ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼ ਖ਼ਾਲਸਾਈ ਜਲੌਅ ਦੇ ਸਤੰਭ-ਬਾਬਾ ਦੀਪ ਸਿੰਘ

Ad Position 21
No active advertisement
ਅਜੀਤ ਡੈਸਕ 26-01-2026

ਕਲਗੀਧਰ ਪਾਤਿਸ਼ਾਹ ਜੀ ਤੋਂ ਬੇਅੰਤ ਬਖਸ਼ਿਸ਼ਾਂ ਤੇ ਅੰਮ੍ਰਿਤ ਦੀ ਦਾਤ ਲੈਣ ਵਾਲੇ ਬਾਬਾ ਦੀਪ ਸਿੰਘ ਜੀ ਦਾ ਜੀਵਨ ਇਤਿਹਾਸ ਸਤਿਗੁਰਾਂ ਦੇ ਨਾਦੀ ਪਰਿਵਾਰ ਲਈ ਸਦੀਵ ਕਾਲ ਪ੍ਰੇਰਨਾਦਾਇਕ ਤੇ ਗੌਰਵਮਈ ਹੈ। ਬਾਬਾ ਦੀਪ ਸਿੰਘ ਜੀ ਨੂੰ ਬ੍ਰਹਮ ਗਿਆਨੀ, ਬਚਨ ਕੇ ਬਲੀ, ਮਹਾਨ ਜਰਨੈਲ, ਅਨੋਖੇ ਅਮਰ ਸ਼ਹੀਦ ਆਦਿ ਬੇਅੰਤ ਵਿਸ਼ੇਸ਼ਣਾਂ ਨਾਲ ਸਤਿਕਾਰਿਆ ਜਾਂਦਾ ਹੈ।
ਬਾਬਾ ਦੀਪ ਸਿੰਘ ਜੀ ਦੇ ਨਾਂਅ ਦੀ ਵਿਆਖਿਆਕਾਰੀ ਮਨ ਭਾਉਂਦੀ ਹੈ ਕਿ ਉਹ ਆਪਣੀ ਉਮਰ, ਅਜ਼ਮਤ, ਬਜ਼ੁਰਗੀ, ਗੁਰਮਤਿ ਜੀਵਨ ਤੇ ਬੰਦਗੀ ਕਰਕੇ 'ਬਾਬਾ' ਹਨ। 'ਦੀਪ' ਤੋਂ ਭਾਵ ਉਨ੍ਹਾਂ ਦਾ ਧਰਮੀ ਜੀਵਨ ਸ਼ਰਧਾ, ਭਾਵਨਾ, ਗਿਆਨ ਤੇ ਸਿਦਕੀ ਰੌਸ਼ਨੀ ਦੀ ਲਟ-ਲਟ ਬਲਦੀ ਮਸ਼ਾਲ ਵਾਂਗ ਪ੍ਰਕਾਸ਼ਮਈ ਹੈ। 'ਸਿੰਘ' ਲਕਬ ਦਸਮੇਸ਼ ਪਿਤਾ ਜੀ ਦੀ ਬਖਸ਼ਿਸ਼ ਹੈ, ਜਿਸ ਸਦਕਾ ਬਾਬਾ ਜੀ ਦੀ ਸਿੰਘਊ ਗਰਜ, ਜੁਝਾਰੂਪੁਣਾ, ਖ਼ਾਲਸਾਈ ਜੀਵਨ ਦੀ ਓੜਕ ਤੱਕ ਨਿਭੀ ਗੁਰੂ ਪ੍ਰੀਤ ਦੀ ਪਹਿਰੇਦਾਰੀ ਹੈ।
ਬਾਬਾ ਦੀਪ ਸਿੰਘ ਜੀ ਦਾ ਜੀਵਨ ਕਾਲ ਜਨਵਰੀ 1682 ਤੋਂ ਨਵੰਬਰ 1757 ਈ. ਤੱਕ ਸਾਢੇ ਸੱਤ ਦਹਾਕਿਆਂ ਦੇ ਕਰੀਬ ਹੈ। ਸਿੱਖ ਇਤਿਹਾਸਕ ਸਰੋਤਾਂ ਅਨੁਸਾਰ ਬਾਬਾ ਜੀ ਦਾ ਆਗਮਨ 14 ਮਾਘ 1739 ਬਿਕਰਮੀ ਨੂੰ ਗੁਰੂ ਘਰ ਦੇ ਪ੍ਰੀਤਵਾਨ ਪਿਤਾ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਮਾਤਾ ਜਿਊਣੀ ਜੀ ਦੀ ਸੁਲੱਖਣੀ ਕੁੱਖੋਂ, ਪਿੰਡ ਪਹੂਵਿੰਡ (ਅੰਮ੍ਰਿਤਸਰ) ਵਿਖੇ ਹੋਇਆ। ਬਾਲਪਨ ਦਾ ਨਾਉਂ 'ਦੀਪ' ਰੱਖਿਆ ਗਿਆ। ਸੰਨ 1700 ਵਿਚ ਅਠਾਰਾਂ ਕੁ ਸਾਲ ਦੀ ਉਮਰੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮੇਸ਼ ਪਿਤਾ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਦੀਪ ਸਿੰਘ ਸਜ ਗਏ। ਇਥੇ ਹੀ ਚਾਰ ਸਾਲ ਦੇ ਕਰੀਬ ਕਲਗੀਧਰ ਪਾਤਿਸ਼ਾਹ ਜੀ ਦੇ ਦਰਬਾਰ ਦੀ ਰੰਗਤ ਨਾਲ ਧਰਮ ਗ੍ਰੰਥਾਂ ਦੀ ਸਿੱਖਿਆ ਤੇ ਸ਼ਸਤਰ ਕਲਾ ਦੀ ਸਿਖਲਾਈ ਲਈ। ਇਸ ਤਰ੍ਹਾਂ ਉਨ੍ਹਾਂ ਪਾਸ ਕਲਮ ਤੇ ਕਿਰਪਾਨ, ਵਿਦਵਤਾ ਤੇ ਸੂਰਬੀਰਤਾ, ਸਰਸਵਤੀ ਤੇ ਚੰਡੀ ਅਤੇ ਸੰਤਗਿਰੀ ਤੇ ਸਿਪਾਹਸਾਲਾਰ ਦੇ ਸੰਜੋਗ ਦੀ ਵੱਡੀ ਰਾਸ ਇਕੱਤਰ ਹੋਈ। ਸੰਨ 1704 ਵਿਚ ਬਾਬਾ ਜੀ ਦੇ ਮਾਤਾ ਪਿਤਾ ਇਨ੍ਹਾਂ ਨੂੰ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਨਗਰ ਪਹੂਵਿੰਡ ਲੈ ਆਏ। ਫਿਰ ਬਾਬਾ ਜੀ ਨੇ ਮਾਝੇ ਦੇ ਇਲਾਕੇ ਵਿਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ।
ਉਧਰ ਜਦ ਕਲਗੀਧਰ ਪਾਤਿਸ਼ਾਹ ਮੁਕਤਸਰ ਦੀ ਜੰਗ ਫ਼ਤਹਿ ਕਰਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦੇ ਸਾਬੋ ਕੀ ਤਲਵੰਡੀ (ਦਮਦਮਾ ਸਾਹਿਬ) ਪਹੁੰਚੇ ਤਾਂ ਇਧਰੋਂ ਬਾਬਾ ਦੀਪ ਸਿੰਘ ਜੀ ਦਰਸ਼ਨਾਂ ਦੀ ਬਿਹਬਲਤਾ ਵਿਚ ਸਤਿਗੁਰਾਂ ਦੇ ਦਰਬਾਰ ਜਾ ਹਾਜ਼ਰ ਹੋਏ। ਇਥੇ ਦਸਮ ਪਾਤਿਸ਼ਾਹ ਜੀ ਨੇ ਆਤਮਿਕ ਸ਼ਕਤੀ ਨਾਲ ਆਪਣੇ ਮੁਖਾਰਬਿੰਦ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਮਾਣਿਤ ਸਰੂਪ ਤਿਆਰ ਕਰਵਾਇਆ। ਇਥੇ ਬਾਬਾ ਦੀਪ ਸਿੰਘ ਜੀ ਦੀ ਸੇਵਾ ਕਲਮਾਂ, ਸਿਆਹੀ ਤੇ ਕਾਗਜ਼ ਦਾ ਪ੍ਰਬੰਧ ਕਰਨਾ ਸੀ। ਇਸੇ ਦਮਦਮੀ ਸਰੂਪ ਨੂੰ ਦਸਮ ਪਿਤਾ ਨੇ ਨਾਂਦੇੜ ਸਾਹਿਬ ਵਿਖੇ ਗੁਰਿਆਈ ਬਖਸ਼ੀ। ਬਾਬਾ ਦੀਪ ਸਿੰਘ ਜੀ ਨੇ ਦਮਦਮੀ ਬੀੜ ਦੇ ਚਾਰ ਹੋਰ ਉਤਾਰੇ ਕੀਤੇ ਜੋ ਚਾਰ ਤਖ਼ਤਾਂ ਉਪਰ ਸੁਸ਼ੋਭਿਤ ਕੀਤੇ ਗਏ। ਇਤਿਹਾਸਕ ਸਰੋਤਾਂ ਅਨੁਸਾਰ ਬਾਬਾ ਜੀ ਦੀ ਹੱਥ ਲਿਖਤ ਅਤਿ ਸੁੰਦਰ ਸੀ ਤੇ ਆਪ ਨੂੰ ਗੁਰਮੁਖੀ ਤੋਂ ਇਲਾਵਾ ਬ੍ਰਿਜ, ਅਰਬੀ, ਫ਼ਾਰਸੀ ਦਾ ਡੂੰਘਾ ਗਿਆਨ ਸੀ।
ਸ੍ਰੀ ਦਮਦਮਾ ਸਾਹਿਬ ਵਿਖੇ ਹੀ ਦਸਮੇਸ਼ ਪਿਤਾ ਨੇ ਜਿਨ੍ਹਾਂ 48 ਗੁਰਸਿੱਖਾਂ ਨੂੰ ਸ਼ੁੱਧ ਗੁਰਬਾਣੀ ਉਚਾਰਨ ਤੇ ਅਰਥ ਬੋਧ ਦਾ ਗਿਆਨ ਬਖਸ਼ਿਆ, ਉਨ੍ਹਾਂ ਵਿਚ ਬਾਬਾ ਦੀਪ ਸਿੰਘ ਜੀ ਵੀ ਸਨ। ਜਦ ਦਸਮੇਸ਼ ਪਿਤਾ ਦੱਖਣ ਵੱਲ ਰਵਾਨਾ ਹੋਏ ਤਾਂ ਸਤਿਗੁਰਾਂ ਦੀ ਆਗਿਆ ਅਨੁਸਾਰ ਬਾਬਾ ਜੀ ਨੇ ਸ੍ਰੀ ਦਮਦਮਾ ਸਾਹਿਬ ਨੰ ਹੀ ਗੁਰਮਤਿ ਪ੍ਰਚਾਰ ਦਾ ਕੇਂਦਰ ਬਣਾਇਆ। ਇਸੇ ਲਈ ਆਪ ਜੀ ਨੂੰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਮੰਨਿਆ ਜਾਂਦਾ ਹੈ। ਮਹਾਨ ਕੋਸ਼ ਦੇ ਕਰਤਾ ਨੇ ਵੀ ਸ੍ਰੀ ਦਮਦਮਾ ਸਾਹਿਬ ਨੂੰ ਸਿੱਖ ਲਿਖਾਰੀਆਂ ਤੇ ਗਿਆਨੀਆਂ ਦੀ ਟਕਸਾਲ ਲਿਖਿਆ ਹੈ।
ਜਦੋ ਬਾਬਾ ਬੰਦਾ ਸਿੰਘ ਬਹਾਦਰ ਦਸਮ ਪਾਤਿਸ਼ਾਹ ਤੋਂ ਥਾਪੜਾ ਲੈ ਕੇ ਜਾਬਰਾਂ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਆਏ ਤਾਂ ਬਾਬਾ ਦੀਪ ਸਿੰਘ ਜੀ ਨੇ ਆਪਣੇ ਸੂਰਬੀਰ ਸਿੰਘਾਂ ਦਾ ਜਥਾ ਲੈ ਕੇ ਬਾਬਾ ਬੰਦਾ ਸਿੰਘ ਦਾ ਭਰਪੂਰ ਸਾਥ ਦਿੱਤਾ। ਇਹ ਵਰਣਨਯੋਗ ਹੈ ਕਿ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਵੀ ਸ੍ਰੀ ਦਮਦਮਾ ਸਾਹਿਬ ਸਿੱਖ ਯੋਧਿਆਂ ਦੀ ਠਾਹਰ ਤੇ ਗੁਰਮਤਿ ਵਿੱਦਿਆ ਦਾ ਕੇਂਦਰ ਬਾਬਾ ਦੀਪ ਸਿੰਘ ਜੀ ਦੀ ਘਾਲ ਕਮਾਈ ਕਰਕੇ ਰਿਹਾ। ਬਾਬਾ ਦੀਪ ਸਿੰਘ ਜੀ ਦੇ ਜਥੇ ਨੂੰ ਸ਼ਹੀਦਾਂ ਦਾ ਜਥਾ ਕਿਹਾ ਜਾਂਦਾ ਸੀ। ਜਦੋਂ 1748 ਈ. ਵਿਚ ਸਿੱਖਾਂ ਦੇ 65 ਜਥਿਆਂ ਤੋਂ 12 ਮਿਸਲਾਂ ਬਣੀਆਂ ਤਾਂ ਬਾਬਾ ਦੀਪ ਸਿੰਘ ਜੀ ਨੂੰ 'ਸ਼ਹੀਦਾਂ ਦੀ ਮਿਸਲ' ਦੇ ਜਥੇਦਾਰ ਥਾਪਿਆ ਗਿਆ। ਇਸ ਸਮੇਂ ਵੀ ਇਨ੍ਹਾਂ ਦਾ ਪ੍ਰਮੁੱਖ ਟਿਕਾਣਾ ਸ੍ਰੀ ਦਮਦਮਾ ਸਾਹਿਬ ਹੀ ਰਿਹਾ।
ਸੰਨ 1756-57 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਜਦ ਹਿੰਦੁਸਤਾਨ 'ਤੇ ਚੌਥਾ ਹਮਲਾ ਕੀਤਾ ਤਾਂ ਗੁਰੀਲਾ ਯੁੱਧ ਦੇ ਮਾਹਿਰ ਖ਼ਾਲਸੇ ਨੇ ਉਸਦਾ ਹੰਕਾਰ ਤੋੜਿਆ। ਫਿਰ ਅਬਦਾਲੀ ਨੇ ਬਦਲਾ ਲਊ ਨੀਤੀ ਨਾਲ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਸੂਬੇਦਾਰ ਥਾਪਿਆ ਤੇ ਜਹਾਨ ਖ਼ਾਨ ਨੂੰ ਉਹਦਾ ਸੈਨਾਪਤੀ ਬਣਾ ਕੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਹੁਕਮ ਕੀਤਾ। ਜਹਾਨ ਖ਼ਾਨ ਨੇ 1757 ਈ. ਵਿਚ ਰਾਮਰੌਣੀ ਦਾ ਕਿਲ੍ਹਾ ਢਾਹ ਕੇ ਉਹਦੇ ਮਲਬੇ ਨਾਲ ਅੰਮ੍ਰਿਤਸਰ ਸਰੋਵਰ ਨੂੰ ਮਿੱਟੀ ਘੱਟੇ ਨਾਲ ਪੂਰ ਦਿੱਤਾ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ। ਜਦੋਂ ਇਹ ਖ਼ਬਰ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ ਵਿਖੇ ਮਿਲੀ ਤਾਂ ਬਾਬਾ ਜੀ ਉਥੋਂ ਅਰਦਾਸਾ ਸੋਧ ਕੇ ਪੰਜ ਸੌ ਸਿੰਘਾਂ ਦੇ ਜਥੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚੱਲ ਪਏ। ਸ੍ਰੀ ਤਰਨ ਤਾਰਨ ਤੱਕ ਪਹੁੰਚਦਿਆਂ ਮਰਜੀਵੜਿਆਂ ਦੀ ਗਿਣਤੀ ਪੰਜ ਹਜ਼ਾਰ ਹੋ ਗਈ। ਇਧਰ ਜਹਾਨ ਖ਼ਾਨ ਅੰਮ੍ਰਿਤਸਰ ਤੋਂ ਬਾਹਰ ਗੋਹਲਵੜ ਦੇ ਸਥਾਨ 'ਤੇ ਵੀਹ ਹਜ਼ਾਰ ਸੈਨਾ ਲੈ ਕੇ ਬੈਠਾ ਸੀ। ਇਥੇ ਭਰਵਾਂ ਯੁੱਧ ਹੋਇਆ। ਬਾਬਾ ਨੌਧ ਸਿੰਘ ਤੇ ਹੋਰ ਬੇਅੰਤ ਸਿੰਘ ਚੱਬੇ ਪਿੰਡ ਕੋਲ ਸ਼ਹੀਦ ਹੋਏ। ਮੁਗਲ ਫੌਜ ਪਿੱਛੇ ਹਟਦੀ ਗਈ। ਜਹਾਨ ਖ਼ਾਨ ਦਾ ਸਿਰ ਇੱਕ ਸਿੰਘ ਭਾਈ ਦਿਆਲ ਸਿੰਘ ਨੇ ਇਕੋ ਵਾਰ ਨਾਲ ਲਾਹ ਸੁੱਟਿਆ। ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰੇ ਅਠਾਰਾਂ ਸੇਰ ਦੇ ਖੰਡੇ ਨਾਲ ਦੁਸ਼ਮਣਾਂ ਦੇ ਆਹੂ ਲਾਹੁੰਦੇ ਗਏ। ਜਦ ਜਰਨੈਲ ਯਕੂਬ ਖ਼ਾਨ ਨੂੰ ਬਾਬਾ ਜੀ ਨੇ ਖੰਡੇ ਦੇ ਵਾਰ ਨਾਲ ਢੇਰੀ ਕਰ ਦਿੱਤਾ ਤਾਂ ਪਠਾਣ ਜਰਨੈਲ ਅਮਾਨ ਖ਼ਾਨ (ਸ਼ਾਹ ਜਮਾਲ ਖਾਂ) ਸਾਹਮਣੇ ਆਇਆ। ਬਾਬਾ ਜੀ ਤੇ ਅਮਾਨ ਖ਼ਾਨ ਦੇ ਦੋਨੋਂ ਪਾਸਿਉਂ ਜੋਸ਼ ਵਿਚ ਫੁਰਤੀ ਨਾਲ ਅਜਿਹੇ ਸ਼ਸਤਰ ਚੱਲੇ ਕਿ ਦੋਵਾਂ ਜਰਨੈਲਾਂ ਦੇ ਸਿਰ ਲੱਥ ਗਏ। ਬਾਬਾ ਦੀਪ ਸਿੰਘ ਜੀ ਨੇ ਆਪਣੀ ਅਰਦਾਸ ਦੇ ਬੋਲਾਂ ਉਪਰ ਪਹਿਰਾ ਦਿੰਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਸੀਸ ਭੇਟ ਕੀਤਾ ਜਿਥੇ ਹੁਣ ਸੀਸ ਭੇਟ ਅਸਥਾਨ ਹੈ। ਜਿਥੇ ਬਾਬਾ ਜੀ ਦੀ ਪਵਿੱਤਰ ਦੇਹ ਦਾ ਸਸਕਾਰ ਹੋਇਆ ਉਹ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਹੈ। ਸ਼ਹੀਦ ਬਾਬਾ ਦੀਪ ਸਿੰਘ ਜਿਹੀ ਪੂਜਨੀਕ ਰੂਹ ਸਦੀਵ ਕਾਲ ਕੌਮ ਦਾ ਸਵੈਮਾਣ ਤੇ ਪ੍ਰੇਰਕ ਸ਼ਕਤੀ ਹੈ। ਉਨ੍ਹਾਂ ਦੀ ਘਾਲ ਕਮਾਈ ਨੂੰ ਸਦ ਨਮਸਕਾਰ ਹੈ।

-ਮੋਬਾਈਲ : 98159-85559

Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਜਾਂਚ ਕਰਨ ਲਈ ਰਾਜ ਨਗਰ ਟੋਹਾਣਾ ਨੇ ਕੀਤੀ ਨਾਕਾਬੰਦੀ <br/> ਅਗਲੀ ਖ਼ਬਰ 01-26-26
Ad Position 24
No active advertisement