ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਪ੍ਰਕਾਸ਼ ਤੇ ਪ੍ਰਕਾਸ਼ਮਈ ਜੀਵਨ ਇਤਿਹਾਸ ਅਤੇ ਸਿੱਖਿਆਵਾਂ ਸੰਬੰਧੀ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਬਹੁਤ ਹੀ ਗਿਆਨ ਭਰਪੂਰ ਹੈ। ਇਹ ਲੇਖ ਪਹਿਲੀ ਵਾਰ 'ਤੇ ਹੀ ਆਧਾਰਿਤ ਹੈ। ਇਸ ਦੀ 23ਵੀਂ ਪਉੜੀ 'ਚ ਉਪਰੋਕਤ ਮੁੱਖ ਵਿਸ਼ਾ ਹੈ ਕਿ ਕਲਿਜੁਗ (ਕਲਿ) ਦਾ ਉਦਾਰ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਜੀ ਸੰਸਾਰ ਵਿਚ ਆਏ। ਫਿਰ ਇਕ ਪਉੜੀ ਵਿਚ ਕਲਿਜੁਗ ਦਾ ਵਰਣਨ ਕੀਤਾ ਹੈ:
ਕਲਿਜੁਗ ਬੌਧੁ ਅਉਤਾਰ ਹੈ ਬੋਧ ਅਬੋਧੁ ਨ ਦ੍ਰਿਸਟੀ ਆਵੈ॥
ਕੋਇ ਨ ਕਿਸੈ ਵਰਜਈ ਸੋਈ ਕਰੇ ਜੋਈ ਮਨ ਭਾਵੈ॥
(ਪਉੜੀ : 18)
ਭਾਵ ਕਲਿਜੁਗ ਵਿਚ ਬੋਧਪ੍ਰਸਤੀ ਤਾਂ ਹੈ ਪਰ ਗਿਆਨ ਅਗਿਆਨ (ਬੋਧ-ਅਬੋਧ) ਨਜ਼ਰ ਨਹੀਂ ਆਉਂਦਾ। ਇਸ ਦਾ ਕਾਰਨ ਕੋਈ ਕਿਸੇ ਨੂੰ ਵਰਜਦਾ ਨਹੀਂ ਤੇ ਜੋ ਕਿਸੇ ਦਾ ਮਨ ਕਰਦਾ ਉਹ ਮਨਿਮੱਤ ਅਨੁਸਾਰ ਕਰੀ ਜਾ ਰਿਹਾ ਹੈ। ਇਸ ਵਰਤਾਰੇ ਦਾ ਆਮ ਜਨ ਜੀਵਨ ਅਤੇ ਸਮਾਜ ਉਪਰ ਕੀ ਪ੍ਰਭਾਵ ਸੀ:
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ।
ਵਰਤਿਆ ਪਾਪ ਸਭਸ ਜਗ ਮਾਂਹੀ॥ (ਪਉੜੀ : 30)
ਭਾਵ ਕਲਿਜੁਗ ਦੀ ਦ੍ਰਿਸ਼ਟੀ ਕੁੱਤੇ ਮੂੰਹੀ ਹੋ ਗਈ ਤੇ ਖਾਣਾ (ਖਾਜ) ਪਰਾਇਆ ਹੱਕ ਮੁਰਦਿਆਂ ਦਾ ਮਾਸ ਹੋ ਗਿਆ। ਪਰਜਾ ਨੂੰ ਪਾਲਣਹਾਰੇ ਰਾਜੇ ਪਾਪ ਕਮਾ ਰਹੇ ਸਨ ਅਤੇ ਇਹ ਤਾਂ ਉਲਟੀ ਵਾੜ ਹੀ ਖੇਤ ਨੂੰ ਖਾ ਰਹੀ ਸੀ। ਪਰਜਾ ਗਿਆਨ ਤੋਂ ਬਗ਼ੈਰ ਅੰਨ੍ਹੀ ਤੇ ਕੂੜ ਕੁਫ਼ਰ ਮੁੱਖੋਂ ਬੋਲ ਰਹੀ ਸੀ। ਤੱਤਸਾਰ ਕਿ ਸਾਰੇ ਪਾਸੇ ਪਾਪ ਦਾ ਵਰਤਾਰਾ ਸੀ। ਅਜਿਹੇ ਰਾਜਨੀਤਕ, ਧਾਰਮਿਕ ਤੇ ਸਮਾਜਿਕ ਧੁੰਧੂਕਾਰ ਵਿਚ ਫਿਰ ਅਕਾਲ ਪੁਰਖ ਦੀ ਕਲਾ ਵਰਤੀ:-
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।
ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ।
(ਪਉੜੀ : 23)
ਅਕਾਲ ਪੁਰਖ ਨੇ ਧਰਤੀ ਦੀ ਪੁਕਾਰ ਸੁਣੀ ਤੇ ਗੁਰੂ ਨਾਨਕ ਪਾਤਿਸ਼ਾਹ ਜੀ ਨੂੰ ਸੰਸਾਰ ਵਿਚ ਭੇਜਿਆ। ਉਨ੍ਹਾਂ ਨੇ ਧਰਮ ਨੂੰ ਸੰਪੂਰਨਤਾ (ਚਾਰੇ ਪੈਰ) ਪ੍ਰਦਾਨ ਕੀਤੀ ਤੇ ਮਾਨਵਤਾ ਜੋ ਚਾਰ ਵਰਨਾਂ 'ਚ ਵੰਡੀ ਹੋਈ ਸੀ, ਉਸ ਨੂੰ ਏਕਤਾ ਦੇ ਸੂਤਰ 'ਚ ਪਰੋਇਆ। ਇੱਥੇ ਰਾਣਾ ਰੰਕ ਬਰਾਬਰੀ ਦਾ ਸੰਦੇਸ਼ ਹੈ। ਸਤਿਗੁਰਾਂ ਨੇ ਸੱਚੇ ਨਾਮ ਦੀ ਸਿੱਖਿਆ (ਮੰਤਰ) ਭਾਵ ਸ਼ਬਦ ਦੀ ਸ਼ਕਤੀ ਰਾਹੀਂ ਕਲਿਜੁਗ ਦੇ ਜੀਵਾਂ ਨੂੰ ਤਾਰਿਆ। ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ॥ (ਵਾਰ 23) ਉਸ ਸਮੇਂ ਹਰ ਪੱਖੋਂ ਗਿਰਾਵਟ ਵਿਚ ਆਏ ਸੰਸਾਰ ਦਾ ਪਾਰ ਉਤਾਰਾ ਕਰਨ ਲਈ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਕੀ ਕੀਤਾ?
ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝਹੁ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥
(ਪਉੜੀ : 24)
ਭਾਵ ਸਤਿਗੁਰਾਂ ਨੇ ਅਨੁਭਵਤਾ ਨਾਲ ਤੱਕਿਆ ਤਾਂ ਸਾਰੀ ਧਰਤੀ ਪਾਪਾਂ ਨਾਲ ਕੁਰਲਾਉਂਦੀ (ਜਲਤੀ) ਦੇਖੀ। ਸੱਚੇ ਗੁਰੂ ਦੀ ਸਿੱਖਿਆ ਤੋਂ ਬਿਨਾ ਹਨੇਰਾ ਸੀ ਤੇ ਸਮੂਹ ਮਾਨਵਤਾ ਹਾਇ-ਹਾਇ ਕਰ ਰਹੀ ਸੀ। ਗੁਰੂ ਜੀ ਸੰਸਾਰ ਦੇ ਭਲੇ ਲਈ ਫ਼ਕੀਰੀ ਧਾਰਨ ਕਰ ਕੇ ਧਰਤ ਲੋਕਾਈ ਨੂੰ ਤਾਰਨ ਲਈ ਪ੍ਰਚਾਰ ਲਈ ਚੱਲ ਪਏ।
ਭਾਈ ਗੁਰਦਾਸ ਜੀ ਨੇ ਪ੍ਰਚਾਰ ਦਾ ਢੰਗ, ਵੱਖ-ਵੱਖ ਸਥਾਨਾਂ 'ਤੇ ਸਿੱਧਾਂ ਨਾਲ ਸੰਵਾਦ ਦਾ ਵਰਣਨ ਕੀਤਾ ਹੈ। ਤੱਤਸਾਰ ਵਜੋਂ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਦੈਵੀ ਪ੍ਰਤਾਪ, ਰੂਹਾਨੀ ਆਭਾ ਤੇ ਸ਼ਬਦ ਦੀ ਸ਼ਕਤੀ ਨਾਲ ਕਿਵੇਂ ਰਹਿਮਤਾਂ ਬਰਸੀਆਂ ਤੇ ਮਨੁੱਖਤਾ ਨਿਹਾਲ ਹੋਈ, ਇਸ ਦਾ ਵੇਰਵਾ ਇਉਂ ਦਿੱਤਾ ਹੈ:
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।
ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਮੀ ਸਚਾ ਢੋਆ।
ਗੁਰਮੁਖਿ ਕਲਿ ਵਿਚ ਪਰਗਟੁ ਹੋਆ॥ (ਪਉੜੀ : 27)
ਭਾਵ ਗੁਰੂ ਜੀ ਦੀ ਬਾਣੀ ਦੇ ਪ੍ਰਭਾਵ ਸਦਕਾ ਮਾਨਵਤਾ ਏਨੀ ਪ੍ਰਭਾਵਿਤ ਤੇ ਵਿਸਮਾਦੀ ਰੰਗਣ ਵਿਚ ਰੰਗੀ ਗਈ ਕਿ ਜਾਣੀ ਘਰ-ਘਰ ਧਰਮਸ਼ਾਲਾ ਹੋ ਗਈ ਅਤੇ ਅਕਾਲ ਪੁਰਖ ਦੀ ਕੀਰਤੀ ਦਾ ਕੀਰਤਨ ਹੋਣ ਲੱਗ ਗਿਆ। ਹੁਣ ਸਭ ਨੂੰ ਇਉਂ ਜਾਪੇ ਜਿਵੇਂ ਸਦਾ ਹੀ ਵਿਸਾਖੀ (ਵਿਸੋਆ) ਹੋਵੇ। ਜਾਹਰ ਪੀਰ ਜਗਤ ਗੁਰ ਬਾਬਾ ਨੇ ਸੰਸਾਰ ਦੀਆਂ ਚਾਰੇ ਹੀ ਦਿਸ਼ਾਵਾਂ ਤਾਰ ਦਿੱਤੀਆਂ ਭਾਵ ਕੋਈ ਭਿੰਨ ਭੇਦ ਨਹੀਂ। ਇਹ ਉਪਦੇਸ਼ ਸਭ ਵਰਨਾ ਲਈ ਸੀ। ਇਸ ਤਰ੍ਹਾਂ ਨੌ ਖੰਡ ਪ੍ਰਿਥਵੀ ਵਿਖੇ ਸੱਚ ਪ੍ਰੇਮ ਦਾ ਮਿਲਾਪ ਹੋ ਗਿਆ। ਕਲਿਜੁਗ ਵਿਚ ਸ਼੍ਰੋਮਣੀ ਗੁਰੂ-ਗੁਰੂ ਨਾਨਕ ਜੀ ਪਰਗਟ ਹੋਏ।
ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਕਲਾ ਕਿਵੇਂ ਵਰਤੀ ਅਤੇ ਹਰ ਕਾਲ ਵਿਚ ਇਸ ਦਾ ਮੁੱਖ ਸਰੋਤ ਤੇ ਆਧਾਰ ਕੀ ਹੈ? ਸਿੱਧਾਂ ਨੂੰ ਸਤਿਗੁਰਾਂ ਨੇ ਜੋ ਉਨ੍ਹਾਂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਫ਼ਰਮਾਇਆ ਉਹ ਸਦਾ-ਸਦਾ ਸਾਡਾ ਰਾਹ ਦਸੇਰਾ ਹੈ:-
ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ॥
(ਪਉੜੀ:42)
ਗੁਰਸੰਗਤ ਤੇ ਬਾਣੀ ਦੀ ਕਲਾ ਪਹਿਲਾਂ ਵੀ ਵਰਤਦੀ ਰਹੀ, ਅੱਜ ਵੀ ਵਰਤ ਰਹੀ ਹੈ ਤੇ ਸਦੀਵ ਕਾਲ ਵਰਤਦੀ ਰਹੇਗੀ। ਇਹ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਨਿਰਮਲ ਪੰਥ ਦਾ ਫਲਸਫ਼ਾ ਹੈ।
- ਮੋਬਾਈਲ: 98159-85559