ਪਿਛਲੇ ਦਿਨੀਂ ਮੇਰੇ ਇਕ ਦੋਸਤ ਦੇ ਮੁੰਡੇ ਦਾ ਵਿਆਹ ਸੀ। ਕਾਰਡ ਦੇ ਨਾਲ ਮਠਿਆਈ ਦਾ ਡੱਬਾ ਵੀ ਸੀ। ਉਸ ਆਖਿਆ ਤੁਸੀਂ ਬਰਾਤ ਨਾਲ ਜਰੂਰ ਚਲਣਾ ਹੈ। ਸਿੱਧੇ ਹੀ ਮੈਰਿਜ ਪੈਲੇਸ ਪੁੱਜ ਜਾਣਾ। ਮੈਂ ਦੱਸੇ ਸਮੇਂ ਤੋਂ ਕੋਈ ਅੱਧਾ ਘੰਟਾ ਪਛੜ ਕੇ ਗਿਆ ਪਰ ਉਥੇ ਜਾ ਕੇ ਵੇਖਿਆ ਕਿ ਪਹਿਲਾਂ ਆਉਣ ਵਾਲਿਆਂ ਵਿਚ ਮੈਂ ਹੀ ਸਾਂ। ਕੋਈ ਵਾਕਫ਼ ਵੀ ਨਜਰ ਨਹੀਂ ਸੀ ਆ ਰਿਹਾ। ਕੁੜੀ ਵਾਲਿਆਂ ਦੇ ਹੀ ਕੁਝ ਬੰਦੇ ਹਾਜਰ ਸਨ। ਕੋਈ ਇਕ ਘੰਟੇ ਦੀ ਉਡੀਕ ਪਿੱਛੋਂ ਪਤਾ ਚੱਲਿਆ ਕਿ ਬਰਾਤ ਪਹੁੰਚ ਗਈ ਹੈ। ਉੱਠ ਬਰਾਤ ਵਿਚ ਰਲਿਆ। ਮਿਲਣੀਆਂ ਹੋਈਆਂ। ਆਪਣੇ ਦੋਸਤ ਨੂੰ ਲੱਭਿਆ। ਸ਼ਗਨ ਵਾਲਾ ਲਿਫ਼ਾਫ਼ਾ ਫੜਾਇਆ। ਉਸ ਆਖਿਆ ਅਸੀਂ ਤਾਂ ਅਨੰਦ ਕਾਰਜ ਲਈ ਜਾ ਰਹੇ ਹਾਂ। ਤੁਸੀਂ ਰੋਟੀ ਖਾ ਕੇ ਹੀ ਜਾਇਓ। ਕੋਸ਼ਿਸ਼ ਕਰਨ ਉਤੇ ਵੀ ਮੈਂ ਮੁੜ ਉਸ ਨੂੰ ਮਿਲ ਨਹੀਂ ਸਕਿਆ। ਰੋਟੀ ਤੋਂ ਪਹਿਲਾਂ ਹੀ ਕਈ ਕੁਝ ਖਾ ਲਿਆ ਸੀ ਪਰ ਫੇਰ ਵੀ ਪਲੇਟ ਚੁੱਕੀ। ਲਾਈਨ ਲੱਗੀ ਹੋਈ ਸੀ। ਇੰਝ ਜਾਪਦਾ ਸੀ ਜਿਵੇਂ ਛੱਤੀ ਪਦਾਰਥ ਪਰੋਸੇ ਗਏ ਹੋਣ। ਸਾਰਾ ਕੁਝ ਥੋਹੜਾ ਥੋੜ੍ਹਾ ਪਾਇਆ ਪਲੇਟ ਭਰ ਗਈ। ਕੁਝ ਖਾਧਾ ਤੇ ਬਾਕੀ ਉਵੇਂ ਹੀ ਛੱਡ ਦਿੱਤਾ। ਜੇਕਰ ਕੋਈ ਮੈਨੂੰ ਪੁੱਛਦਾ ਕਿਹੜੀ ਡਿਸ਼ ਵਧੀਆ ਸੀ ਤਾਂ ਮੈਂ ਦੱਸਣ ਦੇ ਕਾਬਿਲ ਨਹੀਂ ਸੀ ਕਿਉਂ ਸਾਰਾ ਕੁਝ ਹੀ ਰਲ ਗਿਆਂ ਸੀ। ਚੁੱਪ ਕਰਕੇ ਉਥੋਂ ਖਿਸਕਣ ਦੀ ਕੀਤੀ।
ਪੰਜਾਬ ਵਿਚ ਆਏ ਹਰੇ ਇਨਕਲਾਬ ਦਾ ਅਸਰ, ਵਿਦੇਸ਼ਾਂ ਵਿਚ ਗਏ ਹੋਇਆਂ ਦਾ ਅਸਰ ਜਾਂ ਮੀਡੀਏ ਦਾ ਅਸਰ ਪੰਜਾਬ ਦੇ ਸਮਾਜਿਕ ਜੀਵਨ ਵਿਚ ਪਿਛਲੇ ਤਿੰਨ ਦਹਾਕਿਆਂ ਦੌਰਾਨ ਬੜੀ ਤੇਜ਼ੀ ਨਾਲ ਤਬਦੀਲੀ ਆਈ ਹੈ। ਰਹਿਣ-ਸਹਿਣ ਦਾ ਢੰਗ, ਖਾਣ-ਪੀਣ ਦੀਆਂ ਆਦਤਾਂ ਜਾਂ ਸੱਭਿਆਚਾਰਕ ਰਸਮੋ-ਰਿਵਾਜ ਸਾਰੇ ਹੀ ਤੇਜ਼ੀ ਨਾਲ ਬਦਲ ਗਏ ਹਨ। ਸਮਾਜਿਕ ਜੀਵਨ ਜਿਹੜਾ ਚਾਰ ਕੁ ਦਹਾਕੇ ਪਹਿਲਾਂ ਹੁੰਦਾ ਸੀ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਨਵੀਂ ਪੀੜ੍ਹੀ ਲਈ ਉਸ ਸਮੇਂ ਦੀਆਂ ਗੱਲਾਂ ਕਿੱਸੇ-ਕਹਾਣੀਆਂ ਵਾਂਗ ਹੀ ਜਾਪਦੀਆਂ ਹਨ। ਸਾਡੇ ਸਮਾਜ ਵਿਚ ਵਿਆਹ ਦਾ ਸਮਾਗਮ ਸਭ ਤੋਂ ਮਹੱਤਵਪੂਰਨ ਅਤੇ ਖੁਸ਼ੀ ਭਰਿਆ ਮੰਨਿਆ ਜਾਂਦਾ ਹੈ ਪਰ ਸਮੇਂ ਦੇ ਬੀਤਣ ਨਾਲ ਇਸ ਵਿਚੋਂ ਅਪਣੱਤ, ਪਿਆਰ ਦਾ ਨਿੱਘ, ਮਿਲਾਪ ਅਲੋਪ ਹੋ ਰਿਹਾ ਹੈ ਤੇ ਇਹ ਇਕ ਰਸਮ ਬਣ ਕੇ ਹੀ ਰਹਿ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਆਹਾਂ ਵਿਚ ਪਹਿਲਾਂ ਨਾਲੋਂ ਕਿਤੇ ਵੱਧ ਖਰਚ ਕੀਤਾ ਜਾਂਦਾ ਹੈ। ਆਪਣੀ ਸ਼ਾਨ ਦਾ ਵਿਖਾਵਾ ਵੱਧ ਤੋਂ ਵੱਧ ਕੀਤਾ ਜਾਂਦਾ ਹੈ। ਪਰ ਉਸ ਵਿਚ ਰਿਸ਼ਤਿਆਂ ਦਾ ਨਿੱਘ ਕਿਤੇ ਵੀ ਵਿਖਾਈ ਨਹੀਂ ਦਿੰਦਾ। ਮੇਰਾ ਬਚਪਨ ਪਿੰਡ ਵਿਚ ਬੀਤਿਆ ਹੈ। ਵਿਆਹਾਂ ਸਮੇਂ ਦੀ ਖੁਸ਼ੀ ਅਤੇ ਪਿਆਰ ਦੇ ਨਿੱਘ ਨੂੰ ਅਸੀਂ ਵੇਖਿਆ ਹੀ ਨਹੀਂ, ਸਗੋਂ ਉਸ ਨੂੰ ਮਾਣਿਆ ਵੀ ਹੈ। ਪਿੰਡ ਵਿਚ ਜਦੋਂ ਕਿਸੇ ਮੁੰਡੇ-ਕੁੜੀ ਦਾ ਵਿਆਹ ਧਰਿਆ ਜਾਂਦਾ ਹੈ ਤਾਂ ਸਾਰੀ ਗਲੀ ਵਿਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਸੀ। ਪਿੰਡਾਂ ਵਿਚ ਆਮ ਕਰਕੇ ਇਕ ਗਲੀ ਜਾਂ ਬੀਹੀ ਵਿਚ ਇਕੋ ਪਰਿਵਾਰਿਕ ਪਿਛੋਕੜ ਦੇ ਪਰਿਵਾਰ ਵਸਦੇ ਹਨ। ਸਾਰਿਆਂ ਨੂੰ ਇੰਝ ਜਾਪਦਾ ਸੀ ਜਿਵੇਂ ਉਨ੍ਹਾਂ ਦੇ ਘਰ ਵਿਆਹ ਧਰਿਆ ਗਿਆ ਹੋਵੇ। ਮੰਗਣੀ ਦੀ ਰਸਮ ਤੋਂ ਲੈ ਕੇ ਡੋਲੀ ਤੁਰਨ ਤੱਕ ਹਰ ਰਸਮ ਪਿੰਡ ਦੀ ਪੰਚਾਇਤ ਭਾਵ ਸਿਆਣਿਆਂ ਅਤੇ ਸ਼ਰੀਕੇ ਦੀ ਹਾਜ਼ਰੀ ਵਿਚ ਪੂਰੀ ਕੀਤੀ ਜਾਂਦੀ ਸੀ। ਮੰਗਣੀ ਦੀ ਰਸਮ ਸਾਦੀ ਪਰ ਪਿਆਰ ਭਰੀ ਹੁੰਦੀ ਸੀ। ਮੁੰਡੇ ਦੀ ਝੋਲੀ ਵਿਚ ਕੁੜੀ ਦਾ ਪਿਓ ਸਵਾ ਰੁੁਪਿਆ, ਸੱਤ ਛੁਆਰੇ ਤੇ ਕੁਝ ਪਤਾਸੇ ਜਾਂ ਲੱਡੂ ਪਾਉਂਦਾ ਸੀ। ਹੁਣ ਵਾਂਗ ਵੱਧ ਚੜ੍ਹ ਕੇ ਲੈਣ-ਦੇਣ ਨਹੀਂ ਹੁੰਦੇ ਸੀ। ਸ਼ਰੀਕੇ ਦੇ ਲੋਕ ਮੁੰਡੇ ਦੀ ਝੋਲੀ ਵਿਚ ਸ਼ਗਨ ਪਾਉਂਦੇ ਸਨ, ਜਿਸ ਨੂੰ ਨੇਉਂਦਾ ਪਾਉਣਾ ਆਖਿਆ ਜਾਂਦਾ ਸੀ। ਹਰ ਰਿਸ਼ਤੇਦਾਰ ਵਲੋਂ ਦਿੱਤੇ ਪੈਸਿਆਂ ਦਾ ਵੇਰਵਾ ਇਕ ਕਾਪੀ ਵਿਚ ਲਿਖਿਆ ਜਾਂਦਾ ਸੀ, ਤਾਂ ਜੋ ਵਾਰੀ ਆਉਣ 'ਤੇ ਓਨੇ ਹੀ ਪੈਸੇ ਮੋੜੇ ਜਾ ਸਕਣ। ਇਹ ਰਿਵਾਜ ਸ਼ਾਇਦ ਇਕ-ਦੂਜੇ ਦੀ ਆਰਥਿਕ ਸਹਾਇਤਾ ਕਰਨ ਲਈ ਹੀ ਪਿਆ ਹੋਵੇਗਾ। ਵਿਆਹ ਸਾਰੇ ਸ਼ਰੀਕੇ ਦੀ ਸਾਂਝੀ ਜ਼ਿੰਮੇਵਾਰੀ ਗਿਣਿਆ ਜਾਂਦਾ ਸੀ। ਮਹੀਨਾ ਪਹਿਲਾਂ ਹੀ ਵਿਆਹ ਦੀ ਤਿਆਰੀ ਸ਼ੁਰੂ ਹੋ ਜਾਂਦੀ ਸੀ। ਉਦੋਂ ਨਵੇਂ ਕੱਪੜੇ ਕੇਵਲ ਵਿਆਹ ਸ਼ਾਦੀ ਦੇ ਮੌਕੇ ਹੀ ਸੁਆਏ ਜਾਂਦੇ ਸਨ। ਕੱਪੜੇ ਖਰੀਦਣ ਦਾ ਕੰਮ ਵੀ ਰਲ ਕੇ ਹੀ ਕੀਤਾ ਜਾਂਦਾ ਸੀ। ਘਰ ਵਿਚ ਬੈਠ ਕੇ ਹੀ ਦਰਜੀ ਟੱਬਰ ਦੇ ਸਾਰੇ ਜੀਆਂ ਦੇ ਕੱਪੜਿਆਂ ਦੀ ਸਿਲਾਈ ਕਰਦਾ ਸੀ। ਕਣਕ ਦੀ ਸਫਾਈ, ਦਾਲਾਂ ਦੀ ਦਲਾਈ, ਮਸਾਲਿਆਂ ਦਾ ਕੁੱਟਣਾ ਸਾਰੇ ਸ਼ਰੀਕੇ ਦੀਆਂ ਔਰਤਾਂ ਰਲ ਕੇ ਹੀ ਕਰਦੀਆਂ ਹਨ। ਇਥੇ ਹੀ ਉਨ੍ਹਾਂ ਨੂੰ ਸੁਹਾਗ ਦੇ ਗੀਤ ਗਾਉਣ ਦਾ ਮੌਕਾ ਮਿਲ ਜਾਂਦਾ ਸੀ। ਵਟਣਾ ਵੀ ਤਿੰਨ-ਚਾਰ ਦਿਨ ਲੱਗਦਾ ਸੀ। ਘੱਟੋ-ਘੱਟ ਇਕ ਦਿਨ ਵਟਣਾ ਸ਼ਰੀਕੇ ਵਿਚੋਂ ਸਭ ਤੋਂ ਨੇੜਲੇ ਰਿਸ਼ਤੇ ਵਾਲੇ ਘਰ ਲੱਗਦਾ ਸੀ। ਰਾਤ ਨੂੰ ਜਾਗੋ ਕੱਢਦੀਆਂ। ਔਰਤਾਂ ਵਟਣਾ ਲੱਗਣ ਪਿਛੋਂ ਕੁੜੀ ਜਾਂ ਮੁੰਡੇ ਨੂੰ ਆਪਣੇ ਘਰ ਲੈ ਕੇ ਆਉਂਦੀਆਂ ਸਨ। ਗਾਉਣ ਅਤੇ ਗਿੱਧੇ ਦਾ ਪ੍ਰੋਗਰਾਮ ਲਗਭਗ ਰੋਜ਼ ਹੀ ਹੁੰਦਾ ਸੀ। ਵਿਆਹ ਤੋਂ ਤਿੰਨ ਦਿਨ ਪਹਿਲਾਂ ਹੀ ਸਾਰੇ ਪਿੰਡ ਵਿਚੋਂ ਹੀ ਦੁੱਧ ਆਉਣਾ ਸ਼ੁਰੂ ਹੋ ਜਾਂਦਾ ਸੀ। ਮੰਜੇ ਬਿਸਤਰੇ ਵੀ ਪਿੰਡੋਂ ਹੀ ਇਕੱਠੇ ਕੀਤੇ ਜਾਂਦੇ ਸਨ। ਵਿਆਹ ਵਾਲਿਆਂ ਦੇ ਰਿਸ਼ਤੇਦਾਰ ਅਤੇ ਬਰਾਤੀ ਸਾਰੇ ਪਿੰਡ ਦੇ ਹੀ ਪ੍ਰਾਹੁਣੇ ਸਮਝੇ ਜਾਂਦੇ ਸਨ। ਇਕ ਇਨ ਪਹਿਲਾਂ ਨਾਨਕਾ ਮੇਲਾ ਆਉਂਦਾ ਸੀ। ਨਾਨਕੇ ਵੀ ਸ਼ਰੀਕੇ ਵਿਚੋਂ ਔਰਤਾਂ-ਮਰਦ ਇਕੱਠੇ ਹੋ ਕੇ ਆਉਂਦੇ ਸਨ। ਨਾਨਕਾ ਮੇਲ ਗੀਤ ਗਾਉਂਦਿਆਂ ਹੀ ਪਿੰਡ ਵੜਦਾ ਸੀ। ਅੱਗੋਂ ਦਾਦਕਿਆਂ ਵਲੋਂ ਵੀ ਔਰਤਾਂ ਦੇ ਗੀਤਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਸੀ। ਆਮ ਤੌਰ 'ਤੇ ਬਰਾਤ ਦੀ ਇਕ ਰੋਟੀ ਨਾਨਕਿਆਂ ਦੀ ਹੁੰਦੀ ਸੀ। ਨਾਨਕੀ ਛੱਕ ਵਿਚ ਜੋ ਆਉਂਦਾ ਸੀ ਉਸ ਨੂੰ ਸਤਿਕਾਰ ਨਾਲ ਵਿਹੜੇ ਵਿਚ ਰੱਖਿਆ ਜਾਂਦਾ ਸੀ, ਤਾਂ ਜੋ ਦਾਦਕੇ ਉਸ ਨੂੰ ਵੇਖ ਸਕਣ। ਬਰਾਤ ਆਮ ਕਰਕੇ ਪੈਦਲ ਹੀ ਜਾਂਦੀ ਸੀ। ਬਰਾਤੀਆਂ ਦਾ ਸਾਮਾਨ ਗੱਡੇ ਉਤੇ ਅਤੇ ਵਿਆਹ ਵਾਲਾ ਮੁੰਡਾ ਗੱਡੀ ਵਿਚ ਜਾਂ ਰੱਥ ਵਿਚ ਜਾਂਦੇ ਸਨ। ਜੇਕਰ ਵਾਟ ਲੰਬੀ ਹੁੰਦੀ ਸੀ ਤਾਂ ਰਾਹ ਵਿਚ ਪੈਂਦੇ ਕਿਸੇ ਪਿੰਡ ਵਿਚ ਨਜ਼ਦੀਕੀ ਰਿਸ਼ਤੇਦਾਰ ਬਰਾਤ ਲਈ ਦੁਪਹਿਰ ਦੀ ਰੋਟੀ ਦਾ ਪ੍ਰਬੰਧ ਕਰਦਾ ਸੀ। ਪਿੰਡੋਂ ਬਾਹਰ ਪੁੱਜ ਬਰਾਤ ਵਲੋਂ ਪਿੰਡ ਵਿਚ ਜਾਣ ਲਈ ਪਿੰਡੋਂ ਆਉਣ ਵਾਲੇ ਸੱਦੇ ਦੀ ਉਡੀਕ ਕੀਤੀ ਜਾਂਦੀ ਸੀ। ਬਰਾਤ ਦੇ ਸੁਆਗਤ ਦਾ ਪੂਰਾ ਪ੍ਰਬੰਧ ਹੋ ਜਾਣ ਉਤੇ ਪਿੰਡੋਂ ਨਾਈ ਜਾਂ ਵਿਚੋਲਾ ਬਰਾਤ ਨੂੰ ਸੱਦਣ ਜਾਂਦਾ ਸੀ। ਜੰਝਘਰ ਦੇ ਬਾਹਰ ਪਿੰਡ ਦੀ ਪੰਚਾਇਤ ਅਤੇ ਸਾਰੇ ਰਿਸ਼ਤੇਦਾਰ ਬਰਾਤ ਦਾ ਸੁਆਗਤ ਕਰਨ ਲਈ ਤਿਆਰ ਖੜ੍ਹੇ ਹੁੰਦੇ ਸਨ। ਔਰਤਾਂ ਵਲੋਂ ਸਿੱਠਣੀਆਂ ਦੇ ਵਿਚਕਾਰ ਮਿਲਣੀ ਦੀ ਰਸਮ ਪੂਰੀ ਕੀਤੀ ਜਾਂਦੀ ਸੀ। ਜੰਝ ਘਰ ਵਿਚ ਬਰਾਤ ਦਾ ਉਤਾਰਾ ਹੁੰਦਾ ਸੀ। ਇਥੇ ਹੀ ਉਨ੍ਹਾਂ ਨੂੰ ਚਾਹ ਪਾਣੀ ਪਿਲਾਇਆ ਜਾਂਦਾ ਸੀ। ਬੜੀ ਇੱਜ਼ਤ ਨਾਲ ਬਰਾਤ ਨੂੰ ਰਾਤ ਦੀ ਰੋਟੀ ਲਈ ਬੁਲਾਇਆ ਜਾਂਦਾ ਸੀ। ਪਿੰਡ ਦੀ ਪੰਚਾਇਤ ਅਤੇ ਬਾਕੀ ਰਿਸ਼ਤੇਦਾਰ ਬਰਾਤ ਦਾ ਸੁਆਗਤ ਕਰਦੇ ਸਨ। ਰੋਟੀ ਲਈ ਕੋਰੇ ਵਿਛਾਏ ਜਾਂਦੇ ਸਨ ਜਦੋਂ ਬਰਾਤ ਕੋਰਿਆਂ ਉਤੇ ਬੈਠ ਜਾਂਦੀ ਸੀ ਤਾਂ ਉਨ੍ਹਾਂ ਦੇ ਹੱਥ ਧੁਆਏ ਜਾਂਦੇ ਸਨ। ਬਰਾਤੀਆਂ ਅੱਗੇ ਥਾਲੀਆਂ-ਗਿਲਾਸ ਕੌਲੀਆਂ ਅਤੇ ਚਮਚੇ ਰੱਖੇ ਜਾਂਦੇ ਸਨ। ਫਿਰ ਖਾਣ-ਪੀਣ ਦੀਆਂ ਵਸਤਾਂ ਵਰਤਾਈਆਂ ਜਾਂਦੀਆਂ ਸਨ। ਜਦੋਂ ਸਾਰਾ ਕੁਝ ਵਰਤ ਜਾਂਦਾ ਸੀ ਫਿਰ ਪੰਚਾਇਤ ਵਲੋਂ ਰੋਟੀ ਖਾਣ ਦੀ ਬੇਨਤੀ ਕੀਤੀ ਜਾਂਦੀ ਸੀ। ਪੰਚਾਇਤ ਤੇ ਬਾਕੀ ਰਿਸ਼ਤੇਦਾਰ ਇਕ ਪਾਸੇ ਬੈਠੇ ਰਹਿੰਦੇ ਸਨ। ਬਨੇਰਿਆਂ ਉਤੇ ਬੈਠੀਆਂ ਔਰਤਾਂ ਸਿੱਠਣੀਆਂ ਤੇ ਹੋਰ ਗੀਤ ਗਾਉਂਦੀਆਂ ਸਨ। ਜਦੋਂ ਕਦੇ ਉਨ੍ਹਾਂ ਦੇ ਗੀਤ ਹੱਦ ਪਾਰ ਕਰਨ ਲੱਗਦੇ ਸਨ ਤਾਂ ਪੰਚਾਇਤ ਉਨ੍ਹਾਂ ਨੂੰ ਰੋਕ ਦਿੰਦੀ ਸੀ। ਜਦ ਬਰਾਤ ਰੋਟੀ ਖਾ ਹਟਦੀ ਸੀ ਤਾਂ ਮੁੜ ਉਨ੍ਹਾਂ ਦੇ ਹੱਥ ਧੁਆਏ ਜਾਂਦੇ ਸਨ। ਜੂਠੇ ਭਾਂਡੇ ਚੁੱਕਣ ਪਿਛੋਂ ਪੰਚਾਇਤ ਬਰਾਤ ਨੂੰ ਉੱਠਣ ਲਈ ਬੇਨਤੀ ਕਰਦੀ ਸੀ। ਔਰਤਾਂ ਵੀ ਇਸੇ ਤਰ੍ਹਾਂ ਦੇ ਗੀਤ ਸ਼ੁਰੂ ਕਰ ਦਿੰਦੀਆਂ ਸਨ। ਰੋਟੀ ਖੁਆਉਣ ਦਾ ਸਾਰਾ ਕੰਮ ਸ਼ਰੀਕੇ ਦੇ ਮੁੰਡੇ ਹੀ ਕਰਦੇ ਸਨ। ਕੰਮ ਕਰਨ ਵਿਚ ਪਿਆਰ ਅਤੇ ਉਤਸ਼ਾਹ ਵੇਖਣ ਨੂੰ ਮਿਲਦਾ ਸੀ। ਸਾਰੇ ਪਾਸੇ ਇਕ ਅਪਣੱਤ ਹੁੰਦੀ ਸੀ। ਦੂਜੇ ਦਿਨ ਬਰਾਤੀ ਆਪਣੇ ਪਿੰਡ ਦੀਆਂ ਅਤੇ ਗੋਤਰ ਦੀਆਂ ਔਰਤਾਂ ਜਿਹੜੀਆਂ ਇਸ ਪਿੰਡ ਵਿਆਹੀਆਂ ਆਈਆਂ ਸਨ, ਉਨ੍ਹਾਂ ਨੂੰ ਆਪਣੀਆਂ ਧੀਆਂ ਸਮਝ ਉਨ੍ਹਾਂ ਦੇ ਘਰੀਂ ਜਾ ਕੇ ਸ਼ਗਨ ਦਿੰਦੇ ਸਨ। ਇਹ ਸ਼ਗਨ ਭਾਵੇਂ ਇਕ ਰੁੁਪਿਆ ਜਾਂ ਪੰਜ ਰੁਪਏ ਹੀ ਹੁੰਦਾ ਸੀ ਪਰ ਰਿਸ਼ਤਿਆਂ ਦਾ ਨਿੱਘ ਵਧੇਰੇ ਭਾਰੂ ਹੁੰਦਾ ਸੀ। ਬਰਾਤ ਦੀ ਇਕ ਰੋਟੀ ਨਾਨਕਿਆਂ ਵਲੋਂ ਹੁੰਦੀ ਸੀ ਤੇ ਇਕ ਰੋਟੀ ਕੁੜੀ ਦੇ ਚਾਚੇ ਜਾਂ ਤਾਏ ਵਲੋਂ ਖੁਆਈ ਜਾਂਦੀ ਸੀ। ਡੋਲੀ ਟੁਰਨ ਦਾ ਨਜ਼ਾਰਾ ਬਹੁਤ ਹੀ ਦਰਦ ਭਰਿਆ ਹੁੰਦਾ ਸੀ। ਡੋਲੀ ਟੁਰਨ ਤੱਕ ਸਾਰੇ ਬਰਾਤੀ ਅਤੇ ਬਾਕੀ ਰਿਸ਼ਤੇਦਾਰ ਹਾਜ਼ਰ ਹੁੰਦੇ ਸਨ। ਡੋਲੀ ਔਰਤਾਂ ਦੇ ਗੀਤਾਂ ਨਾਲ ਤੋਰੀ ਜਾਂਦੀ ਸੀ। ਪਹਿਲਾਂ ਡੋਲੀ ਡੋਲਿਆਂ ਵਿਚ ਜਾਂਦੀ ਸੀ, ਜਿਸ ਨੂੰ ਪਿੰਡ ਦੇ ਕਹਾਰ ਮੋਢਿਆਂ ਉਤੇ ਚੁੱਕ ਕੇ ਲਿਜਾਂਦੇ ਸਨ। ਬਰਾਤੀ ਵੀ ਆਪਣੇ ਪਿੰਡ ਤੱਕ ਡੋਲੀ ਦੇ ਨਾਲ ਹੀ ਜਾਂਦੇ ਸਨ। ਮੁੜ ਡੋਲੇ ਦੀ ਥਾਂ ਗੱਡੀਆਂ ਜਾਂ ਰੱਥਾਂ ਨੇ ਲੈ ਲਈ। ਗੱਡੇ ਉਤੇ ਬਰਾਤੀਆਂ ਦਾ ਸਾਮਾਨ ਅਤੇ ਗੱਡੀ ਵਿਚ ਡੋਲੀ ਜਾਂਦੀ ਸੀ। ਵਧੀਆ ਬਲਦ ਗੱਡੇ, ਗੱਡੀ ਲਈ ਸ਼ਿੰਗਾਰੇ ਜਾਂਦੇ ਸਨ। ਵਿਆਹ ਦੀਆਂ ਰਸਮਾਂ ਵਿਚ ਸਾਦਗੀ ਸੀ ਪਰ ਪਿਆਰ, ਅਪਣੱਤ ਅਤੇ ਉਤਸ਼ਾਹ ਵਧੇਰੇ ਹੁੰਦਾ ਸੀ। ਸਾਰੇ ਪਿੰਡ ਨੂੰ ਹੀ ਚਾਅ ਚੜ੍ਹਿਆ ਰਹਿੰਦਾ ਸੀ। ਮੇਜ਼ ਕੁਰਸੀਆਂ, ਬਹਿਰੇ ਜਾਂ ਕਰਾਕਰੀ ਦੀ ਲੋੜ ਨਹੀਂ ਸੀ ਪੈਂਦੀ। ਗੁਰਦੁਆਰੇ ਦੇ ਬਰਤਨ, ਦਰੀਆਂ ਅਤੇ ਚਾਨਣੀ ਕੰਮ ਆਉਂਦੇ ਸਨ। ਝੀਊਰ ਕੋਰੇ ਵਿਛਾਉਂਦੇ ਸਨ ਅਤੇ ਬਰਤਨ ਸਾਫ ਕਰਦੇ ਸਨ। ਸਾਰੇ ਰਿਸ਼ਤੇਦਾਰ, ਸ਼ਰੀਕ, ਦੋਸਤ ਪੂਰੀ ਅਪਣੱਤ ਨਾਲ ਸਾਰੇ ਕਾਰਜਾਂ ਵਿਚ ਭਾਗ ਲੈਂਦੇ ਸਨ।
ਸਮਾਂ ਬਦਲਿਆ ਹੈ। ਵਿਆਹ ਇਕ ਰਸਮ ਬਣ ਕੇ ਰਹਿ ਗਈ ਹੈ। ਵਿਆਹ ਹੁਣ ਘਰਾਂ ਵਿਚ ਨਹੀਂ, ਸਗੋਂ ਮੈਰਿਜ ਪੈਲੇਸ ਵਿਚ ਹੁੰਦੇ ਹਨ, ਜਿਹੜੇ ਪਿੰਡਾਂ ਵਿਚ ਵੀ ਬਣ ਗਏ ਹਨ। ਘਰ ਵਾਲੇ ਵੀ ਉਥੇ ਕਾਰਡ ਵਿਚ ਲਿਖੇ ਸਮੇਂ ਤੋਂ ਪਿੱਛੋਂ ਹੀ ਪੁੱਜਦੇ ਹਨ। ਰਿਸ਼ਤੇਦਾਰ, ਜਾਣ-ਪਛਾਣ ਵਾਲੇ ਕੇਵਲ ਹਾਜ਼ਰੀ ਲੁਆਉਣ ਹੀ ਆਉਂਦੇ ਹਨ। ਰਸਮਾਂ ਪਹਿਲਾਂ ਵੀ ਹੁੰਦੀਆਂ ਸਨ, ਜਿਹੜੀਆਂ ਆਪਸੀ ਪਿਆਰ ਤੇ ਖੁਸ਼ੀ ਦੀ ਨਿਸ਼ਾਨੀ ਸਨ। ਰਸਮਾਂ ਹੁਣ ਵੀ ਹੁੰਦੀਆਂ ਹਨ। ਇਹ ਪਿਆਰ ਦੀ ਨਿਸ਼ਾਨੀ ਘੱਟ ਤੇ ਵਿਉਪਾਰ ਦੀ ਨਿਸ਼ਾਨੀ ਵਧੇਰੇ ਬਣ ਗਈਆਂ ਹਨ, ਵਿਆਹ ਭਾਵੇਂ ਹਫ਼ਤੇ ਵਿਚ ਕਰਨਾ ਹੋਵੇ ਪਰ ਰਸਮਾਂ ਸਾਰੀਆਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਰੋਕਾ, ਮੁੰਦਰੀ ਪੁਆਈ, ਕੁੜਮਾਈ ਤੇ ਵਿਆਹ ਜ਼ਰੂਰੀ ਹਨ। ਜਿਨ੍ਹਾਂ ਕੋਲ ਬੇਈਮਾਨੀ ਦਾ ਪੈਸਾ ਹੈ ਉਹ ਇਸ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ, ਦੂਜਿਆਂ ਨੂੰ ਰੀਸੋ-ਰੀਸ ਆਪਣੀ ਨੱਕ ਲਈ ਖਰਚ ਕਰਨਾ ਪੈਂਦਾ ਹੈ। ਪੰਜਾਬ ਦੇ ਪਿੰਡਾਂ ਵਿਚ ਬਹਤੇ ਪਰਿਵਾਰ ਵਿਆਹਾਂ ਉਤੇ ਕੀਤੇ ਖਰਚ ਕਰਕੇ ਕਰਜ਼ਾਈ ਹਨ। ਚੰਗਾ ਰਿਸ਼ਤਾ ਪ੍ਰਾਪਤ ਕਰਨ ਲਈ ਉਹ ਘਰ ਵੀ ਚੰਗਾ ਬਣਾਉਂਦੇ ਹਨ ਤੇ ਟਰੈਕਟਰ ਵੀ ਖਰੀਦਦੇ ਹਨ, ਜ਼ਮੀਨ ਭਾਵੇਂ ਪੰਜ ਏਕੜ ਤੋਂ ਵੀ ਘੱਟ ਹੀ ਹੋਵੇ। ਕਿਸੇ ਚਾਰ ਏਕੜ ਦੇ ਮਾਲਕ ਕਿਸਾਨ ਨੂੰ ਪੁੱਛਿਆ ਗਿਆ ਕਿ ਉਸ ਨੇ ਟਰੈਕਟਰ ਕਿਉਂ ਖਰੀਦਿਆ ਹੈ। ਉਸ ਦਾ ਉਤਰ ਸੀ ਕਿ ਸਾਡੇ ਗੁਆਂਢੀਆਂ ਕੋਲ ਟਰੈਕਟਰ ਹੈ, ਉਨ੍ਹਾਂ ਦੇ ਮੁੰਡੇ ਨੂੰ ਦਹੇਜ ਵਿਚ ਮਾਰੂਤੀ ਕਾਰ ਮਿਲੀ ਹੈ। ਫਿਰ ਅਸੀਂ ਭਲਾ ਪਿੱਛੇ ਕਿਉਂ ਰਹੀਏ, ਜਿਸ ਨੇ ਟਰੈਕਟਰ ਖਰੀਦਿਆ ਉਸ ਨੇ ਕਰਜ਼ਾ ਲਿਆ, ਜਿਸ ਨੇ ਦਹੇਜ ਵਿਚ ਮਾਰੂਤੀ ਦਿੱਤੀ ਉਸ ਵੀ ਕਰਜ਼ਾ ਲਿਆ। ਪਿੰਡਾਂ ਦੇ ਆਮ ਘਰਾਂ ਵਿਚ ਟੈਲੀਵਿਜ਼ਨ, ਫਰਿਜ, ਸਕੂਟਰ ਆਦਿ ਦਹੇਜ ਵਿਚ ਹੀ ਮਿਲੇ ਹੋਏ ਹਨ।
ਪਹਿਲਾਂ ਬਰਾਤ ਗੱਡੇ, ਗੱਡੀਆਂ ਵਿਚ ਜਾਂਦੀ ਸੀ। ਫਿਰ ਬੱਸਾਂ ਦਾ ਰਿਵਾਜ ਪਿਆ। ਇਸ ਤੋਂ ਅੱਗੇ ਟੈਕਸੀਆਂ ਦੀ ਵਾਰੀ ਆਈ। ਹੁਣ ਆਪਣੀਆਂ ਕਾਰਾਂ ਵਿਚ ਬਰਾਤ ਜਾਂਦੀ ਹੈ। ਮਹਿਮਾਨਾਂ ਦੀ ਖਾਤਰ ਪਿਆਰ ਨਾਲ ਨਹੀਂ, ਸਗੋਂ ਪੈਸੇ ਨਾਲ ਹੁੰਦੀ ਹੈ। ਵੱਧ ਤੋਂ ਵੱਧ ਪਦਾਰਥ ਬਣਾ ਕੇ ਵਡੱਪਣ ਦਿਖਾਉਣ ਦਾ ਯਤਨ ਕੀਤਾ ਜਾਂਦਾ ਹੈ। ਸਾਰੇ ਖੁੱਲ੍ਹ ਕੇ ਸ਼ਰਾਬ ਪੀਂਦੇ ਹਨ। ਅੱਧ-ਨੰਗੀਆਂ ਕੁੜੀਆਂ ਉਕਸਾਊ ਨਾਚ ਨੱਚਦੀਆਂ ਹਨ। ਪਰ ਬਰਾਤ ਦੀ ਵਿਦਾਈ ਸਮੇਂ ਕੇਵਲ ਘਰ ਦੇ ਬੰਦੇ ਹੀ ਨਜ਼ਰ ਆਉਂਦੇ ਹਨ। ਡੋਲੇ ਦੀ ਥਾਂ ਗੱਡੀ ਨੇ ਲਈ, ਮੁੜ ਕਾਰ ਤੇ ਹੁਣ ਵਿਸ਼ੇਸ਼ ਕਾਰਾਂ ਵਰਤੋਂ ਵਿਚ ਲਿਆਂਦੀਆਂ ਜਾਂਦੀਆਂ ਹਨ। ਵੱਡੇ ਸ਼ਹਿਰਾਂ ਵਿਚ ਵੱਡੀਆਂ ਕਾਰਾਂ ਕੇਵਲ ਇਸੇ ਕੰਮ ਲਈ ਕਿਰਾਏ ਉਤੇ ਮਿਲਦੀਆਂ ਹਨ। ਡੋਲੀ ਨੇ ਭਾਵੇਂ ਉਸੇ ਸ਼ਹਿਰ ਵਿਚ ਰਹਿਣਾ ਹੁੰਦਾ ਹੈ ਪਰ ਹਜ਼ਾਰਾਂ ਰੁਪਏ ਇਸ ਕਾਰ ਦੇ ਕਿਰਾਏ ਉਤੇ ਖਰਚ ਹੁੰਦੇ ਹਨ।
ਸਮੇਂ ਨਾਲ ਵਿਕਾਸ ਹੁੰਦਾ ਹੈ। ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀਆਂ ਵੀ ਆਉਂਦੀਆਂ ਹਨ। ਪਰ ਇਹ ਤਬਦੀਲੀ ਉਦੋਂ ਹੀ ਸੁਖਾਵੀਂ ਹੁੰਦੀ ਹੈ ਜਦੋਂ ਵਿਕਾਸ ਦਾ ਅਧਾਰ ਬਣੇ। ਲੋਕਾਂ ਦੀ ਸੋਚ, ਰਹਿਣ-ਸਹਿਣ ਅਤੇ ਬੋਲਚਾਲ ਵਧੀਆ ਹੋਵੇ। ਪਰ ਜੇਕਰ ਇਹ ਵਿਖਾਵਾ ਬਣ ਜਾਵੇ ਤਾਂ ਇਹ ਵਿਕਾਸ ਦੀ ਨਿਸ਼ਾਨੀ ਨਹੀਂ, ਸਗੋਂ ਵਿਗਾੜ ਲਈ ਜ਼ਿੰਮੇਵਾਰ ਬਣ ਜਾਂਦੀ ਹੈ। ਇਸ ਵਿਖਾਵੇ ਦੀ ਦੌੜ ਵਿਚ ਪੈਸਾ ਮਹੱਤਵਪੂਰਨ ਬਣ ਜਾਂਦਾ ਹੈ। ਪੈਸੇ ਲਈ ਬੇਈਮਾਨੀ ਕੀਤੀ ਜਾਂਦੀ ਹੈ। ਰਿਸ਼ਤਿਆਂ ਵਿਚ ਤ੍ਰੇੜਾਂ ਆਉਂਦੀਆਂ ਹਨ ਅਤੇ ਕਈ ਵਾਰ ਕਰਜ਼ਾਈ ਵੀ ਬਣਨਾ ਪੈਂਦਾ ਹੈ। ਇਸ ਤਰ੍ਹਾਂ ਸਮਾਜ ਟੁੱਟਦਾ ਹੈ, ਜੁੜਦਾ ਨਹੀਂ ਅਤੇ ਨਾ ਹੀ ਵਿਕਾਸ ਵੱਲ ਪੁਲਾਂਘਾਂ ਪੁੱਟਦਾ ਹੈ।
-0-
ਪੰਜਾਬੀਆਂ ਦੇ ਵਿਆਹ : ਉਦੋਂ ਤੇ ਹੁਣ
ਅਜੀਤ ਡੈਸਕ
19-10-2025