ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2023

<h4>ਕੱਲ੍ਹ ਜਨਮ ਦਿਹਾੜੇ 'ਤੇ ਵਿਸ਼ੇਸ਼</h4> ਅਨੋਖੇ ਅਮਰ ਸ਼ਹੀਦ : ਬਾਬਾ ਦੀਪ ਸਿੰਘ ਜੀ

Ad Position 21
No active advertisement
ਅਜੀਤ ਡੈਸਕ 26-01-2023

ਸ਼ਹੀਦ ਰਾਹਾਂ 'ਤੇ ਨਹੀਂ ਤੁਰਦੇ, ਸਗੋਂ ਆਉਣ ਵਾਲੀਆਂ ਨਸਲਾਂ ਲਈ ਨਵੇਂ ਨਿਵੇਕਲੇ ਰਾਹ ਸਿਰਜਦੇ ਹਨ। ਹੱਕ, ਸੱਚ, ਇਨਸਾਫ਼, ਗ਼ੈਰਤ, ਧਰਮ, ਅਣਖ, ਸ਼ਾਨ, ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਬੇਸ਼ਕੀਮਤੀ ਜਿੰਦ ਵਾਰਨ ਵਾਲੇ ਬਾਬਾ ਦੀਪ ਸਿੰਘ ਜੀ ਇਕ ਮਹਾਂਬਲੀ ਯੋਧੇ ਹੀ ਨਹੀਂ, ਮਹਾਨ ਵਿਦਵਾਨ, ਸਿਦਕਵਾਨ ਅਤੇ ਸੇਵਾ ਸਿਮਰਨ ਦੇ ਥੰਮ੍ਹ ਸਨ। ਇਨਸਾਨੀਅਤ ਅਤੇ ਰੂਹਾਨੀਅਤ ਦੇ ਮਾਰਗ ਉਤੇ ਆਪਾ ਨਿਛਾਵਰ ਕਰਨ ਵਾਲੇ ਇਸ ਲਾਸਾਨੀ ਸ਼ਹੀਦ ਦਾ ਜਨਮ 27 ਜਨਵਰੀ, 1682 ਈ. ਨੂੰ ਪਿਤਾ ਭਾਈ ਭਗਤੂ ਜੀ ਅਤੇ ਮਾਤਾ ਜਿਊਣੀ ਜੀ ਦੇ ਘਰ ਪਿੰਡ ਪਹੂਵਿੰਡ ਵਿਖੇ ਹੋਇਆ। ਮਾਂ-ਬਾਪ ਦੀ ਜ਼ਿੰਦਗੀ ਨੂੰ ਰੁਸ਼ਨਾਉਣ ਵਾਲੇ ਇਸ ਇਕੋ-ਇਕ ਸਪੁੱਤਰ ਦਾ ਨਾਂਅ ਦੀਪ ਰੱਖਿਆ ਗਿਆ। ਲਾਡਾਂ, ਪਿਆਰਾਂ ਵਿਚ ਪਲਿਆ ਇਹ ਬਾਲਕ ਬਚਪਨ ਤੋਂ ਹੀ ਤਾਕਤਵਰ, ਫੁਰਤੀਲਾ, ਆਗਿਆਕਾਰੀ ਅਤੇ ਰੂਹਾਨੀ ਬਿਰਤੀ ਵਾਲਾ ਸੀ। ਬਾਰਾਂ ਸਾਲ ਦੀ ਉਮਰ ਵਿਚ ਇਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸ੍ਰੀ ਦਸਮੇਸ਼ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਅਤੇ ਸਦਾ ਲਈ ਗੁਰੂ ਘਰ ਨੂੰ ਸਮਰਪਿਤ ਹੋ ਗਏ। ਇਥੇ ਰਹਿ ਕੇ ਆਪ ਨੇ ਘੋੜ ਸਵਾਰੀ, ਨੇਜ਼ਾਬਾਜ਼ੀ, ਗੁਰਮੁਖੀ ਅਤੇ ਸ਼ਸਤਰ ਵਿੱਦਿਆ ਹਾਸਲ ਕੀਤੀ। ਫਿਰ ਸਤਾਰਾਂ ਸਾਲ ਦੀ ਉਮਰ ਵਿਚ ਵਿਸਾਖੀ ਵਾਲੇ ਦਿਨ ਕਲਗੀਧਰ ਜੀ ਦੀ ਹਜ਼ੂਰੀ ਵਿਚ ਪੰਜਾਂ ਪਿਆਰਿਆਂ ਤੋਂ ਅੰਮ੍ਰਿਤਪਾਨ ਕਰਕੇ ਇਹ ਦੀਪ ਸਿੰਘ ਬਣ ਗਏ। ਇਥੇ ਹੀ ਇਨ੍ਹਾਂ ਨੇ ਅਰਬੀ, ਫ਼ਾਰਸੀ ਦਾ ਗਿਆਨ ਪ੍ਰਾਪਤ ਕੀਤਾ। ਆਪ ਸੁਡੌਲ ਸਰੀਰ, ਦ੍ਰਿੜ੍ਹ ਇਰਾਦੇ ਵਾਲੇ ਵਿਦਵਾਨ ਸੰਤ ਸਿਪਾਹੀ ਬਣ ਗਏ। ਆਪ ਨੇ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਜੰਗਾਂ ਵਿਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਅਤੇ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਤੋਂ ਕਰਵਾਈ। ਦਸਵੇਂ ਪਾਤਸ਼ਾਹ ਜੀ ਨੇ ਲਿਖਾਈ ਦੇ ਨਾਲ-ਨਾਲ ਗੁਰਬਾਣੀ ਦੀ ਕਥਾ ਵੀ ਪ੍ਰਾਰੰਭ ਕੀਤੀ। ਜਿਨ੍ਹਾਂ 48 ਗੁਰਮੁਖਾਂ ਨੇ ਪੂਰੀ ਕਥਾ ਸਰਵਣ ਕੀਤੀ, ਉਨ੍ਹਾਂ ਨੂੰ ਮਹਾਰਾਜ ਜੀ ਨੇ ਬ੍ਰਹਮਗਿਆਨੀ ਦੀ ਪਦਵੀ ਨਾਲ ਨਿਵਾਜਿਆ। ਇਨ੍ਹਾਂ ਆਤਮ-ਗਿਆਨੀਆਂ ਵਿਚ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਵੀ ਸ਼ਾਮਿਲ ਸਨ। ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਕੀ ਕਾਸ਼ੀ ਭਾਵ ਦਮਦਮਾ ਸਾਹਿਬ ਦੀ ਗੁਰਬਾਣੀ ਟਕਸਾਲ ਦੀ ਸੇਵਾ ਬਖ਼ਸ਼ੀ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਟਕਸਾਲ ਕਾਇਮ ਹੋਈ ਜੋ ਦਮਦਮੀ ਟਕਸਾਲ ਕਰਕੇ ਪ੍ਰਸਿੱਧ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1706 ਈ. ਵਿਚ ਦੱਖਣ ਵੱਲ ਜਾਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਦਾ ਮੁੱਖ ਸੇਵਾਦਾਰ ਥਾਪਿਆ। ਇਥੇ ਰਹਿ ਕੇ ਬਾਬਾ ਜੀ ਨੇ ਅਤਿਅੰਤ ਸੇਵਾ ਅਤੇ ਸਿਮਰਨ ਦੀ ਘਾਲ ਘਾਲੀ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਸੁੰਦਰ ਲਿਖਾਈ ਵਿਚ ਲਿਖੇ ਅਤੇ ਚਾਰ ਤਖ਼ਤ ਸਾਹਿਬ 'ਤੇ ਸਥਾਪਤ ਕਰਵਾਏ। ਇਕ ਸਰੂਪ ਅਰਬੀ ਭਾਸ਼ਾ ਵਿਚ ਲਿਖ ਕੇ ਅਰਬ ਦੇਸ਼ ਵੀ ਭੇਜਿਆ। ਗੁਰਬਾਣੀ ਦੇ ਰਸੀਏ ਅਤੇ ਅਭਿਆਸੀ ਹੋਣ ਕਰਕੇ ਆਪ ਨੇ ਗੁਰਸਿੱਖੀ ਦੀ ਫੁਲਵਾੜੀ ਨੂੰ ਹੋਰ ਮਹਿਕਾਇਆ। ਸੰਨ 1709 ਵਿਚ ਆਪ ਨੇ ਬੰਦਾ ਸਿੰਘ ਬਹਾਦਰ ਨਾਲ ਰਲ ਕੇ ਸਰਹਿੰਦ ਉੱਪਰ ਹਮਲਾ ਕੀਤਾ ਅਤੇ ਮੁਗਲ ਫ਼ੌਜ ਨੂੰ ਜ਼ਬਰਦਸਤ ਹਾਰ ਦਿੱਤੀ। ਸੰਨ 1732 ਵਿਚ ਆਪ ਨੇ ਮਹਾਰਾਜਾ ਆਲਾ ਸਿੰਘ ਨੂੰ ਬਰਨਾਲਾ ਵਿਚ ਮੁਗ਼ਲ ਫ਼ੌਜਾਂ ਦੇ ਘੇਰੇ ਵਿਚੋਂ ਬਚਾਇਆ। ਮਿਸਲਾਂ ਦੇ ਸਮੇਂ ਆਪ ਜੀ ਸ਼ਹੀਦ ਮਿਸਲ ਦੇ ਜਥੇਦਾਰ ਸਨ। ਜਦੋਂ ਅਹਿਮਦਸ਼ਾਹ ਅਬਦਾਲੀ ਹਿੰਦੁਸਤਾਨ ਨੂੰ ਲੁੱਟ ਕੇ, ਬੇਵੱਸ ਮੁਟਿਆਰਾਂ ਨੂੰ ਕੈਦ ਕਰ ਕੇ ਲਿਜਾ ਰਿਹਾ ਸੀ ਤਾਂ ਬਾਬਾ ਜੀ ਅਤੇ ਹੋਰ ਸਿੰਘਾਂ ਨੇ ਜ਼ੋਰਦਾਰ ਗੁਰੀਲੇ ਹਮਲੇ ਕਰਕੇ ਕੀਮਤੀ ਸਾਜ਼ੋ-ਸਾਮਾਨ ਅਤੇ ਬੇਦੋਸ਼ੀਆਂ ਲੜਕੀਆਂ ਨੂੰ ਵਾਪਸ ਲਿਆਂਦਾ ਅਤੇ ਘਰੋ-ਘਰੀ ਪਹੁੰਚਾਇਆ। ਅਹਿਮਦਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖ਼ਾਨ ਨੇ ਸੰਨ 1757 ਵਿਚ ਸ੍ਰੀ ਅੰਮ੍ਰਿਤਸਰ 'ਤੇ ਹਮਲਾ ਕਰਕੇ ਬਹੁਤ ਤਬਾਹੀ ਮਚਾਈ। ਸ੍ਰੀ ਹਰਿਮੰਦਰ ਸਾਹਿਬ ਨੂੰ ਢਾਹ ਦਿੱਤਾ, ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ। ਖ਼ਬਰ ਮਿਲਦਿਆਂ ਹੀ ਬਿਰਧ ਅਵਸਥਾ ਵਿਚ ਬਾਬਾ ਜੀ ਗਿਣਤੀ ਦੇ ਸਿੰਘਾਂ ਨਾਲ ਬਾਬਾ ਜੀ ਸ੍ਰੀ ਅੰਮ੍ਰਿਤਸਰ ਨੂੰ ਆਜ਼ਾਦ ਕਰਾਉਣ ਲਈ ਸ੍ਰੀ ਦਮਦਮਾ ਸਾਹਿਬ ਤੋਂ ਚਲ ਪਏ। ਰਾਹ ਵਿਚ ਅਜਿਹੀ ਵੰਗਾਰ ਪਾਉਂਦੇ ਗਏ ਕਿ ਉਨ੍ਹਾਂ ਦੀ ਅਗਵਾਈ ਵਿਚ ਹਜ਼ਾਰਾਂ ਸਿੰਘ ਇਕੱਠੇ ਹੋ ਗਏ। ਸ੍ਰੀ ਤਰਨ ਤਾਰਨ ਸਾਹਿਬ ਤੱਕ ਪੁੱਜਦਿਆਂ ਸਿੰਘਾਂ ਦੀ ਗਿਣਤੀ ਪੰਜ ਹਜ਼ਾਰ ਹੋ ਗਈ। ਬਾਬਾ ਜੀ ਨੇ ਸ਼ਹੀਦੀ ਗਾਨਾ ਬੰਨ੍ਹ ਲਿਆ ਅਤੇ ਸੰਗਰਾਣਾ ਸਾਹਿਬ ਆਪਣੇ ਖੰਡੇ ਨਾਲ ਇਕ ਲਕੀਰ ਵਾਹ ਕੇ ਕਿਹਾ ਕਿ ਜਿਸ ਨੇ ਧਰਮ ਹੇਤ ਸੀਸ ਭੇਟ ਕਰਨਾ ਹੈ, ਉਹ ਲਕੀਰ ਟੱਪ ਕੇ ਅੱਗੇ ਆਵੇ। ਸਾਰੇ ਹੀ ਸਿੰਘਾਂ ਨੇ ਲਕੀਰ ਪਾਰ ਕੀਤੀ, ਜਿਥੇ ਹੁਣ ਗੁਰਦੁਆਰਾ ਲਕੀਰ ਸਾਹਿਬ ਹੈ। ਬਾਬਾ ਜੀ ਨੇ ਅਰਦਾਸ ਕੀਤੀ ਕਿ ਮੈਂ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਭੇਟ ਕਰਾਂ। ਜਹਾਨ ਖ਼ਾਨ ਦੀ 20,000 ਫ਼ੌਜ ਨਾਲ ਬਾਬਾ ਜੀ 16 ਕਿਲੋ ਦੇ ਖੰਡੇ ਨਾਲ ਲੜੇ। ਬਾਬਾ ਜੀ ਅਤੇ ਸਿੰਘ ਇਸ ਤਰ੍ਹਾਂ ਜਾਨਾਂ ਹੂਲ ਕੇ ਲੜੇ ਕਿ ਮੁਗਲਾਂ ਦੇ ਪੈਰ ਹਿੱਲ ਗਏ। ਪਰ ਏਨੇ ਨੂੰ ਮੁਗ਼ਲਾਂ ਦੀ ਹੋਰ ਫ਼ੌਜ ਆ ਗਈ। ਜਹਾਨ ਖ਼ਾਨ ਅਤੇ ਬਾਬਾ ਜੀ ਨੇ ਇਕ-ਦੂਜੇ 'ਤੇ ਤੇਗਾਂ ਚਲਾਈਆਂ ਤੇ ਦੋਵਾਂ ਦੇ ਸਿਰ ਧੜ ਨਾਲੋਂ ਵੱਖ ਹੋ ਗਏ। ਬਾਬਾ ਜੀ ਨੇ ਆਪਣਾ ਸੀਸ ਖੱਬੇ ਹੱਥ 'ਤੇ ਟਿਕਾ ਲਿਆ ਅਤੇ ਸੱਜੇ ਹੱਥ ਨਾਲ ਖੰਡਾ ਵਾਹੁਣਾ ਸ਼ੁਰੂ ਕੀਤਾ। ਬਾਬਾ ਜੀ ਜੂਝਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਵੱਲ ਵਧੇ ਅਤੇ ਆਪਣਾ ਪਵਿੱਤਰ ਸਰੀਰ ਪਰਿਕਰਮਾ ਵਿਚ ਭੇਟ ਕਰ ਦਿੱਤਾ। ਜਿਥੇ ਹੁਣ ਆਪ ਜੀ ਦਾ ਨਿਸ਼ਾਨ ਅਤੇ ਗੁਰਦੁਆਰਾ ਸਾਹਿਬ ਹੈ। ਆਪ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਹੈ, ਜਿਥੇ ਆਪ ਜੀ ਦੇ ਪਾਵਨ ਸਰੀਰ ਦਾ ਸਸਕਾਰ ਹੋਇਆ। ਆਪ ਜੀ ਦਾ ਖੰਡਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਸਤਰਾਂ ਵਿਚ ਸੁਭਾਇਮਾਨ ਹੈ। ਆਪ ਜੀ ਦਾ ਯਾਦਗਾਰੀ ਬੁਰਜ ਸ੍ਰੀ ਦਮਦਮਾ ਸਾਹਿਬ ਵਿਖੇ ਸੁਸ਼ੋਭਿਤ ਹੈ, ਜਿਥੇ ਬੈਠ ਕੇ ਆਪ ਘੰਟਿਆਂਬੱਧੀ ਸਿਮਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਵਿਚ ਲੀਨ ਰਹਿੰਦੇ ਸਨ।

Ad Position 22
No active advertisement
ਪਿਛਲੀ ਖ਼ਬਰ ਸੰਵਿਧਾਨਕ ਆਦਰਸ਼ਾਂ ਨੂੰ ਬਚਾਉਣਾ ਸਮੇਂ ਦੀ ਲੋੜ ਅਗਲੀ ਖ਼ਬਰ <h4>ਅੱਜ ਜਨਮ ਦਿਵਸ 'ਤੇ ਵਿਸ਼ੇਸ਼</h4> ਸੁਤੰਤਰਤਾ ਸੰਗਰਾਮ ਦੇ ਮੋਢੀ ਸਤਿਗੁਰੂ ਰਾਮ ਸਿੰਘ
Ad Position 24
No active advertisement