31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸੁੰਗੜਦੇ ਜੰਗਲਾਂ ਕਾਰਨ ਸ਼ੇਰ ਜਾਤੀ ਦੀ ਹੋਂਦ ਲਈ ਪੈਦਾ ਹੋਇਆ ਸੰਕਟ

Ad Position 21
No active advertisement
ਅਜੀਤ ਡੈਸਕ 19-10-2025

ਪੂਰਾ ਦੇਸ਼ ਕੁੱਤਿਆਂ ਦੇ ਮੁੱਦੇ 'ਤੇ ਵੰਡਿਆ ਹੋਇਆ ਹੈ, ਇਕ ਸਮੂਹ ਉਨ੍ਹਾਂ ਦੀ ਰੱਖਿਆ ਕਰਨ ਦਾ ਪੱਖ ਲੈਂਦਾ ਹੈ ਤਾਂ ਦੂਜਾ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਮਨੁੱਖੀ ਬਸਤੀਆਂ ਤੋਂ ਹਟਾਇਆ ਜਾਵੇ। ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ। ਹਾਲਾਂਕਿ ਕੁੱਤਿਆਂ ਦੀ ਚਿੰਤਾ ਦਰਮਿਆਨ ਤੇਂਦੂਏ ਅਤੇ ਬਾਘ (ਟਾਈਗਰ) ਦੀ ਅਣਦੇਖੀ ਇਕ ਨਵੇਂ ਸੰਕਟ ਨੂੰ ਜਨਮ ਦੇ ਰਹੀ ਹੈ। ਇਹ ਸੰਕਟ ਨਾ ਸਿਰਫ਼ ਪ੍ਰਾਜੈਕਟ ਟਾਈਗਰ ਨੂੰ ਹਰਾ ਦੇਵੇਗਾ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਸਾਹਮਣੇ ਇਨ੍ਹਾਂ ਦੀ ਇਕ ਅਜਿਹੀ ਦੁਨੀਆ ਵੀ ਪੇਸ਼ ਕਰੇਗਾ, ਜਿਸ ਨੂੰ ਜਾਣ ਕੇ ਮਨੁੱਖ ਖ਼ੁਦ ਹੈਰਾਨ ਰਹਿ ਜਾਵੇਗਾ। ਦਰਅਸਲ ਇਸ ਸਮੇਂ ਦੇਸ਼ 'ਚ ਜੰਗਲਾਂ ਦੀ ਕਟਾਈ ਹੋਣ ਅਤੇ ਜੰਗਲੀ ਖੇਤਰ ਘਟਣ ਕਾਰਨ ਹੜ੍ਹਾਂ ਨਾਲ ਜੂਝ ਰਿਹਾ ਹੈ, ਉੱਥੇ ਹੁਣ ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਮਹਾਰਾਸ਼ਟਰ, ਉੱਤਰਾਖੰਡ ਤੇ ਮੱਧ ਪ੍ਰਦੇਸ਼ ਜਿਹੇ ਸੂਬਿਆਂ ਵਿਚ ਬਾਘ ਤੇ ਤੇਂਦੂਏ ਦੇ ਖੌਫ਼ ਨੇ ਲੋਕਾਂ ਦਾ ਜੀਣਾ ਔਖਾ ਕੀਤਾ ਹੋਇਆ ਹੈ। ਇਸ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਹਿਰੀ ਖੇਤਰਾਂ ਵਿਚ ਬਾਘਾਂ ਤੇ ਤੇਂਦੂਏ ਦੀ ਰੋਜ਼ਾਨਾ ਆਮਦ ਕਰਕੇ ਆਮ ਜੀਵਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵੀ 'ਟਾਈਗਰ ਸਟੇਟ' ਦਾ ਦਰਜਾ ਪਾਉਣ ਵੱਲ ਵਧ ਰਹੇ ਹਨ। ਪਰ ਇਨ੍ਹਾਂ ਸੂਬਿਆਂ ਵਿਚ ਬਾਘ ਤੇ ਤੇਂਦੂਏ ਨੇ ਜੰਗਲਾਂ ਨੂੰ ਛੱਡ ਕੇ ਮਨੁੱਖੀ ਬਸਤੀਆਂ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਇਕ ਚਿੰਤਾਜਨਕ ਪਹਿਲੂ ਇਹ ਵੀ ਹੈ ਕਿ ਉਨ੍ਹਾਂ ਨੇ ਹੁਣ ਜਾਲ ਵਿਚ ਫਸਣ ਦੇ ਤਰੀਕਿਆਂ ਤੋਂ ਬਚਣਾ ਸਿੱਖ ਲਿਆ ਹੈ। ਉਨ੍ਹਾਂ ਨੂੰ ਫਸਾਉਣ ਲਈ ਲਗਾਏ ਗਏ ਪਿੰਜਰੇ ਕਈ-ਕਈ ਦਿਨਾਂ ਤੱਕ ਸ਼ਿਕਾਰ ਸਣੇ ਉਵੇਂ ਪਏ ਰਹਿੰਦੇ ਹਨ, ਉਹ ਜਾਂ ਤਾਂ ਕਿਤੇ ਹੋਰ ਸ਼ਿਕਾਰ ਕਰ ਲੈਂਦੇ ਹਨ ਜਾਂ ਮੌਕਾ ਦੇਖ ਕੇ ਸ਼ਿਕਾਰ ਨੂੰ ਲੈ ਕੇ ਭੱਜ ਜਾਂਦੇ ਹਨ, ਜੋ ਜੰਗਲੀ ਜੀਵ ਮਾਹਿਰਾਂ ਲਈ ਵੀ ਚਿੰਤਾ ਦਾ ਕਾਰਨ ਬਣ ਰਹੇ ਹਨ।
ਇਸ ਸਮੇਂ ਦੇਸ਼ ਵਿਚ 4,000 ਬਾਘ ਤੇ ਤੇਂਦੂਏ ਹੋਣ ਦਾ ਅਨੁਮਾਨ ਹੈ, ਜੋ 2022 ਵਿਚ 3,682 ਸਨ। ਮੱਧ ਪ੍ਰਦੇਸ਼ ਵਿਚ ਸਭ ਤੋਂ ਵੱਧ 785 ਬਾਘ ਹਨ, ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦਾ ਨੰਬਰ ਆਉਂਦਾ ਹੈ। ਇਨ੍ਹਾਂ ਤਿੰਨਾਂ ਸੂਬਿਆਂ ਵਿਚ ਬਾਘਾਂ ਤੇ ਤੇਂਦੂਏ ਦੀ ਵਧਦੀ ਗਿਣਤੀ ਨੇ ਹੁਣ ਉਨ੍ਹਾਂ ਦੀਆਂ ਪ੍ਰਜਾਤੀਆਂ ਦੇ 'ਜੀਨ ਪੂਲ' ਲਈ ਖ਼ਤਰਾ ਪੈਦਾ ਕਰ ਦਿੱਤਾ ਹੈ। ਆਓ ਸਮਝੀਏ ਜੀਨ ਪੂਲ ਸੰਕਟ ਅਸਲ ਵਿਚ ਕੀ ਹੈ? ਜੀਨ ਪੂਲ ਸੰਕਟ ਦਾ ਮਤਲਬ ਕਿਸੇ ਪ੍ਰਜਾਤੀ ਦੀ ਜੈਨੇਟਿਕ ਵਿਭਿੰਨਤਾ ਵਿਚ ਕਮੀ ਆਉਣਾ ਹੈ। ਭਾਰਤ ਵਿਚ ਇਹ ਸਮੱਸਿਆ ਬਾਘਾਂ ਤੇ ਤੇਂਦੂਏ ਦੋਹਾਂ ਵਿਚ ਪਾਈ ਜਾ ਰਹੀ ਹੈ। ਭਾਵੇਂ ਦੇਸ਼ ਵਿਚ ਇਨ੍ਹਾਂ ਦੀ ਆਬਾਦੀ ਵਧ ਰਹੀ ਹੈ, ਪਰ ਉਹ ਛੋਟੀਆਂ-ਛੋਟੀਆਂ ਅਲੱਗ-ਥਲੱਗ ਆਬਾਦੀਆਂ ਵਿਚ ਵੰਡੇ ਹੋਏ ਹਨ। ਉਨ੍ਹਾਂ ਵਲੋਂ ਵਾਰ-ਵਾਰ ਆਪਸ ਵਿਚ ਪ੍ਰਜਨਣ ਪ੍ਰਕਿਰਿਆ ਦੁਹਰਾਉਣ ਕਰਕੇ ਪੈਦਾ ਹੋਣ ਵਾਲੇ ਬੱਚੇ ਨਾ ਸਿਰਫ਼ ਕਮਜ਼ੋਰ ਜੀਨ ਵਾਲੇ ਹੁੰਦੇ ਹਨ, ਸਗੋਂ ਜਨਮ ਤੋਂ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਨਾਲ ਪੈਦਾ ਹੋ ਰਹੇ ਹਨ। ਇਸ ਸਮੱਸਿਆ ਦਾ ਹੱਲ ਕਰਨ ਦਾ ਇਕੋ ਤਰੀਕਾ ਹੈ ਕਿ ਟਾਈਗਰ ਪ੍ਰੋਜੈਕਟ ਦੇ ਅਧੀਨ ਅਲੱਗ-ਥਲੱਗ ਟਾਈਗਰ ਰਿਜ਼ਰਵ ਨੂੰ ਇਕ ਸੁਰੱਖਿਅਤ ਕੋਰੀਡੋਰ ਰਾਹੀਂ ਆਪਸ ਵਿਚ ਜੋੜ ਕੇ ਬਾਘਾਂ ਤੇ ਤੇਂਦੂਏ ਦੀ ਆਬਾਦੀ ਨੂੰ ਆਪਸੀ ਤਾਲਮੇਲ ਵਧਾਉਣ ਲਈ ਪਹਿਲ ਕੀਤੀ ਜਾਵੇ।
ਬਾਘਾਂ ਤੇ ਤੇਂਦੂਏ ਵਿਚ ਇਹ ਜੀਨ ਪੂਲ ਸੰਕਟ ਉਦੋਂ ਤੱਕ ਹੱਲ ਨਹੀਂ ਹੋਵੇਗਾ, ਜਦੋਂ ਤੱਕ ਅਸੀਂ ਵੱਖ-ਵੱਖ ਖੇਤਰਾਂ ਵਿਚ ਮੌਜੂਦ ਇਨ੍ਹਾਂ ਦੀ ਆਬਾਦੀ ਨੂੰ ਇਕ-ਦੂਜੇ ਨਾਲ ਮੇਲਜੋਲ ਵਧਾਉਣ ਦਾ ਮਾਹੌਲ ਤੇ ਸਹੂਲਤਾਂ ਪ੍ਰਦਾਨ ਨਹੀਂ ਕਰਦੇ। ਦਰਅਸਲ ਜਦੋਂ ਜੀਨ ਪੂਲ ਸੀਮਤ ਹੋ ਜਾਂਦਾ ਹੈ ਤਾਂ ਪ੍ਰਜਣਨ ਦੀ ਸਮੱਸਿਆ ਦੇ ਨਾਲ-ਨਾਲ 'ਇਮਿਊਨ ਸਿਸਟਮ' ਵੀ ਬਹੁਤ ਕਮਜ਼ੋਰ ਹੋ ਜਾਂਦਾ ਹੈ। ਸਿੱਧੇ ਸ਼ਬਦਾਂ 'ਚ ਜਿਸ ਤਰ੍ਹਾਂ ਮਨੁੱਖੀ ਸਮਾਜ ਵਿਚ ਖੂਨ ਦੇ ਰਿਸ਼ਤਿਆਂ ਵਿਚ ਔਰਤ-ਮਰਦ ਦੇ ਵਿਆਹ ਦੀ ਮਨਾਹੀ ਹੈ, ਉਸੇ ਤਰ੍ਹਾਂ ਜਾਨਵਰਾਂ 'ਤੇ ਵੀ ਉਹੀ ਨਿਯਮ ਲਾਗੂ ਹੁੰਦੇ ਹਨ। ਮਾਹਿਰਾਂ ਅਨੁਸਾਰ ਦਰਅਸਲ ਇਹ ਇਕ ਜੈਨੇਟਿਕ ਬਿਮਾਰੀ ਸੰਕਟ ਹੈ। ਜੇਕਰ ਇਸ ਸਮੱਸਿਆ ਪ੍ਰਤੀ ਬਾਘਾਂ ਤੇ ਤੇਂਦੂਏ ਨੂੰ ਲੰਬੇ ਸਮੇਂ ਤੱਕ ਅਣਗੌਲਿਆ ਕੀਤਾ ਗਿਆ ਤਾਂ ਉਹ ਨਾ ਸਿਰਫ਼ ਸ਼ਹਿਰਾਂ ਵਿਚ ਰਹਿਣ ਲਈ ਮਜਬੂਰ ਹੋਣਗੇ, ਸਗੋਂ ਆਪਣਾ ਕੁਦਰਤੀ ਸੁਭਾਅ ਵੀ ਗੁਆ ਦੇਣਗੇ। ਦਰਅਸਲ ਇਨ੍ਹਾਂ ਦਾ ਕੁਦਰਤੀ ਸੁਭਾਅ ਜੰਗਲਾਂ ਵਿਚ ਜਾਨਵਰਾਂ ਦਾ ਸ਼ਿਕਾਰ ਕਰਦਿਆਂ ਆਪਣੇ ਪਰਿਵਾਰਾਂ ਨਾਲ ਮਸਤ ਰਹਿ ਕੇ ਆਪਣੀ ਸਰੀਰਕ ਸਮਰੱਥਾ ਤੇ ਕੁਦਰਤ ਦੇ ਸੰਤੁਲਨ ਨੂੰ ਬਰਕਰਾਰ ਰੱਖਣਾ ਹੈ। ਹੁਣ ਸਵਾਲ ਇਹ ਹੈ ਕਿ ਜੀਨ ਪੂਲ ਦਾ ਇਹ ਖ਼ਤਰਾ ਕਿਉਂ ਹੈ ਅਤੇ ਇਸ ਦਾ ਹੱਲ ਕੀ ਹੈ? ਜਿਸ ਤਰ੍ਹਾਂ ਅਸੀਂ ਕੁੱਤਿਆਂ ਦੇ ਖਤਰਨਾਕ ਹੋਣ ਜਾਂ ਉਨ੍ਹਾਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਸੁਪਰੀਮ ਕੋਰਟ ਤੱਕ ਪਹੁੰਚ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਬਾਘਾਂ ਤੇ ਤੇਂਦੂਏ ਦੀ ਰੱਖਿਆ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਮੁੱਖ ਸਵਾਲ ਹੈ ਕਿ, ਕੀ ਕੀਤਾ ਜਾਵੇ? ਦੇਸ਼ ਵਿਚ ਸੁੰਗੜਦੇ ਜੰਗਲੀ ਖੇਤਰਾਂ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ। ਇਸ ਸਦੀ ਦੌਰਾਨ 25,000 ਤੋਂ 28,000 ਵਰਗ ਕਿਲੋਮੀਟਰ ਜੰਗਲੀ ਜ਼ਮੀਨ ਖਤਮ ਹੋਣ ਨਾਲ ਕੁਦਰਤੀ ਤੌਰ 'ਤੇ ਜੰਗਲੀ ਜੀਵਾਂ- ਨੀਲ ਗਾਂ, ਹਿਰਨ, ਜੰਗਲੀ ਸੂਰ, ਭੇੜੀਆ, ਲੂੰਬੜੀ ਆਦਿ ਦੀ ਆਬਾਦੀ ਵਿਚ ਬਹੁਤ ਗਿਰਾਵਟ ਆਈ ਹੈ, ਜੋ ਬਾਘਾਂ ਤੇ ਤੇਂਦੂਏ ਦਾ ਭੋਜਨ ਹਨ। ਜੰਗਲਾਂ ਵਿਚ ਹਰੇ ਘਾਹ ਦੇ ਮੈਦਾਨਾਂ ਜਾਂ ਚਰਾਗਾਹਾਂ ਦੀ ਘਾਟ ਨਾਲ ਕੁਦਰਤੀ ਜੰਗਲੀ ਜੀਵਾਂ ਦਾ ਪ੍ਰਜਣਨ ਵੀ ਘਟਦਾ ਜਾ ਰਿਹਾ ਹੈ। ਦੇਸ਼ ਦੇ ਜੰਗਲੀ ਜੀਵ ਰੱਖਾਂ ਵਿਚ ਸਫਾਰੀ ਦੌਰਾਨ ਅਕਸਰ ਦੇਖੇ ਜਾਣ ਵਾਲੇ ਜੰਗਲੀ ਜਾਨਵਰਾਂ ਦੇ ਹੁਣ ਦਿਖਾਈ ਦੇਣ 'ਤੇ ਵੀ ਖ਼ਬਰ ਬਣਦੀ ਹੈ।
ਦਰਅਸਲ ਬਾਘ ਤੇ ਤੇਂਦੂਏ ਸਿਰਫ਼ ਵੀ.ਆਈ.ਪੀ. ਲੋਕਾਂ ਦੇ ਆਉਣ ਦੌਰਾਨ ਹੀ ਕਿਉਂ ਦਿਖਾਈ ਦਿੰਦੇ ਹਨ, ਜਦ ਕਿ ਆਮ ਲੋਕ ਤਾਂ ਜੰਗਲੀ ਸੂਰਾਂ, ਮੋਰਾਂ ਜਾਂ ਹਿਰਨਾਂ ਨੂੰ ਦੇਖ ਕੇ ਹੀ ਖੁਸ਼ ਹੋ ਜਾਂਦੇ ਹਨ। ਇਹ ਵੱਡੀਆਂ ਬਿੱਲੀਆਂ ਸ਼ਾਕਾਹਾਰੀ ਜਾਨਵਰਾਂ ਦੇ ਨਿਵਾਸ ਸਥਾਨਾਂ ਦੀ ਘਾਟ ਕਾਰਨ ਭੋਜਨ ਤੋਂ ਵਾਂਝੀਆਂ ਹੋਣ ਕਰਕੇ ਸ਼ਹਿਰਾਂ ਵੱਲ ਆ ਰਹੀਆਂ ਹਨ। ਮਾਹਿਰ ਉਨ੍ਹਾਂ ਨੂੰ ਸ਼ਹਿਰੀ ਅਤੇ ਪੇਂਡੂ ਆਬਾਦੀ ਵਿਚ ਸ਼੍ਰੇਣੀਬੱਧ ਕਰ ਦਿੰਦੇ ਹਨ। ਸ਼ਹਿਰਾਂ ਦੇ ਨੇੜੇ ਆਪਣਾ ਨਿਵਾਸ ਸਥਾਨ ਬਣਾਉਣ ਵਾਲੇ ਬਾਘ ਮਨੁੱਖਾਂ ਨਾਲ ਆਪਸੀ ਤਾਲਮੇਲ ਦੇ ਆਦੀ ਹੋ ਰਹੇ ਹਨ। ਪਰ ਜਦੋਂ ਇਨ੍ਹਾਂ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ ਤਾਂ ਉਹ ਆਪਣੇ ਆਪ ਨੂੰ ਬਚਾਉਣ ਲਈ ਹਮਲਾ ਕਰਦੇ ਹਨ। ਪਰ ਉਨ੍ਹਾਂ ਨੂੰ ਫੜ ਕੇ ਜੰਗਲ ਵਿਚ ਛੱਡਣਾ ਵੀ ਇਕ ਸਮੱਸਿਆ ਹੈ ਕਿਉਂਕਿ ਜਦੋਂ ਇਕ ਵਾਰ ਕੋਈ ਬਾਘ ਜਾਂ ਇਸ ਦੀ ਪ੍ਰਜਾਤੀ ਦਾ ਕੋਈ ਮੈਂਬਰ ਆਪਣਾ ਖੇਤਰ ਛੱਡਣ ਬਾਅਦ ਮੁੜ ਉੱਥੇ ਪਰਤਦਾ ਹੈ ਤਾਂ ਉਸ ਦੀ ਪਛਾਣ ਹੀ ਕਰਨੀ ਔਖੀ ਹੋ ਜਾਂਦੀ ਹੈ। ਜਦੋਂ ਕਿਤੇ ਉਨ੍ਹਾਂ ਦਾ ਆਪਣੇ ਪਰਿਵਾਰ ਨਾਲ ਮੇਲ ਹੁੰਦਾ ਹੈ ਤਾਂ ਜੀਨ ਪੂਲ ਦੀ ਸਮੱਸਿਆ ਮੁੜ ਪੈਦਾ ਹੋ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਹਰ ਸਾਲ, ਜੰਗਲੀ ਜੀਵ ਸਥਾਨਾਂ ਦੀ ਰੱਖਿਆ ਲਈ ਪੁਨਰਵਾਸ ਯੋਜਨਾ ਤਹਿਤ ਘੱਟੋ-ਘੱਟ 200 ਪਿੰਡ ਸ਼ਾਮਿਲ ਕੀਤੇ ਜਾਂਦੇ ਹਨ। ਇਹ ਉਹੀ ਪਿੰਡ ਹੁੰਦੇ ਹਨ, ਜਿਨ੍ਹਾਂ ਕਦੇ ਜਾਨਵਰਾਂ ਤੇ ਮਨੁੱਖਾਂ ਵਿਚਕਾਰ ਕੁਦਰਤੀ ਸਹਿਜੀਵਤਾ ਦੇਖੀ ਹੁੰਦੀ ਹੈ। ਸਮਝ ਸਕਦੇ ਹੋ ਕਿ ਕਿਸ ਦਾ ਭੋਜਨ ਹੈ ਅਤੇ ਕਿਸ ਨੂੰ ਵਸਾਇਆ ਜਾ ਰਿਹਾ ਹੈ, ਭਾਵੇਂ ਗ੍ਰੀਨ ਕਾਰੀਡੋਰਾਂ ਲਈ ਜੰਗਲ ਦੀ ਜ਼ਮੀਨ ਦਾ ਵਿਸਤਾਰ ਹੋਵੇ ਜਾਂ ਹਾਈਵੇਅ ਲਈ ਜੰਗਲਾਂ 'ਤੇ ਕਬਜ਼ਾ ਹੋਵੇ ਜਾਂ ਮਨੁੱਖੀ ਪ੍ਰਦੂਸ਼ਣ ਹੋਵੇ। ਬਾਘ, ਤੇਂਦੂਏ ਤੇ ਚੀਤੇ ਵੀ ਉਨ੍ਹਾਂ ਹੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜੋ ਸ਼ਹਿਰਾਂ ਵਿਚ ਸਦੀਆਂ ਤੋਂ ਮਨੁੱਖਾਂ ਦੇ ਸਾਥੀ ਬਣ ਕੇ ਰਹਿਣ ਵਾਲੇ ਕੁੱਤਿਆਂ ਦੇ ਕਾਰਨ ਪੈਦਾ ਹੋ ਰਹੀ ਹੈ। ਜੰਗਲੀ ਜੀਵਾਂ ਦੇ ਜੰਗਲਾਂ ਵਿਚ ਜਾਣ ਲਈ ਹਾਈਵੇਅ 'ਤੇ ਪੁਲ ਤਾਂ ਬਣ ਜਾਣਗੇ, ਇਕ ਮੁੱਖ ਖੇਤਰ ਤੋਂ ਦੂਸਰੇ ਵਿਚ ਭੋਜਨ ਲਈ ਸ਼ਾਕਾਹਾਰੀ ਜਾਨਵਰਾਂ ਨੂੰ ਲਿਆਂਦਾ ਜਾ ਸਕਦਾ ਹੈ ਅਤੇ ਉਜਾੜੇ ਗਏ ਲੋਕਾਂ ਨੂੰ ਵੀ ਨਵੀਂ ਜ਼ਮੀਨ ਮਿਲ ਜਾਵੇਗੀ। ਪਰ ਕਿਤੇ ਅਜਿਹਾ ਨਾ ਹੋਵੇ ਕਿ ਜੀਨ ਪੂਲ ਦੇ ਕਾਰਨ ਵਿਜ਼ਨ 2047 ਨੂੰ ਵੱਡੀ ਬਿੱਲੀ ਪ੍ਰਜਾਤੀਆਂ (ਸ਼ੇਰ, ਚੀਤੇ, ਬਾਘ ਤੇ ਤੇਂਦੂਏ) ਲਈ ਇਕ ਨਵੇਂ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੀ ਲੋੜ ਪੈ ਜਾਵੇ ਅਤੇ ਉਸ ਨੂੰ ਨਾਂਅ ਮਿਲ ਜਾਵੇ ਟਾਈਗਰ ਪ੍ਰਾਜੈਕਟ ਜੀਨ ਪੂਲ× ? ਹਾਂ ਇਸ ਸਭ ਤੋਂ ਬਚਣ ਲਈ ਇਕ ਤਰੀਕਾ ਇਹ ਹੈ ਕਿ ਬਾਘਾਂ ਦੀਆਂ ਗ਼ੈਰ-ਕੁਦਰਤੀ ਮੌਤਾਂ ਨੂੰ ਰੋਕਣ ਦੇ ਨਾਲ ਹੀ ਉਨ੍ਹਾਂ ਲਈ ਸ਼ਾਕਾਹਾਰੀ ਜੰਗਲਾਂ ਦਾ ਵਿਸਤਾਰ ਕਰਕੇ 'ਜੀਨ ਪੂਲ' ਲਈ ਟ੍ਰੈਪਿੰਗ ਜਾਨਵਰਾਂ ਦੇ ਪੁਨਰਵਾਸ ਲਈ ਕੋਈ ਢੁੱਕਵੀਂ ਯੋਜਨਾ ਬਣਾਈ ਜਾਵੇ।
(ਲੇਖਕ ਰਾਜਸਥਾਨ-ਆਧਾਰਿਤ ਪ੍ਰਕਾਸ਼ਨ ਨਵਜਯੋਤੀ ਦਾ ਸਾਬਕਾ ਸਾਹਿਤਕ ਸੰਪਾਦਕ ਹੈ।) -ਇਮੇਜ ਰਿਫਲੈਕਸ਼ਨ ਸੈਂਟਰ

Ad Position 22
No active advertisement
ਪਿਛਲੀ ਖ਼ਬਰ ਜਿਓ ਦਿਖਿਓ, ਤਿਓ ਲਿਖਿਓ ਅਗਲੀ ਖ਼ਬਰ ਉੱਘੀਆਂ ਪੁਲਾੜ ਖੋਜ ਏਜੰਸੀਆਂ ਦੀ ਇਕ ਝਲਕ
Ad Position 24