ਖ਼ਾਲਸਾ ਅਕਾਲ ਪੁਰਖ ਦੀ ਫ਼ੌਜ ਹੈ, ਉਹ ਵਾਹਿਗੁਰੂ ਦੀ ਜਿੱਤਣ ਵਾਲੀ ਸ਼ਕਤੀ ਨਾਲ ਅਭੇਦ ਹੋਣ ਕਰਕੇ ਆਪਣੀ ਜਿੱਤ ਦਾ ਪੂਰਨ ਵਿਸ਼ਵਾਸੀ ਹੈ। ਉਹ ਮਹਾਨ ਕ੍ਰਾਂਤੀਕਾਰੀ ਅਮਲਾਂ ਦਾ ਮੁਜੱਸਮਾ ਹੈ, ਜਿਨ੍ਹਾਂ ਦੀ ਸੇਧ ਮਨੁੱਖੀ ਸੁਤੰਤਰਤਾ ਦੇ ਆਦਰਸ਼ ਹਨ। ਖ਼ਾਲਸਾ ਸਮੁੱਚੇ ਮਾਨਵੀ ਸੱਭਿਆਚਾਰ ਦੀ ਉਸਾਰੀ ਲਈ ਨੇਕੀ ਦੇ ਵਿਕਾਸ ਤੇ ਬਦੀ ਦੇ ਵਿਨਾਸ਼ ਵਿਚ ਰੁਝਦਾ ਹੈ। ਉਹ ਆਪਣੀ ਸ਼ਕਤੀਸ਼ਾਲੀ ਰੂਹਾਨੀਅਤ ਵਿਚ ਵਿਘਨ ਪਾਉਣ ਵਾਲੀਆਂ ਦੁਨੀਆਵੀ ਦੌਲਤਾਂ, ਪਦਾਰਥਾਂ ਤੇ ਰੁਤਬਿਆਂ ਨੂੰ ਨਜ਼ਰਅੰਦਾਜ਼ ਕਰ ਕੇ ਹਮੇਸ਼ਾ ਮਨੁੱਖੀ ਗੌਰਵ ਤੇ ਅਣਖ਼ ਨੂੰ ਤਰਜੀਹ ਦਿੰਦਾ ਹੈ। ਉਹ ਆਪਣੀਆਂ ਜੀਵਨ ਦੀਆਂ ਕਿਰਿਆਵਾਂ ਨੂੰ ਗਤੀਸ਼ੀਲ ਰੱਖਦਾ ਹੈ ਤੇ ਆਪਣੇ ਲਈ ਮੱਘਦੀ ਕਾਰਜ-ਸ਼ੈਲੀ ਦਾ ਨਿਰਮਾਣ ਕਰਦਾ ਹੈ। ਖ਼ਾਲਸੇ ਦਾ ਕੌਮੀ ਨਿਸ਼ਾਨਾ ਰਾਜ ਭਾਗ ਮਾਣ ਚੁੱਕੀ ਕੌਮ ਹੋਣ ਦੇ ਨਾਤੇ, ਆਪਣੀ ਹੋਂਦ ਤੇ ਹਸਤੀ ਦੀ ਤਲਾਸ਼ ਵਿਚ ਮਨੁੱਖੀ ਸੁਤੰਤਰਤਾ, ਮਨੁੱਖੀ ਸਮਾਨਤਾ ਤੇ ਮਨੁੱਖੀ ਨਿਆਂ ਦੇ ਆਦਰਸ਼ਾਂ ਲਈ ਨਿਰੰਤਰ ਜੁਟੇ ਰਹਿਣਾ ਹੈ। ਖ਼ਾਲਸੇ ਦੀ ਗਤੀਸ਼ੀਲ ਜੀਵਨ-ਸਰਗਰਮੀ ਦਾ ਸਰੋਤ ਰੱਬੀ ਹੁਕਮ ਹਨ। ਪਲ-ਪਲ ਮੌਲਦੀ ਜੀਵਨ-ਵਿਕਾਸ-ਪ੍ਰਕਿਰਿਆ ਖ਼ਾਲਸੇ ਲਈ ਚਾਉ ਤੇ ਉਤਸ਼ਾਹ ਭਰੀ ਗਤੀਸ਼ੀਲਤਾ ਦਾ ਸੋਮਾ ਹੈ। ਉਸ ਦੀ ਸਮੁੱਚੀ ਸਰਗਰਮੀ ਸੰਸਾਰ ਦੇ ਉਜਲੇ ਭਵਿੱਖ ਲਈ ਸਮਰਪਿਤ ਹੈ। ਸਰਬੱਤ ਦੇ ਭਲੇ ਦਾ ਰੱਬੀ ਉਦੇਸ਼ ਖ਼ਾਲਸੇ ਦਾ ਉਦੇਸ਼ ਹੈ। ਉਹ ਐਸੇ ਸਮਾਜਿਕ, ਰਾਜਨੀਤਕ ਤੇ ਧਾਰਮਿਕ ਨਿਜ਼ਾਮ ਦਾ ਹਮਾਇਤੀ ਹੈ, ਜੋ ਨੀਚਾਂ ਤੇ ਨਿਮਾਣਿਆਂ ਦੇ ਹਿੱਤ 'ਚ ਹੋਵੇ, ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ ਤੇ ਜਿੱਥੇ ਪਾਖੰਡ ਤੇ ਵਿਖਾਵੇ ਨੂੰ ਕੋਈ ਥਾਂ ਨਾ ਹੋਵੇ। ਖ਼ਾਲਸੇ ਦਾ ਇਤਿਹਾਸ ਨਿਆਰਾ ਇਤਿਹਾਸ ਹੈ। ਇਹ ਖ਼ਾਲਸੇ ਦਾ ਤਖ਼ਤੇ ਤੋਂ ਤਖ਼ਤ ਵੱਲ ਜਾਣ ਦਾ ਸਫ਼ਰ ਬਿਆਨ ਕਰਦਾ ਹੈ। ਇਹ ਪੰਜਾਬ ਦੇ ਚਿੜੀਆਂ ਵਰਗੇ ਨਿਮਾਣੇ ਤੇ ਨਿਤਾਣੇ ਲੋਕਾਂ ਵਲੋਂ, ਗੁਰਮਤਿ ਰਾਹੀਂ, ਆਪਣੇ ਮੂਲ ਨੂੰ ਪਛਾਣ ਕੇ, ਬਾਜ਼ ਵਰਗੇ ਜ਼ਾਲਮ ਮੁਗ਼ਲ ਹਾਕਮਾਂ ਵਿਰੁੱਧ ਸੰਘਰਸ਼ ਕਰਨ ਦੇ ਸਮਰੱਥ ਹੋਣ ਦਾ ਇਤਿਹਾਸ ਹੈ। 'ਤਖਤਿ ਬਹੈ ਤਖਤੈ ਕੀ ਲਾਇਕ' (ਮਾਰੂ ਮਹਲਾ 1/1039) ਦਾ ਗੁਰਬਾਣੀ ਫੁਰਮਾਨ ਇਸ ਸੰਘਰਸ਼ ਦਾ ਆਧਾਰ ਹੈ। ਖ਼ਾਲਸੇ ਦਾ ਆਦਰਸ਼ ਹਮੇਸ਼ਾ ਮਨੁੱਖੀ ਗੁਲਾਮੀ ਦੇ ਪ੍ਰਤੀਕ ਮਾਨਵ-ਦੋਖੀ ਹਕੂਮਤਾਂ ਨੂੰ ਤਖ਼ਤ ਤੋਂ ਲਾਹੁਣ ਤੇ ਮਾਨਵ-ਕਲਿਆਣ ਹਿਤ ਸਮਰਪਿਤ ਸ਼ਾਸਕਾਂ ਨੂੰ ਤਖ਼ਤ 'ਤੇ ਬਿਠਾਉਣ ਨਾਲ ਸੰਬੰਧਿਤ ਰਿਹਾ ਹੈ। ਖ਼ਾਲਸੇ ਨੇ ਮਨੁੱਖੀ ਗ਼ੁਲਾਮੀ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਤੇ ਮਨੁੱਖਤਾ ਦੀ ਆਜ਼ਾਦੀ, ਅਮਨ ਤੇ ਖ਼ੁਸ਼ਹਾਲੀ ਲਈ ਪੁਰਜਾ-ਪੁਰਜਾ ਕੱਟ ਕੇ ਮਰਨ ਦੀ ਸਹੁੰ ਖਾਧੀ ਹੈ। ਗੁਰੂ ਨਾਨਕ ਦੇਵ ਜੀ ਦੇ ਹਮਲਾਵਰ ਬਾਬਰ ਪ੍ਰਤੀ 'ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥' (ਤਿਲੰਗ ਮਹਲਾ 1/722-23), ਬੋਲ ਖ਼ਾਲਸੇ ਵਿਚ ਰਤ-ਪੀਣੇ ਰਾਜਿਆਂ ਦਾ ਵਿਰੋਧ ਉਭਾਰਦੇ ਹਨ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਸਮੁੱਚੀ ਮਨੁੱਖਤਾ ਦੀ ਧਾਰਮਿਕ ਆਜ਼ਾਦੀ ਲਈ ਪ੍ਰੇਰਿਤ ਕਰਦੀ ਹੈ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਖ਼ਾਲਸੇ ਵਿਚ ਨਿਰੰਤਰ ਸੰਘਰਸ਼ ਦੀ ਜਵਾਲਾ ਜਗਾਉਂਦੀ ਹੈ। ਖ਼ਾਲਸਾ ਗੁਰੂ ਨਾਨਕ ਦੇਵ ਜੀ ਦੇ ਇਸ ਸਿਧਾਂਤ ਤੋਂ ਪ੍ਰੇਰਿਤ ਹੁੰਦਾ ਹੈ ਕਿ 'ਸਕਤਾ' ਹੀ 'ਸਕਤੇ' ਸੰਗ ਲੜ ਸਕਦਾ ਹੈ, ਸ਼ਕਤੀ ਹੀ ਸ਼ਕਤੀ ਨੂੰ ਕੱਟ ਸਕਦੀ ਹੈ। ਲੋਹੇ ਨਾਲ ਲੋਹਾ ਲੈਣ ਨਾਲ ਹੀ ਜ਼ਾਲਮ ਜਾਬਰਾਂ ਨੂੰ ਨੱਥ ਪਾਈ ਜਾ ਸਕਦੀ ਹੈ। ਖ਼ਾਲਸਾ ਹਮੇਸ਼ਾ ਨਿਰਭੈ ਹੋ ਕੇ ਲੜਿਆ ਹੈ। ਖ਼ਾਲਸੇ ਨੇ ਉੱਤਰ-ਪੱਛਮੀ ਸਰਹੱਦਾਂ ਵਲੋਂ ਅਫ਼ਗਾਨਾਂ ਦੇ ਲਗਾਤਾਰ ਹਮਲਿਆਂ ਨੂੰ ਰੋਕਿਆ ਹੀ ਨਹੀਂ, ਸਗੋਂ ਉਨ੍ਹਾਂ ਦੇ ਇਲਾਕੇ ਪਿਸ਼ਾਵਰ ਦੇ ਬੂਹੇ 'ਤੇ ਕਈ ਫ਼ੈਸਲਾਕੁੰਨ ਲੜਾਈਆਂ ਲੜ ਕੇ ਉਨ੍ਹਾਂ ਨੂੰ ਭਾਂਜ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨਾਲ ਇਕਰਾਰ ਕੀਤਾ ਕਿ ਜਦ ਤੱਕ ਉਹ ਬ੍ਰਾਹਮਣੀ ਸਿਲਸਿਲੇ ਤੋਂ ਨਿਆਰਾ ਰਹੇਗਾ, ਤਦ ਤੱਕ ਉਹ ਉਨ੍ਹਾਂ ਦੀ ਸ਼ਕਤੀ ਤੋਂ ਤੇਜ ਦਾ ਵਾਰਸ ਬਣਿਆ ਰਹੇਗਾ। ਜਦੋਂ ਉਹ ਆਪਣੀਆਂ ਨਿਆਰੀਆਂ ਖ਼ੂਬੀਆਂ ਨੂੰ ਗੁਆ ਕੇ, ਰੂੜ੍ਹੀਵਾਦੀ ਵਿਚਾਰਧਾਰਾ ਨੂੰ ਅਪਣਾ ਕੇ, ਆਪਣੇ ਸੁਤੰਤਰ ਸਰੂਪ ਤੋਂ ਕਿਨਾਰਾਕਸ਼ੀ ਕਰੇਗਾ, ਉਹ ਉਨ੍ਹਾਂ (ਗੁਰੂ ਗੋਬਿੰਦ ਸਿੰਘ ਜੀ) ਦੀ ਪ੍ਰਤੀਤ ਗੁਆ ਕੇ, ਸਮੁੱਚੀ ਗੁਰ-ਸ਼ਕਤੀ ਤੋਂ ਵਿਰਵਾ ਹੋ ਜਾਵੇਗਾ। ਗੁਰੂ ਗੋਬਿੰਦ ਸਿੰਘ ਜੀ ਦੇ ਫਰਮਾਨ ਦਾ ਅੰਤਰੀਵ ਭਾਵ ਹੈ ਕਿ ਅਰਥਹੀਣੇ ਕਰਮਕਾਂਡ ਨੇ ਭਾਰਤ ਵਿਚ ਧਰਮ ਦੀ ਅਧੋਗਤੀ ਨੂੰ ਸਾਹਮਣੇ ਲਿਆਂਦਾ ਹੈ ਤੇ ਭਾਰਤੀ ਮਨੁੱਖ ਨੂੰ ਉਸ ਦੀ ਹਸਤੀ ਦੀਆਂ ਸਿਰਜਣਾਤਮਿਕ ਤੇ ਰਚਨਾਤਮਿਕ ਕੁਦਰਤੀ ਸ਼ਕਤੀਆਂ ਤੋਂ ਵਾਂਝਾ ਕਰ ਕੇ ਉਸ ਨੂੰ ਗੁਲਾਮ ਬਣਾ ਦਿੱਤਾ ਹੈ।
ਸੋ, ਖ਼ਾਲਸਾ ਜਦ ਤੱਕ ਆਪਣੀ ਸੰਰਚਨਾ ਦੇ ਪੰਜ ਤੱਤਾਂ ਨਾਲ ਜੁੜ ਕੇ ਵੱਖਰੀ ਨੁਹਾਰ ਵਾਲੀ ਸ਼ਕਲ, ਸਿੰਘ-ਆਦਰਸ਼, ਪੰਜ ਕਕਾਰਾਂ ਵਾਲੀ ਰਹਿਣੀ-ਬਹਿਣੀ, ਕੁਦਰਤੀ ਰੂਪ ਵਿਚ ਦਾਹੜੇ ਦੇ ਪ੍ਰਕਾਸ਼ ਢਾਲੀ ਵੱਖਰੀ ਦਿੱਖ ਬਣਾਈ ਰੱਖੇਗਾ ਤੇ ਰੂੜ੍ਹੀਵਾਦੀ ਸੱਭਿਆਚਾਰ ਦੇ ਉਲਟ ਸੱਭਿਆਚਾਰਕ ਸੁਤੇਰੜਾ, ਸਮਾਨਤਾ, ਸਮੂਹ ਧਰਮਾਂ ਦੀ ਸੁਰੱਖਿਅਤਾ, ਨੈਤਿਕਤਾ ਦੀ ਬੁਲੰਦੀ ਤੇ ਨਿਆਰੇ ਸਿੰਘ-ਆਦਰਸ਼ ਨਾਲ ਜੁੜਿਆ ਰਹੇਗਾ ਤਦ ਤੱਕ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਤ ਸ਼ਕਤੀਸ਼ਾਲੀ ਤੇਜ ਨਾਲ ਸੰਯੁਕਤ ਰਹੇਗਾ। ਜਦੋਂ ਖ਼ਾਲਸਾ ਮਨੁੱਖ ਦੀ ਆਜ਼ਾਦ ਹਸਤੀ ਦੇ ਵਿਰੋਧੀ ਰੂੜ੍ਹੀਵਾਦੀ ਸੱਭਿਆਚਾਰ ਨੂੰ ਅਪਨਾਉਣ ਦੀ ਗ਼ਲਤੀ ਕਰੇਗਾ ਤਾਂ ਉਸ ਦਾ ਇਹ ਕਰਮ ਮਨੁੱਖ ਦੀ ਸੁਤੰਤਰ ਹਸਤੀ ਦੇ ਪ੍ਰਤੀਕ ਸਿੱਖੀ ਸੱਭਿਆਚਾਰ ਨੂੰ ਪਿੱਠ ਦੇਣ ਦੇ ਸਮਾਨ ਹੋਵੇਗਾ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਅਨੰਤ ਸ਼ਕਤੀ ਦੇ ਪ੍ਰਵਾਹ ਨੂੰ, ਆਪਣੀ ਆਤਮਾ ਵਿਚ ਆਉਣ ਤੋਂ ਰੋਕ ਰਿਹਾ ਹੋਵੇਗਾ।
ਜਬ ਲਗ ਖਾਲਸਾ ਰਹੇ ਨਿਆਰਾ।
ਤਬ ਲਗ ਤੇਜ ਦੀਉ ਮੈ ਸਾਰਾ।
ਜਬ ਇਹ ਗਹੈ ਬਿਪਰਨ ਕੀ ਰੀਤ
ਮੈਂ ਨ ਕਰੋਂ ਇਨ ਕੀ ਪ੍ਰਤੀਤ।
ਖ਼ਾਲਸੇ ਦਾ ਸੰਕਲਪ ਤੇ ਮਾਣਮੱਤਾ ਇਤਿਹਾਸ
ਅਜੀਤ ਡੈਸਕ
14-04-2023