ਸੰਗਰੂਰ, 24 ਦਸੰਬਰ (ਧੀਰਜ ਪਸੋਰੀਆ) - ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੇ ਸੂਬਾ ਪੱਧਰੀ ਵਫ਼ਦ ਨੇ ਮੰਗਾਂ ਨੂੰ ਲੈ ਕੇ ਸ੍ਰੀ ਅਨੁਰਾਗ ਵਰਮਾ ਵਧੀਕ ਮੁੱਖ ਸਕੱਤਰ (ਮਾਲ) ਨਾਲ ਬੈਠਕ ਕੀਤੀ ਜਿਸ ਵਿਚ ਮੁੱਖ ਤੌਰ 'ਤੇ ਸ੍ਰੀ ਮਨਵੇਸ਼ ਸਿੰਘ ਸਿੱਧੂ ਵਿਸ਼ੇਸ਼ ਸਕੱਤਰ ਮਾਲ, ਗੁਲਪ੍ਰੀਤ ਸਿੰਘ ਅÏਲਖ ਡਾਇਰੈਕਟਰ ਲੈਡ ਰਿਕਾਰਡ ਪੰਜਾਬ ਅਤੇ ਸਬੰਧਤ ਬ੍ਰਾਂਚਾਂ ਦੇ ਸੁਪਰਡੈਂਟ ਮੌਜੂਦ ਰਹੇ | ਜਥੇਬੰਦੀ ਵਲੋਂ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਵਫ਼ਦ ਨੇ ਕਾਨੂੰਗੋ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਜਿਸ ਵਿਚ ਕਾਨੂੰਗੋ ਨੂੰ ਤਰੱਕੀ ਦੇ ਕੇ ਨਾਇਬ ਤਹਿਸੀਲਦਾਰ ਅਤੇ ਕਾਨੂੰਗੋ ਨੂੰ ਦਰਜਾ ਬੀ ਅਧੀਨ ਸਕੇਲ ਦੇਣਾ, ਕਾਨੂੰਗੋ ਨੂੰ ਸਟੇਸ਼ਨਰੀ ਭੱਤਾ 3000/-ਪ੍ਰਤੀ ਮਹੀਨਾ ਦੇਣਾ, ਫ਼ਰਨੀਚਰ ਅਤੇ ਦਫ਼ਤਰੀ ਸਹੂਲਤਾਂ ਦੇਣਾ, ਕਾਨੂੰਗੋ ਦੀਆ ਅਸਾਮੀਆਂ ਦੇ ਬਰਾਬਰ ਸੇਵਾਦਾਰ ਦੇਣਾ, ਨਿਸ਼ਾਨਦੇਹੀ ਡੀ.ਜੀ.ਪੀ.ਐਸ਼ ਮਸ਼ੀਨ ਰਾਹੀਂ ਕਰਨ, ਗਲਤ ਹੋਈਆਂ ਜ਼ਿਲ੍ਹੇ ਤੋਂ ਬਾਹਰ ਬਦਲੀਆਂ ਨੂੰ ਦਰੁਸਤ ਕਰਨਾ, ਨਾਇਬ ਤਹਿਸੀਲਦਾਰ ਦੀ ਵਿਭਾਗੀ ਪ੍ਰੀਖਿਆ ਲਈ ਉਰਦੂ ਦਾ ਇਮਤਿਹਾਨ ਜੇਕਰ ਸਿੱਖਿਆ ਵਿਭਾਗ ਜਾਂ ਭਾਸ਼ਾ ਵਿਭਾਗ ਤੋ ਪਾਸ ਕੀਤਾ ਹੈ ਨੂੰ ਬਿਨ੍ਹਾਂ ਸ਼ਰਤ ਪ੍ਰਵਾਨਗੀ ਦੇਣਾ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਹਾਂ ਪੱਖੀ ਵਿਚਾਰ ਚਰਚਾ ਹੋਈ | ਇਸ ਮੌਕੇ ਜਥੇਬੰਦੀ ਵਲੋਂ ਸੂਬਾ ਪ੍ਰਧਾਨ ਤੋਂ ਇਲਾਵਾ ਪਲਵਿੰਦਰ ਸਿੰਘ ਸੂਦ ਸੂਬਾ ਖ਼ਜ਼ਾਨਚੀ, ਨਿਰਮਲ ਸਿੰਘ ਗੁਰਮ ਸੂਬਾ ਮੀਤ ਪ੍ਰਧਾਨ, ਗੁਰਜੀਤ ਸਿੰਘ ਤੁੰਗ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਤੇ ਜਸਵੀਰ ਸਿੰਘ ਜੱਸੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਮੌਜੂਦ ਸਨ |