30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

51 ਸਾਲ ਤੋਂ ਫਿੱਕੀ ਨਹੀਂ ਪਈ ਰਜਨੀਕਾਂਤ ਦੀ ਸ਼ੌਹਰਤ

51 ਸਾਲ ਤੋਂ ਫਿੱਕੀ ਨਹੀਂ ਪਈ ਰਜਨੀਕਾਂਤ ਦੀ ਸ਼ੌਹਰਤ

Ad Position 21
No active advertisement
ਅਜੀਤ ਡੈਸਕ 30-08-2026

ਕੁਝ ਅਦਾਕਾਰ ਸਟਾਰ ਬਣ ਜਾਂਦੇ ਹਨ, ਕੁਝ ਸਟਾਰ ਸੁਪਰਸਟਾਰ ਬਣ ਜਾਂਦੇ ਹਨ ਅਤੇ ਪੀੜ੍ਹੀਆਂ ਵਿਚ ਕੁਝ ਕੁ ਕਲਾਕਾਰ ਆਪਣੀ ਪ੍ਰਤਿਭਾ ਨਾਲ ਸਿਨੇਮਾ ਤੋਂ ਵੀ ਵੱਡੇ ਬਣ ਜਾਂਦੇ ਹਨ | ਮਹਾਨ ਅਦਾਕਾਰ ਰਜਨੀਕਾਂਤ ਵੀ ਇਸ ਆਖਰੀ ਸ਼੍ਰੇਣੀ ਨਾਲ ਸੰਬੰਧਿਤ ਹਨ ਜਿਨ੍ਹਾਂ 15 ਅਗਸਤ 2026 ਨੂੰ  ਭਾਰਤ ਦੇ ਸੁਤੰਤਰਤਾ ਦਿਵਸ ਮੌਕੇ ਭਾਰਤੀ ਸਿਨੇਮਾ ਵਿਚ ਆਪਣੇ 51 ਸਾਲ ਦੇ ਅਸਾਧਾਰਨ ਮੀਲਪੱਥਰ ਨੂੰ  ਪਾਰ ਕਰ ਲਿਆ ਹੈ | ਇਸ ਮੌਕੇ ਕੋਈ ਵੱਡਾ ਜਨਤਕ ਇਕੱਠ ਨਹੀਂ ਹੋਇਆ, ਪਰ ਉਸ ਨੇ ਇਹ ਜਸ਼ਨ ਆਪਣੀ 173ਵੀਂ ਫ਼ਿਲਮ 'ਧਰਮਨ' ਦੇ ਸੈੱਟ 'ਤੇ ਆਪਣੇ ਸਾਥੀ ਕਲਾਕਾਰਾਂ ਤੇ ਅਮਲੇ ਦੇ ਨਾਲ ਕੇਕ ਕੱਟ ਕੇ ਮਨਾਇਆ | ਧਰਮਨ ਉਸ ਦੇ ਪੁਰਾਣੇ ਦੋਸਤ, ਮੁਕਾਬਲੇਬਾਜ਼ੀ ਤੇ ਸਮਕਾਲੀ ਸਾਥੀ ਦਿਗਜ ਕਮਲ ਹਸਨ ਦੁਆਰਾ ਰਾਜ ਕਮਲ ਫ਼ਿਲਮਜ਼ ਇੰਟਰਨੈਸ਼ਨਲ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ | 
1950 ਵਿਚ ਬੰਗਲੌਰ ਵਿਚ ਸ਼ਿਵਾਜੀ ਰਾਓ ਗਾਇਕਵਾੜ (ਰਜਨੀਕਾਂਤ) ਦਾ ਜਨਮ ਹੋਇਆ | ਉਸ ਨੇ ਬੰਗਲੌਰ ਟ੍ਰਾਂਸਪੋਰਟ ਸਰਵਿਸ ਵਿਚ ਇਕ ਬੱਸ ਕੰਡਕਟਰ ਵਜੋਂ ਕੰਮ ਕਰਦਿਆਂ ਸ਼ੌਕੀਆ ਤੌਰ 'ਤੇ ਨਾਟਕਾਂ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ | ਦਰਸ਼ਕਾਂ ਵਲੋਂ ਮਿਲੇ ਹੁੰਗਾਰੇ ਤੋਂ ਪ੍ਰੇਰਿਤ ਹੋ ਕੇ ਉਸ ਨੇ ਮਦਰਾਸ ਫ਼ਿਲਮ ਇੰਸਟੀਚਿਊਟ ਵਿਚ ਦਾਖਲਾ ਲੈ ਲਿਆ | ਉਹ ਦਿਸਣ 'ਚ ਬਹੁਤਾ ਸੁੰਦਰ ਨਹੀਂ ਸੀ ਤੇ ਉਸ ਦੀ ਤਾਮਿਲ ਭਾਸ਼ਾ 'ਤੇ ਪਕੜ ਵੀ ਸੀਮਤ ਸੀ, ਪਰ ਕੇ. ਬਾਲਾਚੰਦਰ ਨੇ ਉਸ ਦੀ ਆਸਾਧਰਨ ਪ੍ਰਤਿਭਾ ਨੂੰ  ਪਛਾਣ ਲਿਆ ਸੀ | ਮਸ਼ਹੂਰ ਨਿਰਦੇਸ਼ਕ ਨਾਲ ਨੌਜਵਾਨ ਸ਼ਿਵਾਜੀ ਰਾਓ ਦਾ ਸਾਹਮਣਾ ਉਨ੍ਹਾਂ ਦੇ ਫ਼ਿਲਮ ਇੰਸਟੀਚਿਊਟ ਦਾ ਦੌਰਾ ਕਰਨ ਸਮੇਂ ਹੋਇਆ | ਬਾਲਾਚੰਦਰ ਦੀਆਂ ਪਾਰਖੂ ਅੱਖਾਂ ਨੇ ਉਸ ਦੇ ਪੱਕੇ ਰੰਗ ਤੇ ਪਤਲੇ ਸਰੀਰ ਨੂੰ  ਦੇਖਣ ਦੀ ਬਜਾਏ ਉਸ ਵਿਚ ਇਕ ਅਦਾਕਾਰ ਵਾਲੀਆਂ ਸੰਭਾਵਨਾਵਾਂ ਨੂੰ  ਵੇਖਦਿਆਂ 1975 ਵਿਚ ਰਿਲੀਜ਼ ਹੋਈ 'ਅਪੂਰਵ ਰਾਗੰਗਲ' ਵਿਚ ਇਕ ਛੋਟਾ ਪਰ ਯਾਦਗਾਰੀ ਰੋਲ ਦਿੱਤਾ | ਬਾਲਾਚੰਦਰ ਨੇ ਹੀ ਉਸ ਨੂੰ  ਸਕਰੀਨ ਨਾਂਅ  ਰਜਨੀਕਾਂਤ  ਦਿੱਤਾ ਸੀ | ਜਦੋਂ ਇਹ ਬੱਸ ਕੰਡਕਟਰ ਸਿਨੇਮਾ ਵਿਚ ਦਾਖਲ ਹੋਇਆ ਤਾਂ ਸਿਨੇਮਾ ਪਹਿਲਾਂ ਵਰਗਾ ਨਾ ਰਿਹਾ | ਰਜਨੀਕਾਂਤ ਨੇ ਆਪਣੇ ਸ਼ੁਰੂਆਤੀ ਕਰੀਅਰ ਦੌਰਾਨ ਖਲਨਾਇਕ, ਐਂਟੀ-ਹੀਰੋ ਦੇ ਕਿਰਦਾਰ ਨਿਭਾਏ | 
ਰਜਨੀਕਾਂਤ ਨੇ ਆਪਣੀਆਂ ਸ਼ੁਰੂਆਤੀ ਫ਼ਿਲਮਾਂ- 'ਮੂੰਡਰੂ ਮੁਡੀਚ', 'ਅਵਰਗਲ' ਅਤੇ '16 ਵਾਯਾਥਿਨਿਲ' ਤੋਂ ਬਾਅਦ  'ਭੁਵਨਾ ਓਰੂ ਕੇਲਵੀ ਕੁਰੀ', 'ਮੁਲੁੱਮ ਮਾਲਾਰੁਮ' ਅਤੇ 'ਅਵਲ ਐਪਾਡਿਥਨ' ਵਰਗੀਆਂ ਫ਼ਿਲਮਾਂ 'ਚ ਵਿਖਾਇਆ ਕਿ ਉਸ ਦੇ ਸਾਧਾਰਨ ਵਿਹਾਰ ਦੇ ਪਿੱਛੇ ਇਕ ਗੰਭੀਰ ਅਭਿਨੇਤਾ ਛੁਪਿਆ ਹੋਇਆ ਹੈ | ਉਸ ਦੀ  1980 'ਚ  ਆਈ ਫ਼ਿਲਮ 'ਬਿੱਲਾ' ਅਮਿਤਾਭ ਬੱਚਨ ਦੀ 'ਡੌਨ' ਦੀ ਰੀਮੇਕ ਸੀ, ਜਿਸ 'ਚ ਰਜਨੀਕਾਂਤ ਦੀ ਦੋਹਰੀ ਭੂਮਿਕਾ ਨੇ ਉਸ ਨੂੰ  ਇਕ ਪੂਰੇ ਐਕਸ਼ਨ ਸਟਾਰ ਵਿਚ ਬਦਲ ਦਿੱਤਾ | ਫ਼ਿਲਮ ਦੀ ਸਫਲਤਾ ਨੇ ਰਜਨੀਕਾਂਤ ਦੀ ਪਛਾਣ ਬਣਾਉਣ ਵਿਚ ਵੱਡੀ ਮਦਦ ਕੀਤੀ | ਉਸ ਦੀਆਂ ਧੁੱਪ ਦੀਆਂ ਐਨਕਾਂ, ਅੰਦਾਜ਼, ਜੈਕਟਾਂ, ਆਕੜ ਕੇ ਚੱਲਣਾ ਤੇ ਛੋਟੇ-ਛੋਟੇ ਸੰਵਾਦ ਬੋਲਣ ਦੇ ਅੰਦਾਜ਼ ਨੇ ਲੋਕਾਂ ਨੂੰ  ਦੀਵਾਨਾ ਕਰ ਦਿੱਤਾ | ਪਰ ਰਜਨੀਕਾਂਤ ਕਿਸੇ ਹਿੰਦੀ ਸੁਪਰਸਟਾਰ ਦੀ ਨਕਲ ਕਰਨ ਦੀ ਬਜਾਏ ਜਨਤਕ ਸਿਨੇਮਾ ਦਾ ਇਕ ਨਵਾਂ ਅਧਿਆਏ ਲਿਖ ਰਿਹਾ ਸੀ | ਉਸ ਦਾ ਕਿਸੇ ਚੀਜ਼ ਨੂੰ  ਹਵਾ ਵਿਚ ਸੁੱਟ ਕੇ ਮੁੜ ਫੜਨਾ, ਆਪਣੇ ਗੁੱਟ ਦੇ ਝਟਕੇ ਨਾਲ ਆਪਣੀਆਂ ਐਨਕਾਂ ਨੂੰ  ਆਪਣੇ ਚਿਹਰੇ 'ਤੇ ਸੁੱਟਣਾ,  ਕੈਮਰੇ ਵੱਲ ਆਪਣੀ ਪਿੱਠ ਮੋੜ ਕੇ ਰੁਕਣ ਬਾਰੇ ਦਰਸ਼ਕ ਪਹਿਲਾਂ ਤੋਂ ਜਾਣਦੇ ਸਨ ਕਿ ਉਸ ਦਾ ਇਹ ਸਟਾਈਲ ਉਸ ਦੀ ਅਦਾਕਾਰੀ ਦੀ ਅਸਲੀਅਤ ਬਣ ਜਾਣਗੇ |
ਫਿਰ ਉਸ ਦੇ ਨਾਂਅ ਅੱਗੇ 'ਸੁਪਰਸਟਾਰ' ਹਮੇਸ਼ਾ ਲਈ ਜੁੜ ਗਿਆ ਤੇ  ਫਿਰ 1995 ਵਿਚ 'ਬਾਸ਼ਾ' ਫ਼ਿਲਮ ਨੇ ਉਸ  ਦੇ ਸਟਾਰਡਮ ਨੂੰ  ਸਥਾਪਿਤ ਕਰ ਦਿੱਤਾ | ਇਸ ਫ਼ਿਲਮ 'ਚ ਉਸ ਨੇ 'ਮਨਿੱਕਮ' ਨਾਂਅ ਦੇ ਆਟੋ-ਰਿਕਸ਼ਾ ਚਾਲਕ ਦੀ ਭੂਮਿਕਾ ਨਿਭਾਈ, ਜੋ ਮੁੰਬਈ ਦੇ ਇਕ ਡੌਨ ਦੇ ਰੂਪ ਵਿਚ ਆਪਣੇ ਹਿੰਸਕ ਅਤੀਤ ਨੂੰ  ਛੁਪਾਉਂਦਾ ਹੈ | ਰਜਨੀਕਾਂਤ ਨੇ ਆਪਣੇ ਦੋ ਰੂਪਾਂ ਨੂੰ  ਮੂਰਤੀਮਾਨ ਕਰਦਿਆਂ ਦੱਸਿਆ ਕਿ ਇਕ ਆਮ ਆਦਮੀ ਕਿਵੇਂ ਇਕ ਵੱਡਾ ਬਦਲਾ ਲੈਂਦਾ ਹੈ | ਤਾਮਿਲ ਸਿਨੇਮਾ ਦੇ ਦਰਸ਼ਕਾਂ ਨੇ ਇਸ ਨੂੰ  ਸਿਰਫ਼ ਇਕ ਫ਼ਿਲਮ ਦੇ ਪਾਤਰ ਨੂੰ  ਆਪਣੇ ਸਾਹਮਣੇ ਆਉਂਦੇ ਨਹੀਂ ਦੇਖਿਆ, ਉਨ੍ਹਾਂ ਨੇ ਰਜਨੀਕਾਂਤ ਦੀ ਕਹਾਣੀ ਨੂੰ  ਆਪਣੇ ਸਾਹਮਣੇ ਪ੍ਰਗਟ ਹੁੰਦੇ ਦੇਖਿਆ | ਥੀਏਟਰਾਂ ਵਿਚ ਲਗਭਗ 15 ਮਹੀਨੇ ਚਲੀ 'ਬਾਸ਼ਾ' ਉਸ ਦੇ ਕਰੀਅਰ ਦੀਆਂ ਸਭ ਤੋਂ ਹਿੱਟ ਕਮਰਸ਼ੀਅਲ ਸਫਲਤਾਵਾਂ 'ਚੋਂ ਇਕ ਬਣ  ਗਈ | ਇਸ ਤੋਂ ਬਾਅਦ ਦਾ ਫਾਰਮੂਲਾ ਜਾਣਿਆ-ਪਛਾਣਿਆ ਸੀ ਪਰ ਉਹ ਕਦੇ ਵੀ ਥੱਕਿਆ ਨਹੀਂ | ਅੰਨਾਮਲਾਈ ਵਿਚ ਉਹ ਸੱਤਾ ਨੂੰ  ਚੁਣੌਤੀ ਦੇਣ ਵਾਲਾ ਦੁੱਧ ਵਾਲਾ ਬਣਦਾ ਹੈ ਤਾਂ 'ਸ਼ਿਵਾਜੀ' ਵਿਚ ਇਕ ਆਦਰਸ਼ਵਾਦੀ ਸਾਫਟਵੇਅਰ ਇੰਜੀਨੀਅਰ ਜੋ ਭਿ੍ਸ਼ਟਾਚਾਰ ਨਾਲ ਲੜਦਾ ਹੈ | 'ਐਂਥੀਰਨ' ਵਿਚ ਉਸ ਨੇ ਵਿਗਿਆਨੀ ਵਸੀਗਰਨ ਤੇ ਉਸ ਦੀ ਖਤਰਨਾਕ ਰੋਬੋਟ ਰਚਨਾ ਚਿੱਟੀ ਦੋਹਾਂ ਦੀ ਭੂਮਿਕਾ ਨਿਭਾਈ |
ਮੁਥੂ ਜਾਪਾਨ ਵਿਚ ਇਕ ਵੱਡੀ ਹਿੱਟ ਬਣ ਗਈ ਤਾਂ ਟੋਕੀਓ ਦੇ ਨਿਰਮਾਤਾਵਾਂ ਨੇ ਸਕ੍ਰਿਪਟ ਖਰੀਦ ਕੇ ਇਸ ਨੂੰ  ਜਾਪਾਨੀ ਸੰਸਕਰਣ ਬਣਾਉਣ ਲਈ ਉਤਸ਼ਾਹਿਤ ਕੀਤਾ | ਹਾਂਗਕਾਂਗ ਦੇ ਥੀਏਟਰਾਂ 'ਚ ਰਜਨੀਕਾਂਤ ਦੀ ਕੋਈ ਵੀ ਨਵੀਂ ਫ਼ਿਲਮ ਜੈਕੀ ਚੈਨ ਦੀਆਂ ਫ਼ਿਲਮਾਂ ਵਾਂਗ ਵੇਖੀ ਜਾਂਦੀ ਹੈ | ਦੱਖਣ ਪੂਰਬੀ ਏਸ਼ੀਆ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ ਵਿਚ ਉਸ ਦੀਆਂ ਫ਼ਿਲਮਾਂ ਸਭ ਘਰਾਂ ਵਿਚ ਚਲਦੀਆਂ ਹਨ, ਜੋ ਉਸ ਦੀ ਅੰਤਰਰਾਸ਼ਟਰੀ ਪਹਿਚਾਣ ਹੈ | ਉਸ ਨੇ 'ਬਿੱਲਾ' 'ਚ ਦੋ ਭੂਮਿਕਾਵਾਂ ਨਿਭਾਈਆਂ; ਜਦਕਿ 'ਮੂੰਡਰੂ ਮੁਗਮ' 'ਚ ਉਸ ਨੇ  ਜੌਨ ਜਾਨੀ ਜਨਾਰਧਨ ਦੀਆਂ ਤਿੰਨ ਭੂਮਿਕਾਵਾਂ ਵੀ ਨਿਭਾਈਆਂ ਹਨ, ਅਧੀਸਾਇਆ ਪਿਰਾਵੀ, ਸ਼ਿਵਾਜੀ ਤੇ ਐਂਥੀਰਨ 'ਚ ਵੀ ਉਸ ਨੇ ਦੋਹਰੀਆਂ ਭੂਮਿਕਾਵਾਂ ਨਿਭਾਉਂਦਿਆਂ ਵਿਰੋਧੀ ਸ਼ਖ਼ਸੀਅਤਾਂ 'ਤੇ ਭਿੰਨਤਾਵਾਂ ਵਾਲੇ ਰੋਲ ਨਿਭਾਏ | ਬਾਸ਼ਾ, ਕਬਾਲੀ, ਕਾਲਾ, ਜੇਲਰ ਅਤੇ ਹੋਰ ਫ਼ਿਲਮਾਂ ਵਿਚ ਉਸ ਦੇ ਆਮ ਆਦਮੀ ਦੀ ਸਤ੍ਹਾ 'ਤੇ ਭਿਆਨਕ ਸ਼ਖਸੀਅਤ ਵਿਚ ਬਦਲਣਾ ਉਸ ਦੇ ਮਨਪਸੰਦ ਨਾਟਕੀ ਯੰਤਰਾਂ 'ਚੋਂ ਇਕ ਬਣ ਗਏ ਹਨ |
ਉਸ ਦੇ ਸਿਨੇਮਾਈ ਸਫ਼ਰ ਵਿਚ ਉਸ ਨਾਲ ਫ਼ਿਲਮਾਂ 'ਚ ਮੋਹਰੀ ਭੂਮਿਕਾਵਾਂ ਨਿਭਾਉਣ ਵਾਲੀਆਂ ਅਦਾਕਾਰਾ: ਸ਼੍ਰੀਵਿਦਿਆ, ਜੈਸੁਧਾ, ਸ੍ਰੀਦੇਵੀ, ਸ੍ਰੀਪਿ੍ਯਾ, ਸੁਹਾਸਿਨੀ, ਅੰਬਿਕਾ, ਰਾਧਾ, ਰਾਧਿਕਾ, ਸ਼ੋਬਨਾ, ਰੇਵਤੀ, ਖੁਸ਼ਬੂ, ਮੀਨਾ, ਨਗਮਾ, ਸੌਂਦਰਿਆ, ਮਨੀਸ਼ਾ ਕੋਇਰਾਲਾ, ਸਿਮਰਨ, ਐਸ਼ਵਰਿਆ ਰਾਏ, ਦੀਪਿਕਾ ਪਾਦੁਕੋਣ, ਸੋਨਾਕਸ਼ੀ ਸਿਨਹਾ, ਐਮੀ ਜੈਕਸਨ, ਰਾਧਿਕਾ ਆਪਟੇ ਤੇ ਨਯਨਤਾਰਾ ਆਦਿ ਹਨ | ਸ੍ਰੀਦੇਵੀ ਨੇ ਉਸ ਨਾਲ ਆਪਣੀ ਛੋਟੀ ਉਮਰ ਦੌਰਾਨ ਕਈ ਫ਼ਿਲਮਾਂ ਕੀਤੀਆਂ | ਮੀਨਾ ਨੇ ਰਜਨੀਕਾਂਤ ਨਾਲ ਇਕ ਬੱਚੇ ਦੀ ਭੂਮਿਕਾ ਨਿਭਾਉਣ ਤੋਂ ਲੈ ਕੇ ਏਜਾਮਾਨ ਤੇ ਮੁਥੂ ਵਿਚ ਉਸ ਦੀ ਨਾਇਕਾ ਤੱਕ ਬਣੀ | ਐਸ਼ਵਰਿਆ ਰਾਏ ਨੇ 'ਐਂਥੀਰਨ' ਤੇ ਦੀਪਿਕਾ ਪਾਦੇਕੁਣ ਨੇ  ਕੋਚਾਦਈਆਂ ਤੇ ਰਾਵਨ 'ਚ ਉਸ ਨਾਲ ਕੰਮ ਕੀਤਾ, ਜਦਕਿ  ਨਯਨਤਾਰਾ ਦਰਬਾਰ ਤੇ ਜੇਲ੍ਹਰ ਵਿਚ ਉਸ ਦੀ ਨਾਇਕਾ ਸੀ | ਰਜਨੀਕਾਂਤ ਦੇ ਪਾਤਰਾਂ ਦੇ ਆਲੇ-ਦੁਆਲੇ ਦੀਆਂ ਔਰਤਾਂ ਵੱਖ-ਵੱਖ ਪੀੜ੍ਹੀਆਂ ਦੇ ਨਾਲ ਬਦਲੀਆਂ ਹਨ; ਪਰ ਰਜਨੀਕਾਂਤ ਉਵੇਂ ਹੀ ਰਹੇ | ਰਜਨੀਕਾਂਤ ਦੀ ਅਪੀਲ ਕਦੇ ਵੀ ਤਾਮਿਲਨਾਡੂ ਤੱਕ ਸੀਮਤ ਨਹੀਂ  ਰਹੀ | ਉਸ ਨੇ 1983 'ਚ 'ਅੰਧਾਕਾਨੂੰਨ' ਨਾਲ ਹਿੰਦੀ ਸਿਨੇਮਾ ਵਿਚ ਦਾਖਲ ਹੋਣ ਤੋਂ ਬਾਅਦ ਗਿ੍ਫਤਾਰ, ਮੇਰੀ ਅਦਾਲਤ, ਜੌਨ ਜਾਨੀ ਜਨਾਰਧਨ, ਹਮ, ਇਨਸਾਨੀਅਤ ਕੇ ਦੇਵਤਾ ਅਤੇ ਚਾਲਬਾਜ਼ ਸਮੇਤ ਕਈ ਫ਼ਿਲਮਾਂ ਕੀਤੀਆਂ | ਉਸ ਨੇ ਅਮਿਤਾਭ ਬੱਚਨ, ਗੋਵਿੰਦਾ, ਧਰਮਿੰਦਰ,  ਸ੍ਰੀਦੇਵੀ, ਹੇਮਾ ਮਾਲਿਨੀ, ਰੇਖਾ ਤੇ ਕਈ ਹੋਰ ਪ੍ਰਮੁੱਖ ਹਿੰਦੀ ਅਦਾਕਾਰਾਂ ਨਾਲ ਕੰਮ ਕੀਤਾ |
ਪਰ ਭਾਰਤੀ ਸਿਨੇਮਾ ਤੋਂ ਬਾਹਰ ਉਸ ਦਾ ਸਭ ਤੋਂ ਵੱਡਾ ਪ੍ਰਯੋਗ ਬਲੱਡਸਟੋਨ ਸੀ, ਜੋ 1988 ਦੀ ਅੰਗਰੇਜ਼ੀ-ਭਾਸ਼ਾ ਦੀ ਐਕਸ਼ਨ-ਐਡਵੈਂਚਰ ਫ਼ਿਲਮ ਸੀ ਤੇ ਇਸ ਨੂੰ  ਡਵਾਈਟ ਐਚ. ਲਿਟਲ ਨੇ ਨਿਰਦੇਸ਼ਿਤ ਕੀਤਾ ਸੀ | ਰਜਨੀਕਾਂਤ ਨੇ ਇਸ 'ਚ ਸ਼ਿਆਮ ਸਾਬੂ ਦੀ ਭੂਮਿਕਾ ਨਿਭਾਈ ਸੀ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਜ਼ਿਆਦਾਤਰ ਭਾਰਤ ਵਿਚ ਹੋਈ ਸੀ | ਇਹ ਉਸ ਦੀ ਇਕਲੌਤੀ ਵਿਦੇਸ਼ੀ ਭਾਸ਼ਾ ਦੀ ਅੰਤਰਰਾਸ਼ਟਰੀ ਵਿਸ਼ੇਸ਼ਤਾ ਹੈ | ਉਹ ਇਕ ਅਜਿਹਾ ਅਦਾਕਾਰ ਜਿਸ ਨੇ ਕੰਨੜ ਤੇ ਮਰਾਠੀ ਭਾਸ਼ਾ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਕੇ ਹੌਲੀ-ਹੌਲੀ ਤਾਮਿਲ ਵਿਚ ਮੁਹਾਰਤ ਹਾਸਿਲ ਕਰਕੇ ਇਕ ਅਸੰਭਵ ਹੱਦ ਨੂੰ  ਪਾਰ ਕੀਤਾ ਹੈ |
-0-

Ad Position 22
No active advertisement
ਪਿਛਲੀ ਖ਼ਬਰ ਚੰਨ 'ਤੇ 'ਮੂਨਬੇਸ' ਨਾਮੀ ਪਿੰਡ ਵਸਾਉਣ ਦੀ ਤਿਆਰੀ ਅਗਲੀ ਖ਼ਬਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣਾ ਹੀ ਭਾਰਤ ਨੂੰ ਬਚਾਉਣਾ ਹੈ
Ad Position 24