ਸੋਨਾ ਪੁਰਾਣੇ ਸਮਿਆਂ ਤੋਂ ਹੀ ਲੋਕਾਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਔਰਤ ਦੀ ਖ਼ੂਬਸੂਰਤੀ ਨੂੰ ਸੋਨਾ ਚਾਰ ਚੰਦ ਲਾ ਦਿੰਦਾ ਹੈ। ਔਰਤ ਨੂੰ ਗਹਿਣਿਆਂ ਦਾ ਬਹੁਤ ਸ਼ੌਕ ਹੁੰਦਾ ਹੈ। ਸੋਨੇ ਦੇ ਗਹਿਣੇ ਬੱਚਿਆਂ, ਆਦਮੀਆਂ ਤੇ ਔਰਤਾਂ ਲਈ ਤਿਆਰ ਹੁੰਦੇ ਹਨ। ਪਰ ਜ਼ਿਆਦਾਤਰ ਗਿਣਤੀ ਔਰਤ ਦੇ ਗਹਿਣਿਆਂ ਦੀ ਹੈ। ਵੱਖ-ਵੱਖ ਸੱਭਿਆਚਾਰਾਂ ਵਿਚ ਇਹ ਸਮਾਜ ਦਾ ਕੀਮਤੀ ਹਿੱਸਾ ਬਣਿਆ। ਕਦੇ ਮਾਂ ਪੁੱਤ ਨੂੰ ਸੋਨੇ ਦੀ ਡਲੀ ਦੱਸਦੀ ਹੈ ਜਾਂ ਉਸ ਨੂੰ ਸੋਨੇ ਵਿਚ ਮੜ੍ਹਾਉਣ ਦੀਆਂ ਗੱਲਾਂ ਕਰਦੀ ਹੈ। ਇਹ ਆਪਣੇ ਮਹੱਤਵ ਤੇ ਕੀਮਤ ਕਰਕੇ ਹਰੇਕ ਨੂੰ ਆਪਣੇ ਵੱਲ ਖਿੱਚਦਾ ਹੈ।
ਸੋਨੇ ਦੀ ਖੋਜ ਮਿਸਰ ਦੇ ਲੋਕਾਂ ਦੁਆਰਾ ਤਿੰਨ ਹਜ਼ਾਰ ਸਾਲ ਪਹਿਲਾਂ ਕੱਢੀ ਮੰਨੀ ਜਾਂਦੀ ਹੈ। ਭਾਰਤ ਵਿਚ ਇਹ ਕੁਸ਼ਾਨ ਸ਼ਾਸਨ ਦੌਰਾਨ ਹੋਂਦ ਵਿਚ ਆਇਆ ਮੰਨਿਆ ਜਾਂਦਾ ਹੈ। ਇਸ ਦਾ ਮੁੱਲ ਹੋਂਦ ਵਿਚ ਆਉਣ ਦੇ ਸਮੇਂ ਤੋਂ ਹੀ ਤੁਰਿਆ ਆਉਂਦਾ ਹੈ। ਗ਼ਰੀਬ ਦੀ ਪਹੁੰਚ ਤੋਂ ਇਹ ਬਾਹਰ ਹੀ ਰਿਹਾ ਹੈ ਤੇ ਮੱਧਵਰਗੀ ਪਰਿਵਾਰ ਇਸ ਨੂੰ ਹਾਸਿਲ ਕਰਨ ਲਈ ਕਾਫੀ ਹਾਲਾਤਾਂ ਨਾਲ ਦੋ-ਚਾਰ ਹੁੰਦੇ ਦੇਖੇ ਜਾ ਸਕਦੇ ਹਨ। ਜੇਕਰ ਇਸ ਦੀ ਵੱਡੀ ਪੱਧਰ 'ਤੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸੋਨੇ ਦੇ ਵੱਖ-ਵੱਖ ਰੰਗ ਪਾਏ ਜਾਂਦੇ ਹਨ।
ਪੀਲਾ ਸੋਨਾ ਇਹ ਤਾਂਬਾ, ਜ਼ਿੰਕ ਅਤੇ ਚਾਂਦੀ ਵਰਗੀਆਂ ਹੋਰ ਧਾਤਾਂ ਨਾਲ ਸ਼ੁੱਧ ਸੋਨੇ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਇਸ ਤੋਂ ਬਾਅਦ ਚਿੱਟਾ ਸੋਨਾ ਪੀਲੇ ਸੋਨੇ ਨੂੰ ਨਿੱਕਲ ਜਾਂ ਚਾਂਦੀ ਵਰਗੀਆਂ ਧਾਤਾਂ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ। ਇਕ ਰੋਜ਼ ਗੋਲਡ ਸੋਨੇ ਦੀ ਕਿਸਮ ਹੈ ਜਿਸ ਨੂੰ ਤਾਂਬੇ ਅਤੇ ਚਾਂਦੀ ਦੇ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ।
ਇਕ ਨੀਲਾ ਸੋਨਾ ਇਰੀਡੀਅਮ, ਗੈਲੀਅਮ ਜਾਂ ਲੋਹੇ ਵਰਗੀਆਂ ਧਾਤਾਂ ਨਾਲ ਸ਼ੁੱਧ ਸੋਨੇ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਜਾਮਣੀ ਸੋਨੇ ਨੂੰ ਐਲੂਮੀਨੀਅਮ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ।
ਜੇਕਰ ਇਸ ਦੀ ਸ਼ੁੱਧਤਾ ਦੀ ਗੱਲ ਕਰੀਏ ਤਾਂ ਇਸ ਦੀ ਸ਼ੁੱਧਤਾ ਨੂੰ ਕੈਰਟ ਵਿਚ ਮਾਪਿਆ ਜਾਂਦਾ ਹੈ। ਸਭ ਤੋਂ ਪਹਿਲਾਂ 24 ਕੇ ਸੋਨਾ ਆਉਂਦਾ ਹੈ। ਇਸ ਨੂੰ ਸਭ ਤੋਂ ਸ਼ੁੱਧ ਸੋਨਾ ਮੰਨਿਆ ਜਾਂਦਾ ਹੈ, ਜੋ ਕਿ 100 ਫ਼ੀਸਦੀ ਸ਼ੁੱਧ ਹੁੰਦਾ ਹੈ। 18 ਕੇ ਸੋਨੇ ਦੀ ਸ਼ੁੱਧਤਾ 75 ਫ਼ੀਸਦੀ ਹੁੰਦੀ ਹੈ ਅਤੇ 14 ਕੇ ਸੋਨਾ 58.3 ਫੀਸਦੀ ਸ਼ੁੱਧ ਹੁੰਦਾ ਹੈ। 10 ਕੇ ਸੋਨਾ 41.7 ਫ਼ੀਸਦੀ ਸ਼ੁੱਧ ਹੁੰਦਾ ਹੈ।
ਨੰਬਰ ਜਿੰਨਾ ਜ਼ਿਆਦਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ। ਗਹਿਣਿਆਂ 'ਤੇ ਲੱਗੇ 999 ਜਾਂ 916 ਸੋਨੇ ਦੇ ਕੋਡ ਦੇ ਵੀ ਆਪਣੇ-ਆਪਣੇ ਮਤਲਬ ਹੁੰਦੇ ਹਨ।
916 ਸੋਨਾ 91.6 ਫ਼ੀਸਦੀ ਦੀ ਸ਼ੁੱਧਤਾ ਵਾਲੇ ਸੋਨੇ ਨੂੰ ਦਰਸਾਉਂਦਾ ਹੈ ਭਾਵ ਇਸ ਵਿਚ 91.6 ਫੀਸਦੀ ਸ਼ੁੱਧ ਸੋਨਾ ਅਤੇ 8.4 ਫ਼ੀਸਦੀ ਹੋਰ ਧਾਤਾਂ ਹੁੰਦੀਆਂ ਹਨ। ਇਸ ਦੇ ਉਲਟ 999 ਸੋਨੇ ਨੂੰ ਸ਼ੁੱਧ ਸੋਨਾ ਮੰਅਿਾ ਜਾਂਦਾ ਹੈ, ਜਿਸ ਦੀ ਸ਼ੁੱਧਤਾ 99.9 ਫ਼ੀਸਦੀ ਹੈ। ਜੇਕਰ ਇਸ ਦੇ ਭੰਡਾਰ ਦੀ ਗੱਲ ਕਰੀਏ ਤਾਂ ਸੰਯੁਕਤ ਰਾਜ ਅਮਰੀਕਾ ਕੋਲ 2024 ਤੱਕ ਲਗਭਗ 8,133.46 ਮੀਟ੍ਰਿਕ ਟਨ ਦੇ ਨਾਲ ਦੁਨੀਆ ਵਿਚ ਸਭ ਤੋਂ ਵੱਧ ਸੋਨੇ ਦਾ ਭੰਡਾਰ ਹੈ।
ਇਹ ਦੇਸ਼ ਦੇ ਵਿਦੇਸ਼ੀ ਭੰਡਾਰ ਦਾ 75 ਫ਼ੀਸਦੀ ਹੈ। ਹੋਰ ਚੋਟੀ ਦੇ ਸੋਨਾ ਰੱਖਣ ਵਾਲੇ ਦੇਸ਼ਾਂ ਵਿਚ ਜਰਮਨੀ ਕੋਲ 3,351.53 ਮੀਟ੍ਰਿਕ ਟਨ ਸੋਨਾ ਹੈ, ਜੋ ਕਿ ਇਸ ਦੇ ਵਿਦੇਸ਼ੀ ਭੰਡਾਰ ਦਾ ਦੋ ਤਿਹਾਈ ਹੈ। ਇਟਲੀ ਕੋਲ 2,451.84 ਮੀਟ੍ਰਿਕ ਟਨ ਸੋਨਾ ਹੈ। ਫਰਾਂਸ ਕੋਲ 2,436.97 ਮੀਟ੍ਰਿਕ ਟਨ ਸੋਨਾ ਹੈ। ਰੂਸ ਕੋਲ 2,335.85 ਮੀਟ੍ਰਿਕ ਟਨ ਸੋਨਾ ਹੈ। ਚੀਨ ਕੋਲ 2,264.32 ਮੀਟ੍ਰਿਕ ਟਨ ਸੋਨਾ ਹੈ। ਸਾਰੇ ਦੇਸ਼ਾਂ ਵਲੋਂ ਸੋਨੇ ਦੇ ਭੰਡਾਰ ਰਿਜ਼ਰਵ ਰੱਖਣ ਦੇ ਵੀ ਕਈ ਕਾਰਨ ਹਨ। ਸੋਨਾ ਮੁੱਲ ਦਾ ਇਕ ਪੱਖੋਂ ਭਰੋਸੇਯੋਗ ਭੰਡਾਰ ਹੈ ਅਤੇ ਸੋਨਾ ਕਿਸੇ ਦੇਸ਼ ਦੀ ਮੁਦਰਾ ਨੂੰ ਸਥਿਰ ਕਰਨ ਵਿਚ ਮਦਦ ਕਰ ਸਕਦਾ ਹੈ। ਇਸ ਨਾਲ ਸੋਨਾ ਕਿਸੇ ਦੇਸ਼ ਦੇ ਪੋਰਟਫੋਲੀਓ ਨੂੰ ਵਧੀਆ ਤੇ ਚੰਗਾ ਕਰਨ ਵਿਚ ਮਦਦ ਕਰਦਾ ਹੈ। ਸੋਨਾ ਹੋਰ ਸੰਪਤੀਆਂ ਦੇ ਜੋਖਮ ਨੂੰ ਘਟਾਉਣ ਵਿਚ ਮਦਦ ਕਰ ਸਕਦਾ ਹੈ। ਸੋਨੇ ਦੀਆਂ ਕੀਮਤਾਂ ਵਧਦੀਆਂ-ਘਟਦੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਕੀ ਤੱਤ ਪ੍ਰਭਾਵਿਤ ਕਰਦੇ ਹਨ।
ਪੰਜਾਬੀ ਔਰਤਾਂ, ਮਰਦ ਅਤੇ ਬੱਚੇ ਸਾਰਿਆਂ ਦੇ ਗਹਿਣੇ ਸੋਨੇ ਨਾਲ ਬਣਾਏ ਜਾਂਦੇ ਹਨ। ਵਿਆਹ ਵੇਲੇ ਰਿਸ਼ਤੇਦਾਰਾਂ ਨੂੰ ਛਾਪਾਂ ਪਾਈਆਂ ਜਾਂਦੀਆਂ ਹਨ। ਹਾਰ, ਟਿੱਕੇ, ਕੜੇ, ਕਾਂਟੇ, ਅੰਗੂਠੀਆਂ ਤੇ ਹੋਰ ਬਹੁਤ ਸਾਰੇ ਗਹਿਣੇ ਤਿਆਰ ਕੀਤੇ ਜਾਂਦੇ ਹਨ। ਪੰਜਾਬੀ ਸੱਭਿਆਚਾਰ ਵਿਚ ਗੀਤ, ਕਹਾਵਤਾਂ, ਬੋਲੀਆਂ, ਕਹਾਣੀਆਂ, ਬਾਤਾਂ ਸਭ ਕੁਝ ਇਸ ਨੂੰ ਧਿਆਨ ਵਿਚ ਰੱਖ ਕੇ ਲਿਖਿਆ ਗਿਆ ਹੈ।
ਮੁਹਾਵਰੇ ਤੇ ਅਖੌਤਾਂ ਵਿਚ ਵੀ ਇਸ ਨੂੰ ਵਰਤਿਆ ਗਿਆ ਹੈ ਜਿਵੇਂ, 'ਸੋਨੇ 'ਤੇ ਸੁਹਾਗਾ', 'ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ', ਹਰ ਚੀਜ਼ ਸੋਨਾ ਨਹੀਂ ਹੁੰਦੀ।
-ਮੋਬਾਈਲ : 94636-03061