![]()
ਪੰਜਾਬ ਨੂੰ ਸਿਰਫ਼ ਨਕਸ਼ੇ 'ਤੇ ਬਣੀ ਇਕ ਹੱਦ ਨਾਲ ਨਹੀਂ ਸਮਝਿਆ ਜਾ ਸਕਦਾ | ਪੰਜਾਬ ਇਕ ਅਜਿਹੀ ਧਰਤੀ ਹੈ, ਜਿਸ ਦੀ ਬੋਲੀ ਪੰਜਾਬੀ ਤੇ ਪੰਜਾਬੀਅਤ ਉਸ ਦੀ ਰੂਹ ਹੈ | ਇਸ ਲਈ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਰੱਖਿਆ ਦੀ ਗੱਲ ਕਰਨਾ ਸਿਰਫ਼ ਪੰਜਾਬ ਦੀ ਨਹੀਂ, ਸਗੋਂ ਭਾਰਤ ਦੀ ਉਸ ਰੂਹ ਦੀ ਰੱਖਿਆ ਕਰਨ ਦੀ ਗੱਲ ਕਰਨਾ ਹੈ ਜਿਸ ਦੀ ਸਭ ਤੋਂ ਵੱਡੀ ਤਾਕਤ ਹੀ ਉਸ ਦੀ ਵੰਨ-ਸੁਵੰਨਤਾ ਰਹੀ ਹੈ | ਮੈਂ ਇਹ ਗੱਲ ਕਿਸੇ ਸੰਸਦ ਮੈਂਬਰ ਵਜੋਂ ਨਹੀਂ ਕਹਿ ਰਿਹਾ ਤੇ ਨਾ ਹੀ ਇਹ ਲੇਖ ਕਿਸੇ ਸਿਆਸੀ ਪਾਰਟੀ ਦੇ ਹੱਕ ਜਾਂ ਵਿਰੋਧ ਵਿਚ ਲਿਖਿਆ ਗਿਆ ਹੈ | ਮੈਂ ਇਹ ਗੱਲ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਇਕ ਇਨਸਾਨ ਵਜੋਂ ਕਹਿ ਰਿਹਾ ਹਾਂ | ਪੰਜਾਬ ਨਾਲ ਮੇਰਾ ਇਹ ਨਾਤਾ ਕਿਸੇ ਰਾਜਨੀਤਕ ਮੰਚ ਤੋਂ ਨਹੀਂ ਬਣਿਆ, ਸਗੋਂ ਇਹ ਨਾਤਾ 1947 ਦੇ ਜ਼ਖ਼ਮ ਲਿਖਦਿਆਂ ਬਣਿਆ | ਇਸ ਕਿਤਾਬ ਲਈ ਮੈਂ ਵੰਡ ਵੇਲੇ ਉਜੜੇ ਹੋਏ ਲੋਕਾਂ ਨੂੰ ਮਿਲਿਆ, ਉਨ੍ਹਾਂ ਦੇ ਘਰਾਂ ਵਿਚ ਬੈਠਿਆ, ਉਨ੍ਹਾਂ ਦੀਆਂ ਯਾਦਾਂ ਸੁਣੀਆਂ ਤੇ ਉਨ੍ਹਾਂ ਦੀਆਂ ਅੱਖਾਂ ਵਿਚ 1947 ਨੂੰ ਮੁੜ ਜਿਊਾਦਾ ਹੁੰਦਾ ਵੇਖਿਆ ਹੈ | ਇਨ੍ਹਾਂ 'ਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਸੀ, ਕਿਸੇ ਨੇ ਆਪਣਾ ਪਿੰਡ ਛੱਡਿਆ, ਕਿਸੇ ਨੇ ਆਪਣਾ ਘਰ, ਕਿਸੇ ਨੇ ਆਪਣੀ ਜ਼ਮੀਨ ਤੇ ਕਿਸੇ ਨੇ ਆਪਣਾ ਕੋਈ ਜੀਅ ਗੁਆਇਆ ਸੀ | ਪਰ ਇਕ ਚੀਜ਼ ਜੋ ਉਹ ਆਪਣੇ ਨਾਲ ਲੈ ਆਏ, ਉਹ ਸੀ ਆਪਣੀ ਮਿੱਟੀ ਦੀ ਯਾਦ |
ਉਨ੍ਹਾਂ ਲੋਕਾਂ ਨਾਲ ਗੱਲ ਕਰਦਿਆਂ ਮੈਨੂੰ ਸਮਝ ਆਈ ਕਿ 1947 ਸਿਰਫ਼ ਇਤਿਹਾਸ ਦੀ ਇਕ ਤਾਰੀਖ ਨਹੀਂ | ਇਹ ਅੱਜ ਵੀ ਕਈ ਘਰਾਂ ਦੀ ਚੁੱਪ ਵਿਚ ਵਸਦਾ ਹੈ | ਕਿਸੇ ਬਜ਼ੁਰਗ ਦੀ ਕੰਬਦੀ ਆਵਾਜ਼ ਵਿਚ, ਕਿਸੇ ਪੁਰਾਣੀ ਤਸਵੀਰ ਵਿਚ, ਕਿਸੇ ਭੁੱਲੇ ਹੋਏ ਪਿੰਡ ਦੇ ਨਾਮ ਵਿਚ | ਵੰਡ ਨੇ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ, ਪਰ ਪੰਜਾਬੀਅਤ ਨੂੰ ਨਹੀਂ ਵੰਡ ਸਕੀ, ਸ਼ਾਇਦ ਇਸੇ ਕਰਕੇ ਪੰਜਾਬ ਨੂੰ ਸਮਝਣ ਤੋਂ ਪਹਿਲਾਂ ਪੰਜਾਬ ਦਾ ਦਰਦ ਸਮਝਣਾ ਪੈਂਦਾ ਹੈ |
ਪੰਜਾਬ ਦੀ ਕਹਾਣੀ 1947 ਤੋਂ ਬਹੁਤ ਪਹਿਲਾਂ ਸ਼ੁਰੂ ਹੁੰਦੀ ਹੈ | ਇਹ ਉਹ ਧਰਤੀ ਹੈ ਜਿਸ ਨੇ ਸਿੰਧੂ ਘਾਟੀ ਸੱਭਿਆਚਾਰ ਵਰਗੀ ਪ੍ਰਾਚੀਨ ਸੱਭਿਆਚਾਰਕ ਵਿਰਾਸਤ ਨੂੰ ਜਨਮ ਲੈਂਦਿਆਂ ਵੇਖਿਆ | ਪੰਜ ਦਰਿਆਵਾਂ ਦੀ ਇਹ ਧਰਤੀ ਸਦੀਆਂ ਤੋਂ ਲੋਕਾਂ, ਵਿਚਾਰਾਂ, ਵਪਾਰੀਆਂ, ਯਾਤਰੀਆਂ ਅਤੇ ਸੱਭਿਆਚਾਰਾਂ ਦੇ ਆਉਣ-ਜਾਣ ਦਾ ਰਸਤਾ ਰਹੀ ਹੈ | ਪੰਜਾਬ ਸ਼ਬਦ ਫ਼ਾਰਸੀ ਦੇ 'ਪੰਜ' ਅਤੇ 'ਆਬ ਤੋਂ ਬਣਿਆ, ਭਾਵ ਪੰਜ ਪਾਣੀਆਂ ਦੀ ਧਰਤੀ | ਨਾਂਅ ਭਾਵੇਂ ਫ਼ਾਰਸੀ ਹੈ, ਪਰ ਇਸ ਧਰਤੀ ਦੀ ਸੱਭਿਆਚਾਰਕ ਯਾਤਰਾ ਇਸ ਨਾਂਅ ਤੋਂ ਕਿਤੇ ਪੁਰਾਣੀ ਹੈ
ਪੰਜਾਬੀ ਭਾਸ਼ਾ ਨੂੰ ਵੀ ਇਸੇ ਲੰਮੀ ਯਾਤਰਾ ਦੇ ਸੰਦਰਭ ਵਿਚ ਦੇਖਣ ਦੀ ਲੋੜ ਹੈ | ਆਧੁਨਿਕ ਪੰਜਾਬੀ ਨੂੰ ਸਿੱਧੇ ਤÏਰ 'ਤੇ ਹਜ਼ਾਰਾਂ ਸਾਲ ਪੁਰਾਣੀ ਭਾਸ਼ਾ ਕਹਿਣਾ ਭਾਵੇਂ ਇਤਿਹਾਸਕ ਤÏਰ 'ਤੇ ਠੀਕ ਨਹੀਂ ਹੋਵੇਗਾ, ਪਰ ਇਸ ਦੀਆਂ ਜੜ੍ਹਾਂ ਉੱਤਰ-ਪੱਛਮੀ ਭਾਰਤੀ ਉਪਮਹਾਂਦੀਪ ਦੀਆਂ ਬਹੁਤ ਪੁਰਾਣੀਆਂ ਭਾਸ਼ਾਈ ਤੇ ਸੱਭਿਆਚਾਰਕ ਪਰੰਪਰਾਵਾਂ ਵਿਚ ਡੂੰਘੀਆਂ ਹਨ | ਸਦੀਆਂ ਦੇ ਭਾਸ਼ਾਈ ਵਿਕਾਸ, ਲੋਕ-ਬੋਲੀਆਂ, ਸੰਤ ਪਰੰਪਰਾ ਤੇ ਸੂਫ਼ੀ ਰਵਾਇਤਾਂ ਨੇ ਮਿਲ ਕੇ ਪੰਜਾਬੀ ਨੂੰ ਉਹ ਰੂਪ ਦਿੱਤਾ, ਜਿਸ ਨੂੰ ਅੱਜ ਅਸੀਂ ਪੰਜਾਬ ਦੀ ਮਾਂ-ਬੋਲੀ ਵਜੋਂ ਜਾਣਦੇ ਹਾਂ | ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ ਅਤੇ ਪੰਜਾਬੀ ਸਾਹਿਤ ਦੀਆਂ ਅਨੇਕਾਂ ਧਾਰਾਵਾਂ ਤੱਕ, ਪੰਜਾਬੀ ਦੀ ਸਭ ਤੋਂ ਵੱਡੀ ਖੂਬੀ ਇਹ ਰਹੀ ਕਿ ਇਸ ਨੇ ਮਨੁੱਖ ਨੂੰ ਧਰਮ ਦੀਆਂ ਹੱਦਾਂ ਤੋਂ ਉੱਪਰ ਰੱਖਿਆ ਅਤੇ ਇਹੀ ਪੰਜਾਬੀਅਤ ਹੈ |
ਪੰਜਾਬੀਅਤ ਕਿਸੇ ਇਕ ਧਰਮ ਦੀ ਜਾਇਦਾਦ ਨਹੀਂ | ਇਹ ਕਿਸੇ ਇਕ ਜਾਤ, ਪਾਰਟੀ ਜਾਂ ਵਿਚਾਰਧਾਰਾ ਦੀ ਮਲਕੀਅਤ ਨਹੀਂ | ਪੰਜਾਬੀਅਤ ਇਕ ਜੀਵਨ-ਢੰਗ ਹੈ, ਮਿਹਨਤ ਕਰਨ ਦਾ, ਵੰਡ ਕੇ ਖਾਣ ਦਾ, ਦੁੱਖ ਵਿਚ ਨਾਲ ਖੜ੍ਹਨ ਦਾ, ਮਹਿਮਾਨ ਨੂੰ ਆਪਣਾ ਬਣਾਉਣ ਦਾ ਤੇ ਦਿਲ ਖੋਲ੍ਹ ਕੇ ਜਿਊਣ ਦਾ | 'ਵੰਡ ਛਕੋ' ਸਿਰਫ਼ ਇਕ ਧਾਰਮਿਕ ਸੰਦੇਸ਼ ਨਹੀਂ; ਇਹ ਪੰਜਾਬੀ ਜੀਵਨ-ਦਿ੍ਸ਼ਟੀ ਦਾ ਵੀ ਹਿੱਸਾ ਹੈ |
ਇਸ ਧਰਤੀ ਨੇ ਭਾਰਤ ਦੀ ਆਜ਼ਾਦੀ ਲਈ ਵੀ ਆਪਣਾ ਸਭ ਕੁਝ ਵਾਰ ਦਿੱਤਾ | ਲਾਲਾ ਲਾਜਪਤ ਰਾਏ ਤੋਂ ਸ਼ਹੀਦ ਭਗਤ ਸਿੰਘ ਤੱਕ, ਗ਼ਦਰੀ ਬਾਬਿਆਂ ਤੋਂ ਆਜ਼ਾਦ ਹਿੰਦ ਫ਼Ïਜ ਦੇ ਸਿਪਾਹੀਆਂ ਤੱਕ, ਪੰਜਾਬ ਦੀ ਮਿੱਟੀ ਨੇ ਵਾਰ-ਵਾਰ ਦੇਸ਼ ਲਈ ਆਪਣੇ ਪੁੱਤਰ ਦਿੱਤੇ | ਜਲਿ੍ਹਆਂਵਾਲਾ ਬਾਗ਼ ਦਾ ਜ਼ਖ਼ਮ ਵੀ ਪੰਜਾਬ ਦੇ ਦਿਲ ਉੱਤੇ ਹੀ ਲੱਗਿਆ ਸੀ | 1919 ਵਿਚ ਅੰਮਿ੍ਤਸਰ ਵਿਚ ਹੋਇਆ ਕਤਲੇਆਮ ਸਿਰਫ਼ ਪੰਜਾਬ ਉੱਤੇ ਗੋਲੀ ਨਹੀਂ ਸੀ; ਇਹ ਭਾਰਤੀ ਸਵੈਮਾਣ ਨੂੰ ਕੁਚਲਣ ਦੀ ਕੋਸ਼ਿਸ਼ ਸੀ | ਪਰ ਇਸ ਧਰਤੀ ਦੀ ਫ਼ਿਤਰਤ ਹੀ ਕੁਝ ਹੋਰ ਹੈ, ਇਹ ਜ਼ਖ਼ਮ ਖਾ ਕੇ ਵੀ ਖੜ੍ਹੀ ਹੋ ਜਾਂਦੀ ਹੈ |
ਜਦੋਂ 1947 ਆਇਆ, ਇਕ ਲਕੀਰ ਖਿੱਚੀ ਗਈ | ਨਕਸ਼ਾ ਬਦਲ ਗਿਆ | ਘਰ ਬਦਲ ਗਏ | ਪਿੰਡ ਬਦਲ ਗਏ | ਲੋਕ ਉੱਜੜ ਗਏ | ਪਰ ਯਾਦਾਂ ਨਹੀਂ ਬਦਲੀਆਂ |
'1947 ਦੇ ਜ਼ਖ਼ਮ' ਲਿਖਦਿਆਂ ਮੈਂ ਮਹਿਸੂਸ ਕੀਤਾ ਕਿ ਜਿਨ੍ਹਾਂ ਲੋਕਾਂ ਤੋਂ ਉਨ੍ਹਾਂ ਦੀ ਜ਼ਮੀਨ ਖੋਹ ਲਈ ਗਈ, ਉਨ੍ਹਾਂ ਤੋਂ ਉਨ੍ਹਾਂ ਦੀ ਮਿੱਟੀ ਨਹੀਂ ਖੋਹੀ ਜਾ ਸਕੀ | ਉਹ ਆਪਣੇ ਪਿੰਡ ਆਪਣੇ ਨਾਲ ਲੈ ਆਏ | ਉਹ ਪਿੰਡ ਉਨ੍ਹਾਂ ਦੀ ਬੋਲੀ ਵਿਚ ਸਨ, ਉਨ੍ਹਾਂ ਦੀਆਂ ਯਾਦਾਂ ਵਿਚ ਸਨ ਅਤੇ ਉਨ੍ਹਾਂ ਦੀਆਂ ਕਹਾਣੀਆਂ ਵਿਚ ਅੱਜ ਤੱਕ ਜਿਊਾਦੇ ਹਨ |
ਪਰ ਅੱਜ ਸਵਾਲ ਇਹ ਹੈ ਕਿ ਕੀ ਅਸੀਂ ਉਸ ਪੰਜਾਬੀਅਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਉਸੇ ਤਰ੍ਹਾਂ ਪਹੁੰਚਾ ਸਕਾਂਗੇ? ਪੰਜਾਬ ਅੱਜ ਕਈ ਸੰਕਟਾਂ ਵਿਚੋਂ ਲੰਘ ਰਿਹਾ ਹੈ ਜਿਵੇਂ ਕਿ ਨÏਜਵਾਨਾਂ ਦਾ ਵਿਦੇਸ਼ਾਂ ਵੱਲ ਜਾਣਾ, ਬੇਰੁਜ਼ਗਾਰੀ, ਨਸ਼ਿਆਂ ਦੀ ਸਮੱਸਿਆ, ਕਿਸਾਨੀ ਸੰਕਟ ਅਤੇ ਰਾਜਨੀਤਕ ਬੇਚੈਨੀ | ਪਰ ਇਨ੍ਹਾਂ ਤੋਂ ਇਲਾਵਾ ਇਕ ਹੋਰ ਚੁੱਪ ਭਰੀ ਚਿੰਤਾ ਵੀ ਹੈ, ਪੰਜਾਬ ਦੀ ਆਪਣੀ ਸੱਭਿਆਚਾਰਕ ਪਹਿਚਾਣ ਨੂੰ ਲੈ ਕੇ |
ਭਾਰਤ ਵਿਚ ਅੱਜ ਪਹਿਚਾਣ ਦੀ ਰਾਜਨੀਤੀ ਤੇਜ਼ ਹੋ ਰਹੀ ਹੈ | ਇਹ ਚਿੰਤਾ ਕਿਸੇ ਧਰਮ ਦੇ ਵਿਰੁੱਧ ਨਹੀਂ ਹੋ ਸਕਦੀ | ਹਿੰਦੂ ਧਰਮ ਭਾਰਤ ਦੀ ਪ੍ਰਾਚੀਨ ਸੱਭਿਆਚਾਰਕ ਵਿਰਾਸਤ ਦਾ ਅਟੁੱਟ ਹਿੱਸਾ ਹੈ ਪਰ ਚਿੰਤਾ ਉਸ ਸੋਚ ਤੋਂ ਹੈ ਜੋ ਭਾਰਤ ਦੀਆਂ ਸਾਰੀਆਂ ਪਹਿਚਾਣਾਂ ਨੂੰ ਇਕੋ ਸਾਂਚੇ ਵਿਚ ਢਾਲ ਦੇਣਾ ਚਾਹੁੰਦੀ ਹੈ |
ਜੇ ਧਰਮ ਨੂੰ ਰਾਜਨੀਤਕ ਪਹਿਚਾਣ ਦਾ ਇਕੋ ਪੈਮਾਨਾ ਬਣਾ ਦਿੱਤਾ ਗਿਆ ਤਾਂ ਪੰਜਾਬ ਦੀ ਉਹ ਸਾਂਝੀ ਰੂਹ ਕਿੱਥੇ ਜਾਵੇਗੀ ਜਿਸ ਵਿਚ ਗੁਰਬਾਣੀ ਵੀ ਹੈ ਤੇ ਸੂਫ਼ੀ ਕਲਾਮ ਵੀ, ਵਾਰਿਸ ਸ਼ਾਹ ਵੀ ਹੈ ਤੇ ਲੋਕ-ਗੀਤ ਵੀ, ਖੇਤ ਵੀ ਹਨ ਤੇ ਮੇਲੇ ਵੀ, ਲੰਗਰ ਵੀ ਹੈ ਤੇ ਸਾਂਝੀ ਰੋਟੀ ਵੀ? ਮੈਂ ਮੰਨਦਾ ਹਾਂ ਕਿ ਪੰਜਾਬ ਨੂੰ ਕਿਸੇ ਇਕ ਧਾਰਮਿਕ ਖਾਨੇ ਵਿਚ ਬੰਦ ਨਹੀਂ ਕੀਤਾ ਜਾ ਸਕਦਾ | ਇਹ ਗੱਲ ਕਿਸੇ ਧਰਮ ਦੇ ਵਿਰੁੱਧ ਨਹੀਂ; ਇਹ ਪੰਜਾਬੀਅਤ ਦੇ ਹੱਕ ਵਿਚ ਹੈ | ਖ਼ਤਰਾ ਧਰਮ ਤੋਂ ਨਹੀਂ, ਧਰਮ ਨੂੰ ਇਕੋ ਰਾਜਨੀਤਕ ਪਹਿਚਾਣ ਬਣਾ ਦੇਣ ਤੋਂ ਹੈ, ਕਿਉਂਕਿ ਜੇ ਭਾਰਤ ਨੂੰ ਇਕੋ ਰੰਗ ਵਿਚ ਰੰਗਣ ਦੀ ਕੋਸ਼ਿਸ਼ ਹੋਈ ਤਾਂ ਸਭ ਤੋਂ ਪਹਿਲਾਂ ਉਹ ਰੰਗ ਮੱਧਮ ਪੈਣਗੇ, ਜੋ ਆਪਣੀ ਵੱਖਰੀ ਪਹਿਚਾਣ ਕਰਕੇ ਹੀ ਭਾਰਤ ਦੀ ਤਸਵੀਰ ਨੂੰ ਸੁੰਦਰ ਬਣਾਉਂਦੇ ਹਨ | ਪੰਜਾਬ ਵੀ ਇਸ ਖ਼ਤਰੇ ਤੋਂ ਬਾਹਰ ਨਹੀਂ |
ਪੰਜਾਬੀਅਤ ਦੀ ਖੂਬਸੂਰਤੀ ਇਹ ਹੈ ਕਿ ਇਸ ਨੂੰ ਆਪਣੇ ਹੋਣ ਲਈ ਕਿਸੇ ਹੋਰ ਨੂੰ ਗ਼ੈਰ ਬਣਾਉਣ ਦੀ ਲੋੜ ਨਹੀਂ | ਪੰਜਾਬੀਅਤ ਨੇ ਸਦੀਆਂ ਤੋਂ ਆਪਣੇ ਅੰਦਰ ਵੱਖ-ਵੱਖ ਧਾਰਾਵਾਂ ਨੂੰ ਥਾਂ ਦਿੱਤੀ ਹੈ | ਇਹ ਕਿਸੇ ਦੇ ਵਿਰੁੱਧ ਖੜ੍ਹੀ ਪਹਿਚਾਣ ਨਹੀਂ, ਇਹ ਆਪਣੇ ਵਿਚ ਸਮਾਉਣ ਵਾਲੀ ਪਹਿਚਾਣ ਹੈ ਇਸ ਲਈ ਪੰਜਾਬ ਨੂੰ ਬਦਲਣ ਦੀ ਨਹੀਂ, ਪੰਜਾਬ ਨੂੰ ਸਮਝਣ ਦੀ ਲੋੜ ਹੈ | ਪੰਜਾਬ ਨੂੰ ਇਹ ਦੱਸਣ ਦੀ ਨਹੀਂ ਕਿ ਉਸ ਦੀ ਪਹਿਚਾਣ ਕੀ ਹੋਵੇ: ਉਸ ਨੂੰ ਆਪਣੀ ਪਹਿਚਾਣ ਆਪਣੇ ਢੰਗ ਨਾਲ ਜਿਊਣ ਦੀ ਆਜ਼ਾਦੀ ਦੇਣ ਦੀ ਲੋੜ ਹੈ, ਕਿਉਂਕਿ ਜੇ ਪੰਜਾਬੀਅਤ ਨੂੰ ਕਿਸੇ ਵੱਡੀ ਰਾਜਨੀਤਕ ਜਾਂ ਧਾਰਮਿਕ ਪਹਿਚਾਣ ਹੇਠਾਂ ਹÏਲੀ-ਹÏਲੀ ਦਬਾ ਦਿੱਤਾ ਗਿਆ, ਤਾਂ ਹੋ ਸਕਦਾ ਹੈ ਕਿ ਨਕਸ਼ੇ ਉੱਤੇ ਪੰਜਾਬ ਉਹੀ ਰਹੇ ਪਰ ਉਸ ਦੀ ਰੂਹ ਬਦਲ ਜਾਵੇਗੀ ਅਤੇ ਇਹੀ ਗੱਲ ਸਭ ਤੋਂ ਵੱਧ ਚਿੰਤਾ ਵਾਲੀ ਹੈ |
ਭਾਰਤ ਦੀ ਤਾਕਤ ਇਕੋ ਜਿਹਾ ਹੋਣ ਵਿਚ ਨਹੀਂ, ਇਕੱਠੇ ਵੱਖਰੇ ਹੋਣ ਵਿਚ ਹੈ | ਇੱਥੇ ਤਾਮਿਲ ਆਪਣੀ ਤਾਮਿਲੀਅਤ ਨਾਲ ਭਾਰਤੀ ਹੈ, ਬੰਗਾਲੀ ਆਪਣੀ ਬੰਗਾਲੀਅਤ ਨਾਲ ਭਾਰਤੀ ਹੈ ਅਤੇ ਪੰਜਾਬੀ ਆਪਣੀ ਪੰਜਾਬੀਅਤ ਨਾਲ ਭਾਰਤੀ ਹੈ | ਭਾਰਤੀਅਤ ਇਨ੍ਹਾਂ ਪਹਿਚਾਣਾਂ ਨੂੰ ਮਿਟਾ ਕੇ ਨਹੀਂ, ਇਨ੍ਹਾਂ ਨੂੰ ਨਾਲ ਲੈ ਕੇ ਬਣਦੀ ਹੈ | ਇਸ ਲਈ ਪੰਜਾਬੀ ਨੂੰ ਬਚਾਉਣਾ ਸਿਰਫ਼ ਇਕ ਭਾਸ਼ਾ ਨੂੰ ਬਚਾਉਣਾ ਨਹੀਂ | ਪੰਜਾਬੀ ਸਾਹਿਤ, ਲੋਕ-ਗੀਤ, ਟੱਪੇ, ਬੋਲੀਆਂ, ਗਿੱਧਾ, ਭੰਗੜਾ, ਸੂਫ਼ੀ ਰਵਾਇਤ, ਗੁਰਬਾਣੀ, ਪੰਜਾਬ ਦਾ ਲੋਕ-ਸੰਗੀਤ ਅਤੇ ਇਸ ਦਾ ਸਾਂਝਾ ਲੰਗਰ, ਇਹ ਸਭ ਭਾਰਤ ਦੀ ਸਾਂਝੀ ਵਿਰਾਸਤ ਹੈ |
ਇਹ ਗੱਲ ਮੈਂ ਉਸ ਅਨੁਭਵ ਨਾਲ ਕਹਿ ਰਿਹਾ ਹਾਂ ਜੋ ਮੈਨੂੰ '1947 ਦੇ ਜ਼ਖ਼ਮ' ਪੁਸਤਕ ਲਿਖਦਿਆਂ ਮਿਲਿਆ | ਜਿਨ੍ਹਾਂ ਲੋਕਾਂ ਨੇ ਵੰਡ ਦਾ ਦਰਦ ਆਪਣੇ ਸੀਨੇ ਵਿਚ ਰੱਖਿਆ, ਉਨ੍ਹਾਂ ਤੋਂ ਮੈਂ ਇਕ ਗੱਲ ਸਿੱਖੀ ਹੈ ਕਿ ਤੁਸੀਂ ਮਿੱਟੀ ਵੰਡ ਸਕਦੇ ਹੋ, ਯਾਦ ਨਹੀਂ; ਸਰਹੱਦ ਖਿੱਚ ਸਕਦੇ ਹੋ, ਰੂਹ ਨਹੀਂ | ਪੰਜਾਬ ਨਾਲ ਪਿਆਰ ਕਰਨ ਲਈ ਪੰਜਾਬ ਵਿਚ ਜਨਮ ਲੈਣਾ ਜ਼ਰੂਰੀ ਨਹੀਂ | ਪੰਜਾਬੀਅਤ ਨੂੰ ਸਮਝਣ ਲਈ ਪੰਜਾਬੀ ਹੋਣਾ ਵੀ ਜ਼ਰੂਰੀ ਨਹੀਂ | ਪੰਜਾਬੀਅਤ ਦਾ ਦਰਵਾਜ਼ਾ ਹਰ ਉਸ ਇਨਸਾਨ ਲਈ ਖੁੱਲ੍ਹਾ ਹੈ, ਜੋ ਦੂਜੇ ਨੂੰ ਆਪਣਾ ਮੰਨਣ ਦੀ ਸਮਰੱਥਾ ਰੱਖਦਾ ਹੈ, ਇਸ ਲਈ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਰੱਖਿਆ ਕਿਸੇ ਇਕ ਸੂਬੇ ਦੀ ਰੱਖਿਆ ਨਹੀਂ, ਇਹ ਭਾਰਤ ਦੇ ਇਕ ਰੰਗ ਦੀ ਰੱਖਿਆ ਹੈ ਅਤੇ ਭਾਰਤ ਦੇ ਸਾਰੇ ਰੰਗ ਬਚਣਗੇ ਤਾਂ ਹੀ ਭਾਰਤ ਦੀ ਪੂਰੀ ਤਸਵੀਰ ਬਚੇਗੀ, ਕਿਉਂਕਿ ਪੰਜਾਬ ਸਿਰਫ਼ ਪੰਜ ਦਰਿਆਵਾਂ ਦੀ ਧਰਤੀ ਨਹੀਂ, ਪੰਜਾਬ ਉਹ ਦਰਿਆ ਹੈ ਜੋ ਸਦੀਆਂ ਤੋਂ ਭਾਰਤ ਦੀ ਸੱਭਿਆਚਾਰਕ ਧਾਰਾ ਵਿਚ ਵਗਦਾ ਆ ਰਿਹਾ ਹੈ |
-ਮੋਬਾਈਲ : 093118-98947