ਭਾਰਤੀ ਹਾਕੀ ਨੇ ਆਪਣੀ ਮਾਣਮੱਤੀ ਯਾਤਰਾ ਦੇ 100 ਸਾਲ ਪੂਰੇ ਕੀਤੇ ਹਨ। 7 ਨਵੰਬਰ 1925 ਨੂੰ ਬਣੇ ਹਾਕੀ ਪ੍ਰਸ਼ਾਸਨ ਦੇ ਪਹਿਲੇ ਸੰਸਥਾਨ ਨੂੰ ਲੈ ਕੇ 8 ਉਲੰਪਿਕ ਤਗਮਿਆਂ ਤੱਕ ਦਾ ਇਹ ਇਤਿਹਾਸਕ ਸਫ਼ਰ ਹੈ। ਭਾਰਤੀ ਹਾਕੀ ਦਾ ਸੁਨਹਿਰਾ ਯੁੱਗ 1928 ਤੋਂ 1959 ਤੱਕ ਦਾ ਰਿਹਾ ਹੈ, ਜਦੋਂ ਟੀਮ ਨੇ ਲਗਾਤਾਰ ਉਲੰਪਿਕ ਸੋਨ ਤਗਮੇ ਜਿੱਤੇ। 1980 ਤੋਂ ਬਾਅਦ ਇਸ ਵਿਚ ਗਿਰਾਵਟ ਆਈ ਤੇ ਇਸ ਤੋਂ ਬਾਅਦ ਟੋਕੀਓ ਉਲੰਪਿਕ 'ਚ ਮਨਪ੍ਰੀਤ ਸਿੰਘ ਦੀ ਕਪਤਾਨੀ 'ਚ ਕਾਂਸੀ ਦਾ ਤਗਮਾ ਜਿੱਤ ਕੇ ਹਾਕੀ ਦੀ ਗੁਆਚੀ ਵਿਰਾਸਤ ਨੂੰ ਫਿਰ ਬਹਾਲ ਕੀਤਾ। ਫਿਰ 2024 'ਚ ਪੈਰਿਸ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤੀ ਹਾਕੀ ਦੀ ਗੌਰਵਮਈ ਵਿਰਾਸਤ ਨੂੰ ਮੁੜ ਤੋਂ ਜ਼ਿੰਦਾ ਕੀਤਾ। ਹਾਕੀ ਇੰਡੀਆ ਵਲੋਂ 7 ਨਵੰਬਰ ਨੂੰ 500 ਤੋਂ ਵੱਧ ਜ਼ਿਲ੍ਹਿਆਂ ਵਿਚ ਯਾਦਗਾਰੀ ਪ੍ਰੋਗਰਾਮ ਕਰਵਾ ਕੇ ਭਾਰਤੀ ਹਾਕੀ ਦੀ ਉੱਤਮਤਾ ਦੇ 100 ਸਾਲਾਂ ਦਾ ਸਨਮਾਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਭਾਰਤੀ ਹਾਕੀ ਇਕ ਸਦੀ ਪਹਿਲਾਂ 7 ਨਵੰਬਰ 1925 ਨੂੰ ਅੰਤਰਰਾਸ਼ਟਰੀ ਹਾਕੀ ਫੈੱਡਰੇਸ਼ਨ (ਐੱਫ. ਆਈ. ਐੱਚ.) ਨਾਲ ਜੁੜੀ ਅਤੇ ਇਸ ਤੋਂ ਬਾਅਦ ਜੋ ਹੋਇਆ ਉਹ ਸਿਰਫ਼ ਇਕ ਖੇਡ ਦਾ ਉਭਾਰ ਨਹੀਂ ਸੀ, ਸਗੋਂ ਰਾਸ਼ਟਰੀ ਮਾਣ ਦਾ ਜਨਮ ਸੀ। ਤਿੰਨ ਸਾਲਾਂ ਦੇ ਅੰਦਰ ਐਮਸਟਰਡਮ 1928 ਆਇਆ ਤੇ ਇਸ ਦੇ ਨਾਲ ਹੀ ਇਕ ਇਤਿਹਾਸਕ ਉਲੰਪਿਕ ਸੋਨ ਤਗਮਾ ਜਿੱਤਿਆ, ਜਿਸ ਨੇ ਭਾਰਤ ਨੂੰ ਹਾਕੀ ਸੁਪਰਪਾਵਰ ਵਜੋਂ ਉਭਾਰਿਆ। ਉਸ ਤੋਂ ਬਾਅਦ ਦੇ ਦਹਾਕਿਆਂ ਦੌਰਾਨ, ਤਿਰੰਗੇ ਨੇ ਵਿਸ਼ਵ ਮੰਚ 'ਤੇ ਦਬਦਬਾ ਬਣਾਇਆ ਅਤੇ 8 ਉਲੰਪਿਕ ਸੋਨ ਤਗਮੇ (ਹਾਕੀ ਇਤਿਹਾਸ 'ਚ ਕਿਸੇ ਵੀ ਦੇਸ਼ ਦੁਆਰਾ ਸਭ ਤੋਂ ਵੱਧ), ਇਕ ਚਾਂਦੀ ਦਾ ਤੇ 4 ਕਾਂਸੇ ਦੇ ਤਗਮੇ ਦੇ ਨਾਲ ਪ੍ਰਾਪਤ ਕੀਤੇ। 1928-1959 ਦੇ ਸੁਨਹਿਰੀ ਯੁੱਗ ਨੇ ਭਾਰਤ ਦੀ ਖੇਡ ਪਛਾਣ ਨੂੰ ਰੂਪ ਦਿੱਤਾ। 1980 ਤੇ 90ਵਿਆਂ ਦੇ ਦਹਾਕੇ ਨੇ ਇਸ ਦੀ ਵਿਰਾਸਤ ਨੂੰ ਚੁਣੌਤੀ ਦਿੱਤੀ। ਇਸ ਤੋਂ ਬਾਅਦ ਟੋਕੀਓ ਉਲੰਪਿਕ-2020 'ਚ ਕਾਂਸੇ ਦੇ ਤਗਮਾ ਜਿੱਤਿਆ। ਪੈਰਿਸ 2024 ਵਿਚ ਇਕ ਹੋਰ ਪੋਡੀਅਮ ਫਿਨਿਸ਼ ਕੀਤਾ। ਵਿਸ਼ਵ ਕੱਪ 1975 ਦੀ ਜਿੱਤ ਅਤੇ ਏਸ਼ੀਆਈ ਖੇਡਾਂ 'ਚ ਤਗਮਿਆਂ ਦੀ ਵੱਡੀ ਜਿੱਤ ਮੁੰਡਿਆਂ ਤੇ ਕੁੜੀਆਂ ਦੋਵਾਂ ਅਹਿਮ ਰਹੀ। 7 ਨਵੰਬਰ 2025 ਭਾਰਤੀ ਹਾਕੀ ਲਈ ਸ਼ਾਨਦਾਰ ਸਦੀ ਦਾ ਜਸ਼ਨ ਮਨਾਉਣ ਦਾ ਦਿਨ ਹੈ। ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ 'ਚ ਜਸ਼ਨ ਮਨਾਏ ਜਾਣਗੇ, ਜਿੱਥੇ ਸਵੇਰ ਦੀ ਸ਼ੁਰੂਆਤ ਇਕ ਦਿਲਚਸਪ ਪ੍ਰਦਰਸ਼ਨੀ ਮੈਚ ਨਾਲ ਹੋਵੇਗੀ, ਜਿਸ 'ਚ 'ਖੇਡ ਮੰਤਰੀ ਇਲੈਵਨ ਬਨਾਮ ਹਾਕੀ ਇੰਡੀਆ ਇਲੈਵਨ' ਟੀਮਾਂ ਹੋਣਗੀਆਂ। ਇਸ ਦੌਰਾਨ ਮਹਾਨ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਯਾਦਗਾਰੀ ਕਿਤਾਬ 'ਭਾਰਤੀ ਹਾਕੀ ਦੇ 100 ਸਾਲ' ਦਾ ਉਦਘਾਟਨ ਕੀਤਾ ਜਾਵੇਗਾ ਅਤੇ ਤਸਵੀਰਾਂ ਦੀ ਇਕ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਜਾਵੇਗੀ। ਐਮਸਟਰਡਮ ਤੋਂ ਪੈਰਿਸ ਤੱਕ, ਧਿਆਨ ਚੰਦ ਦੀ ਕਲਾ ਤੋਂ ਲੈ ਕੇ ਆਧੁਨਿਕ ਚੈਂਪੀਅਨਾਂ ਦੀ ਤਾਕਤ ਤੱਕ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਜਸ਼ਨ ਇਕ ਸਟੇਡੀਅਮ ਤੱਕ ਸੀਮਤ ਨਹੀਂ ਹੋਣਗੇ, ਇਹ ਦੇਸ਼ ਦੇ 500 ਤੋਂ ਵੱਧ ਜ਼ਿਲ੍ਹਿਆਂ ਵਿਚ ਮਨਾਏ ਜਾਣਗੇ। ਹਾਕੀ ਇੰਡੀਆ ਦੇ ਪ੍ਰਧਾਨ ਡਾ. ਦਿਲੀਪ ਟਿਰਕੀ ਨੇ ਇਸ ਸੰਬੰਧੀ ਕਿਹਾ ਕਿ ਇਹ ਸ਼ਤਾਬਦੀ ਭਾਰਤੀ ਹਾਕੀ ਦੀ ਆਤਮਾ, ਇਸ ਦੇ ਨਾਇਕ ਅਤੇ ਇਸ ਦੀ ਸ਼ਾਨਦਾਰ ਪੁਨਰ-ਸੁਰਜੀਤੀ ਨੂੰ ਦਰਸਾਉਂਦੀ ਹੈ।
-ਮੋਬਾ: 9872978781