31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਅਲਫਰੈੱਡ ਨੋਬਲ ਨੇ ਨੋਬਲ ਇਨਾਮ ਦੇਣ ਦਾ ਕਿਵੇਂ ਚੁੱਕਿਆ ਮਹਾਨ ਕਦਮ

Ad Position 21
No active advertisement
ਅਜੀਤ ਡੈਸਕ 19-10-2025

ਸਟਾਕਹੋਮ, ਸਵੀਡਨ ਵਿਚ 21 ਅਕਤੂਬਰ 1833 ਨੂੰ ਜਨਮਿਆ ਇਕ ਵਿਅਕਤੀ ਅਲਫ਼ਰੈੱਡ ਨੋਬਲ ਜਦੋਂ ਆਪਣੀ ਉਮਰ ਦੇ 54ਵੇਂ ਸਾਲ ਵਿਚ ਸੀ ਤਾਂ ਉਸ ਦੇ ਭਰਾ ਲੁਡਵਿਗ ਨੋਬਲ ਦੀ ਅਚਾਨਕ ਮੌਤ ਹੋ ਗਈ। ਗੱਲ 15 ਜਾਂ 16 ਅਪ੍ਰੈਲ, 1888 ਦੀ ਹੈ, ਉਸ ਦਿਨ ਫਰੈਂਚ ਭਾਸ਼ਾ ਦੇ ਇਕ ਅਖ਼ਬਾਰ ਲੇ ਫਿਗਾਰੋ ਵਿਚ ਇਕ ਖ਼ਬਰ ਛਪੀ ਜਿਸ ਦਾ ਸਿਰਲੇਖ ਸੀ 'ਮੌਤ ਦਾ ਸੌਦਾਗਰ ਮਰ ਗਿਆ'। ਕੁਝ ਅਖ਼ਬਾਰ ਦਾ ਨਾਂਅ ਲ'ਇਨਟ੍ਰਾਂਸੀਜੈਂਟ ਦੱਸਦੇ ਹਨ। ਖ਼ੈਰ, ਦੋਵਾਂ ਅਖ਼ਬਾਰਾਂ ਵਿਚੋਂ ਕੋਈ ਵੀ ਹੋਵੇ, ਛਾਪਣ ਵਾਲੇ ਨੇ ਲੁਡਵਿਗ ਨੋਬਲ ਦੀ ਥਾਂ ਉਸ ਦੇ ਭਰਾ ਅਲਫ਼ਰੈੱਡ ਨੋਬਲ ਨੂੰ ਸਮਝ ਲਿਆ ਸੀ। ਲੁਡਵਿਗ ਦੀ ਮੌਤ 1888 ਵਿਚ ਹੀ ਕਾਨਸ, ਫਰਾਂਸ ਵਿਚ ਹੋਈ ਸੀ।
ਸਵੀਡਨ ਦਾ ਮਹਾਨ ਰਸਾਇਣ ਵਿਗਿਆਨੀ, ਇੰਜੀਨੀਅਰ, ਖੋਜੀ ਅਤੇ ਉਦਯੋਗਪਤੀ ਅਲਫ਼ਰੈੱਡ ਬਰਨਹਾਰਡ ਨੋਬਲ, ਜਿਸ ਦੇ ਨਾਂਅ 'ਤੇ 355 ਤੋਂ ਵੱਧ ਪੇਟੈਂਟ ਸਨ, ਨੋਬਲ ਨੂੰ ਉਨ੍ਹਾਂ ਦੀ ਸਭ ਤੋਂ ਮਸ਼ਹੂਰ ਕਾਢ ਡਾਇਨਾਮਾਈਟ ਲਈ ਜਾਣਿਆ ਜਾਂਦਾ ਹੈ, ਜਿਸ ਦਾ ਪੇਟੈਂਟ ਉਨ੍ਹਾਂ ਨੇ 1867 ਵਿਚ ਕਰਵਾਇਆ ਸੀ। ਡਾਇਨਾਮਾਈਟ, ਜੋ ਕਿ ਅਸਲ ਵਿਚ ਉਸਾਰੀ ਅਤੇ ਖਣਨ ਵਰਗੇ ਸਾਕਾਰਾਤਮਕ ਕੰਮਾਂ ਲਈ ਬਣਾਈ ਗਈ ਸੀ, ਦੀ ਵਰਤੋਂ ਹਥਿਆਰਾਂ ਅਤੇ ਜੰਗਾਂ ਵਿਚ ਵੀ ਹੋ ਰਹੀ ਸੀ। ਇਸੇ ਕਾਰਨ ਅਖ਼ਬਾਰ ਨੇ ਉਸ ਨੂੰ 'ਮੌਤ ਦਾ ਸੌਦਾਗਰ' ਨਾਂਅ ਦਿੱਤਾ ਸੀ।
ਇਸ ਘਟਨਾ ਨੇ ਉਨ੍ਹਾਂ ਨੂੰ ਬੜਾ ਦੁਖੀ ਕੀਤਾ ਅਤੇ ਉਨ੍ਹਾਂ ਨੂੰ ਇਸ ਬਾਰੇ ਸੋਚਣ ਲਈ ਮਜਬੂਰ ਕੀਤਾ ਕਿ ਉਨ੍ਹਾਂ ਨੂੰ ਇਤਿਹਾਸ ਵਿਚ ਕਿਵੇਂ ਯਾਦ ਕੀਤਾ ਜਾਵੇਗਾ। ਬਹੁਤ ਸੋਚ ਵਿਚਾਰ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਅੰਤ ਵਿਚ ਅਲਫ਼ਰੈੱਡ ਨੋਬਲ ਨੇ 1895 ਵਿਚ ਆਪਣੀ ਆਖਰੀ ਵਸੀਅਤ ਲਿਖੀ, ਜਿਸ ਵਿਚ ਉਨ੍ਹਾਂ ਨੇ ਆਪਣੀ ਵੱਡੀ ਦੌਲਤ ਦਾ ਇਕ ਵੱਡਾ ਹਿੱਸਾ ਇਕ ਟਰੱਸਟ ਬਣਾਉਣ ਲਈ ਦਾਨ ਕਰ ਦਿੱਤਾ। ਇਸ ਟਰੱਸਟ ਦਾ ਉਦੇਸ਼ ਉਨ੍ਹਾਂ ਵਿਅਕਤੀਆਂ ਨੂੰ ਸਾਲਾਨਾ ਪੁਰਸਕਾਰ ਦੇਣਾ ਸੀ, ਜਿਨ੍ਹਾਂ ਨੇ ਪਿਛਲੇ ਸਾਲ ਦੌਰਾਨ 'ਮਨੁੱਖਤਾ ਦੇ ਭਲੇ ਲਈ ਸਭ ਤੋਂ ਵੱਡਾ ਯੋਗਦਾਨ' ਪਾਇਆ ਹੋਵੇ। ਉਸੇ ਵਸੀਅਤ ਦੇ ਆਧਾਰ 'ਤੇ ਦੁਨੀਆ ਦੇ ਸਭ ਤੋਂ ਵੱਧ ਵੱਕਾਰੀ ਸਨਮਾਨਾਂ ਵਿਚੋਂ ਇਕ ਨੋਬਲ ਪੁਰਸਕਾਰ ਦੇਣ ਵਾਲੀ ਸੰਸਥਾ ਨੋਬਲ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ।
ਅਲਫ਼ਰੈੱਡ ਨੋਬਲ ਦੀ ਮੌਤ 10 ਦਸੰਬਰ, 1896 ਨੂੰ ਇਟਲੀ ਵਿਚ ਹੋਈ। ਇਸ ਤੋਂ ਪੰਜ ਸਾਲ ਬਾਅਦ ਪਹਿਲੇ ਨੋਬਲ ਪੁਰਸਕਾਰ 10 ਦਸੰਬਰ, 1901 ਨੂੰ ਦਿੱਤੇ ਗਏ ਸਨ। ਸ਼ੁਰੂ ਵਿਚ ਅਲਫ਼ਰੈੱਡ ਨੋਬਲ ਦੀ ਵਸੀਅਤ ਅਨੁਸਾਰ ਪੰਜ ਖੇਤਰਾਂ ਵਿਚ ਪੁਰਸਕਾਰ ਦਿੱਤੇ ਜਾਂਦੇ ਸਨ। ਇਹ ਖੇਤਰ ਹਨ: ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਰੀਰ ਵਿਗਿਆਨ ਜਾਂ ਮੈਡੀਸਨ, ਸਾਹਿਤ ਅਤੇ ਸ਼ਾਂਤੀ। ਪਰ ਬਾਅਦ ਵਿਚ ਇਕ ਛੇਵਾਂ ਇਨਾਮ ਵੀ ਜੋੜਿਆ ਗਿਆ। ਇਹ ਸੀ ਆਰਥਿਕ ਵਿਗਿਆਨ ਦਾ ਪੁਰਸਕਾਰ। ਇਸ ਨੂੰ ਅਲਫ਼ਰੈੱਡ ਨੋਬਲ ਦੀ ਯਾਦ ਵਿਚ ਆਰਥਿਕ ਵਿਗਿਆਨ ਵਿਚ 'ਸਵੀਡਿਸ਼ ਰਿਕਸਬੈਂਕ ਪੁਰਸਕਾਰ' ਕਿਹਾ ਜਾਂਦਾ ਹੈ। ਇਸ ਲਈ ਇਹ ਨੋਬਲ ਪੁਰਸਕਾਰ ਤਾਂ ਨਹੀਂ ਹੈ, ਪਰ ਇਸ ਨੂੰ 'ਨੋਬਲ ਪੁਰਸਕਾਰ' ਦੇ ਨਾਲ ਹੀ ਪੇਸ਼ ਕੀਤਾ ਜਾਂਦਾ ਹੈ ਅਤੇ ਉਸੇ ਤਰ੍ਹਾਂ ਹੀ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦੀ ਸ਼ੁਰੂਆਤ 1968 ਵਿਚ ਸਵੀਡਨ ਦੇ ਕੇਂਦਰੀ ਬੈਂਕ (ਸਵੀਡਿਸ਼ ਰਿਕਸਬੈਂਕ) ਦੁਆਰਾ ਕੀਤੀ ਗਈ ਸੀ ਅਤੇ ਇਹ ਪਹਿਲੀ ਵਾਰ 1969 ਵਿਚ ਦਿੱਤਾ ਗਿਆ ਸੀ। ਇਸ ਨੂੰ ਵੀ ਬਾਕੀ ਨੋਬਲ ਪੁਰਸਕਾਰਾਂ ਦੇ ਨਾਲ ਹੀ ਪੇਸ਼ ਕੀਤਾ ਜਾਂਦਾ ਹੈ।
ਨੋਬਲ ਫਾਊਂਡੇਸ਼ਨ ਵਲੋਂ ਹਰ ਸਾਲ ਸੰਬੰਧਿਤ ਨੋਬਲ ਕਮੇਟੀਆਂ ਵਲੋਂ ਦੁਨੀਆ ਭਰ ਦੇ ਹਜ਼ਾਰਾਂ ਪ੍ਰੋਫੈਸਰਾਂ, ਪਿਛਲੇ ਨੋਬਲ ਜੇਤੂਆਂ ਅਤੇ ਹੋਰ ਮਾਹਿਰਾਂ ਨੂੰ ਨਾਮਜ਼ਦਗੀ ਫਾਰਮ ਭੇਜੇ ਜਾਂਦੇ ਹਨ। ਪ੍ਰਾਪਤ ਹੋਈਆਂ ਨਾਮਜ਼ਦਗੀਆਂ ਵਿਚੋਂ ਲਗਭਗ 300 ਸੰਭਾਵੀ ਜੇਤੂਆਂ ਦੀ ਚੋਣ ਕੀਤੀ ਜਾਂਦੀ ਹੈ। ਨੋਬਲ ਦੇ ਨਿਯਮਾਂ ਅਨੁਸਾਰ ਨਾਮਜ਼ਦਗੀਆਂ ਅਤੇ ਜੱਜਾਂ ਦੇ ਵਿਚਾਰ-ਵਟਾਂਦਰੇ ਨੂੰ 50 ਸਾਲਾਂ ਤੱਕ ਗੁਪਤ ਰੱਖਿਆ ਜਾਂਦਾ ਹੈ। ਆਮ ਤੌਰ 'ਤੇ, ਜੇਤੂਆਂ ਦਾ ਐਲਾਨ ਅਕਤੂਬਰ ਦੇ ਮਹੀਨੇ ਵਿਚ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ ਸਿਰਫ ਸ਼ਾਂਤੀ ਪੁਰਸਕਾਰ ਓਸਲੋ, ਨਾਰਵੇ ਵਿਚ ਦਿੱਤਾ ਜਾਂਦਾ ਹੈ। ਬਾਕੀ ਸਾਰੇ ਪੁਰਸਕਾਰ ਸਟਾਕਹੋਮ, ਸਵੀਡਨ ਵਿਚ ਸਵੀਡਨ ਦੇ ਰਾਜੇ ਵਲੋਂ ਪ੍ਰਦਾਨ ਕੀਤੇ ਜਾਂਦੇ ਹਨ। ਇਹ ਸਨਮਾਨ ਹਰ ਸਾਲ 10 ਦਸੰਬਰ ਨੂੰ ਅਲਫ਼ਰੈੱਡ ਨੋਬਲ ਦੀ ਬਰਸੀ ਵਾਲੇ ਦਿਨ ਦਿੱਤੇ ਜਾਂਦੇ ਹਨ।
ਹਰ ਨੋਬਲ ਪੁਰਸਕਾਰ ਜੇਤੂ ਨੂੰ ਹੇਠ ਲਿਖੀਆਂ ਤਿੰਨ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਇਕ ਹੁੰਦਾ ਹੈ ਸੋਨੇ ਦਾ ਤਗਮਾ, ਜਿਸ ਦੇ ਅਗਲੇ ਪਾਸੇ ਅਲਫ਼ਰੈੱਡ ਨੋਬਲ ਦੀ ਤਸਵੀਰ ਹੁੰਦੀ ਹੈ, ਜਦੋਂ ਕਿ ਪਿਛਲੇ ਪਾਸੇ ਇਨਾਮ ਦੇਣ ਵਾਲੀ ਸੰਸਥਾ ਦੇ ਅਨੁਸਾਰ ਵੱਖਰਾ ਚਿੱਤਰ ਹੁੰਦਾ ਹੈ। ਦੂਜੀ ਚੀਜ਼ ਅਧਿਕਾਰਤ ਡਿਪਲੋਮਾ ਹੁੰਦਾ ਹੈ, ਜਿਸ ਨੂੰ ਹੱਥ ਨਾਲ ਬਣਾਏ ਵਿਸ਼ੇਸ਼ ਕਾਗਜ਼ 'ਤੇ ਤਿਆਰ ਕੀਤਾ ਜਾਂਦਾ ਹੈ। ਤੀਜੀ ਹੁੰਦੀ ਹੈ ਇਨਾਮ ਦੀ ਰਾਸ਼ੀ, ਜੋ ਸਮੇਂ-ਸਮੇਂ 'ਤੇ ਬਦਲਦੀ ਰਹਿੰਦੀ ਹੈ। 2023 ਵਿਚ, ਇਹ ਰਾਸ਼ੀ 11 ਮਿਲੀਅਨ ਸਵੀਡਿਸ਼ ਕੋਰੋਨਾ ਸੀ। ਜੇਕਰ ਇਕ ਪੁਰਸਕਾਰ ਇਕ ਤੋਂ ਵੱਧ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਤਾਂ ਰਾਸ਼ੀ ਉਨ੍ਹਾਂ ਵਿਚ ਵੰਡ ਦਿੱਤੀ ਜਾਂਦੀ ਹੈ। ਕਿਸੇ ਵੀ ਖੇਤਰ ਵਿਚ ਵੱਧ ਤੋਂ ਵੱਧ ਤਿੰਨ ਜੇਤੂ ਹੋ ਸਕਦੇ ਹਨ ਸਿਵਾਏ ਅਰਥ ਸ਼ਾਸਤਰ ਦੇ ਸਨਮਾਨ ਤੋਂ, ਜੋ ਸਿਰਫ ਇਕ ਵਿਅਕਤੀ ਨੂੰ ਹੀ ਪ੍ਰਦਾਨ ਕੀਤਾ ਜਾਂਦਾ ਹੈ।
ਸਿਰਫ ਸ਼ਾਂਤੀ ਪੁਰਸਕਾਰ ਹੀ ਅਜਿਹਾ ਸਨਮਾਨ ਹੈ, ਜੋ ਕਿਸੇ ਸੰਸਥਾ ਨੂੰ ਵੀ ਦਿੱਤਾ ਜਾ ਸਕਦਾ ਹੈ, ਪਰ ਬਾਕੀ ਪੁਰਸਕਾਰ ਸਿਰਫ਼ ਵਿਅਕਤੀਆਂ ਨੂੰ ਹੀ ਦਿੱਤੇ ਜਾ ਸਕਦੇ ਹਨ। ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਨੋਬਲ ਪੁਰਸਕਾਰ ਮਰਨ ਉਪਰੰਤ ਨਹੀਂ ਦਿੱਤਾ ਜਾਂਦਾ। ਹਾਲਾਂਕਿ, ਜੇਕਰ ਜੇਤੂ ਦਾ ਐਲਾਨ ਹੋਣ ਤੋਂ ਬਾਅਦ ਅਤੇ ਪੁਰਸਕਾਰ ਸਮਾਰੋਹ ਤੋਂ ਪਹਿਲਾਂ ਉਸ ਦੀ ਮੌਤ ਹੋ ਜਾਂਦੀ ਹੈ, ਤਾਂ ਪੁਰਸਕਾਰ ਦਿੱਤਾ ਜਾਂਦਾ ਹੈ।

-25, ਸੈਕਟਰ 10 ਬੀ, ਗੁਰੂ ਕੀ ਨਗਰੀ, ਮੰਡੀ ਗੋਬਿੰਦਗੜ੍ਹ। ਪਿੰਨ ਕੋਡ : 147 301
ਮੋਬਾਈਲ : 9878019889

Ad Position 22
No active advertisement
ਪਿਛਲੀ ਖ਼ਬਰ ਸੋਨੇ ਦੀਆਂ ਡੰਡੀਆਂ... ਅਗਲੀ ਖ਼ਬਰ ਜਿਓ ਦਿਖਿਓ, ਤਿਓ ਲਿਖਿਓ
Ad Position 24