ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2025

ਵਿਸਾਖੀ ਅਤੇ ਗੁਰੂ ਨਾਨਕ ਦੇਵ ਜੀ <br/>

Ad Position 21
No active advertisement
ਅਜੀਤ ਡੈਸਕ 13-04-2025

ਹਿੰਦੂ ਬਿਕਰਮੀ ਸੰਮਤ ਦੇ ਸੂਰਜੀ ਵਰ੍ਹੇ ਦਾ ਆਗਾਜ਼ ਵਿਸਾਖ ਮਹੀਨੇ ਨਾਲ ਹੁੰਦਾ ਹੈ ਅਤੇ ਅੰਜਾਮ ਚੇਤ ਮਹੀਨੇ ਨਾਲ | ਇਸ ਤਰ੍ਹਾਂ ਵਿਸਾਖ ਦਾ ਪਹਿਲਾ ਦਿਨ ਸੂਰਜੀ ਵਰ੍ਹੇ ਦਾ ਵੀ ਪਹਿਲਾ ਦਿਨ ਹੁੰਦਾ ਹੈ ਜੋ ਕਿ ਉੱਤਰੀ ਭਾਰਤ ਵਿਚ ਅਤੇ ਵਿਸ਼ੇਸ਼ ਤੌਰ 'ਤੇ ਪੰਜਾਬ ਵਿਚ ਸਦੀਆਂ ਤੋਂ ਵਿਸਾਖੀ/ਬੈਸਾਖੀ ਦੇ ਤਿਉਹਾਰ ਕਰਕੇ ਜਾਣਿਆ ਜਾਂਦਾ ਹੈ | ਬਸੰਤ ਰੁੱਤ ਦੀ ਫ਼ਸਲ, ਕਣਕ, ਪੱਕਣ 'ਤੇ ਆਈ ਹੁੰਦੀ ਹੈ ਅਤੇ ਉਸਦੇ ਸੁੱਖੀਂ ਸਾਂਦੀਂ ਘਰ ਆਉਣ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਹਨ | ਸ਼ੁਕਰਾਨੇ ਵਜੋਂ ਅਤੇ ਹੁਲਾਸ ਵਜੋਂ ਇਹ ਦਿਹਾੜਾ ਨਾਮ, ਦਾਨ, ਇਸ਼ਨਾਨ ਲਈ ਬੜਾ ਸ਼ੁੱਭ ਸਮਝਿਆ ਜਾਂਦਾ ਹੈ | ਪੁਰਾਣੇ ਸਮਿਆਂ ਵਿਚ ਬਦ-ਰੂਹਾਂ ਨੂੰ ਭਜਾਉਣ ਲਈ ਵਿਸ਼ੇਸ਼ ਤੌਰ ਤੇ ਕਿਰਤੀ-ਕਿਸਾਨ ਇਕੱਠੇ ਹੋ ਕੇ ਉੱਚੀ ਉੱਚੀ ਆਵਾਜ਼ ਵਿਚ ਬੋਲੀਆਂ ਪਾਉਂਦੇ ਸਨ ਅਤੇ ਆਸਥਿਕ ਰਸਮ ਵਜੋਂ ਭੰਗੜਾ ਪਾਉਂਦੇ ਸਨ ਜੋ ਸਮਾਂ ਪਾ ਕੇ ਖ਼ੁਸ਼ੀਆਂ ਦਾ ਨਾਚ ਬਣ ਗਿਆ | ਪੰਜਾਬ ਵਿਚ ਵਗਦੇ ਪਾਣੀਆਂ ਦੇ ਕੰਢਿਆਂ 'ਤੇ ਵਸਦੇ ਕਈ ਸ਼ਹਿਰਾਂ/ਕਸਬਿਆਂ ਵਿਚ ਵਿਸਾਖੀ ਦੇ ਮੇਲੇ ਲੱਗਣ ਲੱਗੇ ਜਿੱਥੇ ਸਮੂਹਿਕ ਖ਼ੁਸ਼ੀ ਵਿਚ ਭੰਗੜੇ ਪਾਏ ਜਾਂਦੇ ਅਤੇ ਖ਼ਾਸ ਤੌਰ 'ਤੇ ਮਿੱਠੇ ਪਕਵਾਨ, ਲੱਡੂ-ਜਲੇਬੀਆਂ ਆਦਿ ਖਾਧੇ ਜਾਂਦੇ | ਇਸ ਦਿਨ ਕਣਕ ਭਾਵੇਂ ਕੱਚੀ ਹੋਵੇ ਜਾਂ ਪੱਕੀ, ਉਸ ਨੂੰ ਦਾਤਰੀ ਲਾ ਕੇ ਵਾਢੀ ਦਾ ਸ਼ਗਨ ਕਰ ਦਿੱਤਾ ਜਾਂਦਾ ਹੈ |
ਸੱਭਿਆਚਾਰਕ ਮਹੱਤਵ ਰੱਖਦਾ ਇਹ ਤਿਉਹਾਰ ਗੁਰੂ ਨਾਨਕ ਦੇਵ ਜੀ ਦੇ ਆਗਮਾਨ ਉਪਰੰਤ ਸਿੱਖ ਜਗਤ ਵਿਚ ਧਾਰਮਿਕ ਰੰਗਤ ਵਿਚ ਰੰਗਿਆ ਗਿਆ | ਇਹ ਸਮਝਿਆ ਜਾਂਦਾ ਹੈ ਕਿ ਭਾਈ ਗੁਰਦਾਸ ਜੀ ਦੁਆਰਾ ਰਚਿਤ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਬਿਆਨਦੀ ਪਹਿਲੀ ਵਾਰ ਵਿਚ ਇਹ ਤੁਕ 'ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ' ਸਪੱਸ਼ਟ ਸੰਕੇਤ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ-ਦਿਹਾੜਾ ਵਿਸਾਖੀ ਸੀ | 'ਵਿਸੋਆ' ਦਾ ਅਰਥ ਵਿਸਾਖੀ ਹੀ ਹੁੰਦਾ ਹੈ |
ਸਵਰਗਵਾਸੀ ਪਾਲ ਸਿੰਘ ਪੁਰੇਵਾਲ ਨੇ ਬੜੀ ਮਿਹਨਤ ਨਾਲ ਤਿਆਰ ਕੀਤੇ 'ਨਾਨਕਸ਼ਾਹੀ ਕੈਲੰਡਰ' ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ-ਦਿਹਾੜਾ ਵਿਸਾਖੀ ਸਾਬਤ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਹੈ | ਉਹ ਆਪਣੀ ਦਲੀਲ ਸਹੀ ਸਾਬਤ ਕਰਨ ਲਈ ਜਨਮ-ਸਾਖੀਆਂ ਦਾ ਵੀ ਹਵਾਲਾ ਦਿੰਦੇ ਹਨ | ਉਨ੍ਹਾਂ ਅਨੁਸਾਰ ਜਨਮ-ਸਾਖੀ ਭਾਈ ਮਿਹਰਬਾਨ, ਜਨਮ-ਸਾਖੀ ਭਾਈ ਮਨੀ ਸਿੰਘ ਅਤੇ ਭਾਈ ਵੀਰ ਸਿੰਘ ਸੰਪਾਦਿਤ ਪੁਰਾਤਨ ਜਨਮ-ਸਾਖੀ ਅਨੁਸਾਰ ਗੁਰੂ ਜੀ ਦਾ ਜਨਮ-ਦਿਹਾੜਾ ਵਿਸਾਖੀ ਹੀ ਹੈ ਜਦੋਂਕਿ ਅਸਲੀਅਤ ਤਾਂ ਇਹ ਹੈ ਕਿ ਜਨਮ-ਸਾਖੀਆਂ ਗੁਰੂ ਜੀ ਦਾ ਜਨਮ '1526 ਦਿਨ ਮਾਹ ਵਿਸਾਖ ਥਿਤਿ ਤਿ੍ਤਿਆ ਚਾਨਣੀ ਕਉ' ਮੰਨਦੀਆਂ ਹਨ | ਬਹੁ-ਗਿਣਤੀ ਸਿੱਖ ਵਿਦਵਾਨ ਗੁਰੂ ਜੀ ਦਾ ਜਨਮ-ਦਿਹਾੜਾ ਵਿਸਾਖ ਮਹੀਨਾ ਮੰਨਦੇ ਹਨ |
ਸਰੂਪ ਦਾਸ ਭਲਾ ਦੇ 'ਮਹਿਮਾ ਪ੍ਰਕਾਸ਼' ਅਨੁਸਾਰ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਦੇ ਸੁਝਾਅ 'ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਵਿਸਾਖੀ ਦੇ ਦਿਹਾੜੇ 'ਤੇ ਗੋਇੰਦਵਾਲ ਸਾਹਿਬ ਵਿਖੇ ਮਹਾਂ-ਸਮਾਗਮ ਰਚਾਇਆ ਅਤੇ ਸਮਾਂ ਪਾ ਕੇ ਅਜਿਹੇ ਸਮਾਗਮ ਹੋਰ ਸਿੱਖ ਧਾਰਮਿਕ ਅਸਥਾਨਾਂ 'ਤੇ ਵੀ ਮਨਾਏ ਜਾਣੇ ਸ਼ੁਰੂ ਹੋ ਗਏ | ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖ਼ਾਲਸਾ ਸਾਜਨਾ ਦਿਵਸ ਲਈ ਵਿਸਾਖੀ ਦਾ ਦਿਹਾੜਾ ਏਸੇ ਕਰਕੇ ਚੁਣਿਆ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਆਗਮਾਨ-ਪੁਰਬ ਹੋਣ ਕਰਕੇ ਸੰਗਤਾਂ ਅਜਿਹੇ ਮੌਕੇ 'ਤੇ ਵੱਡੀ ਗਿਣਤੀ ਵਿਚ ਗੁਰਧਾਮਾਂ 'ਤੇ ਇਸ਼ਨਾਨ ਕਰਨ ਲਈ ਪਹੁੰਚਦੀਆਂ ਸਨ |
ਕਰਮ ਸਿੰਘ ਹਿਸਟੋਰੀਅਨ ਆਪਣੀ ਪੁਸਤਕ 'ਕੱਤਕ ਕਿ ਵਿਸਾਖ' ਅਤੇ 'ਗੁਰਪੁਰਬ ਨਿਰਣਯ' ਵਿਚ ਦਲੀਲਾਂ ਸਹਿਤ ਅਤੇ ਟੇਵਿਆਂ ਦੀ ਸਹਾਇਤਾ ਨਾਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਗੁਰੂ ਜੀ ਦਾ ਜਨਮ ਭਾਵੇਂ ਵਿਸਾਖ ਸੁਦੀ ਤਿੰਨ ਬਿਕਰਮੀ 1526 ਅਰਥਾਤ 15 ਅਪ੍ਰੈਲ, 1469, ਸਨਿੱਚਰਵਾਰ ਨੂੰ ਹੋਇਆ ਸੀ ਪਰ ਉਨ੍ਹਾਂ ਅਨੁਸਾਰ ਸੰਮਤ 358 ਤੋਂ ਲੈ ਕੇ ਸੰਮਤ 1958 ਤੱਕ ਸੋਲਾਂ ਸੌ ਸਾਲ ਵਿਚ 32 ਵਰ੍ਹੇ ਐਸੇ ਆਏ ਹਨ ਜਦ ਕਿ ਚੇਤ ਸੁਦੀ ਪਹਿਲੀ ਨੂੰ ਵਿਸਾਖੀ ਆਉਂਦੀ ਰਹੀ ਹੈ | ਇਸ ਤੋਂ ਛੁੱਟ ਦੋ ਸੰਮਤ ਐਸੇ ਵੀ ਆਏ ਹਨ ਜਦ ਕਿ ਚੇਤ ਸੁਦੀ ਪਹਿਲੀ ਨੂੰ ਵਿਸਾਖੀ ਆਉਂਦੀ ਰਹੀ | ਦੂਜੇ ਪਾਸੇ ਪੁਰੇਵਾਲ ਅਨੁਸਾਰ ਜਿਸ ਟੇਵੇ ਦੇ ਆਧਾਰ 'ਤੇ ਕਰਮ ਸਿੰਘ ਹਿਸਟੋਰੀਅਨ ਨੇ ਇਹ ਨਤੀਜੇ ਕੱਢੇ ਹਨ, ਉਹ ਟੇਵਾ ਹੀ ਗ਼ਲਤ ਹੈ |
ਖ਼ੈਰ, ਕਰਮ ਸਿੰਘ ਹਿਸਟੋਰੀਅਨ ਦਾ ਕਥਨ ਇਕ ਹੋਰ ਪੱਖ ਤੋਂ ਠੀਕ ਲਗਦਾ ਹੈ | ਵਿਦਵਾਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਰੀਆਂ ਹੀ ਜਨਮ-ਸਾਖੀਆਂ, ਸਮੇਤ ਜਨਮ-ਸਾਖੀ ਭਾਈ ਬਾਲਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਭਾਈ ਗੁਰਦਾਸ ਜੀ ਦੀ ਵਾਰ ਤੋਂ ਬਾਅਦ ਲਿਖੀਆਂ ਗਈਆਂ ਹਨ | ਜੇ ਭਾਈ ਗੁਰਦਾਸ ਜੀ ਦੇ ਸਮੇਂ ਤੱਕ 'ਵਿਸੋਆ' ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵਜੋਂ ਮਨਾਇਆ ਜਾਣਾ ਸਥਾਪਤ ਹੋ ਗਿਆ ਸੀ ਤਾਂ ਜਨਮ-ਸਾਖੀਆਂ ਨੇ ਗੁਰੂ ਜੀ ਦਾ ਜਨਮ-ਦਿਹਾੜਾ ਇਸ ਤਿਉਹਾਰ ਨਾਲ ਜੋੜਨਾ ਕਿਉਂ ਵਾਜਬ ਨਾ ਸਮਝਿਆ?
ਅਸਲੀਅਤ ਇਹੀ ਲਗਦੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵਿਸਾਖੀ ਨਹੀਂ ਸੀ ਹਾਲਾਂਕਿ ਇਹ ਵਿਸਾਖ ਮਹੀਨੇ ਵਿਚ ਵਿਸਾਖੀ ਦੇ ਲਾਗੇ ਬੰਨੇ ਹੋਣ ਕਰਕੇ ਸਿੱਖ-ਸੰਗਤਾਂ ਵਲੋਂ ਵਿਸਾਖੀ ਨੂੰ ਮਨਾਇਆ ਜਾਣਾ ਸ਼ੁਰੂ ਹੋ ਗਿਆ | ਕਦੋਂ ਵਿਸਾਖੀ ਤੋਂ ਕੱਤਕ ਪੂਰਨਮਾਸ਼ੀ ਦੀ ਪਰੰਪਰਾ ਸ਼ੁਰੂ ਹੋਈ ਉਹ ਵੱਖਰਾ ਵਿਸ਼ਾ ਹੈ |

-ਮੋਬਾਈਲ : 97798-53245
asgnadalaghuman@gmail.com,

Ad Position 22
No active advertisement
ਪਿਛਲੀ ਖ਼ਬਰ ਸਾਕੇ ਤੋਂ ਸਿਰਫ਼ 24 ਘੰਟੇ ਪਹਿਲਾਂ ਲਿਆ ਗਿਆ ਜਲਿ੍ਹਆਂਵਾਲਾ ਬਾਗ਼ 'ਚ ਜਲਸਾ ਕਰਾਉਣ ਦਾ ਫ਼ੈਸਲਾ <br/> ਅਗਲੀ ਖ਼ਬਰ ਕਣਕਾਂ ਪੱਕੀਆਂ ਮਾਲਕਾਂ ਸਾਂਭ ਲਈਆਂ... <br/>
Ad Position 24
No active advertisement