ਜ਼ੁਬੀਨ ਕਹਿੰਦਾ ਹੁੰਦਾ ਸੀ ਕਿ ਅਸਾਮ ਚਾਹ, ਗੈਂਡੇ ਤੇ ਜ਼ੁਬੀਨ ਗਰਗ ਦੇ ਲਈ ਮਸ਼ਹੂਰ ਹੈ। ਇਹ ਵਿਸ਼ਵਾਸ ਨਹੀਂ ਹੋ ਰਿਹਾ ਕਿ 'ਸੰਗੀਤ ਦਾ ਕਵੀ' ਜ਼ੁਬੀਨ ਗਰਗ ਹੁਣ ਇਸ ਦੁਨੀਆ ਵਿਚ ਨਹੀਂ ਹੈ। ਸਾਡੇ ਸਭ ਦੇ ਪਿਆਰੇ ਜ਼ੁਬੀਨ ਦੀ 19 ਸਤੰਬਰ ਨੂੰ ਸਿੰਗਾਪੁਰ ਵਿਚ ਲਾਜ਼ਰਸ ਟਾਪੂ 'ਤੇ ਤੈਰਾਕੀ ਕਰਦੇ ਸਮੇਂ ਮੌਤ ਹੋ ਗਈ, ਉਹ ਉੱਤਰ-ਪੂਰਬੀ ਭਾਰਤ ਉਤਸਵ 2025 ਵਿਚ ਹਿੱਸਾ ਲੈਣ ਲਈ ਸਿੰਗਾਪੁਰ ਗਿਆ ਸੀ। ਜ਼ੁਬੀਨ (52) ਸਾਨੂੰ ਅਚਾਨਕ ਛੱਡ ਗਿਆ, ਉਸ ਦੀ ਮੌਤ ਨਾਲ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ। 'ਯਾ ਅਲੀ' ਗੀਤ ਦੇ ਗਾਇਕ ਦੀ ਵਿਰਾਸਤ ਤੇ ਯਾਦਾਂ ਲੱਖਾਂ ਅਸਾਮੀ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਤਾਜ਼ਾ ਰਹਿਣਗੀਆਂ। ਜ਼ੁਬੀਨ ਦੇ ਅੰਤਿਮ ਸੰਸਕਾਰ ਮੌਕੇ ਲੱਖਾਂ ਲੋਕਾਂ ਨੇ ਉਸ ਪ੍ਰਤੀ ਆਪਣਾ ਪਿਆਰ ਤੇ ਸਤਿਕਾਰ ਪ੍ਰਗਟ ਕੀਤਾ, ਉਸ ਦੇ ਗੀਤ ਗਾਏ ਤੇ ਉਸ ਦੇ ਪਰਉਪਕਾਰੀ ਕੰਮਾਂ ਨੂੰ ਯਾਦ ਕਰਦਿਆਂ ਉਸ ਨੂੰ ਸ਼ਰਧਾਂਜਲੀ ਦਿੱਤੀ। ਗੁਹਾਟੀ ਵਿਚ ਉਸ ਦਾ ਅੰਤਿਮ ਸੰਸਕਾਰ ਪੌਪਸਟਾਰ ਮਾਈਕਲ ਜੈਕਸਨ ਤੋਂ ਬਾਅਦ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਕਲਾਕਾਰ ਇਕੱਠ ਵਜੋਂ ਸੂਚੀਬੱਧ ਹੋ ਕੇ 'ਲਿਮਕਾ ਬੁੱਕ ਆਫ਼ ਰਿਕਾਰਡ' ਵਿਚ ਦਰਜ ਹੋਇਆ ਹੈ।
ਇਸ ਮਹਾਨ ਕਲਾਕਾਰ ਦਾ ਜਨਮ 18 ਨਵੰਬਰ 1972 ਨੂੰ ਤੁਰਾ ਵਿਚ ਇਕ ਅਸਾਮੀ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ। ਉਸ ਨੇ 1990 ਵਿਚ ਆਪਣੇ ਗੋਤਰ ਤੋਂ 'ਗਰਗ' ਉਪਨਾਮ ਅਪਣਾਇਆ ਅਤੇ ਪੱਛਮੀ ਸ਼ਾਸਤਰੀ ਸੰਗੀਤ ਦੇ ਮਸ਼ਹੂਰ ਭਾਰਤੀ ਸੰਗੀਤਕਾਰ ਜ਼ੁਬਿਨ ਮਹਿਤਾ ਦੇ ਨਾਮ 'ਤੇ ਜ਼ੁਬੀਨ ਨਾਂ ਰੱਖਿਆ ਸੀ। ਉਸ ਨੇ ਆਪਣੀ ਸੰਗੀਤਕ ਸਿੱਖਿਆ 3 ਸਾਲ ਦੀ ਉਮਰ ਵਿਚ ਸ਼ੁਰੂ ਕੀਤੀ। ਉਸ ਦੀ ਮਾਂ ਨੂੰ ਉਸ ਦੀ ਪਹਿਲੀ ਗੁਰੂ ਮੰਨਿਆ ਜਾਂਦਾ ਹੈ ਜਿਸ ਨੇ ਉਸ ਨੂੰ ਤਬਲੇ ਦਾ ਮੁੱਢਲਾ ਗਿਆਨ ਦਿੰਦਿਆਂ ਸੰਗੀਤ ਦੇ ਸੁਰਾਂ ਤੋਂ ਜਾਣੂ ਕਰਵਾਇਆ ਸੀ। ਉਸ ਦੀ ਮਾਂ ਇਕ ਡਾਂਸਰ, ਗਾਇਕਾ ਤੇ ਅਦਾਕਾਰਾ ਸੀ, ਜਦਕਿ ਉਸ ਦਾ ਪਿਤਾ ਮੋਹਿਨੀ ਮੋਹਨ ਬੋਰਠਾਕੁਰ ਇਕ ਮੈਜਿਸਟਰੇਟ ਸਨ ਅਤੇ ਇਕ ਕਵੀ ਵੀ ਸਨ। ਜ਼ੁਬੀਨ ਦੀ ਪਤਨੀ ਗਰਿਮਾ ਸੈਕੀਆ ਇਕ ਫੈਸ਼ਨ ਡਿਜ਼ਾਈਨਰ ਹੈ। ਉਨ੍ਹਾਂ ਦੇ ਰਿਸ਼ਤੇ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਦੂਰੀ ਤੇ ਪਰਿਵਾਰਕ ਰੁਕਾਵਟਾਂ ਦਾ ਸਾਹਮਣਾ ਕੀਤਾ ਹੈ। ਇਸ ਜੋੜੇ ਨੇ 15 ਅਨਾਥ ਬੱਚਿਆਂ ਨੂੰ ਗੋਦ ਲੈ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲ ਦਿੱਤੀਆਂ ਹਨ। ਉਸ ਦੀ ਭੈਣ ਜੋਂਗਕੀ ਬੋਰਠਾਕੁਰ (18) ਦੀ 20 ਜਨਵਰੀ 2002 ਨੂੰ ਇਕ ਦੁਖਦਾਈ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਉਹ ਇਕ ਗਾਇਕਾ ਤੇ ਅਦਾਕਾਰਾ ਸੀ। ਜ਼ੁਬੀਨ ਦੀ ਦੂਜੀ ਭੈਣ ਡਾ. ਪਾਲਮੀ ਬੋਰਠਾਕੁਰ ਇਕ ਭਰਤਨਾਟਿਅਮ ਡਾਂਸਰ ਹੈ ਤੇ ਗੁਹਾਟੀ ਦੀ ਇਕ ਨਿੱਜੀ ਯੂਨੀਵਰਸਿਟੀ ਵਿਚ ਭੂਗੋਲ ਦੀ ਪ੍ਰੋਫੈਸਰ ਹੈ। ਜ਼ੁਬੀਨ ਦਾ ਪਾਲਣ-ਪੋਸ਼ਣ ਇਕ ਸੰਗੀਤਕ ਤੇ ਸੱਭਿਆਚਾਰਕ ਮਾਹੌਲ ਵਿਚ ਹੋਇਆ, ਉਸ ਦਾ ਬਚਪਨ ਆਪਣੇ ਜੱਦੀ ਸ਼ਹਿਰ ਜੋਰਹਾਟ ਵਿਚ ਬੀਤਿਆ। ਜ਼ੁਬੀਨ ਸਿਰਫ਼ ਇਕ ਗਾਇਕ ਹੀ ਨਹੀਂ, ਸਗੋਂ ਇਕ ਸੰਪੂਰਨ ਲੇਖਕ, ਅਦਾਕਾਰ, ਸੰਗੀਤ ਨਿਰਦੇਸ਼ਕ, ਸੰਗੀਤਕਾਰ ਅਤੇ ਨਿਰਮਾਤਾ ਸੀ। ਉਸ ਦਾ ਸੰਗੀਤ ਅਸਾਮ ਦੇ ਲੋਕਾਂ ਦੇ ਦਿਲਾਂ ਨੂੰ ਛੂੰਹਦਾ ਸੀ। ਉਹ ਅਦੁੱਤੀ ਸ਼ਖਸੀਅਤ ਦਾ ਮਾਲਕ ਸੀ। ਜ਼ੁਬੀਨ ਦਾ ਪਹਿਲਾ ਐਲਬਮ 1992 ਵਿਚ 19 ਸਾਲ ਦੀ ਉਮਰ ਵਿਚ 'ਅਨਾਮਿਕਾ' ਨਾਮ ਹੇਠ ਰਿਲੀਜ਼ ਹੋਇਆ ਸੀ। ਉਸ ਨੇ 3 ਦਹਾਕਿਆਂ ਤੋਂ ਵੱਧ ਸਮੇਂ ਦੇ ਸੰਗੀਤਕ ਕੈਰੀਅਰ ਦੌਰਾਨ 40 ਭਾਸ਼ਾਵਾਂ- ਅਸਾਮੀ, ਬੰਗਾਲੀ, ਹਿੰਦੀ, ਬਿਸ਼ਨੂੰਪ੍ਰਿਆ ਮਨੀਪੁਰੀ, ਬੋਰੋ, ਦਿਮਾਸਾ, ਗੋਲਪਾਰੀਆ, ਸੰਸਕ੍ਰਿਤ, ਤਿਵਾ, ਸਿੰਧੀ, ਤੇਲਗੂ, ਤਾਮਿਲ, ਨੇਪਾਲੀ, ਉੜੀਆ, ਮਲਿਆਲਮ, ਮਰਾਠੀ, ਕੰਨੜ, ਅੰਗਰੇਜ਼ੀ, ਭੋਜਪੁਰੀ ਅਤੇ ਕਈ ਉਪਭਾਸ਼ਾਵਾਂ ਵਿਚ ਗਾਇਆ। ਜਿਸ ਨੇ ਉਨ੍ਹਾਂ ਨੂੰ ਸੰਗੀਤ ਉਦਯੋਗ ਦੀ ਇਕ ਪ੍ਰਮੁੱਖ ਹਸਤੀ ਬਣਾ ਦਿੱਤਾ। ਉਹ 2006 ਵਿਚ ਅਨੁਰਾਗ ਬਾਸੂ ਦੁਆਰਾ ਨਿਰਦੇਸ਼ਤ ਫਿਲਮ 'ਗੈਂਗਸਟਰ' ਵਿਚ 'ਯਾ ਅਲੀ' ਗਾਣੇ ਨਾਲ ਬਾਲੀਵੁੱਡ ਵਿਚ ਦਾਖਲ ਹੋਏ। ਇਸ ਗਾਣੇ ਲਈ ਉਸ ਨੂੰ ਸਰਵੋਤਮ ਪਲੇਬੈਕ ਗਾਇਕ ਗਲੋਬਲ ਇੰਡੀਅਨ ਫਿਲਮ ਅਵਾਰਡ (ਜੀ.ਆਈ.ਐਫ.ਏ.) ਮਿਲਿਆ। ਉਨ੍ਹਾਂ 1992 'ਚ ਜ਼ੋਪੁਨਰ ਜ਼ੁਰ, 1993 'ਚ ਜੁਨਾਕੀ ਮੋਨ, 1994 'ਚ ਮਾਇਆ, 1995 'ਚ ਆਸ਼ਾ ਤੇ ਕਈ ਹੋਰ ਐਲਬਮ ਰਿਲੀਜ਼ ਕੀਤੇ। ਉਨ੍ਹਾਂ 1995 ਵਿਚ ਆਪਣਾ ਪਹਿਲਾ ਬਿਹੂ ਐਲਬਮ 'ਉਜਾਨ ਪਿਰੀਤੀ' ਰਿਲੀਜ਼ ਕੀਤਾ, ਜੋ ਇਕ ਵੱਡੀ ਕਮਰਸ਼ੀਅਲ ਪ੍ਰਾਪਤੀ ਸੀ। ਜ਼ੁਬੀਨ ਬਾਲੀਵੁੱਡ ਦੇ ਨਾਲ-ਨਾਲ ਕੋਲਕਾਤਾ ਦੇ ਟਾਲੀਵੁੱਡ ਵਿਚ ਆਪਣੇ ਕੀਤੇ ਵਿਆਪਕ ਕੰਮ ਲਈ ਵੀ ਜਾਣੇ ਜਾਂਦੇ ਸਨ। ਆਸਾਮ ਦੀ ਆਵਾਜ਼ ਵਜੋਂ ਜਾਣੇ ਜਾਂਦੇ ਜ਼ੁਬੀਨ ਨੇ ਆਪਣੇ ਸੰਗੀਤਕ ਯਾਤਰਾ ਦੌਰਾਨ ਲਗਭਗ 39,000 ਗੀਤ ਰਿਕਾਰਡ ਕਰਵਾਏ। ਇਕ ਅਦਾਕਾਰ ਵਜੋਂ ਉਸ ਦੀ ਪਹਿਲੀ ਅਸਾਮੀ ਫਿਲਮ 'ਹਿਆ ਦੀਆ ਨਿਆ' 2000 'ਚ ਰਿਲੀਜ਼ ਹੋਈ ਸੀ। ਜ਼ੁਬੀਨ ਨੇ 2017 ਵਿਚ ਰਿਲੀਜ਼ ਹੋਈ 'ਮਿਸ਼ਨ ਚਾਈਨਾ' ਫਿਲਮ ਦਾ ਨਿਰਦੇਸ਼ਨ ਕਰਨ ਤੋਂ ਇਲਾਵਾ ਇਸ ਵਿਚ ਅਦਾਕਾਰੀ ਵੀ ਕੀਤੀ ਸੀ। ਅਸਾਮ ਦੇ ਇਸ ਸਭ ਤੋਂ ਪ੍ਰਭਾਵਸ਼ਾਲੀ ਸੰਗੀਤਕਾਰ ਕੋਲ ਮੈਂਡੋਲਿਨ, ਕੀਬੋਰਡ, ਗਿਟਾਰ, ਦੋਤਾਰਾ, ਤਬਲਾ, ਆਨੰਦਲਹਿਰੀ, ਡਰੰਮ, ਢੋਲ ਸਮੇਤ 12 ਸਾਜ਼ ਵਜਾਉਣ ਦੀ ਮੁਹਾਰਤ ਸੀ। ਉਸ ਦੇ ਗਾਣੇ ਆਪਣੀ ਭਾਵਨਾਤਮਕ ਪ੍ਰਮਾਣਿਕਤਾ, ਆਧੁਨਿਕ ਭਾਵਨਾਵਾਂ ਨੂੰ ਪੇਸ਼ ਕਰਨ ਦੀ ਯੋਗਤਾ ਅਤੇ ਵੱਖ-ਵੱਖ ਸ਼ੈਲੀਆਂ ਵਿਚ ਬਹੁਪੱਖੀ ਪ੍ਰਤਿਭਾ ਦੇ ਕਾਰਨ ਨੌਜਵਾਨ ਪੀੜ੍ਹੀ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ। ਉਸ ਦੀ ਆਵਾਜ਼ 'ਚ ਅਜਿਹੀ ਭਾਵਨਾਤਮਿਕ ਸਾਂਝ ਸੀ, ਜੋ ਸਰੋਤਿਆਂ ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦੀ ਹੈ। ਨੌਜਵਾਨ ਅਕਸਰ ਆਪਣੇ ਅਨੁਭਵਾਂ ਨੂੰ ਦਰਸਾਉਣ ਵਾਲੇ ਸੰਗੀਤ ਦੀ ਭਾਲ 'ਚ ਰਹਿੰਦੇ ਹਨ।
ਜ਼ੁਬੀਨ ਗਰਗ ਇਕ ਸਮਾਜਿਕ ਕਾਰਕੁੰਨ ਵੀ ਸੀ। ਉਹ ਹਮੇਸ਼ਾ ਸੰਕਟ ਸਮੇਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਈਚਾਰਿਆਂ ਨੂੰ ਲਾਮਬੰਦ ਕਰਕੇ ਉਨ੍ਹਾਂ ਨੂੰ ਸਭ ਦੇ ਭਲੇ ਨੂੰ ਉਤਸ਼ਾਹਿਤ ਕਰਦਾ ਸੀ। ਉਸ ਨੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਮੌਕੇ 'ਤੇ ਜਾਂਚ-ਪੜਤਾਲ ਕਰਵਾਉਣ, ਮੀਡੀਆ ਜ਼ਰੀਏ ਜਾਗਰੂਕਤਾ ਵਧਾਉਣ, ਵਿਰੋਧ ਪ੍ਰਦਰਸ਼ਨਾਂ ਤੇ ਮਾਰਚਾਂ ਦਾ ਆਯੋਜਨ ਕਰਨ ਜਿਹੀਆਂ ਸੇਵਾਵਾਂ ਪ੍ਰਦਾਨ ਕਰਦਿਆਂ ਸੰਕਟਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਿੱਧੀ ਮਦਦ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਉਹ ਪੈਸੇ ਤੇ ਜਾਇਦਾਦਾਂ ਪਿੱਛੇ ਭੱਜਣ ਵਾਲਾ ਵਿਅਕਤੀ ਨਹੀਂ ਸੀ। ਉਹ ਚਾ ਗਵੇਰਾ ਦੀ ਵਿਚਾਰਧਾਰਾ 'ਚ ਭਰੋਸਾ ਰੱਖਣ ਵਾਲਾ ਇਕ ਸੱਚਾ ਸਮਾਜਵਾਦੀ ਸੀ। ਉਹ ਇਕ ਇਮਾਨਦਾਰ, ਭਵਿੱਖਮੁਖੀ ਤੇ ਸਪੱਸ਼ਟਵਾਦੀ ਇਨਸਾਨ ਸੀ। ਉਹ ਜਾਤ, ਕੌਮ ਤੇ ਧਰਮ ਦੇ ਬੰਧਨਾਂ ਵਿਚ ਵੀ ਵਿਸ਼ਵਾਸ ਨਹੀਂ ਰੱਖਦਾ ਸੀ। ਉਹ ਇਕ ਜੀਵ-ਪ੍ਰੇਮੀ ਸੀ, ਜਿਸ ਨੂੰ ਕੁਦਰਤ ਤੇ ਜੀਵਾਂ ਨਾਲ ਬਹੁਤ ਪਿਆਰ ਸੀ। ਉਹ ਕੁਦਰਤ ਪ੍ਰੇਮੀ ਹੋਣ ਨਾਤੇ ਕੁਦਰਤੀ ਵਾਤਾਵਰਨ ਤੇ ਜੰਗਲ ਨਿਵਾਸੀਆਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। ਜ਼ੁਬੀਨ ਦੀ ਮੌਤ ਦੇ ਮਾਮਲੇ ਵਿਚ ਇਨਸਾਫ਼ ਨੂੰ ਯਕੀਨੀ ਬਣਾਉਣ ਲਈ ਉਸ ਦੀ ਰਹੱਸਮਈ ਹਾਲਾਤਾਂ 'ਚ ਹੋਈ ਮੌਤ ਦੀ ਸੱਚਾਈ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨੂੰ ਡੂੰਘੀ ਜਾਂਚ ਕਰਨੀ ਪਵੇਗੀ। ਅਸਾਮ ਦੇ ਮਾਣ ਇਸ ਪ੍ਰਸਿੱਧ ਗਾਇਕ ਦਾ ਅੰਤਿਮ ਸੰਸਕਾਰ 23 ਸਤੰਬਰ ਨੂੰ ਸੋਨਾਪੁਰ ਦੇ ਕਮਾਰਕੁਚੀ ਵਿਖੇ ਪੂਰੇ ਸਰਕਾਰੀ ਸਨਮਾਨਾਂ ਤੇ 21 ਤੋਪਾਂ ਦੀ ਸਲਾਮੀ ਨਾਲ ਕੀਤਾ ਗਿਆ ਹੈ। ਜ਼ੁਬੀਨ ਅਸਾਮ ਦੇ ਲੋਕਾਂ ਲਈ ਸਦਾ ਅਮਰ ਰਹਿਣਗੇ ਕਿਉਂਕਿ ਵੱਡੀ ਆਤਮਾ ਕਦੇ ਮਰਦੀ ਨਹੀਂ। (ਆਈ.ਪੀ.ਏ. ਸਰਵਿਸ)
ਉੱਤਰ-ਪੂਰਬੀ ਭਾਰਤ ਦੀ ਆਤਮਾ ਸੀ ਜ਼ੁਬੀਨ ਗਰਗ
ਅਜੀਤ ਡੈਸਕ
19-10-2025