ਛਾਜਲੀ, 31 ਅਕਤੂਬਰ (ਅਜਾਇਬ ਸਿੰਘ ਨੀਲੋਵਾਲ) - ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਸੂਬੇ ਦੇ ਨੰਬਰਦਾਰਾਂ ਨਾਲ ਹੋ ਰਹੀਆਂ ਅਣਚਾਹੀਆਂ ਛੇੜਛਾੜਾਂ ਤੇ ਨਿੱਜੀ ਰੰਜਿਸ਼ਾਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ | ਯੂਨੀਅਨ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਨੰਬਰਦਾਰ ਨੂੰ ਨਿੱਜੀ ਰੰਜਿਸ਼ ਕਾਰਨ ਝੂਠੇ ਮਾਮਲਿਆਂ ਵਿਚ ਫਸਾਉਣ ਜਾਂ ਤੰਗ-ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਯੂਨੀਅਨ ਵਲੋਂ ਉਸ ਦੇ ਖ਼ਿਲਾਫ਼ ਸਖ਼ਤ ਰੁਖ ਅਖ਼ਤਿਆਰ ਕੀਤਾ ਜਾਵੇਗਾ | ਇਹ ਗੱਲ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਸਕੱਤਰ ਰਣ ਸਿੰਘ ਮਹਿਲਾਂ ਨੇ ਨੰਬਰਦਾਰਾਂ ਦੀ ਇਕ ਮੀਟਿੰਗ ਦੌਰਾਨ ਕਹੀ | ਉਨ੍ਹਾਂ ਨੇ ਕਿਹਾ ਕਿ ਨੰਬਰਦਾਰ ਪਿੰਡਾਂ ਦੇ ਪ੍ਰਸ਼ਾਸਨਿਕ ਢਾਂਚੇ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੀ ਇੱਜ਼ਤ ਤੇ ਸੁਰੱਖਿਆ ਯੂਨੀਅਨ ਦੀ ਪਹਿਲੀ ਤਰਜੀਹ ਹੈ | ਰਣ ਸਿੰਘ ਮਹਿਲਾਂ ਨੇ ਕਿਹਾ ਕਿ ਜੇਕਰ ਕਿਸੇ ਨੰਬਰਦਾਰ ਨਾਲ ਅਨਿਆਂ ਹੁੰਦਾ ਹੈ ਤਾਂ ਯੂਨੀਅਨ ਉਸ ਦੇ ਨਾਲ ਖੜ੍ਹੀ ਰਹੇਗੀ ਅਤੇ ਨਿਆਂ ਲਈ ਕਾਨੂੰਨੀ ਤੇ ਪ੍ਰਸ਼ਾਸਨਿਕ ਪੱਧਰ 'ਤੇ ਲੜਾਈ ਲੜੇਗੀ | ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਨੰਬਰਦਾਰਾਂ ਨਾਲ ਜੁੜੇ ਕਿਸੇ ਵੀ ਵਿਵਾਦ ਜਾਂ ਸ਼ਿਕਾਇਤ ਨੂੰ ਸੰਵੇਦਨਸ਼ੀਲਤਾ ਨਾਲ ਸੁਣਿਆ ਜਾਵੇ ਅਤੇ ਨਿੱਜੀ ਰੰਜਿਸ਼ ਕਾਰਨ ਕਿਸੇ ਨੰਬਰਦਾਰ ਨੂੰ ਤੰਗ ਕਰਨ ਵਾਲਿਆਂ ਖਿਲਾਫ਼ ਤੁਰੰਤ ਅਤੇ ਨਿਰਪੱਖ ਕਾਰਵਾਈ ਕੀਤੀ ਜਾਵੇ | ਰਣ ਸਿੰਘ ਮਹਿਲਾਂ ਨੇ ਸਾਰੇ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਏਕਤਾ ਬਰਕਰਾਰ ਰੱਖਣ ਅਤੇ ਕਿਸੇ ਵੀ ਅਨਿਆਂ ਦੇ ਮਾਮਲੇ ਵਿਚ ਤੁਰੰਤ ਯੂਨੀਅਨ ਨਾਲ ਸੰਪਰਕ ਕਰਨ, ਤਾਂ ਜੋ ਇਕੱਠੇ ਹੋ ਕੇ ਆਪਣੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ | ਇਸ ਮੌਕੇ 'ਤੇ ਨੰਬਰਦਾਰ ਯੂਨੀਅਨ ਦੇ ਬਲਾਕ ਸੁਨਾਮ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਛਾਜਲੀ, ਜਗਰਾਜ ਸਿੰਘ ਭੈਣੀ, ਅਜੈਬ ਸਿੰਘ ਉਗਰਾਹਾਂ, ਅਜੈਬ ਸਿੰਘ ਨੀਲੋਵਾਲ, ਸਤਨਾਮ ਸਿੰਘ ਛਾਜਲੀ ਅਤੇ ਪਰਮਜੀਤ ਸਿੰਘ ਛਾਜਲੀ ਆਦਿ ਨੰਬਰਦਾਰ ਹਾਜ਼ਰ ਸਨ |