਸ ਨਾਲ ਡਾਇਰ ਦਾ ਗ਼ੁੱਸਾ ਸ਼ਾਂਤ ਹੋ ਜਾਵੇਗਾ ਅਤੇ ਭੀੜ ਵੱਲ ਵੱਧ ਰਹੀ ਬੰਦੂਕਧਾਰੀ ਫ਼ੌਜ ਵਾਪਸ ਪਰਤ ਜਾਏਗੀ। ਦੂਸਰਾ ਪ੍ਰਸਤਾਵ ਜੋ ਸਰਕਾਰ ਦੀ ਦਮਨਕਾਰੀ ਨੀਤੀ ਦੇ ਵਿਰੋਧ ਵਿਚ ਸੀ (ਇਸ ਸਭਾ ਵਿਚ ਕੁਲ ਚਾਰ ਪ੍ਰਸਤਾਵ ਪਾਸ ਕੀਤੇ ਜਾਣੇ ਸਨ। ਉਪਰੋਕਤ ਤੋਂ ਇਲਾਵਾ ਤੀਸਰਾ ਪ੍ਰਸਤਾਵ ਸ਼ਹਿਰ ਵਾਸੀਆਂ ਨੂੰ ਹੜਤਾਲ ਖ਼ਤਮ ਕਰਨ ਲਈ ਬੇਨਤੀ ਕਰਨਾ ਅਤੇ ਚੌਥਾ ਭਾਰਤ ਸਰਕਾਰ ਨੂੰ ਰੌਲਟ ਐਕਟ ਵਾਪਸ ਲੈਣ ਦੀ ਮੰਗ ਕਰਨਾ ਸੀ) ਨੂੰ ਪੰਡਿਤ ਸ੍ਰੀ ਦੁਰਗਾ ਦਾਸ (ਸੰਪਾਦਕ ਨਵ੍ਹਾਏ ਵਕਤ ਅੰਮ੍ਰਿਤਸਰ) ਨੇ ਅਜੇ ਪੜ੍ਹਨਾ ਸ਼ੁਰੂ ਕੀਤਾ ਹੀ ਸੀ ਕਿ ਡਾਇਰ ਦੀ ਫ਼ੌਜ ਨੇ ਪੁਜ਼ੀਸ਼ਨ ਸੰਭਾਲ ਲਈ। ਬਾਗ਼ ਦੇ ਦਰਵਾਜ਼ੇ ਦੇ ਨਜ਼ਦੀਕ ਭੂਮੀ ਦਾ ਤਲ ਉੱਚਾ ਸੀ। ਡਾਇਰ ਨੇ ਤੁਰੰਤ 25 ਸੈਨਿਕ ਆਪਣੇ ਖੱਬੇ ਪਾਸੇ ਅਤੇ 25 ਸੈਨਿਕ ਆਪਣੇ ਸੱਜੇ ਪਾਸੇ ਤਾਇਨਾਤ ਕਰ ਲਏ। ਉਸ ਵੇਲੇ ਬਾਗ਼ ਵਿਚ ਲਗਭਗ 20,000 ਲੋਕ ਜਮ੍ਹਾਂ ਸਨ। ਖ਼ੁਫ਼ੀਆ ਵਿਭਾਗ ਦੇ ਕਰਮਚਾਰੀ ਵੀ ਭੀੜ ਵਿਚ ਮੌਜੂਦ ਸਨ। ਡਾਇਰ ਨੇ ਤੁਰੰਤ ਆਪਣੇ ਸੈਨਿਕਾਂ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ। ਪਹਿਲੀ ਗੋਲੀ ਮਦਨ ਮੋਹਨ (13 ਸਾਲ) ਪੁੱਤਰ ਡਾ. ਮਨੀ ਰਾਮ ਨੂੰ ਲੱਗੀ, ਜਿਸ ਦਾ ਘਰ ਬਿਲਕੁਲ ਬਾਗ਼ ਦੇ ਨਾਲ ਹੀ ਸੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਬਾਗ਼ ਵਿਚ ਖੇਡ ਰਿਹਾ ਸੀ। ਪੰਦਰਾਂ ਮਿੰਟ ਤੱਕ ਲਗਾਤਾਰ ਗੋਲੀਆਂ ਚਲਦੀਆਂ ਰਹੀਆਂ। ਕੁਲ 1650 ਗੋਲੀਆਂ ਚੱਲੀਆਂ। ਇਹ ਗੋਲੀਆਂ ਚੱਲਣੀਆਂ ਉਦੋਂ ਬੰਦ ਹੋਈਆਂ ਜਦੋਂ ਸੈਨਿਕਾਂ ਕੋਲੋਂ ਗੋਲੀਆਂ ਖ਼ਤਮ ਹੋ ਗਈਆਂ। ਹਜ਼ਾਰਾਂ ਜ਼ਖ਼ਮੀਆਂ ਦੇ ਦਿਲਾਂ ਨੂੰ ਹਿਲਾ ਦੇਣ ਵਾਲੀਆਂ ਚੀਕਾਂ ਅਤੇ ਮਦਦ ਲਈ ਨਿਕਲੀ ਪੁਕਾਰ ਦੀ ਕੂਕ ਸੁਣਾਈ ਦੇ ਰਹੀ ਸੀ, ਪਰ ਉਨ੍ਹਾਂ ਨੂੰ ਪਾਣੀ ਜਾਂ ਹੋਰ ਸਹਾਇਤਾ ਦੇਣ ਵਾਲਾ ਕੋਈ ਨਹੀਂ ਸੀ।
ਜਲ੍ਹਿਆਂਵਾਲਾ ਬਾਗ਼ ਸਮਾਰਕ ਦੀਆਂ ਦੀਵਾਰਾਂ 'ਤੇ ਅੰਗਰੇਜ਼ੀ ਫ਼ੌਜ ਵਲੋਂ ਚਲਾਈਆਂ ਗੋਲੀਆਂ ਦੇ ਅੱਧ ਮਿਟੇ ਨਿਸ਼ਾਨ ਅਜੇ ਵੀ ਮੌਜੂਦ ਹਨ, ਜਦ ਕਿ ਸਮਾਰਕ ਵਿਖੇ ਜਾਣ ਵਾਲੇ ਲੋਕ ਉਸ ਸਾਕੇ 'ਚ ਸ਼ਹੀਦ ਹੋਣ ਵਾਲੇ ਲੋਕਾਂ ਦੀ ਪਹਿਚਾਣ ਅਤੇ ਅਹਿਮੀਅਤ ਤੋਂ ਬਿਲਕੁਲ ਅਣਜਾਣ ਹਨ। ਅਸਲ 'ਚ ਇਨ੍ਹਾਂ ਸ਼ਹੀਦਾਂ ਦੇ ਨਾਂਅ ਹੋਰਨਾਂ ਸ਼ਹੀਦਾਂ ਦੀ ਤਰ੍ਹਾਂ ਜਨਤਾ ਦੀ ਜ਼ੁਬਾਨ 'ਤੇ ਭਾਵੇਂ ਨਹੀਂ ਹਨ, ਪਰ ਉਹ ਸ਼ਹੀਦ ਆਜ਼ਾਦੀ ਦੇ ਭਵਨ ਦੀ ਨੀਂਹ ਦੇ ਉਨ੍ਹਾਂ ਪੱਥਰਾਂ ਦੀ ਤਰ੍ਹਾਂ ਹਨ ਜੋ ਉਪਰੋਂ ਵਿਖਾਈ ਨਹੀਂ ਦਿੰਦੇ, ਪਰ ਇਹ ਸੱਚ ਹੈ ਕਿ ਉਨ੍ਹਾਂ ਦੀ ਇਸ ਆਜ਼ਾਦੀ ਦੀ ਨੀਂਹ ਰੂਪੀ ਸ਼ਹਾਦਤ ਤੋਂ ਬਗ਼ੈਰ ਆਜ਼ਾਦ ਭਾਰਤ ਦੀ ਇਹ ਇਮਾਰਤ ਕਦੇ ਖੜ੍ਹੀ ਨਹੀਂ ਹੋ ਸਕਦੀ ਸੀ।
-ਪ੍ਰਤੀਨਿਧੀ ਅਜੀਤ ਉਪ ਦਫ਼ਤਰ ਅੰਮ੍ਰਿਤਸਰ
ਮੋਬਾਈਲ : 9356127771