ਫ਼ਰੀਦਕੋਟ, 24 ਦਸੰਬਰ (ਸਤੀਸ਼ ਬਾਗ਼ੀ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਆਈ.ਐਚ.ਬੀ.ਟੀ ਵਿਭਾਗ ਵਲੋਂ ਵਿਸ਼ਵ ਬਲੱਡ ਡੋਨਰਜ਼ ਦਿਵਸ 'ਤੇ ਕਰਵਾਏ ਸਾਲਾਨਾ ਸਮਾਗਮ 'ਚ ਮਹਾਂ ਕਾਲ ਸਵਰਗ ਧਾਮ ਸੇਵਾ ਸੁਸਾਇਟੀ ਦੇ ਪ੍ਰਧਾਨ, ਨੈਸ਼ਨਲ ਯੂਥ ਕਲੱਬ ਦੇ ਸਕੱਤਰ ਜਨਰਲ, ਭਾਰਤ ਵਿਕਾਸ ਪ੍ਰੀਸ਼ਦ ਦੇ ਮੀਤ ਪ੍ਰਧਾਨ ਡਾ. ਬਲਜੀਤ ਸ਼ਰਮਾ ਗੋਲੇਵਾਲਾ ਨੂੰ 100 ਵਾਰ ਤੋਂ ਵੱਧ ਖ਼ੂਨ ਦਾਨ ਕਰਨ 'ਤੇ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਡਾ. ਬਲਜੀਤ ਸ਼ਰਮਾ ਨੂੰ ਡਾ. ਸੁਨੀਤਾ ਭਗਤ ਸੰਯੁਕਤ ਡਾਇਰੈਕਟਰ ਬੀ.ਟੀ.ਐਸ. ਪੰਜਾਬ ਤੇ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਚੰਡੀਗੜ੍ਹ ਨੇ ਸੌਂਪਿਆ | ਵਰਣਨਯੋਗ ਹੈ ਕਿ ਡਾ. ਬਲਜੀਤ ਸ਼ਰਮਾ ਹੁਣ ਤੱਕ 104 ਵਾਰ ਆਪਣਾ ਖ਼ੂਨ ਲੋੜਵੰਦਾਂ ਲਈ ਦਾਨ ਕਰ ਚੁੱਕੇ ਹਨ | ਸਮਾਗਮ 'ਚ ਡਾ. ਨੀਤੂ ਕੁਕੜ ਮੈਡੀਕਲ ਸੁਪਰਡੈਂਟ ਤੇ ਮੁਖੀ ਬਲੱਡ ਬੈਂਕ, ਡਾਕਟਰ ਵਰੁਣ ਕੌਲ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਨੁਮਾਇੰਦੇ ਵੀ ਹਾਜ਼ਰ ਸਨ |