ਜਿਵੇਂ ਕੁਦਰਤ ਨੇ ਜੀਵਾਂ ਵਿਚ ਬਹੁਤ ਸਾਰੀਆਂ ਜਾਤੀਆਂ ਬਣਾਈਆਂ ਹਨ ਤੇ ਉਨ੍ਹਾਂ ਨੂੰ ਵਿਲੱਖਣ ਦਿੱਖ ਤੇ ਵਿਲੱਖਣ ਗੁਣ ਦਿੱਤੇ ਹਨ। ਇਸੇ ਤਰ੍ਹਾਂ ਕੁਦਰਤ ਨੇ ਬਨਸਪਤੀ ਵਿਚ ਵੀ ਹਰ ਕਿਸਮ ਦੇ ਪੌਦੇ ਨੂੰ ਵੱਖ-ਵੱਖ ਰੂਪ ਦਿੱਤੇ ਹਨ ਤੇ ਉਨ੍ਹਾਂ ਵਿਚ ਵੱਖ-ਵੱਖ ਜਾਤੀਆਂ ਬਣਾਈਆਂ ਹਨ। ਜਿਵੇਂ ਅੰਬ ਕਈ ਕਿਸਮ ਦੇ ਹੁੰਦੇ ਹਨ, ਅਮਰੂਦ ਕਈ ਕਿਸਮ ਦੇ ਹੁੰਦੇ ਹਨ। ਇਸੇ ਤਰ੍ਹਾਂ ਫੁੱਲਾਂ ਵਿਚ ਵੀ ਕੁਦਰਤ ਨੇ ਇਕ ਜਾਤੀ ਬਣਾਈ ਹੈ, ਜਿਸ ਨੂੰ ਔਰਕਟਡ ਕਹਿੰਦੇ ਹਨ। ਇਹ ਉਹ ਜਾਤੀ ਹੈ ਜੋ ਆਪਣੇ ਫੁੱਲਾਂ ਨੂੰ ਇਕ ਗੁਲਦਸਤੇ ਦੇ ਰੂਪ ਵਿਚ ਹੀ ਪੈਦਾ ਕਰਦੀ ਹੈ। ਇਹ ਫੁੱਲ ਬਹੁਤ ਕਮਾਲ ਦੇ ਹੁੰਦੇ ਹਨ। ਤਕਰੀਬਨ ਹਰ ਗੁੱਛੇ ਵਿਚ ਜੋ ਫੁੱਲ ਹਨ, ਉਹ ਕਿਸੇ ਨਾ ਕਿਸੇ ਜੀਵ ਦੀ ਸ਼ਕਲ ਧਾਰਨ ਕਰਦੇ ਹਨ। ਇਸ ਤੋਂ ਇਲਾਵਾ ਇਹ ਤਿੰਨ ਮਹੀਨੇ ਤੱਕ ਤਾਜ਼ਾ ਰਹਿ ਸਕਦੇ ਹਨ। ਇਹ ਬੇਸ਼ੁਮਾਰ ਰੰਗਾਂ ਵਿਚ ਮਿਲਦੇ ਹਨ ਪਰ ਬਹੁਤੇ ਫੁੱਲਾਂ ਵਿਚ ਬੀਜ ਨਹੀਂ ਪੈਦਾ ਹੁੰਦੇ। ਇਹ ਪੌਦੇ ਦੇ ਕਣਾਂ ਤੋਂ ਹੀ ਅੱਗੇ ਵਧਾਏ ਜਾਂਦੇ ਹਨ, ਜਿਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸੇ ਲਈ ਸ਼ਾਇਦ ਇਨ੍ਹਾਂ ਦੀ ਖੇਤੀ ਭਾਰਤ ਵਿਚ ਨਹੀਂ ਕੀਤੀ ਜਾਂਦੀ। ਇਹ ਬਹੁਤ ਹੀ ਫ਼ਾਇਦੇ ਵਾਲੇ ਤੇ ਚੰਗੀ ਆਮਦਨ ਦੇਣ ਵਾਲੇ ਫੁੱਲ ਹੁੰਦੇ ਹਨ। ਜੇਕਰ ਇਨ੍ਹਾਂ ਦੀ ਖੇਤੀ ਪੰਜਾਬ ਜਾਂ ਭਾਰਤ 'ਚ ਕੀਤੀ ਜਾਵੇ ਤਾਂ ਕਿਸਾਨਾਂ ਜਾਂ ਫੁੱਲਾਂ ਦੇ ਸ਼ੌਕੀਨਾਂ ਨੂੰ ਕਾਫ਼ੀ ਚੰਗੀ ਆਮਦਨ ਹੋ ਸਕਦੀ ਹੈ। ਇਨ੍ਹਾਂ ਫੁੱਲਾਂ ਦੀ ਇਕ ਹੋਰ ਖ਼ਾਸੀਅਤ ਹੈ ਕਿ ਇਹ ਫੁੱਲਾਂ ਦੀਆਂ ਲੱਗਣ ਵਾਲੀਆਂ ਨੁਮਾਇਸ਼ਾਂ ਵਿਚ ਹਮੇਸ਼ਾ ਮੋਹਰੀ ਰਹਿੰਦੇ ਹਨ। ਪਿੱਛੇ ਜਿਹੇ ਆਸਟ੍ਰੇਲੀਆ ਦੇ ਇਕ ਸ਼ਹਿਰ ਜੋ ਪੰਜਾਬੀ ਵਸੋਂ ਵਾਸਤੇ ਮਸ਼ਹੂਰ ਹੈ, ਉੱਥੇ ਇਨ੍ਹਾਂ ਦੀ ਨੁਮਾਇਸ਼ ਦਰਜਨਾਂ ਥਾਵਾਂ ਤੋਂ ਫੁੱਲਾਂ ਦੇ ਪ੍ਰੇਮੀਆਂ ਨੇ ਆ ਕੇ ਲਗਾਈ। ਪਰ ਉਸ ਨੁਮਾਇਸ਼ ਵਿਚ ਕੋਈ ਵੀ ਪੰਜਾਬੀ ਇਨ੍ਹਾਂ ਨੂੰ ਦੇਖਣ ਨਾ ਆਇਆ। ਪੰਜਾਬ ਵਿਚ ਵੀ ਇਨ੍ਹਾਂ ਫੁੱਲਾਂ 'ਤੇ ਕੰਮ ਕੀਤੇ ਜਾਣ ਦੀ ਲੋੜ ਹੈ।
-ਮੋਬਾ: 9815945018
janmeja@gmail.com