31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਜਿਓ ਦਿਖਿਓ, ਤਿਓ ਲਿਖਿਓ

Ad Position 21
No active advertisement
ਅਜੀਤ ਡੈਸਕ 19-10-2025

ਕਿੰਨੀ ਵੰਨਗੀ ਹੈ ਸਾਡੀ ਧਰਤੀ 'ਤੇ, ਕਿੰਨੇ ਇਥੇ ਧਰਮ ਹਨ, ਕਿੰਨੀਆਂ ਰੁੱਤਾਂ ਹਨ, ਕਿੰਨੇ ਰੀਤੀ-ਰਿਵਾਜ ਹਨ ਤੇ ਕਿੰਨੇ ਸਾਡੇ ਤਿਉਹਾਰ ਹਨ ਜੋ ਇਕ ਇਲਾਹੀ ਵਿਉਂਤਬੰਦੀ ਸਦਕਾ ਹੀ ਇਹ ਸਭ ਕੁਝ ਸ਼ੁਰੂ ਜਗਤ ਤੋਂ ਨਿਰੰਤਰ ਚਲਿਆ ਆ ਰਿਹਾ ਹੈ। ਹਰ ਇਕ ਸਾਡੇ ਤਿਉਹਾਰ ਨਾਲ ਕਈ ਪੇਸ਼ੇ ਜੁੜੇ ਹੋਏ ਹਨ, ਕਈਆਂ ਦੇ ਰੁਜ਼ਗਾਰ ਜੁੜੇ ਹੋਏ ਹਨ ਤੇ ਕਈਆਂ ਦੇ ਪੇਟ ਇਹ ਤਿਉਹਾਰ ਪਾਲਦੇ ਹਨ। ਅੱਜਕਲ੍ਹ ਦੀਵਾਲੀ ਦੇ ਤਿਉਹਾਰ ਦੇ ਦਿਨ ਹਨ ਤੇ ਦੀਵਾਲੀ ਸਾਡਾ ਸਭ ਤੋਂ ਵੱਡਾ ਤਿਉਹਾਰ ਕਿਹਾ ਜਾ ਸਕਦਾ ਹੈ। ਦੁਨੀਆ ਦੇ ਹਰ ਖੂੰਜੇ ਵਿਚ ਜਿਥੇ ਵੀ ਕੋਈ ਭਾਰਤੀ ਵਸਿਆ ਹੋਇਆ ਹੈ, ਉਥੇ ਦੀਵਾਲੀ ਜ਼ਰੂਰ ਮਨਾਈ ਜਾਂਦੀ ਹੈ, ਜਾਣੀ ਕਿ ਸਾਰੀ ਦੁਨੀਆ ਵਿਚ, ਰੌਸ਼ਨੀ ਦੇ ਇਸ ਤਿਉਹਾਰ ਨਾਲ ਜਿੰਨੇ ਰੁਜ਼ਗਾਰ, ਜਿੰਨੇ ਪੇਸ਼ੇ, ਜਿੰਨੇ ਸਮਾਗਮ, ਜਿੰਨੀਆਂ ਰਸਮਾਂ, ਜਿੰਨੇ ਵਿਹਾਰ ਜੁੜੇ ਹੋਏ ਹਨ, ਓਨੇ ਹੋਰ ਕਿਸੇ ਤਿਉਹਾਰ ਨਾਲ ਨਹੀਂ ਹਨ। ਸਹੀ ਅਰਥਾਂ ਵਿਚ ਇਹ ਤਿਉਹਾਰ ਦੋ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਤੇ ਇਕ ਮਹੀਨਾ ਬਾਅਦ ਤੱਕ ਚਲਦਾ ਰਹਿੰਦਾ ਹੈ। ਭਾਰਤ ਵਿਚ ਭਾਵੇਂ ਹਰ ਵਪਾਰ ਦਾ ਮਸੌਦਾ ਦੀਵਾਲੀ ਤੋਂ ਸ਼ੁਰੂ ਹੁੰਦਾ ਹੈ ਪਰ ਮਿੱਟੀ ਦੇ ਭਾਂਡੇ ਬਣਾਉਣ ਵਾਲੀ 'ਘੁਮਿਆਰ' ਬਰਾਦਰੀ ਦਾ ਤਾਂ ਇਸ ਤਿਉਹਾਰ ਨਾਲ ਨਹੁੰ-ਮਾਸ ਵਾਲਾ ਰਿਸ਼ਤਾ ਹੈ। ਇਹ ਲੋਕ ਮਿੱਟੀ ਦੇ ਘੜੇ, ਭਾਂਡੇ, ਗਮਲੇ, ਕੂੰਡੇ, ਚਾਟੀਆਂ, ਤੌੜੀਆਂ ਦੇ ਨਾਲ-ਨਾਲ ਦੀਵਾਲੀ ਵਿਚ ਇਸਤੇਮਾਲ ਹੋਣ ਵਾਲੇ ਮੰਦਰ, ਫੂਲਦਾਨ, ਖਿਡੌਣੇ, ਦੀਵੇ, ਚਮੁਖੀਏ ਆਦਿ ਵੀ ਬਣਾਉਂਦੇ ਹਨ ਤੇ ਆਪਣੇ ਪਰਿਵਾਰ ਪਾਲਦੇ ਹਨ। ਛੋਟੀ ਜਿਹੀ ਚੀਜ਼ 'ਦੀਵਾ' ਦਾ ਇਨ੍ਹਾਂ ਦੀ ਪਰਿਵਾਰ-ਪਰਵਰਿਸ਼ ਵਿਚ ਕਿੰਨਾ ਵੱਡਾ ਯੋਗਦਾਨ ਹੈ, ਕਿੰਨੇ ਲੋਕਾਂ 'ਤੇ ਇਸ ਦਾ ਸਿੱਧਾ ਤੇ ਅਸਿੱਧਾ ਅਸਰ ਹੈ, ਮਿੱਟੀ ਲਿਆਉਣ ਵਾਲਾ, ਮਿੱਟੀ ਬਣਾਉਣ ਵਾਲਾ (ਭਾਵ ਮਿੱਟੀ ਛਾਨਣ ਤੇ ਗੁੰਨ੍ਹਣ ਵਾਲਾ), ਦੀਵੇ ਬਣਾਉਣ ਵਾਲਾ, ਦੀਵੇ ਸੁਕਾਉਣ ਵਾਲਾ, ਭੱਠੀ ਵਿਚ ਦੀਵੇ ਪਕਾਉਣ ਵਾਲਾ ਤੇ ਘਰ-ਘਰ ਜਾ ਕੇ ਦੀਵੇ ਵੇਚਣ ਵਾਲਾ, ਕੋਲੇ ਵਾਲਾ, ਤੇਲ ਵਾਲਾ, ਰੂੰਈਂ ਵਾਲਾ, ਦੁਕਾਨਦਾਰ, ਪਾਥੀਆਂ ਬਾਲਣ ਜਾਣੀ ਕਿ ਸਰਕਸ ਜਿੰਨਾ ਸਮਾਨ ਹੋਵੇ ਤਾਂ ਦੀਵਾ ਬਣਦਾ ਹੈ। ਪਰ ਤ੍ਰਾਸਦੀ ਇਹ ਹੈ ਕਿ ਦੀਵਾਲੀ ਦੇ ਤਿਉਹਾਰ ਦੇ ਬਾਕੀ ਰੰਗ ਰੂਪ ਜਿਥੇ ਹਰ ਸਾਲ ਹੋਰ ਤੇ ਹੋਰ ਲਿਸ਼ਕ ਕੇ ਆਉਂਦੇ ਹਨ, ਮਿੱਟੀ ਦੇ ਬਣੇ ਦੀਵਿਆਂ ਦਾ ਰੁਝਾਨ ਘਟਦਾ ਕਿਉਂ ਜਾ ਰਿਹਾ ਹੈ। ਤਕਨਾਲੋਜੀ ਤੇ ਨਵੇਂ ਯੁੱਗ ਦੀ ਰਫ਼ਤਾਰ ਨੇ ਜਿਥੇ ਸਾਨੂੰ ਹਰ ਮੈਦਾਨ ਬੁਲੰਦੀ ਬਖ਼ਸ਼ੀ ਹੈ, ਉਥੇ ਇਸ ਦੇ ਵਿਰੋਧੀ ਅਸਰ ਨੇ ਸਮੁੱਚੇ ਘੁਮਿਆਰੇ ਉਦਯੋਗ ਨੂੰ ਮੂਧੇ ਮੂੰਹ ਕਿਉਂ ਸੁੱਟ ਲਿਆ ਹੈ। ਕੱਚੀ ਮਿੱਟੀ ਦੇ ਭਾਂਡਿਆਂ ਦੀ ਥਾਂ ਸਟੀਲ ਦੇ ਬਰਤਣ, ਕੂੰਡਿਆਂ ਦੀ ਥਾਂ ਬਿਜਲੀ ਦੀਆਂ ਮਿਕਸੀਆਂ, ਮਿੱਟੀ ਦੇ ਗਮਲਿਆਂ ਦੀ ਥਾਂ ਪਲਾਸਟਿਕ ਦੇ ਹਲਕੇ-ਫੁਲਕੇ ਗਮਲੇ ਘੜਿਆਂ ਮੱਟੀਆਂ ਦੀ ਥਾਂ ਫਰਿੱਜ਼ ਤੇ ਦੀਵਿਆਂ ਦੀ ਥਾਂ ਹੁਣ ਲੜੀਆਂ ਨੇ ਆਣ ਮੱਲੀ ਹੈ ਤੇ ਘੁਮਿਆਰਾਂ ਦਾ ਇਹ ਜੱਦੀ ਪੇਸ਼ਾ ਅਪਾਹਜ ਹੋ ਗਿਆ ਹੈ ਤੇ ਇਸ ਨਾਲ ਸੰਬੰਧਿਤ ਲੋਕਾਂ ਲਈ ਇਹ ਇਕ ਚੁਣੌਤੀ ਦਾ ਸਮਾਂ ਬਣ ਗਿਆ ਹੈ। ਬਹੁਤੇ ਲੋਕ ਤਾਂ ਇਸ ਪੇਸ਼ੇ ਤੋਂ ਪਿੱਛੇ ਮੁੜ ਤੁਰੇ ਹਨ ਤੇ ਹੋਰ ਕੰਮਾਂ ਵਿਚ ਪੈ ਗਏ ਹਨ ਤੇ ਪੰਜਾਬ ਦੀ ਖੂਬਸੂਰਤੀ ਦੀ ਇਹ ਇਕ ਕੀਮਤੀ ਇਕਾਈ ਅੰਤ ਨੂੰ ਢੁਕਦੀ ਨਜ਼ਰ ਆਉਂਦੀ ਹੈ। ਸ਼ਾਸਤਰਾਂ ਮੁਤਾਬਿਕ ਦੀਵਾ ਆਸਥਾ ਤੇ ਸ਼ਾਂਤੀ ਦਾ ਪ੍ਰਤੀਕ ਹੈ ਤੇ ਘਰ ਵਿਚ ਦੀਵੇ ਦਾ ਜਗਣਾ ਸ਼ੁੱਭ ਮੰਨਿਆ ਜਾਂਦਾ ਹੈ। ਲੰਬੇ ਸਮੇਂ ਤੋਂ ਸਾਡੇ ਨਾਲ ਤੁਰੀਆਂ ਆਈਆਂ ਇਹ ਚੀਜ਼ਾਂ ਸਾਡੇ ਵਿਰਸੇ ਦੀ ਪਛਾਣ ਬਣ ਚੁੱਕੀਆਂ ਹਨ। ਜ਼ਰੂਰਤ ਹੈ ਕਿ ਹਰ ਕੋਈ ਇਸ ਦੀ ਹੋਂਦ ਪ੍ਰਤੀ ਜਾਗਰੂਕ ਹੋਵੇ, ਮਿੱਟੀ ਦੇ ਭਾਂਡੇ, ਦੀਵੇ ਤੇ ਹੋਰ ਉਪਕਰਨਾਂ ਨਾਲ ਜੁੜ ਕੇ ਚੱਲੇ ਤੇ ਇਸ ਕਲਾਤਮਿਕ ਪੇਸ਼ੇ ਨੂੰ ਚਲਦਾ ਰੱਖਣ ਵਿਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਈਏ। ਇਸ ਕੀਮਤੀ ਵਿਰਸੇ ਨੂੰ ਡੁੱਬਣ ਤੋਂ ਬਚਾਉਣ ਦਾ ਬਸ ਇਹੀ ਸਮਾਂ ਹੈ, ਸੰਭਾਲਿਆ ਨਾ ਗਿਆ ਤਾਂ ਆਉਣ ਵਾਲੀਆਂ ਨਸਲਾਂ ਲਈ 'ਦੱਦਾ ਦੀਵਾ' ਸਿਰਫ਼ ਕਾਇਦੇ ਵਿਚ ਹੀ ਰਹਿ ਜਾਵੇਗਾ 'ਜੱਜਾ ਜਗਦਾ ਦੀਵਾ' ਉਨ੍ਹਾਂ ਨੂੰ ਦੇਖਣਾ ਨਸੀਬ ਨਹੀਂ ਹੋਵੇਗਾ।

-ਵਾਸੀ ਪਿੰਡ ਥੰਮਣਵਾਲ (ਫਿਲੌਰ)
ਮੋਬਾਈਲ : 98722-56005

Ad Position 22
No active advertisement
ਪਿਛਲੀ ਖ਼ਬਰ ਅਲਫਰੈੱਡ ਨੋਬਲ ਨੇ ਨੋਬਲ ਇਨਾਮ ਦੇਣ ਦਾ ਕਿਵੇਂ ਚੁੱਕਿਆ ਮਹਾਨ ਕਦਮ ਅਗਲੀ ਖ਼ਬਰ ਸੁੰਗੜਦੇ ਜੰਗਲਾਂ ਕਾਰਨ ਸ਼ੇਰ ਜਾਤੀ ਦੀ ਹੋਂਦ ਲਈ ਪੈਦਾ ਹੋਇਆ ਸੰਕਟ
Ad Position 24