ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2024

ਲੋਕਰਾਜ, ਬਰਾਬਰੀ ਅਤੇ ਮਨੁੱਖੀ ਅਧਿਕਾਰ ਦਿਵਸ ਵਿਸਾਖੀ

Ad Position 21
No active advertisement
ਅਜੀਤ ਡੈਸਕ 13-04-2024

ਵਿਸਾਖੀ ਨੂੰ ਉੱਤਰੀ ਭਾਰਤ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਮੰਨਿਆ ਜਾਂਦਾ ਹੈ। ਇਥੋਂ ਤੱਕ ਵੀ ਆਖਿਆ ਜਾਂਦਾ ਹੈ ਕਿ ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਵਾਲਾ ਬ੍ਰਾਹਮਣ ਵਰਗ ਇਸ ਨੂੰ ਆਪਣਾ ਤਿਉਹਾਰ ਮੰਨਦਾ ਹੈ। ਵਪਾਰ ਅਤੇ ਕਾਰੋਬਾਰੀ ਅਦਾਰੇ ਇਸੇ ਦਿਨ ਤੋਂ ਆਪਣਾ ਨਵਾਂ ਸਾਲ ਸ਼ੁਰੂ ਕਰਦੇ ਹਨ। ਸਰਕਾਰ ਦਾ ਵੀ ਵਿੱਤੀ ਵਰ੍ਹਾ ਇਸੇ ਮੌਕੇ ਸ਼ੁਰੂ ਹੁੰਦਾ ਹੈ। ਵਿਸਾਖੀ ਦੀ ਸਾਡੇ ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਜੀਵਨ 'ਚ ਵਿਸ਼ੇਸ਼ ਮਹੱਤਤਾ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਦਿਨ ਨੂੰ ਸੰਸਾਰ 'ਚ ਖ਼ਾਲਸੇ ਦੀ ਸਿਰਜਣਾ ਲਈ ਚੁਣਿਆ। ਸੰਸਾਰ ਵਿਚੋਂ ਊਚ-ਨੀਚ, ਜ਼ੋਰ-ਜ਼ਬਰਦਸਤੀ ਅਤੇ ਜ਼ੁਲਮ ਨੂੰ ਖ਼ਤਮ ਕਰਨ ਲਈ ਜਿਸ ਖ਼ਾਲਸੇ ਦੀ ਸਿਰਜਣਾ ਲਈ ਪਿਛਲੀਆਂ ਦੋ ਸਦੀਆਂ ਤੋਂ ਮੁਹਿੰਮ ਚੱਲ ਰਹੀ ਸੀ, ਗੁਰੂ ਜੀ ਨੇ ਵਿਸਾਖੀ (1699) ਵਾਲੇ ਦਿਨ ਇਸ ਨੂੰ ਅਮਲੀ ਰੂਪ ਦਿੱਤਾ। ਗੁਰੂ ਜੀ ਨੇ ਵਿਸਾਖੀ ਨੂੰ ਕੇਵਲ ਨਵੇਂ ਵਰ੍ਹੇ ਦਾ ਦਿਨ ਹੀ ਨਹੀਂ ਰਹਿਣ ਦਿੱਤਾ, ਸਗੋਂ ਨਵੇਂ ਇਤਿਹਾਸ ਦੇ ਆਰੰਭ ਦਾ ਦਿਨ ਬਣਾ ਦਿੱਤਾ।
ਇਸ ਦਿਨ ਗੁਰੂ ਜੀ ਨੇ ਸੰਪੂਰਨ ਮਨੁੱਖ ਖ਼ਾਲਸੇ ਦੀ ਹੀ ਸਿਰਜਣਾ ਨਹੀਂ ਕੀਤੀ, ਸਗੋਂ ਸੰਸਾਰ 'ਚ ਲੋਕਰਾਜ ਦੀ ਨੀਂਹ ਰੱਖੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਪ੍ਰਣ ਲਿਆ। ਅਨੋਖੀ ਸੀ ਇਹ ਵਿਸਾਖੀ ਜਦੋਂ ਲੱਖਾਂ ਦੀ ਗਿਣਤੀ 'ਚ ਇਕੱਤਰ ਹੋਈ ਸੰਗਤ ਸਾਹਮਣੇ ਗੁਰੂ ਜੀ ਨੰਗੀ ਤਲਵਾਰ ਲੈ ਕੇ ਮੰਚ ਉੱਤੇ ਆਏ ਅਤੇ ਇਕ ਸਿਰ ਦੀ ਮੰਗ ਕੀਤੀ। ਇਸ ਮੰਗ ਨਾਲ ਸੰਗਤ 'ਚ ਹਿਲਜੁਲ ਹੋਣੀ ਜ਼ਰੂਰੀ ਸੀ। ਕੇਵਲ ਲਾਹੌਰ ਨਿਵਾਸੀ ਭਾਈ ਦਇਆ ਰਾਮ ਸੰਗਤ 'ਚੋਂ ਉੱਠੇ ਅਤੇ ਆਪਣਾ ਸੀਸ ਗੁਰੂ ਅੱਗੇ ਝੁਕਾ ਦਿੱਤਾ। ਗੁਰੂ ਜੀ ਉਸ ਨੂੰ ਆਪਣੇ ਨਾਲ ਤੰਬੂ 'ਚ ਲੈ ਗਏ ਅਤੇ ਕੁਝ ਦੇਰ ਪਿੱਛੋਂ ਮੁੜ ਲਹੂ ਲਿਬੜੀ ਤਲਵਾਰ ਲੈ ਕੇ ਆਏ ਅਤੇ ਇਕ ਹੋਰ ਸਿਰ ਦੀ ਮੰਗ ਕੀਤੀ। ਇੰਜ ਚਾਰ ਹੋਰ ਸਿੱਖਾਂ ਦੀ ਚੋਣ ਕੀਤੀ ਗਈ। ਇਨ੍ਹਾਂ ਦੇ ਨਾਂਅ ਸਨ: ਭਾਈ ਧਰਮ ਸਿੰਘ (ਦਿੱਲੀ), ਭਾਈ ਮੋਹਕਮ ਚੰਦ (ਦਵਾਰਕਾ), ਭਾਈ ਸਾਹਿਬ ਚੰਦ (ਬਿਦਰ) ਅਤੇ ਭਾਈ ਹਿੰਮਤ ਰਾਏ (ਜਗਨ ਨਾਥ ਪੁਰੀ)। ਇਹ ਮਰਜੀਵੜੇ ਸਾਰੇ ਦੇਸ਼ ਅਤੇ ਸਾਰੀਆਂ ਜਾਤਾਂ ਦੀ ਪ੍ਰਤੀਨਿਧਤਾ ਕਰ ਰਹੇ ਸਨ। ਗੁਰੂ ਜੀ ਇਨ੍ਹਾਂ ਪੰਜਾਂ ਨੂੰ ਨਾਲ ਲੈ ਕੇ ਮੁੜ ਮੰਚ ਉੱਤੇ ਆਏ। ਸਰਬ ਲੋਹ ਦੇ ਬਾਟੇ ਵਿਚ ਬਾਣੀ ਦੇ ਜਾਪ ਨਾਲ ਅੰਮ੍ਰਿਤ ਤਿਆਰ ਕੀਤਾ। ਮਾਤਾ ਜੀਤਾਂ (ਜੀਤੋ) ਜੀ ਨੇ ਇਸ ਅੰਮ੍ਰਿਤ 'ਚ ਪਤਾਸੇ ਪਾ ਕੇ ਸ਼ਕਤੀ ਨਾਲ ਨਿਮਰਤਾ ਜੋੜ ਦਿੱਤੀ। ਗੁਰੂ ਜੀ ਨੇ ਇਕੋ ਬਾਟੇ ਵਿਚੋਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਜਾਤ-ਪਾਤ, ਊਚ-ਨੀਚ ਤੇ ਇਲਾਕਾਈ ਬੰਧਨਾਂ ਨੂੰ ਤੋੜ ਦਿੱਤਾ। ਪੰਜਾਂ ਨੂੰ ਇਕੋ ਤਰ੍ਹਾਂ ਦੇ ਬਾਣੇ ਪਾਣ ਲਈ ਦਿੱਤੇ ਅਤੇ ਸਾਰਿਆਂ ਦੇ ਨਾਵਾਂ ਪਿੱਛੇ 'ਸਿੰਘ' ਲਗਾ ਕੇ ਆਪਣੇ ਕਥਨ, 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਨੂੰ ਸੱਚ ਕਰ ਵਿਖਾਇਆ। ਮੁੜ ਇਨ੍ਹਾਂ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਪਾਨ ਕਰਕੇ ਉਹੀ ਰੂਪ ਤੇ ਨਾਮ ਧਾਰਨ ਕੀਤਾ। ਸੰਸਾਰ 'ਚ ਕਿਤੇ ਵੀ ਅਜਿਹੀ ਮਿਸਾਲ ਨਹੀਂ ਮਿਲਦੀ, ਜਿੱਥੇ ਗੁਰੂ ਨੇ ਆਪ ਚੇਲੇ ਦਾ ਰੂਪ ਧਾਰਿਆ ਹੋਵੇ। ਦਸਮੇਸ਼ ਪਿਤਾ ਨੇ ਤਲਵਾਰ ਦੇ ਇਕੋ ਝਟਕੇ ਨਾਲ ਜਾਤ-ਪਾਤ ਅਤੇ ਊਚ-ਨੀਚ ਦੇ ਆਧਾਰ ਉੱਤੇ ਪਈਆਂ ਵੰਡੀਆਂ ਨੂੰ ਖ਼ਤਮ ਕਰ ਕੇ ਸਾਰੀ ਲੋਕਾਈ ਨੂੰ ਕੇਵਲ ਬਰਾਬਰੀ ਹੀ ਨਹੀਂ ਬਖ਼ਸ਼ੀ, ਸਗੋਂ ਸਭਨਾਂ ਦੀ ਪਛਾਣ ਵੀ ਇਕੋ ਹੀ ਕਰ ਦਿੱਤੀ।
ਸਾਂਝੇ ਬਾਣੇ ਅਤੇ ਸਾਂਝੇ ਨਾਂਅ ਨਾਲ ਖ਼ਾਲਸਾ ਹੋਂਦ 'ਚ ਆਇਆ। ਜਦੋਂ ਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਮੰਗੀ ਤਾਂ ਭਾਈ ਦਇਆ ਸਿੰਘ ਹੋਰਾਂ ਆਖਿਆ, 'ਗੁਰੂ ਜੀ, ਅਸੀਂ ਅੰਮ੍ਰਿਤ ਦੀ ਦਾਤ ਆਪਣਾ ਸੀਸ ਭੇਟ ਕਰਕੇ ਪ੍ਰਾਪਤ ਕੀਤੀ ਹੈ, ਤੁਸੀਂ ਕੀ ਭੇਟ ਕਰੋਗੇ।' ਗੁਰੂ ਜੀ ਦਾ ਉੱਤਰ ਸੀ 'ਤੁਸੀਂ ਤਾਂ ਕੇਵਲ ਆਪਣੇ ਆਪ ਨੂੰ ਭੇਟ ਕੀਤਾ ਹੈ ਮੈਂ ਤਾਂ ਆਪਣਾ ਸਰਬੰਸ ਹੀ ਕੌਮ ਨੂੰ ਭੇਟ ਕਰ ਦਿੱਤਾ ਹੈ'। ਗੁਰੂ ਜੀ ਕੇਵਲ ਨੌਂ ਵਰ੍ਹਿਆਂ ਦੇ ਸਨ, ਜਦੋਂ ਆਪਣੇ ਗੁਰੂ ਪਿਤਾ ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹੀਦ ਹੋਣ ਲਈ ਤੋਰਿਆ ਸੀ। ਆਪਣੇ ਵੱਡੇ ਦੋਵੇਂ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਣ ਲਈ ਤੋਰੇ ਤੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਉਮਰ ਮਸਾਂ ਸੱਤ ਤੇ ਪੰਜ ਸਾਲ ਸੀ, ਸਰਹੰਦ ਦੇ ਸੂਬੇ ਨੇ ਜ਼ਿੰਦਾ ਨੀਂਹਾਂ 'ਚ ਚਿਣਾ ਕੇ ਸ਼ਹੀਦ ਕਰ ਦਿੱਤੇ, ਉੱਥੇ ਹੀ ਗੁਰੂ ਜੀ ਦੀ ਮਾਤਾ ਜੀ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ। ਗੁਰੂ ਜੀ ਨੇ ਅਫ਼ਸੋਸ ਕਰਨ ਦੀ ਥਾਂ ਇਨ੍ਹਾਂ ਸ਼ਹੀਦੀਆਂ ਲਈ ਪ੍ਰਮਾਤਮਾ ਦਾ ਸ਼ੁਕਰ ਕੀਤਾ।
ਗੁਰੂ ਜੀ ਨੇ ਸੰਸਾਰ 'ਚੋਂ ਸ਼ਖ਼ਸੀ ਰਾਜ ਦੇ ਜ਼ੁਲਮ ਜਬਰ ਨੂੰ ਖ਼ਤਮ ਕਰਕੇ ਪੰਚ ਆਧਾਰਿਤ ਲੋਕਰਾਜ ਦੀ ਨੀਂਹ ਰੱਖੀ। ਸਾਰੇ ਫ਼ੈਸਲੇ ਸੱਚੇ ਤੇ ਸੁੁੱਚੇ ਚੁਣੇ ਗਏ ਪੰਜ ਲੋਕ ਆਗੂਆਂ ਰਾਹੀਂ ਕਰਨ ਦੀ ਪਿਰਤ ਪਾਈ। ਇਸ ਦੇ ਨਾਲ ਹੀ ਉਨ੍ਹਾਂ ਸਮਾਜਿਕ ਅਤੇ ਸੱਭਿਆਚਰਕ ਕ੍ਰਾਂਤੀ ਦੀ ਵੀ ਨੀਂਹ ਰੱਖੀ। ਗੁਰੂ ਜੀ ਨੇ ਲੋਕਾਈ ਨੂੰ ਵਹਿਮਾਂ-ਭਰਮਾਂ, ਕਰਮਕਾਂਡਾਂ ਅਤੇ ਫ਼ਜ਼ੂਲ ਦੀਆਂ ਧਾਰਮਿਕ ਰਹੁ-ਰੀਤਾਂ ਵਿਚੋਂ ਕੱਢ ਇਕ ਪ੍ਰਮਾਤਮਾ ਨਾਲ ਜੁੜਨ ਦਾ ਹੁਕਮ ਕੀਤਾ। ਉਨ੍ਹਾਂ ਦੱਸਿਆ ਕਿ ਸੱਚੇ ਮਾਰਗ ਚਲਦਿਆਂ, ਸੁੱਚੀ ਕਿਰਤ ਕੀਤਿਆਂ ਅਤੇ ਦੀਨ-ਦੁਖੀਆਂ ਦੀ ਸੇਵਾ ਨਾਲ ਹੀ ਰੱਬੀ ਰਹਿਮਤ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਸਭ ਕੁਝ ਉਦੋਂ ਹੀ ਸੰਭਵ ਹੋ ਸਕਦਾ ਸੀ, ਜੇਕਰ ਮਨੁੱਖੀ ਵਿਕਾਸ ਹੋਵੇ। ਮਨੁੱਖੀ ਵਿਕਾਸ ਦਾ ਆਧਾਰ ਗਿਆਨ ਹੈ। ਗੁਰੂ ਜੀ ਨੇ ਗਿਆਨ ਦੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹੇ। ਧਾਰਮਿਕ ਰੀਤਾਂ ਨੂੰ ਪੰਡਤਾਂ ਦੀ ਮਾਲਕੀ 'ਚੋਂ ਕੱਢ ਆਮ ਲੋਕਾਂ ਦੇ ਹਵਾਲੇ ਕੀਤਾ। 'ਸ਼ਬਦ' ਰੂਪ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖ਼ਸ਼ ਗੁਰੂ ਜੀ ਨੇ ਗਿਆਨ ਦੀ ਮਹਿਮਾ ਨੂੰ ਹਮੇਸ਼ਾ ਲਈ ਪ੍ਰਪੱਕ ਕਰ ਦਿੱਤਾ। ਮਨੁੱਖੀ ਵਿਕਾਸ ਲਈ ਮਨ ਅਤੇ ਤਨ ਦੀ ਮਜ਼ਬੂਤੀ ਅਤੇ ਤੰਦਰੁਸਤੀ ਜ਼ਰੂਰੀ ਹੈ। ਗੁਰੂ ਜੀ ਨੇ ਤਨ ਦੀ ਤੰਦਰੁਸਤੀ ਲਈ ਜਿੱਥੇ ਕਸਰਤ ਨੂੰ ਪਹਿਲ ਦਿੱਤੀ, ਉਥੇ ਨਸ਼ਿਆਂ ਤੋਂ ਮੁਕਤੀ ਉੱਤੇ ਵੀ ਜ਼ੋਰ ਦਿੱਤਾ। ਅੱਜ ਸਾਰੇ ਸੰਸਾਰ 'ਚ ਤੰਬਾਕੂ ਵਿਰੁੱਧ ਮੁਹਿੰਮ ਸ਼ੁਰੂ ਹੋਈ ਹੈ ਪਰ ਗੁਰੂ ਜੀ ਨੇ ਤਿੰਨ ਸਦੀਆਂ ਪਹਿਲਾਂ ਹੀ ਆਪਣੇ ਸਿੰਘਾਂ ਨੂੰ ਇਸ ਦੀ ਵਰਤੋਂ ਦੀ ਸਖ਼ਤ ਮਨਾਹੀ ਕੀਤੀ ਸੀ। ਅੱਜ ਏਡਜ਼ ਦੇ ਭੈਅ ਤੋਂ ਡਰਦਿਆਂ ਜਿੱਥੇ ਇਕ ਨਾਰੀ ਦਾ ਪ੍ਰਚਾਰ ਹੋ ਰਿਹਾ ਹੈ, ਉੱਥੇ ਗੁਰੂ ਜੀ ਨੇ ਉਦੋਂ ਹੀ ਆਪਣੀ ਪਤਨੀ ਪ੍ਰਤੀ ਪੂਰੀ ਵਫ਼ਾਦਾਰੀ ਦਾ ਹੁਕਮ ਕੀਤਾ ਸੀ। ਗੁਰੂ ਦੇ ਸਿੰਘਾਂ ਦਾ ਆਚਰਣ ਅਤੇ ਬਹਾਦਰੀ ਸਾਰੇ ਸੰਸਾਰ 'ਚ ਪ੍ਰਸਿੱਧ ਹੋਈ। ਕੁੜੀ ਮਾਰਨ ਵਰਗੀ ਭੈੜੀ ਕੁਰਹਿਤ ਨੂੰ ਗੁਰੂ ਜੀ ਨੇ ਜੜ੍ਹੋਂ ਹੀ ਪੁੱਟ ਦਿੱਤਾ ਸੀ। ਉਨ੍ਹਾਂ ਕੇਵਲ ਆਪਣੇ ਸਿੰਘਾਂ ਨੂੰ ਹੀ ਇਹ ਕੁਰਹਿਤ ਕਰਨ ਤੋਂ ਨਹੀਂ ਵਰਜਿਆ, ਸਗੋਂ ਇਹ ਕੁਕਰਮ ਕਰਨ ਵਾਲੇ ਨਾਲ ਕਿਸੇ ਕਿਸਮ ਦੇ ਵੀ ਸੰਬੰਧ ਬਣਾਈ ਰੱਖਣ ਤੋਂ ਵੀ ਰੋਕਿਆ।
ਵਿਸਾਖੀ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਦਿਨ ਨੂੰ ਸਾਰੇ ਸੰਸਾਰ 'ਚ ਲੋਕਰਾਜ ਅਤੇ 'ਮਨੁੱਖੀ ਅਧਿਕਾਰ ਦਿਵਸ' ਵਜੋਂ ਮਨਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਗੁਰੂ ਜੀ ਦੇ ਇਸ ਮਹਾਨ ਫ਼ਲਸਫ਼ੇ ਨੂੰ ਸੰਸਾਰ ਵਿਚ ਪ੍ਰਚਾਰਨ ਅਤੇ ਪਸਾਰਨ ਦੀ ਲੋੜ ਹੈ। ਗੁਰੂ ਜੀ ਦੇ ਸਿੰਘ ਵਿਸਾਖੀ ਦਾ ਪੁਰਬ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਵੱਡੇ ਸਮਾਗਮ ਹੁੰਦੇ ਹਨ, ਨਗਰ ਕੀਰਤਨ ਕੱਢੇ ਜਾਂਦੇ ਹਨ, ਕੀਰਤਨ ਦਰਬਾਰ ਤੇ ਗੁਰੂ ਦੇ ਲੰਗਰ ਅਤੁੱਟ ਵਰਤਦੇ ਹਨ। ਪਰ ਲੋੜ ਇਸ ਤੋਂ ਅੱਗੇ ਜਾਣ ਦੀ ਹੈ। ਸਾਨੂੰ ਸਾਰਿਆਂ ਨੂੰ ਇਸ ਦਿਨ ਆਤਮ ਨਿਰੀਖਣ ਲਈ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਕੀ ਸੱਚਮੁੱਚ ਅਸੀਂ ਗੁਰੂ ਦੇ ਸਿੰਘ ਹਾਂ? ਕੀ ਅਸੀਂ ਰਹਿਣੀ 'ਚ ਰਹਿ ਰਹੇ ਹਾਂ। ਗੁਰੂ ਜੀ ਦਾ ਆਦੇਸ਼ ਹੈ ਕਿ ਮੇਰਾ ਸਿੱਖ ਉਹੀ ਹੈ, ਜਿਹੜਾ ਰਹਿਣੀ ਦਾ ਪੂਰਾ ਹੈ। ਗੁਰੂ ਦੀ ਵਰਦੀ ਪਾ ਕੇ ਰਹਿਤ ਤੋਂ ਦੂਰ ਹੋਣਾ ਤਾਂ ਦੁੱਗਣਾ ਗੁਨਾਹ ਹੈ। ਨਸ਼ਿਆਂ ਦੀ ਵਰਤੋਂ 'ਚ ਵੀ ਅਸੀਂ ਅੱਗੇ ਹਾਂ। ਤੰਬਾਕੂ ਦੀ ਵਰਤੋਂ ਪੰਜਾਬ ਵਿਚ ਵੱਧ ਰਹੀ ਹੈ। ਵਿੱਦਿਆ ਗ਼ਰੀਬ ਤੋਂ ਦੂਰ ਹੋ ਰਹੀ ਹੈ। ਸਮਾਜ 'ਚ ਅਮੀਰ ਗ਼ਰੀਬ ਦਾ ਪਾੜਾ ਵਧ ਰਿਹਾ ਹੈ। ਸਰਬੱਤ ਦਾ ਭਲਾ ਮੰਗਣ ਵਾਲਾ ਖ਼ਾਲਸਾ ਕੁਨਬਾਪ੍ਰਸਤੀ ਤੀਕ ਹੀ ਸੀਮਤ ਹੋ ਗਿਆ ਹੈ। ਸਾਡੇ 'ਚੋਂ ਨਿਮਰਤਾ ਖਤਮ ਹੋ ਰਹੀ ਹੈ ਅਤੇ ਵਿਖਾਵਾ ਵਧ ਰਿਹਾ ਹੈ। ਖ਼ਾਲਸੇ ਦੀਆਂ ਜਿਹੜੀਆਂ ਚੰਗਿਆਈਆਂ ਦੀ ਸੰਸਾਰ ਮਿਸਾਲ ਦਿੰਦਾ ਸੀ, ਹੁਣ ਉਹ ਅਸੀਂ ਵਿਸਾਰ ਦਿੱਤੀਆਂ ਹਨ। ਵਿਸਾਖੀ ਵਰਗੇ ਮਹਾਨ ਅਤੇ ਪਵਿੱਤਰ ਦਿਵਸ ਨੂੰ ਕੇਵਲ ਸਮਾਗਮਾਂ ਤੀਕ ਸੀਮਤ ਨਾ ਰੱਖੀਏ, ਗੁਰਦਵਾਰੇ ਕੇਵਲ ਮੱਥਾ ਟੇਕਣ ਅਤੇ ਲੰਗਰ ਛੱਕਣ ਹੀ ਨਾ ਜਾਈਏ, ਸਗੋਂ ਗੁਰਮਤਿ ਨੂੰ ਪ੍ਰਾਪਤ ਕਰੀਏ ਅਤੇ ਗੁਰੂ ਜੀ ਦੇ ਫ਼ਲਸਫ਼ੇ ਨੂੰ ਸਾਰੇ ਸੰਸਾਰ 'ਚ ਪ੍ਰਚਾਰਨ ਅਤੇ ਪਸਾਰਨ ਦਾ ਯਤਨ ਕਰੀਏ।

Ad Position 22
No active advertisement
ਪਿਛਲੀ ਖ਼ਬਰ ਜਲ੍ਹਿਆਂਵਾਲਾ ਬਾਗ਼ ਦੀਆਂ ਕੰਧਾਂ 'ਤੇ ਅੱਜ ਵੀ ਮੌਜੂਦ ਨੇ ਸਾਕੇ ਦੇ ਨਿਸ਼ਾਨ ਅਗਲੀ ਖ਼ਬਰ ਵੇ ਦਾਤੀ ਨੂੰ ਲਵਾ ਦੇ ਘੁੰਗਰੂ...
Ad Position 24
No active advertisement