ਸਮਾਂ ਕਹਿੰਦੇ ਦਿਖਦਾ ਨਹੀਂ ਪਰ ਦਿਖਾ ਬਹੁਤ ਕੁਝ ਦਿੰਦਾ ਹੈ। ਬੀਤਿਆ ਸਮਾਂ ਵਾਪਸ ਤਾਂ ਨਹੀਂ ਆਉਂਦਾ ਪਰ ਯਾਦ ਜ਼ਰੂਰ ਕੀਤਾ ਜਾ ਸਕਦਾ ਹੈ। ਮਸ਼ੀਨੀ ਯੁੱਗ ਨੇ ਭਾਵੇਂ ਸਾਨੂੰ ਹੱਥੀਂ ਕੰਮ ਕਰਨ ਤੋਂ ਨਿਜ਼ਾਤ ਦਿਵਾ ਦਿੱਤੀ ਪਰ ਅਸੀਂ ਹੋਏ ਔਖੇ ਹੀ ਹਾਂ, ਬਿਮਾਰੀਆਂ ਦੀ ਆਮਦ ਵਧੀ ਹੈ। ਕਣਕਾਂ ਦੀਆਂ ਵਾਢੀਆਂ ਦੇ ਉਹ ਰੰਗਲੇ ਦਿਨ ਹੀ ਅਲੋਪ ਨਹੀਂ ਹੋਏ, ਬਹੁਤ ਸਾਰੇ ਪੰਜਾਬੀ ਮਾਂ ਬੋਲੀ ਦੇ ਸ਼ਬਦ, ਮੁਹਾਵਰੇ, ਗੀਤ, ਬੋਲੀਆਂ ਵੀ ਸਾਡੇ ਚੇਤਿਆਂ ਦੀ ਚੰਗੇਰ 'ਚੋਂ ਮਨਫ਼ੀ ਹੋਏ ਹਨ।
'ਹਾੜ੍ਹੀ ਵੱਢੂਗੀਂ ਬਰਾਬਰ ਤੇਰੇ, ਵੇ ਦਾਤੀ ਨੂੰ ਲਵਾ ਦੇ ਘੁੰਗਰੂ' ਇਸ ਲੋਕ ਗੀਤ ਦੇ ਅਰਥ ਅੱਜ ਕੋਈ ਮਾਇਨਾ ਨਹੀਂ ਰੱਖਦੇ, ਕਿਉਂਕਿ ਨਾ ਹੀ ਕੋਈ ਹੱਥੀਂ ਵਾਢੀ ਕਰਦਾ ਹੈ, ਨਾ ਹੀ ਕੋਈ ਅਜਿਹੇ ਗੀਤ ਸੁਣਦਾ ਹੈ। ਜੇਕਰ ਅੱਜ ਤੋਂ ਤਿੰਨ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਕਣਕਾਂ ਦੀ ਵਾਢੀ ਰੁੱਤੇ ਪੰਜਾਬ ਦੇ ਪਿੰਡਾਂ ਦਾ ਮਾਹੌਲ ਮੇਲਿਆਂ ਵਰਗਾ ਹੁੰਦਾ ਸੀ। ਲੁਹਾਰ, ਤਰਖਾਣ, ਛੀਂਬਾ, ਮਹਿਰਾ ਸਭ ਵਰਗਾਂ ਦੇ ਲੋਕ ਕਿਸਾਨੀ ਨਾਲ ਸੰਬੰਧਿਤ ਹੱਥੀਂ ਹੁਨਰੀ ਕਲਾ ਨਾਲ ਸਾਲ ਭਰ ਦੇ ਦਾਣੇ ਕਮਾਉਂਦੇ ਸਨ। ਵੱਖ-ਵੱਖ ਪਿੰਡਾਂ ਦੀਆਂ ਦਾਤੀਆਂ ਕਣਕ ਵੱਢਣ ਲਈ ਮਸ਼ਹੂਰ ਹੋਈਆਂ। ਪਿੰਡਾਂ ਦੀ ਸਵੇਰ ਵੱਡੇ ਤੜਕੇ ਲੋਕ ਇਕ-ਦੂਜੇ ਤੋਂ ਵਧ ਕੰਮ ਕਰਦੇ, ਸਵੇਰੇ-ਸਵੇਰੇ ਪਸ਼ੂਆਂ ਲਈ ਕੱਖ ਕੰਡੇ ਦਾ ਕੰਮ ਨਿਬੇੜ ਸਾਰਾ-ਸਾਰਾ ਦਿਨ ਪਾਣੀ ਵਾਂਗ ਪਸੀਨਾ ਵਹਾ ਜ਼ਿੱਦ-ਜ਼ਿੱਦ ਵਾਢੀ ਕਰਦੇ। ਨਾ ਰੋਗ ਨਾ ਬਿਮਾਰੀ, ਸਿੱਧ ਪੱਧਰੇ ਲੋਕ ਕੰਮ ਨੂੰ ਹੀ ਪੂਜਾ ਸਮਝਦੇ ਸਨ। ਮੱਧ ਵਰਗੀ ਲੋਕ (ਭਾਗੇ ਤੇ) ਕਣਕਾਂ ਵੱਢਦੇ ਤੇ ਇੰਜ ਉਹ ਸਾਲ ਭਰ ਦੇ ਦਾਣੇ ਕਮਾ ਲੈਂਦੇ, ਅੱਜ ਵਾਂਗ ਡੀਪੂਆਂ ਤੋਂ ਦੋ ਰੁਪਏ ਕਿਲੋ ਵਾਲੀ ਕਣਕ ਨਹੀਂ ਸੀ ਉਡੀਕਦੇ। ਸਰਕਾਰੀ ਡੀਪੂਆਂ ਦੀ ਕਣਕ ਨੇ ਵੀ ਸਾਡੇ ਲੋਕਾਂ ਦੇ ਹੱਡ ਹਰਾਮ ਕਰ ਦਿੱਤੇ ਨੇ। ਕਣਕ ਦੀ ਵਢਾਈ ਵਿਚ ਤਰਖਾਣ ਭਾਈਚਾਰੇ ਦਾ ਅਹਿਮ ਰੋਲ ਹੁੰਦਾ ਸੀ। ਦਾਤੀਆਂ ਬਣਾਉਣਾ ਤੇ ਦੰਦੇ ਕੱਢਣਾ ਦੇਰ ਰਾਤ ਤੱਕ ਵਾਰੀ ਆਉਣੀ, ਪੱਠੇ ਕੁਤਰਨ ਵਾਲੀ ਮਸ਼ੀਨ 'ਤੇ ਚਰਖਣੀ ਫਿੱਟ ਕੀਤੀ ਹੁੰਦੀ, ਜਿਸ ਦੀ ਵਾਰੀ ਉਸ ਨੇ ਗੇੜਨੀ, ਇੰਜ ਤਰਖਾਣ, ਲੁਹਾਰ ਸਭ ਆਪਣੇ ਹੱਥੀਂ ਕਲਾ ਨਾਲ ਸਾਲ ਭਰ ਦੇ ਦਾਣੇ ਇਕੱਠੇ ਕਰ ਲੈਂਦੇ। ਮਹਿਰੇ ਭਾਈਚਾਰੇ ਦੇ ਲੋਕ 'ਚਮੜੇ ਦੀਆਂ ਮਛਕਾਂ' ਪਾਣੀ ਨਾਲ ਭਰ ਕਣਕ ਵੱਢਦਿਆਂ ਕੋਲ ਲੈ ਜਾਂਦੇ, ਪਾਣੀ ਪਿਆਉਂਦੇ ਤੇ ਥੱਬਾ ਸੱਥਰੀ ਲਾਂਗਾ ਲੈ ਜਾਂਦੇ। ਅੱਜ ਸਾਡੇ ਬੱਚਿਆਂ ਨੂੰ ਨਾ ਹੀ ਕਣਕਾਂ ਦੀ ਕਟਾਈ ਬਾਰੇ, ਨਾ ਹੀ ਲਾਂਗਾ, ਆਡਾ, ਫਾਂਟਾਂ ਬਾਰੇ ਕੋਈ ਗਿਆਨ ਹੈ। ਕਣਕ ਦੀ ਵਾਢੀ ਸਮੇਂ ਪਰਜਾਪਤ (ਘੁਮਿਆਰ) ਭਰਾ ਕੋਰੇ ਘੜੇ ਕਣਕ ਦੇ ਲਾਂਗੇ ਬਦਲੇ ਦਿੰਦੇ, ਕਿਉਂਕਿ ਪਾਣੀ ਦੀ ਪਿਆਸ ਬੁਝਾਉਣ ਲਈ ਘੜਾ ਹੀ ਸਭ ਤੋਂ ਉੱਤਮ ਸਰੋਤ ਸੀ। ਇਕ ਵਾਰ ਘੜਾ ਪਾਣੀ ਦੂਰੋਂ ਨੇੜਿਓਂ ਲਿਆ ਭਰ ਲੈਣਾ ਫਿਰ ਘੜੇ 'ਚੋਂ ਹੀ ਸਾਰ ਦਿਨ ਪਾਣੀ ਪੀਣਾ। ਸ਼ਾਮ ਨੂੰ ਆਉਣ ਵੇਲੇ ਘੜਾ ਪਾਣੀ ਨਾਲ ਭਰ ਰੱਖ ਦਿੰਦੇ ਉਪਰੋਂ ਚੱਪਣ ਨਾਲ ਢਕ ਉਪਰ ਕੱਪੜਾ ਬੰਨ੍ਹ ਲਾਂਗੇ ਦੀ ਸੱਥਰੀ ਨਾਲ ਢਕ ਆਉਣਾ, ਸਵੇਰ ਨੂੰ ਉਹ ਪਾਣੀ ਅੱਜ ਦੀਆਂ ਫਰਿੱਜਾਂ ਨੂੰ ਮਾਤ ਪਾਉਂਦਾ ਸੀ। ਅੱਜ ਦੇ ਫਿਲਟਰਾਂ ਨਾਲੋਂ ਕਿਤੇ ਵੱਧ ਸੁਆਦਲਾ ਪਾਣੀ ਪਿਆਸ ਬੁਝਾਈ ਰੱਖਦਾ। ਅੱਜ ਅਸੀਂ ਫਿਲਟਰ ਪਾਣੀ ਪੀ ਕੇ ਵੀ ਨਿਰੋਗ ਨਹੀਂ ਹਾਂ। ਵਾਢੀਆਂ ਦੇ ਦਿਨ ਖੇਤਾਂ ਵਿਚ 'ਸਵਾਨੀ ਤਿੱਤਰ ਦੀ ਆਵਾਜ਼ ਮੰਤਰ ਮੁਗਧ ਕਰਦੀ ਭਾਵੇਂ ਇਹ ਪੰਛੀ ਪੂਰੀ ਤਰ੍ਹਾਂ ਤਾਂ ਅਲੋਪ ਨਹੀਂ ਹੋਏ ਪਰ ਰਸਾਇਣਕ ਖਾਦਾਂ ਦੀ ਵਰਤੋਂ ਕਾਰਨ ਘਟੇ ਜ਼ਰੂਰ ਨੇ।'
ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਕਣਕਾਂ ਦੀ ਕਟਾਈ ਵਿਸਾਖੀ ਨੂੰ ਸ਼ੁਰੂ ਹੁੰਦੀ ਤੇ ਮਹੀਨਾ ਡੇਢ ਮਹੀਨਾ ਵਾਢੀ ਚਲਦੀ। ਉਦੋਂ ਕਣਕਾਂ ਦੀ ਗਹਾਈ ਬਲਦਾਂ ਨਾਲ ਹੁੰਦੀ ਸੀ। ਹੌਲੀ-ਹੌਲੀ ਸਮੇਂ ਨੇ ਕਰਵਟ ਬਦਲੀ ਫਿਰ ਲੋਕ ਕਣਕਾਂ ਦੀ ਕਟਾਈ ਵਿਸਾਖੀ ਤੱਕ ਨਿਬੇੜਨ ਲੱਗ ਪਏ। ਵਿਸਾਖੀ ਦੇ ਢੋਲ, ਕੈਂਠਿਆਂ ਵਾਲੇ ਗੱਭਰੂ ਆਪਣੀ ਜ਼ੋਰ ਅਜਮਾਈ ਕਰਦੇ। ਹਰ ਘਰ ਵਿਚ ਦੁੱਧ, ਦੇਸੀ ਘਿਓ, ਦਹੀਂ, ਲੱਸੀ, ਗੁੜ੍ਹ, ਸ਼ੱਕਰ ਆਮ ਹੁੰਦਾ ਤੇ ਮੁਢਲੀ ਖੁਰਾਕ 'ਚ ਵੀ ਇਹੀ ਕੁਝ ਹੁੰਦਾ ਸੀ। ਕੱਖ ਪੱਠਾ ਦੋ ਬਲਦਾਂ ਵਾਲੀਆਂ ਰੇੜੀਆਂ 'ਤੇ ਲਿਆਉਂਦੇ ਅੱਜ ਵਾਂਗ ਮੋਟਰਸਾਈਕਲ ਵਾਲੀਆਂ ਰੇੜੀਆਂ ਨਹੀਂ ਸਨ। ਤਾਰਿਆਂ ਦੀ ਛਾਂ ਤੱਕ ਕਣਕ ਦੀ ਕਟਾਈ ਹੁੰਦੀ, ਥਕੇਵੇਂ ਦਾ ਕਿਧਰੇ ਨਾਮੋ ਨਿਸ਼ਾਨ ਵੀ ਨਹੀਂ ਸੀ ਹੁੰਦਾ। ਔਰਤਾਂ ਵੀ ਘਰ ਦਾ ਕੰਮ-ਕਾਜ ਨਿਬੇੜ ਬੰਦਿਆਂ ਦੇ ਬਰਾਬਰ ਕਣਕਾਂ ਵਢਾਉਂਦੀਆਂ। ਉਦੋਂ 'ਐਲਰਜੀ' ਸ਼ਬਦ ਦਾ ਵੀ ਜਨਮ ਨਹੀਂ ਸੀ ਹੋਇਆ। ਸੱਤ-ਅੱਠ ਸਾਲ ਦੇ ਬੱਚੇ ਵੀ ਨਾਲ ਹੱਥ ਵਟਾਉਂਦੇ ਮੋਢਿਆਂ 'ਤੇ ਗਿੱਲੀਆਂ ਰੱਸੀਆਂ ਹੋਣੀਆਂ, ਜੋ ਇਕ-ਇਕ ਕਰਕੇ ਭਰੀਆਂ ਬੰਨ੍ਹਣ ਲਈ ਵਿਛਾਉਂਦੇ ਤੇ ਭਰੀਆਂ ਬੰਨ੍ਹਦੇ ਜਾਣਾ। ਕਈ ਉਦਮੀ ਬੰਦੇ ਗੂੜ੍ਹੇ ਸਿਆਲਾਂ 'ਚ ਝੋਨੇ ਦੀ ਪਰਾਲੀ ਦੀਆਂ ਬੇੜਾਂ ਵੀ ਵੱਟ ਲੈਂਦੇ, ਕਈ ਤਾਂ ਖੇਤਾਂ ਦੇ ਵਿਚਾਲੇ ਮੰਡਲੀਆਂ ਹੀ ਲਾ ਦਿੰਦੇ, ਨੇਰ੍ਹੀ ਬੁੱਲ੍ਹੇ ਦੇ ਡਰੋਂ ਉੱਪਰ ਮਿੱਟੀ ਦੇ ਡਲੇ ਵੀ ਰੱਖ ਦਿੰਦੇ। ਬੜਾ ਹੀ ਮੁਸ਼ੱਕਤ ਭਰਿਆ ਕੰਮ ਹੁੰਦਾ ਸੀ ਕਣਕਾਂ ਦੀ ਕਟਾਈ ਦਾ, ਲੋਕ ਤਕੜੇ ਵੀ ਬਹੁਤ ਸੀ।
ਜ਼ਿਆਦਾ ਪੈਲੀ ਵਾਲੇ ਬੰਦੇ ਕਣਕ ਵੱਢਣ ਲਈ 'ਆਵਤ' ਸੱਦਦੇ, ਸੌ-ਸੌ ਇਕੱਠੇ ਬੰਦੇ ਕਣਕਾਂ ਵੱਢਦੇ, ਆਵਤ ਵਾਲੇ ਘਰ ਵਿਆਹ ਵਰਗਾ ਮਾਹੌਲ ਹੁੰਦਾ। ਕਣਕ ਦੀ ਵਾਢੀ ਉਪਰੰਤ 'ਥੋੜ੍ਹੀ ਕਣਕ ਖੇਤ ਦੇ ਸਿਰੇ ਛੱਡ ਮੱਥਾ ਟੇਕਦੇ ਤੇ ਪਸ਼ੂ ਮਾਲ ਪੱਠੇ ਦੀ ਸੁੱਖ ਮੰਗਦੇ ਜਿਸ ਨੂੰ 'ਬੋਦੀ ਛੱਡਣਾ ਜਾਂ ਮਰੀਂਡਾ' ਕਿਹਾ ਜਾਂਦਾ ਸੀ। ਹੌਲੀ-ਹੌਲੀ ਸਭ ਕੁਝ ਅਲੋਪ ਹੋ ਗਿਆ। 80 ਤੋਂ ਬਾਅਦ 'ਬਾਦਲ' ਦੀਆਂ ਡਰੰਮੀਆਂ ਨਾਲ ਕਣਕਾਂ ਦੀ ਵਾਢੀ ਦਾ ਕੁਤਰਾ ਹੋਣ ਲੱਗਾ ਤੇ ਬਲਦਾਂ ਦਾ ਕੰਨਾ ਖਾਲੀ ਹੋਇਆ। 90 ਤੋਂ ਬਾਅਦ ਭਾਈ ਭਗਤੇ ਦੇ ਹੜੰਬਿਆਂ ਨੇ ਤਰਥਲੀ ਮਚਾਈ, ਕੰਮ ਛੇਤੀ ਨਿਬੜਨ ਲੱਗਿਆ ਤੇ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ, ਕਈਆਂ ਦੇ ਹੱਥ ਤੇ ਬਾਹਵਾਂ ਕੱਟੀਆਂ ਗਈਆਂ। ਤੂੜੀ ਦੋ ਬਲਦਾਂ ਵਾਲੀਆਂ ਰੇੜੀਆਂ 'ਤੇ ਢੋਂਹਦੇ, ਕਈ ਦੌੜਿਆਂ ਦੀਆਂ ਪੰਡਾਂ ਬੰਨ੍ਹ ਸਿਰਾਂ 'ਤੇ ਹੀ ਲਾਗਲੇ ਖੇਤਾਂ 'ਚੋਂ ਢੋਅ ਲੈਂਦੇ, ਅੱਜ ਵਾਂਗ ਬਕਸਾ ਟਾਈਪ ਟਰਾਲੀਆਂ ਨਹੀਂ ਸਨ ਹੁੰਦੀਆਂ। ਹੱਥੀਂ ਵੱਢੀ ਕਣਕ ਤੇ ਮਸ਼ੀਨੀ ਤੂੜੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਤੂੜੀ ਨੂੰ ਸਾਂਭਣ ਦਾ ਇਕ ਅਹਿਮ ਤਰੀਕਾ ਹੁੰਦਾ 'ਕੁੱਪ ਬੰਨ੍ਹਣਾ' ਕਿਸਾਨੀ ਕਲਾ ਖੂਬਸੂਰਤ ਨਮੂਨਾਕਾਰੀ ਦੇ ਨਾਲ-ਨਾਲ ਤੂੜੀ ਦੀਆਂ ਪੰਡਾਂ ਪੌੜੀ ਲਾ ਉੱਪਰ ਤੱਕ ਲਿਜਾਣਾ ਕਮਾਲ ਦੀ ਕਲਾਕਾਰੀ।
'ਸਮੇਂ ਨਾਲ ਸਭ ਕੁਝ ਅਲੋਪ ਹੁੰਦਾ ਚਲਿਆ ਗਿਆ। ਪੰਜਾਬੀ ਕਾਮਿਆਂ ਦੀ ਜਗ੍ਹਾ ਪ੍ਰਵਾਸੀ ਕਾਮਿਆਂ ਨੇ ਲੈ ਲਈ। ਹੱਥੀਂ ਵਾਢੀ ਦੀ ਥਾਂ ਮਸ਼ੀਨਾਂ ਆ ਗਈਆਂ। ਮਸ਼ੀਨਾਂ ਨਾਲ ਵਾਢੀ ਕਿਸਾਨਾਂ ਦੀ ਮਜਬੂਰੀ ਵੀ ਹੋ ਗਈ, ਕਿਉਂਕਿ ਇਕ ਤਾਂ ਹੱਥੀਂ ਵਾਢੀ ਮਹਿੰਗੀ ਤੇ ਸਮਾਂ ਜ਼ਿਆਦਾ ਲਗਦਾ, ਦੂਜਾ ਅਗਜ਼ਨੀ ਦੀਆਂ ਘਟਨਾਵਾਂ ਦਾ ਡਰ। ਸਾਡੇ ਪੰਜਾਬ ਦੀ ਨੌਜਵਾਨੀ ਦੀ ਇਥੇ ਕੰਮ ਕਰਨ 'ਚ ਰੁਚੀ ਨਹੀਂ। ਉਹ ਜ਼ਿਆਦਾਤਰ ਪ੍ਰਵਾਸ ਨੂੰ ਤਰਜੀਹ ਦੇਣ ਲੱਗੇ ਨੇ, ਜਿਸ ਕਾਰਨ ਪੰਜਾਬ ਖਾਲੀ ਹੋ ਰਿਹਾ। ਵਿਦੇਸ਼ਾਂ ਵੱਲ ਨੌਜਵਾਨੀ ਦਾ ਹਿਜਰਤ ਕਰਨਾ ਵੱਡਾ ਦੁਖਾਂਤ ਹੈ। ਸਮੇਂ ਨੂੰ ਵਾਪਸ ਤਾਂ ਨੀਂ ਮੋੜਿਆ ਜਾ ਸਕਦਾ ਪਰ ਯਾਦ ਕਰ ਬੀਤੇ ਸਮੇਂ ਨੂੰ ਤਾਜ਼ਾ ਜ਼ਰੂਰ ਕੀਤਾ ਜਾ ਸਕਦਾ ਹੈ।
-ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 98156-88236