ਅੱਜ ਦੇ ਇਸ ਯੁੱਗ ਵਿਚ ਜ਼ਿੰਦਗੀ ਦੀ ਤੇਜ਼ ਰਫ਼ਤਾਰੀ ਅਤੇ ਜੀਵਨ ਲਈ ਪਦਾਰਥਾਂ ਨੂੰ ਇਕੱਠਾ ਕਰਨ ਦੀ ਬੇਤਹਾਸ਼ਾ ਦੌੜ ਕਰਕੇ ਬਹੁਤ ਸਾਰੇ ਸੁਹਿਰਦ ਪਰਿਵਾਰਾਂ ਦੇ ਜੀਅ ਵੀ ਆਪਸ ਵਿਚ ਖੁੱਲ੍ਹਾ ਸਮਾਂ ਗੱਲ ਨਹੀਂ ਕਰ ਪਾਉਂਦੇ ਹਨ, ਜਿਸ ਨਾਲ ਪਰਿਵਾਰਕ ਜੀਆਂ ਦਾ ਆਪਸੀ ਤਾਲ-ਮੇਲ 'ਤੇ ਗੱਲਬਾਤ ਕਰਨ ਦਾ ਪਾੜਾ ਵਧਦਾ ਜਾ ਰਿਹਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਪਰਿਵਾਰ ਦੇ ਸਾਰੇ ਜੀਆਂ ਨਾਲ ਰੋਜ਼ਾਨਾ ਖੁੱਲ੍ਹ ਕੇ ਗੱਲਾਂ ਕਰੋ ਅਤੇ ਸਮਾਜਿਕ ਕਦਰਾਂ-ਕੀਮਤਾਂ ਬਾਰੇ ਵਿਸਥਾਰ ਨਾਲ ਵਿਚਾਰੋ। ਉਸ ਸਮੇਂ ਤਾਂ ਇਹ ਹੋਰ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ ਜਦੋਂ ਘਰ ਵਿਚ ਛੋਟੇ ਬੱਚੇ ਬਚਪਨ ਦੀ ਦਹਿਲੀਜ਼ ਪਾਰ ਕਰਦੇ ਹੋਏ ਆਪਣੀ ਜਵਾਨੀ ਵਿਚ ਕਦਮ ਰੱਖਦੇ ਹਨ। ਸੋ, ਘਰ ਵਿਚ ਬੱਚਿਆਂ ਨਾਲ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਗੱਲ ਕਰੋ। ਅਕਾਲ ਪੁਰਖ ਵਾਹਿਗੁਰੂ ਵਲੋਂ ਬਖਸ਼ੀ ਇਸ ਜ਼ਿੰਦਗੀ ਨੂੰ ਬਸਰ ਕਰਨ ਲਈ ਹਰ ਜੀਵ ਆਪਣੀ ਰੋਟੀ-ਰੋਜ਼ੀ ਦੇ ਸਾਧਨਾਂ ਦੀ ਤਲਾਸ਼ ਵਿਚ ਲੱਗਾ ਰਹਿੰਦਾ ਹੈ। ਹਰ ਕੋਈ ਇਸ ਲਈ ਕੰਮ-ਕਾਰ ਕਰਦਾ ਹੈ ਕਿ ਉਸ ਦੀ ਵਰਤਮਾਨ ਜ਼ਿੰਦਗੀ ਨਾਲ-ਨਾਲ ਉਸ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਸੁੱਖ-ਸਹੂਲਤਾਂ ਮਿਲਣ ਅਤੇ ਉਨ੍ਹਾਂ ਕੋਲ ਹਰ ਤਰ੍ਹਾਂ ਦੇ ਸੁੱਖ ਦੇ ਨਾਲ-ਨਾਲ ਸ਼ੋਹਰਤ ਵੀ ਹੋਵੇ। ਕਿਸੇ ਵੀ ਚੀਜ਼ ਦੀ ਕੋਈ ਥੋੜ੍ਹ ਨਾ ਹੋਵੇ। ਇਸੇ ਲਈ ਅਸੀਂ ਹਰ ਵਕਤ ਆਪਣੀ ਦੁਨਿਆਵੀ ਪੂੰਜੀ ਜਮ੍ਹਾਂ ਕਰਨ 'ਤੇ ਲੱਗੇ ਹੁੰਦੇ ਹਾਂ ਕਿ ਆਉਣ ਵਾਲੀ ਸਾਡੀ ਅਗਲੀ ਪੀੜ੍ਹੀ ਬੇਫ਼ਿਕਰੀ ਨਾਲ ਜੀਵਨ ਬਸਰ ਕਰੇ। ਹਮੇਸ਼ਾ ਸਾਰੇ ਮਾਤਾ-ਪਿਤਾ ਇਸ ਲਈ ਸੰਘਰਸ਼ ਕਰਦੇ ਹਨ ਕਿ ਸਾਡੀ ਔਲਾਦ ਨੂੰ ਕਿਸੇ ਵੀ ਕਿਸਮ ਦੀ ਕੋਈ ਬੇਚੈਨੀ ਜਾਂ ਤਕਲੀਫ਼ ਨਾ ਹੋਵੇ। ਅਸੀਂ ਸਾਰੇ ਇਹ ਮਾਪਦੰਡਾਂ ਨੂੰ ਪੂਰਾ ਕਰਨ ਦੀ ਖ਼ਾਹਿਸ਼ ਵਿਚ ਹੀ ਸਾਰਾ ਜੀਵਨ ਕੱਢ ਦਿੰਦੇ ਹਾਂ ਪਰ ਫਿਰ ਵੀ ਅਸੀਂ ਕਈ ਤਕਲੀਫ਼ਾਂ ਤੋਂ ਆਪਣੇ ਬੱਚਿਆਂ ਨੂੰ ਬਚਾ ਨਹੀਂ ਸਕਦੇ। ਕਾਫ਼ੀ ਹੱਦ ਤੱਕ ਕਿਸੇ ਬੱਚੇ ਵਿਚ ਪਨਪਦੀ ਸੋਚ ਜਾਂ ਫਿਰ ਉਸ ਦਾ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਵਾਲੀ ਉਸਾਰੂ ਤਬੀਅਤ ਵਾਲਾ ਹੋਣਾ ਉਸ ਪਰਮਾਤਮਾ ਦੀ ਮਿਹਰ ਸਦਕਾ ਹੀ ਹੋ ਸਕਦਾ ਹੈ, ਜਿਸ ਵਿਚ ਮਾਪਿਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਕਿਉਂਕਿ ਕਈ ਗੱਲਾਂ ਦੀ ਗੁੜ੍ਹਤੀ ਉਸ ਨੂੰ ਆਪਣੇ ਮਾਪਿਆਂ ਤੋਂ ਹੀ ਮਿਲਦੀ ਹੈ। ਅੱਜ ਜਦੋਂ ਅਸੀਂ ਆਲੇ-ਦੁਆਲੇ ਨਜ਼ਰ ਘੁਮਾ ਕੇ ਦੇਖੀਏ ਤਾਂ ਇੰਜ ਲੱਗਦਾ ਹੈ ਜਿਵੇਂ ਹਰ ਕੋਈ ਸਹਿਮਿਆ ਹੋਇਆ ਅਤੇ ਅਣਕਿਆਸੇ ਡਰ ਨਾਲ ਭਰਿਆ ਹੋਇਆ ਹੈ। ਅੱਜ ਦੇ ਸਮਾਜ ਵਿਚ ਬਹੁਤ ਹੀ ਘਟੀਆ ਕਦਰਾਂ-ਕੀਮਤਾਂ ਨੂੰ ਤਵੱਜੋ ਦਿੱਤੀ ਜਾਂਦੀ ਹੈ। ਪਰ ਹਰ ਕੋਈ ਬੱਚਿਆਂ 'ਤੇ ਪੈ ਰਹੇ ਸੋਸ਼ਲ ਮੀਡੀਆ ਦੇ ਪ੍ਰਭਾਵ ਨੂੰ ਦੇਖ ਸਕਦਾ ਹੈ। ਹਰ ਕਿਸੇ ਨੂੰ ਤੁਸੀਂ ਅੱਜਕਲ੍ਹ ਵੱਖ-ਵੱਖ ਤਰ੍ਹਾਂ ਦਾ ਜੀਵਨ ਜਿਊਂਦੇ ਦੇਖ ਸਕਦੇ ਹੋ। ਇਕ ਜੀਵਨ ਅਸਲੀਅਤ ਵਾਲਾ ਅਤੇ ਇਕ ਮਲਕੀਅਤ ਵਾਲਾ। ਮਲਕੀਅਤ ਵਾਲੇ ਜੀਵਨ ਨਾਲ ਉਸ ਨੂੰ ਵਾਹ-ਵਾਹ ਤਾਂ ਜ਼ਰੂਰ ਮਿਲਦੀ ਹੈ। ਨਸ਼ੇ, ਅਸ਼ਲੀਲਤਾ, ਗ਼ਲਤ ਸੰਗਤ ਵਿਚ ਪੈ ਜਾਣਾ ਏਨਾ ਆਸਾਨ ਹੈ ਕਿ ਬੱਚਾ ਨਾ ਚਾਹੁੰਦੇ ਹੋਏ ਵੀ ਉਸ ਵੱਲ ਆਕਰਸ਼ਿਤ ਹੋ ਜਾਂਦਾ ਹੈ। ਇਸ ਲਈ ਆਪਣੇ ਬੱਚਿਆਂ ਦੇ ਭਵਿੱਖ ਨੂੰ ਇਕੱਲਾ ਪੈਸੇ ਦੇ ਨਾਲ ਨਾ ਤੋਲੇ ਉਸ ਦੇ ਕਈ ਹੋਰ ਮਾਪਦੰਡ ਵੀ ਹਨ। ਜਿਵੇਂ ਉਸ ਦੀ ਸੋਚ ਕੀ ਹੈ, ਉਸ ਨੂੰ ਕਿਸ ਕਿੱਤੇ ਦਾ ਗਿਆਨ ਦੇਣਾ ਚਾਹੀਦਾ ਹੈ। ਉਸ ਦੀ ਆਪਣੇ ਪਰਿਵਾਰ ਨਾਲ ਕਿੰਨੀ ਸਾਂਝ ਹੈ? ਉਸ ਨੂੰ ਆਪਣੇ ਸਮਾਜ ਵਿਚ ਵਿਚਰਨ ਲਈ ਕੋਈ ਤਿਆਰੀ ਹੈ, ਕੀ ਉਸ ਨੂੰ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਬਾਰੇ ਪਤਾ ਹੈ? ਕੀ ਉਸ ਨੂੰ ਗ਼ਲਤ ਅਤੇ ਸਹੀ ਵਿਚਲੀ ਇਕ ਬਰੀਕ ਜਿਹੀ ਲਕੀਰ ਦੀ ਸਮਝ ਹੈ, ਕੀ ਉਸ ਨੂੰ ਕਿਸੇ ਦਾ ਦੁੱਖ-ਦੁੱਖ ਲਗਦਾ ਹੈ? ਕੀ ਉਸ ਵਿਚ ਕਿਸੇ ਮਜ਼ਲੂਮ ਬੰਦੇ ਦੀ ਸਹਾਇਤਾ ਕਰਨ ਦਾ ਜਜ਼ਬਾ ਹੈ? ਕੀ ਉਸ ਨੂੰ ਸਮਝ ਹੈ ਕਿ ਉਸ ਦੇ ਕੀ ਹੱਕ ਅਤੇ ਕੀ ਫ਼ਰਜ਼ ਹਨ?
ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਵਡਮੁੱਲੇ ਵਿਚਾਰਾਂ ਦੀ ਸਾਂਝ ਰੱਖੀਏ, ਕਿਉਂਕਿ ਇਹ ਸਾਂਝ ਹੀ ਤੁਹਾਨੂੰ ਉਨ੍ਹਾਂ ਦੇ ਕਰੀਬ ਲੈ ਕੇ ਜਾਵੇਗੀ। ਮੈਨੂੰ ਲਗਦਾ ਹੈ ਅੱਜਕਲ੍ਹ ਹਰ ਬੱਚਾ ਲੋੜ ਤੋਂ ਜ਼ਿਆਦਾ ਜਾਣਕਾਰੀ ਰੱਖਣ ਦੇ ਚੱਕਰ 'ਚ ਫਸਿਆ ਹੋਇਆ ਹੈ ਤੇ ਉਸ ਨਾਲ ਜੂਝ ਰਿਹਾ ਹੈ ਪਰ ਉਸ ਨੂੰ ਕੋਈ ਸਮਝ ਨਹੀਂ ਕਿ ਇਸ ਦਾ ਇਸਤੇਮਾਲ ਕਿਸ ਤਰ੍ਹਾਂ ਅਤੇ ਕਿੱਥੇ ਕਰਨਾ ਹੈ? ਇਹ ਕੌਣ ਸਮਝਾਵੇਗਾ? ਮੇਰੇ ਖਿਆਲ ਵਿਚ ਸਭ ਤੋਂ ਪਹਿਲਾਂ ਗਰੋਂ ਹੀ ਕਦਰਾਂ-ਕੀਮਤਾਂ ਧਾਰਨ ਕੀਤੀਆਂ ਜਾਂਦੀਆਂ ਹਨ। ਤੁਸੀਂ ਬੱਚਿਆਂ ਨੂੰ ਜ਼ਿੰਦਗੀ ਦੇ ਚੰਗੇ-ਮੰਦੇ ਹਰ ਪਹਿਲੂ ਨਾਲ ਜਾਣੂ ਕਰਵਾਓ ਅਤੇ ਉਸ ਨੂੰ ਦੱਸੋ ਕਿ ਕਿਵੇਂ ਤੁਸੀਂ ਮਿਹਨਤ ਨਾਲ ਇਸ ਮੁਕਾਮ 'ਤੇ ਪਹੁੰਚੇ ਹੋ ਕਿਵੇਂ ਤੁਸੀਂ ਰਿਸ਼ਤਿਆਂ ਨੂੰ ਵੀ ਸਮਾਂ ਦਿੱਤਾ। ਉਸ ਨੂੰ ਵੀ ਇਕ ਨਿੱਕੇ ਕੰਮਾਂ ਵਿਚ ਮਿਹਨਤ ਕਰਨੀ ਸਿਖਾਓ। ਸਾਂਝ ਬਣਾਏ ਹੀ ਬਣਦੀ ਹੈ ਸਿਰਫ਼ ਸਵੇਰੇ ਇਕ ਗੁੱਡ ਮਾਰਨਿੰਗ ਅਤੇ ਰਾਤ ਨੂੰ ਗੁੱਡ ਨਾਈਟ ਕਰਨ ਨਾਲ ਬੱਚਿਆਂ ਦੇ ਦਿਲ ਵਿਚ ਘਰ ਨਹੀਂ ਬਣਾ ਸਕਦੇ। ਇੰਜ ਨਹੀਂ ਹੁੰਦਾ ਕਿਉਂਕਿ ਜਿੰਨੀ ਦੇਰ ਤੁਸੀਂ ਆਪਣੇ ਬੱਚਿਆਂ ਦੀ ਸੋਚ-ਵਿਚਾਰ, ਪਸੰਦ ਅਤੇ ਨਾ ਪਸੰਦ ਨੂੰ ਸਮਝੋਗੇ ਨਹੀਂ ਤਾਂ ਫਿਰ ਖੂਨ ਵਾਲੇ ਰਿਸ਼ਤੇ ਵੀ ਪਾਣੀ ਬਣਦੇ ਦੇਖੇ ਹਨ। ਸੋ, ਆਓ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਹਿਚਾਣ ਕੇ ਬੱਚਿਆਂ ਦੀ ਉੱਚ ਮਿਆਰੀ ਸ਼ਖ਼ਸੀਅਤ ਉਜਾਗਰ ਕਰਨ ਹਿੱਤ ਬੱਚਿਆਂ ਨੂੰ ਨੈਤਿਕਤਾ ਸਿਖਾਉਣ ਦੇ ਨਾਲ-ਨਾਲ ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ-ਬਾਤਾਂ ਨੂੰ ਮਾਣੀਏ ਤੇ ਇਕ ਠੰਢਕ ਦੀ ਲਹਿਰ ਆਪਣੇ ਇਸ ਰਿਸ਼ਤੇ ਵਿਚ ਉਭਾਰੀਏ।
-ਮੋਬਾਈਲ : 89680-00009