ਗੁਰੂ ਨਾਨਕ ਸਾਹਿਬ ਦਾ ਆਗਮਨ ਜਦੋਂ ਇਸ ਸੰਸਾਰ 'ਚ ਹੋਇਆ, ਉਦੋਂ ਭਾਰਤ ਵਿਚ ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਜ਼ੁਲਮ ਆਪਣੇ ਸਿਖ਼ਰ ਉੱਤੇ ਸੀ। ਲੋਕਾਈ ਦੀ ਬਹੁਗਿਣਤੀ ਕਿਰਤੀ ਸੀ ਪਰ ਉਨ੍ਹਾਂ ਨੂੰ ਅਛੂਤ ਆਖਿਆ ਜਾਂਦਾ ਸੀ। ਉਹ ਨਰਕ ਤੋਂ ਵੀ ਭੈੜੀ ਜ਼ਿੰਦਗੀ ਜੀਅ ਰਹੇ ਸਨ। ਦੂਜਿਆਂ ਦਾ ਢਿੱਡ ਭਰਨ ਵਾਲੇ, ਉਨ੍ਹਾਂ ਦੇ ਮਹਿਲਾਂ ਦੀ ਉਸਾਰੀ ਕਰਨ ਵਾਲੇ, ਉਨ੍ਹਾਂ ਲਈ ਕੱਪੜਾ ਅਤੇ ਹੋਰ ਲੋੜੀਂਦੀਆਂ ਵਸਤਾਂ ਤਿਆਰ ਕਰਨ ਵਾਲੇ ਕਿਰਤੀ ਅਖਵਾਉਂਦੇ ਹਨ। ਕੁੱਲੀ, ਗੁੱਲੀ ਅਤੇ ਜੁੱਲੀ ਲਈ ਤਰਸਦੇ ਸਨ।
ਗੁਰੂ ਜੀ ਨੇ ਜਰਵਾਣਿਆਂ ਨੂੰ ਵੰਗਾਰਿਆ ਅਤੇ ਉਨ੍ਹਾਂ ਨੂੰ ਜਾਲਮ ਆਖ ਫ਼ਿਟਕਾਰਿਆ ਪਰ ਨਾਲ ਹੀ ਜ਼ੁਲਮ ਸਹਿ ਰਹੀ ਲੋਕਾਈ ਨੂੰ ਲਲਕਾਰਿਆ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਜੂਝਣ ਦਾ ਸੱਦਾ ਦਿੱਤਾ। ਗੁਰੂ ਜੀ ਆਪ ਭਾਵੇਂ ਉਦੋਂ ਉੱਚੀ ਸਮਝੀ ਜਾਂਦੀ ਖੱਤਰੀ ਕੁੱਲ ਵਿਚੋਂ ਸਨ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਨੀਚ ਸਮਝੇ ਜਾਂਦੇ ਲੋਕਾਂ ਦੇ ਬਰਾਬਰ ਖੜ੍ਹਾ ਕੀਤਾ। ਉਨ੍ਹਾਂ ਦਾ ਫੁਰਮਾਨ ਹੈ :
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥ (ਅੰਗ-15)
ਉਨ੍ਹਾਂ ਲੋਟੂ ਟੋਲੇ ਨੂੰ ਫਿਟਕਾਰਦੇ ਹੋਇਆਂ ਆਖਿਆ ਤੁਸੀਂ ਪਰਾਇਆ ਹੱਕ ਮਾਰ ਕੇ ਕਿਰਤੀ ਦਾ ਖ਼ੂਨ ਪੀਂਦੇ ਹੋ ਅਤੇ ਉਨ੍ਹਾਂ ਦੀ ਕਮਾਈ ਉੱਤੇ ਐਸ਼ੋ-ਇਸ਼ਰਤ ਦਾ ਜੀਵਨ ਜੀਊਂਦੇ ਹੋ, ਜਦਕਿ ਕਿਰਤੀ ਨੂੰ ਅਛੂਤ ਆਖ ਉਸ ਦੇ ਪਰਛਾਵੇਂ ਤੋਂ ਵੀ ਦੂਰ ਰਹਿੰਦੋ ਹੋ। ਪਰਾਇਆ ਹੱਕ ਖਾਣਾ ਓਨਾ ਹੀ ਬੁਰਾ ਹੈ ਜਿੰਨਾ ਮੁਸਲਮਾਨਾਂ ਵਿਚ ਸੂਰ ਖਾਣ ਅਤੇ ਹਿੰਦੂਆਂ ਵਿਚ ਗਊ ਖਾਣ ਨੂੰ ਬੁਰਾ ਮੰਨਿਆ ਜਾਂਦਾ ਹੈ।
ਹਕੁ ਪਰਾਇਆ ਨਾਨਕਾ
ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ
ਮੁਰਦਾਰੁ ਨ ਖਾਏ॥ (ਅੰਗ-141)
ਜ਼ਾਲਮਾਂ ਨੂੰ ਆਖਿਆ ਤੁਸੀਂ ਕਿਰਤੀਆਂ ਦਾ ਹੱਕ ਮਾਰ ਕੇ ਉਨ੍ਹਾਂ ਦਾ ਖੂਨ ਪੀਂਦੇ ਹੋ, ਤੁਸੀਂ ਕਦੇ ਵੀ ਸੁੱਖ ਦੀ ਨੀਂਦ ਨਹੀਂ ਸੌਂ ਸਕਦੇ।
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥
(ਅੰਗ-140)
ਉਨ੍ਹਾਂ ਮਨੁੱਖਤਾ ਨੂੰ ਸੰਦੇਸ਼ ਦਿੱਤਾ ਕਿ ਜਿਹੜਾ ਕਿਰਤ ਕਰ ਕੇ ਖਾਂਦਾ ਹੈ ਅਤੇ ਨਾਲ ਹੀ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ, ਉਹ ਹੀ ਇਨਸਾਨ ਅਖਵਾਉਣ ਦਾ ਹੱਕਦਾਰ ਹੈ।
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਅੰਗ-1285)
ਗੁਰੂ ਜੀ ਦੀ ਬਖਸ਼ਿਸ਼ ਕਰਕੇ ਹੀ ਉਨ੍ਹਾਂ ਦੇ ਪੈਰੋਕਾਰ ਉੱਦਮੀ ਹਨ ਅਤੇ ਹਮੇਸ਼ਾ ਖ਼ਤਰੇ ਸਹੇੜਨ ਲਈ ਤਿਆਰ ਰਹਿੰਦੇ ਹਨ। ਔਖੀ ਘੜੀ 'ਚ ਵੀ ਉਹ ਚੜ੍ਹਦੀ ਕਲਾ ਵਿਚ ਰਹਿੰਦਿਆਂ ਮੁਸ਼ਕਿਲਾਂ ਦਾ ਡਟ ਕੇ ਮੁਕਾਬਲਾ ਕਰਦੇ ਹਨ। ਉਹ ਹਮੇਸ਼ਾ ਨਵੇਂ ਵਿਚਾਰਾਂ ਅਤੇ ਨਵੀਆਂ ਥਾਵਾਂ ਨੂੰ ਆਪਣਾ ਬਨਾਉਣ ਲਈ ਤਤਪੁਰ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਪੰਜਾਬੀਆਂ ਦੇ ਰਹਿਣ-ਸਹਿਣ ਵਿਚ ਤਬਦੀਲੀ ਆਈ ਹੈ। ਉਹ ਆਪਣੇ ਸੱਭਿਆਚਾਰ ਅਤੇ ਰਸਮੋ-ਰਿਵਾਜਾਂ ਤੋਂ ਦੂਰ ਹੋ ਰਹੇ ਹਨ। ਆਪਣੇ ਵਿਰਸੇ 'ਤੇ ਮਾਣ ਕਰਨਾ ਉਹ ਭੁੱਲ ਗਏ ਹਨ। ਸਾਰੇ ਸੰਸਾਰ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦੇਣ ਵਾਲੀ ਕੌਮ ਆਪ ਢਹਿੰਦੀ ਕਲਾ ਦਾ ਸ਼ਿਕਾਰ ਹੋ ਰਹੀ ਹੈ। ਹੱਥੀਂ ਕੰਮ ਕਰਨਾ ਅਸੀਂ ਹੇਠੀ ਸਮਝਣ ਲਗ ਪਏ ਹਾਂ। ਵਿਖਾਵਾ ਸਾਡੇ ਜੀਵਨ ਦਾ ਅੰਗ ਬਣ ਰਿਹਾ ਹੈ। ਵਿੱਤੋਂ ਵਧ ਖਰਚ ਕਰਨ ਨੂੰ ਮਾਣ ਸਮਝਦੇ ਹਾਂ। ਮਨੁੱਖੀ ਵਿਕਾਸ ਹੋਣ ਦੀ ਥਾਂ ਇਹ ਨਿਘਾਰ ਵੱਲ ਜਾ ਰਿਹਾ ਹੈ। ਜੀਵਨ 'ਚੋਂ ਵੀ ਸੰਜੀਦਗੀ ਖ਼ਤਮ ਹੋ ਰਹੀ ਹੈ। ਬਹੁਗਿਣਤੀ ਦੀ ਸੋਚ ਬਣ ਰਹੀ ਹੈ ਕਿ ਜੀਵਨ ਵਿਚ ਪੈਸਾ ਹੀ ਸਭ ਤੋਂ ਮਹੱਤਵਪੂਰਨ ਹੈ, ਉਸ ਨੂੰ ਪ੍ਰਾਪਤ ਕਰਨ ਲਈ ਕੁਝ ਵੀ ਕਰ ਲੈਣਾ ਚਾਹੀਦਾ ਹੈ। ਇਸ ਸੋਚ ਨਾਲ ਸਦੀਆਂ ਤੋਂ ਚਲੀਆਂ ਆ ਰਹੀਆਂ ਸਦਾਚਾਰਕ ਕਦਰਾਂ ਕੀਮਤਾਂ ਦਮ ਤੋੜਨ ਲਗ ਪਈਆਂ ਹਨ। ਪੰਜਾਬੀਆਂ ਦੀ ਮਿਹਨਤ ਅਤੇ ਹਿੰਮਤ ਦੀ ਮਿਸਾਲ ਦਿੱਤੀ ਜਾਂਦੀ ਸੀ, ਉਹ ਹੁਣ ਗ਼ਾਇਬ ਹੋ ਰਹੀ ਹੈ। ਹੱਥੀਂ ਕੰਮ ਕਰਨਾ, ਇਮਾਨਦਾਰੀ, ਜੀਵਨ ਸਲੀਕਾ ਹੁਣ ਬੀਤੇ ਸਮੇਂ ਦੀਆਂ ਗੱਲਾਂ ਸਮਝੀਆਂ ਜਾ ਰਹੀਆਂ ਹਨ। ਇਸ ਤਬਦੀਲੀ ਬਾਰੇ ਗੰਭੀਰ ਚਿੰਤਨ ਦੀ ਲੋੜ ਹੈ।
ਬੱਚਿਆਂ ਨੂੰ ਆਪਣੀ ਬੋਲੀ ਪੰਜਾਬੀ ਨਾਲ ਜੋੜਿਆ ਜਾਵੇ। ਆਪਣੇ ਸ਼ਾਨਾਮੱਤੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਿਆ ਜਾਵੇ ਤਾਂ ਜੋ ਉਨ੍ਹਾਂ ਵਿਚ ਆਪਣੀ ਮਿੱਟੀ ਦਾ ਮੋਹ ਜਾਗੇ। ਇਤਿਹਾਸ ਦੀ ਕਿਤਾਬ ਵਿਚ ਪੰਜਾਬ ਤੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਬਾਰੇ ਲਿਖਿਆ ਜਾਵੇ। ਸਾਡੇ ਪ੍ਰਚਾਰਕਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਸਾਹਿਬਾਨ ਦੇ ਚਮਤਕਾਰਾਂ ਦੀਆਂ ਸਾਖੀਆਂ ਉਤੇ ਜ਼ੋਰ ਦੇਣ ਦੀ ਥਾਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਪ੍ਰਚਾਰਿਆ ਜਾਵੇ। ਵਡੇਰਿਆਂ ਦੀਆਂ ਕੁਰਬਾਨੀਆਂ ਤੇ ਆਪਣੇ ਮਹਾਨ ਵਿਰਸੇ ਦੀਆਂ ਬਾਤਾਂ ਪਾਈਆਂ ਜਾਣ। ਪੰਜਾਬ ਦੇ ਸਕੂਲਾਂ ਵਿਚ ਪੜ੍ਹਾਈਆਂ ਜਾਣ ਵਾਲੀਆਂ ਪੁਸਤਕਾਂ ਵਿਚ ਪੰਜਾਬ, ਪੰਜਾਬੀ ਸੱਭਿਆਚਾਰ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਮੁੱਖ ਤੌਰ ਉਤੇ ਉਘਾੜਿਆ ਜਾਵੇ ਅਤੇ ਗੁਰੂ ਨਾਨਕ ਦੇ ਮਿਸ਼ਨ ਨੂੰ ਪ੍ਰਚਾਰਿਆ ਜਾਵੇ। ਉਨ੍ਹਾਂ ਲਈ ਰੁਜ਼ਗਾਰ ਦੇ ਵਸੀਲੇ ਬਣਾਏ ਜਾਣ। ਬੱਚਿਆਂ ਨੂੰ ਹੁਨਰੀ ਬਣਾਈਏ ਤੇ ਆਪਣੇ ਪੈਰਾਂ ਉਤੇ ਖੜ੍ਹੇ ਹੋਣਾ ਸਿਖਾਈਏ।
ਗੁਰੂ ਜੀ ਨੇ ਸਮਝਾਇਆ ਕਿ ਜਦੋਂ ਇਨਸਾਨ ਇਮਾਨਦਾਰੀ ਨਾਲ ਮਿਹਨਤ ਕਰਕੇ ਕਮਾਈ ਕਰਦਾ ਹੈ ਅਤੇ ਜਿਥੋਂ ਤੀਕ ਹੋ ਸਕੇ ਇਸ ਨੂੰ ਵੰਡ ਕੇ ਛਕਦਾ ਹੈ, ਉਦੋਂ ਹੀ ਉਹ ਸਫ਼ਲ ਸੁਖਾਵਾਂ ਜੀਵਨ ਜੀਅ ਸਕਦਾ ਹੈ। ਗੁਰੂ ਜੀ ਨੇ ਪਿਛਲੀ ਉਮਰੇ ਕਰਤਾਰਪੁਰ ਨਗਰ ਵਸਾਇਆ ਇਥੇ ਉਨ੍ਹਾਂ ਆਪਣੇ ਹੱਥੀਂ ਖੇਤੀ ਕੀਤੀ। ਇਹ ਸੱਚਮੁੱਚ ਹੀ ਕਰਤਾਰ ਦਾ ਘਰ ਸੀ। ਇੱਥੇ ਹਮੇਸ਼ਾ ਗੁਰਬਾਣੀ ਦਾ ਪਾਠ ਅਤੇ ਕੀਰਤਨ ਹੁੰਦਾ ਸੀ। ਗੁਰੂ ਜੀ ਦਾ ਕੇਂਦਰ ਅਜਿਹੀ ਥਾਂ ਬਣ ਗਿਆ ਸੀ, ਜਿਥੇ ਸੰਗਤਾਂ ਆਪਣੇ ਅੰਦਰਲੀ ਮੈਲ ਧੋ ਕੇ ਗੁਰੂ ਜੀ ਦੇ ਦਰਸਾਏ ਜੀਵਨ ਮਾਰਗ ਉਤੇ ਆਪਣੀ ਯਾਤਰਾ ਸ਼ੁਰੂ ਕਰ ਦਿੰਦੀਆ ਸਨ। ਇੰਝ ਉਨ੍ਹਾਂ ਨੇ ਕਿਰਤ ਦੇ ਸਤਿਕਾਰ ਵਾਲੇ ਆਪਣੇ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾਇਆ। ਇਥੇ ਹੀ ਗੁਰੂ ਜੀ ਨੇ ਸੰਗਤ ਤੇ ਪੰਗਤ ਦੀ ਰੀਤ ਸ਼ੁਰੂ ਕੀਤੀ। ਸਾਰੀ ਸੰਗਤ ਨੂੰ ਇਕੋ ਪੰਗਤ ਵਿਚ ਬੈਠ ਕੇ ਹੀ ਭੋਜਨ ਛਕਣਾ ਪੈਂਦਾ ਸੀ। ਇੰਝ ਗੁਰੂ ਜੀ ਨੇ ਸਮਾਜ ਵਿਚ ਜਾਤਪਾਤ, ਰੁਤਬੇ ਅਤੇ ਅਮੀਰੀ ਕਾਰਨ ਜਿਹੜੀਆਂ ਵੰਡੀਆਂ ਪਈਆਂ ਸਨ, ਉਹ ਮੇਟ ਦਿੱਤੀਆਂ। ਉਨ੍ਹਾਂ ਆਪਣੀ ਸੋਚ ਨੂੰ ਵਿਚਾਰਾਂ ਤੱਕ ਹੀ ਸੀਮਤ ਨਹੀਂ ਰੱਖਿਆ, ਸਗੋਂ ਉਸ ਨੂੰ ਅਮਲੀ ਰੂਪ ਦਿੱਤਾ। ਗੁਰੂ ਜੀ ਸੰਸਾਰ 'ਚ ਪਹਿਲੇ ਪੁਰਸ਼ ਹੋਏ ਹਨ, ਜਿਨ੍ਹਾਂ ਕਿਰਤ ਨੂੰ ਮਾਣ ਦਿੱਤਾ ਅਤੇ ਕਿਰਤੀ ਦਾ ਸਨਮਾਨ ਕੀਤਾ।
ਸਮਾਜ ਵਿਚ ਹਰ ਪਾਸੇ ਫੈਲੇ ਭ੍ਰਿਸ਼ਟਾਚਾਰ, ਅਪਰਾਧ ਅਤੇ ਲੁੱਟ ਨੂੰ ਕੇਵਲ ਗੁਰੂ ਜੀ ਵਲੋਂ ਦਰਸਾਈ ਜੀਵਨ ਜਾਚ ਰਾਹੀਂ ਹੀ ਦੂਰ ਕੀਤਾ ਜਾ ਸਕਦਾ ਹੈ। ਗੁਰੂ ਜੀ ਨੇ ਲੋਕਾਈ ਨੂੰ ਸਮਝਾਇਆ:
ਇਸੁ ਜਰ ਕਾਰਣਿ ਘਣੀ ਵਿਗੁਤੀ
ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ
ਸਾਥਿ ਨਾ ਜਾਇ॥ (ਅੰਗ-417)
ਆਓ, ਗੁਰੂ ਜੀ ਦੇ ਉਪਦੇਸ਼ਾਂ ਨੂੰ ਅਪਨਾਈਏ, ਕਿਰਤ ਕਰੀਏ, ਵੰਡ ਛਕੀਏ ਅਤੇ ਨਾਮ ਜਪੀਏ ਤਾਂ ਜੋ ਸੱਚ, ਸੰਤੋਖ ਅਤੇ ਗਿਆਨ ਸਾਡੇ ਸਾਥੀ ਬਣ ਸਕਣ।
**