ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2023

<h4>ਅੱਜ ਜਨਮ ਦਿਵਸ 'ਤੇ ਵਿਸ਼ੇਸ਼</h4> ਸੁਤੰਤਰਤਾ ਸੰਗਰਾਮ ਦੇ ਮੋਢੀ ਸਤਿਗੁਰੂ ਰਾਮ ਸਿੰਘ

Ad Position 21
No active advertisement
ਅਜੀਤ ਡੈਸਕ 26-01-2023

ਭਾਈ ਮਹਾਰਾਜ ਸਿੰਘ ਨੂੰ ਕੈਦ ਕਰਕੇ ਜਲਾਵਤਨ ਕਰ ਦੇਣ ਤੋਂ ਬਾਅਦ ਅੰਗਰੇਜ਼ ਗਵਰਨਰ ਡਲਹੌਜ਼ੀ ਨੇ ਇਹ ਦਾਅਵਾ ਕਰ ਦਿੱਤਾ ਕਿ ਰਾਜਨੀਤਕ ਪੱਖ ਤੋਂ ਸਿੱਖਾਂ ਦੀ ਹੋਂਦ ਖ਼ਤਮ ਕਰ ਦਿੱਤੀ ਗਈ ਹੈ। ਪਰ ਉਹ ਇਹ ਨਹੀਂ ਸੀ ਜਾਣਦਾ ਕਿ ਤੱਤੀਆਂ ਤਵੀਆਂ 'ਤੇ ਬੈਠ ਕੇ, ਬੰਦ-ਬੰਦ ਕਟਵਾ ਕੇ, ਚਰਖੜੀਆਂ 'ਤੇ ਚੜ੍ਹ ਕੇ ਵੀ ਸਰਬੱਤ ਦਾ ਭਲਾ ਮੰਗਣ ਵਾਲੀ ਇਹ ਕੌਮ ਇੰਝ ਦਾਅਵਿਆਂ ਨਾਲ ਖ਼ਤਮ ਹੋਣ ਵਾਲੀ ਨਹੀਂ ਹੈ।
ਜਿਵੇਂ ਰਾਤ ਤੋਂ ਬਾਅਦ ਦਿਨ ਅਤੇ ਪੱਤਝੜ ਤੋਂ ਬਾਅਦ ਬਸੰਤ ਆਉਂਦੀ ਹੈ ਉਵੇਂ ਹੀ ਸਤਿਗੁਰੂ ਰਾਮ ਸਿੰਘ ਜੀ ਨੇ ਗ਼ੁਲਾਮੀ ਦੀ ਗੂੜ੍ਹੀ ਨੀਂਦ ਵਿਚ ਸੁੱਤੇ ਭਾਰਤੀਆਂ ਨੂੰ ਜਗਾ ਕੇ ਆਜ਼ਾਦੀ ਪ੍ਰਾਪਤ ਕਰਨ ਲਈ ਬੀਜ ਬੀਜ ਦਿੱਤਾ। ਮਹਾਨਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਸਤਿਗੁਰੂ ਰਾਮ ਸਿੰਘ ਪ੍ਰਤੀ ਲਿਖਦੇ ਹਨ-
ਸਿੱਖੀ ਬਾਗ਼ ਖਿਜਾਂ ਜਦ ਗ੍ਰਸਿਆ,
ਭਇਓ ਪੱਤਰ ਬਿਨ ਛਾਇਆ,
ਰੂਪ ਬਸੰਤ ਦਾ ਧਾਰ ਕੇ ਬਾਬਾ,
ਦਿਨ ਬਸੰਤ ਤੇ ਆਇਆ।
ਉਸ ਸਮੇਂ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਤੋਂ ਪਹਿਲਾਂ ਸਾਨੂੰ ਆਪਣੇ-ਆਪ ਦੀਆਂ ਗ਼ੁਲਾਮੀਆਂ ਤੋਂ ਪੂਰਨ ਰੂਪ ਵਿਚ ਆਜ਼ਾਦ ਹੋਣ ਦੀ ਲੋੜ ਸੀ। ਇਹ ਪੂਰਨ ਆਜ਼ਾਦੀ ਅੰਦਰੋਂ ਅਤੇ ਬਾਹਰੋਂ ਦੋਵੇਂ ਰੂਪਾਂ ਵਿਚ ਸੀ। ਬਾਹਰੋਂ ਭਾਵ ਅੰਗਰੇਜ਼ਾਂ ਤੋਂ ਅਤੇ ਅੰਦਰੋਂ ਭਾਵ ਸਾਨੂੰ ਸਾਡੇ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਕੇ ਆਜ਼ਾਦ ਹੋਣ ਦੀ ਲੋੜ ਸੀ ਤੇ ਇਸੇ ਸੰਕਲਪ ਨੂੰ ਪੂਰਾ ਕਰਨ ਲਈ ਸਤਿਗੁਰੂ ਰਾਮ ਸਿੰਘ ਜੀ ਨੇ ਬੀੜਾ ਚੁੱਕਿਆ। ਉਨ੍ਹਾਂ ਦੇ ਇਸ ਸੰਕਲਪ ਨਾਲ ਪਿੰਡਾਂ ਦੇ ਪਿੰਡ ਨਾਮਧਾਰੀ ਬਣ ਗਏ, 7 ਕੁ ਸਾਲਾਂ ਵਿਚ ਹੀ ਲੱਖਾਂ ਲੋਕ ਨਾਮਧਾਰੀ ਸਜ ਗਏ।
ਭਾਰਤ ਵਿਚ ਈਸਟ ਇੰਡੀਆ ਕੰਪਨੀ ਦੇ ਨਾਂਅ ਹੇਠਾਂ ਵਪਾਰ ਕਰਨ ਆਏ ਅੰਗਰੇਜ਼ਾਂ ਨੇ ਸਾਨੂੰ ਕੂਟਨੀਤਕ ਚਾਲਾਂ ਨਾਲ ਗ਼ੁਲਾਮ ਕਰ ਲਿਆ ਤੇ ਸਤਿਗੁਰੂ ਰਾਮ ਸਿੰਘ ਨੇ ਕੂਟਨੀਤਕ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਆਤਮਿਕ ਤੌਰ 'ਤੇ ਜਾਗਰੂਕ ਹੋ ਚੁੱਕੇ ਭਾਰਤੀਆਂ ਵਿਚ ਨਾ-ਮਿਲਵਰਤਨ ਅਤੇ ਸਵਦੇਸ਼ੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਉਸ ਵਕਤ ਦੁਨੀਆ ਵਿਚ ਇਹ ਪਹਿਲਾ ਅਤੇ ਨਿਵੇਕਲਾ ਕਦਮ ਸੀ। ਨਾ-ਮਿਲਵਰਤਨ ਦੇ ਇਸ ਪ੍ਰਚਾਰ ਵਿਚ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ੀ ਸਕੂਲਾਂ ਦਾ ਬਾਈਕਾਟ ਕਰਕੇ ਧਰਮਸ਼ਾਲਾਵਾਂ ਵਿਚ ਪੜ੍ਹਨ ਨੂੰ ਪਹਿਲ ਦਿੱਤੀ। ਰੇਲ-ਗੱਡੀਆਂ ਦਾ ਬਾਈਕਾਟ ਕਰਕੇ ਘੋੜਿਆਂ ਤੇ ਗੱਡਿਆਂ, ਊਠਾਂ ਦੀ ਸਵਾਰੀ ਕਰਨ ਦਾ ਪ੍ਰਚਾਰ ਕੀਤਾ। ਅੰਗਰੇਜ਼ੀ ਡਾਕ ਦਾ ਬਾਈਕਾਟ ਕਰਕੇ ਕੂਕਾ ਡਾਕ ਪ੍ਰਬੰਧ ਚਲਾਇਆ। ਅੰਗਰੇਜ਼ੀ ਮਿੱਲਾਂ ਤੋਂ ਬਣੇ ਕੱਪੜਿਆਂ ਨੂੰ ਵਰਤਣ ਦੀ ਥਾਂ ਘਰ ਦਾ ਬਣਿਆ ਖੱਦਰ ਪਹਿਨਣ ਨੂੰ ਪਹਿਲ ਦਿੱਤੀ। ਅਦਾਲਤਾਂ ਦਾ ਬਾਈਕਾਟ ਕਰਕੇ ਪੰਚਾਇਤਾਂ ਬਣਾਈਆਂ ਗਈਆਂ ਜਿਸ ਵਿਚ ਸੂਬਾ ਗਿਆਨੀ ਰਤਨ ਸਿੰਘ (ਮੰਡੀ ਕਲਾਂ) ਨੂੰ ਜੱਜ ਨਿਯੁਕਤ ਕੀਤਾ ਗਿਆ। ਨਾ-ਮਿਲਵਰਤਨ ਦੀ ਇਸ ਲਹਿਰ ਪ੍ਰਤੀ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਭਾਗ-8, ਪੰਨਾ ਨੰਬਰ-142 'ਤੇ ਲਿਖਿਆ ਹੈ-
'ਗੁਰੂ ਰਾਮ ਸਿੰਘ ਸਿੱਖ ਦਾਰਸ਼ਨਿਕ ਸੁਧਾਰਕ ਅੰਗਰੇਜ਼ੀ ਵਪਾਰ ਅਤੇ ਨੌਕਰੀਆਂ ਪ੍ਰਤੀ ਨਾ-ਮਿਲਵਰਤਣ ਅਤੇ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਵਾਲਾ ਪਹਿਲਾ ਭਾਰਤੀ ਹੈ।'
ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸ: ਹੀਰਾ ਸਿੰਘ ਸਢੌਰਾ ਦੀ ਕਮਾਨ ਹੇਠ ਕੂਕਾ ਪਲਟਣ ਦੀ ਸਥਾਪਨਾ ਕੀਤੀ, ਨਿਪਾਲ ਅਤੇ ਰੂਸ ਨਾਲ ਸੰਬੰਧ ਕਾਇਮ ਕੀਤੇ ਤੇ ਨਾਮਧਾਰੀਆਂ ਨੇ ਦੀਵਾਨਾਂ ਵਿਚ ਇਹ ਗਾਉਣਾ ਸ਼ੁਰੂ ਕਰ ਦਿੱਤਾ-
'ਇਥੋਂ ਚੁੱਕ ਲੈ ਫਰੰਗੀਆ ਡੇਰਾ,
ਖਾਲਸੇ ਨੇ ਰਾਜ ਕਰਨਾ'
ਸਤਿਗੁਰੂ ਰਾਮ ਸਿੰਘ ਨੇ ਆਪਣੇ ਸਿੱਖਾਂ ਨੂੰ ਆਤਮਿਕ ਤੌਰ 'ਤੇ ਆਜ਼ਾਦ ਕਰਵਾਇਆ ਤੇ ਉਨ੍ਹਾਂ ਵਿਚ ਅਜਿਹੀ ਸ਼ਕਤੀ ਭਰ ਦਿੱਤੀ ਕਿ ਉਨ੍ਹਾਂ ਨੂੰ ਕਿਸੇ ਤੋਂ ਡਰ ਨਹੀਂ ਸੀ ਲਗਦਾ। ਅੰਗਰੇਜ਼ ਭਾਵੇਂ ਨਾਮਧਾਰੀਆਂ ਦਾ ਦੁਸ਼ਮਣ ਸੀ ਪਰ ਨਾਮਧਾਰੀਆਂ ਦੇ ਇਖਲਾਕੀ ਅਤੇ ਸਾਫ਼-ਸੁਥਰੇ ਅਕਸ ਬਾਰੇ ਹੈਰਾਨ ਸੀ। ਭਾਵੇਂ ਦੇਸ਼ ਵਿਚ ਅਨੇਕਾਂ ਲਹਿਰਾਂ ਪੈਦਾ ਹੋਈਆਂ ਪਰ ਸਤਿਗੁਰੂ ਰਾਮ ਸਿੰਘ ਜੀ ਦੀ ਤਾਕਤ ਤੋਂ ਅੰਗਰੇਜ਼ ਭੈਅਭੀਤ ਸੀ। ਅੰਗਰੇਜ਼ ਅਫ਼ਸਰ ਐਡਵਾਰਡ ਬੇਲੀ ਆਪਣੀ 1860 ਈਸਵੀ ਦੀ ਰਿਪੋਰਟ ਵਿਚ ਲਿਖਦਾ ਹੈ-
'ਰਾਮ ਸਿੰਘ ਬਹੁਤ ਹੀ ਖ਼ਤਰਨਾਕ ਵਿਅਕਤੀ ਹੈ, ਸ਼ਾਇਦ ਹੁਣ ਭਾਰਤ ਵਿਚ ਸਭ ਤੋਂ ਵੱਧ ਖ਼ਤਰਨਾਕ।'
ਅਤੇ ਇਸ ਆਜ਼ਾਦੀ ਘੁਲਾਟੀਏ ਸੂਰਬੀਰ ਤੋਂ ਪ੍ਰਭਾਵਿਤ ਹੋ ਸਮਕਾਲੀ ਅਧਿਕਾਰੀ ਮਿ.ਜੇ.ਡਬਲਯੂ ਕਮਿਸ਼ਨ ਲਿਖਦਾ ਹੈ-
'ਇਹਦੇ ਇਰਾਦੇ ਸ਼ੁਰੂ ਵਿਚ ਭਾਵੇਂ ਕੁਝ ਵੀ ਹੋਣ ਪਰ ਹੁਣ ਇਸ ਦਾ ਨਿਸ਼ਾਨਾ ਰਾਜਨੀਤਕ ਹੈ। ਉਹ ਅਜਿਹੇ ਪੰਥ ਦਾ ਨੇਤਾ ਤੇ ਅਦੁੱਤੀ ਆਗੂ ਹੈ, ਜੋ ਆਪਣੇ ਸੁਭਾਅ ਅਨੁਸਾਰ ਖ਼ਾਲਸਾ ਰਾਜ ਨੂੰ ਮੁੜ ਸੁਰਜੀਤ ਕਰਨ ਦੀ ਹੈਸੀਅਤ ਵਿਚ ਬਰਤਾਨਵੀ ਸਲਤਨਤ ਦਾ ਵੈਰੀ ਹੈ।'
ਸੰਸਾਰ ਪੱਧਰ 'ਤੇ ਕੁਝ ਖੋਜਕਾਰਾਂ ਦੁਆਰਾ Men of the Million ਕਿਤਾਬ ਲਿਖੀ ਗਈ ਜਿਸ ਵਿਚ 1000 ਸਾਲਾਂ ਦੇ 1000 ਮਹਾਨ ਵਿਅਕਤੀਆਂ ਦਾ ਨਾਂਅ ਆਉਂਦਾ ਹੈ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਇਨ੍ਹਾਂ 1000 ਮਹਾਨ ਵਿਅਕਤੀਆਂ ਵਿਚੋਂ 13 ਭਾਰਤੀ ਹਨ। ਇਨ੍ਹਾਂ 13 ਭਾਰਤੀਆਂ ਵਿਚੋਂ ਪੰਜਾਬ ਦੀ ਇਹ ਮਹਾਨ ਸ਼ਖ਼ਸੀਅਤ ਸਤਿਗੁਰੂ ਰਾਮ ਸਿੰਘ ਜੀ ਹਨ, ਜਿਨ੍ਹਾਂ ਪੂਰੀ ਸੱਭਿਅਤਾ ਨੂੰ ਬਦਲ ਕੇ ਰੱਖ ਦਿੱਤਾ। ਕੂਕਾ ਅੰਦੋਲਨ ਅੰਗਰੇਜ਼ ਖਿਲਾਫ਼ ਆਜ਼ਾਦੀ ਦਾ ਪਹਿਲਾ ਅੰਦੋਲਨ ਸੀ, ਜਿਸ ਵਿਚੋਂ ਹੋਰ ਅਨੇਕਾਂ ਲਹਿਰਾਂ ਨੇ ਜਨਮ ਲਿਆ, ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਤੇ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ।


-812-136 ਸਟ੍ਰੀਟ ਸਰੀ ਬੀ.ਸੀ.,
ਪੋਸਟਲ ਕੋਡ : ਵੀ3ਡਬਲਿਊ1ਐਮ6
ਮੋਬਾਈਲ : 001-236-632-2315

Ad Position 22
No active advertisement
ਪਿਛਲੀ ਖ਼ਬਰ <h4>ਕੱਲ੍ਹ ਜਨਮ ਦਿਹਾੜੇ 'ਤੇ ਵਿਸ਼ੇਸ਼</h4> ਅਨੋਖੇ ਅਮਰ ਸ਼ਹੀਦ : ਬਾਬਾ ਦੀਪ ਸਿੰਘ ਜੀ ਅਗਲੀ ਖ਼ਬਰ ਕੀ ਸਾਨੂੰ ਇਸ ਤਰ੍ਹਾਂ ਦਾ ਗਣਤੰਤਰ ਚਾਹੀਦਾ ਹੈ?
Ad Position 24
No active advertisement