ਨਵੇਂ ਬਾਗ ਲਾਉਣ ਤੋਂ ਕੁਝ ਸਾਲਾਂ ਤੱਕ ਮੁਨਾਫ਼ੇ ਦੀ ਉਮੀਦ ਨਹੀਂ ਹੁੰਦੀ ਪਰ ਇਨ੍ਹਾਂ ਸਾਲਾਂ ਦੌਰਾਨ ਬਾਗਾਂ ਵਿਚਕਾਰ ਖਾਲੀ ਥਾਂ 'ਤੇ ਕਈ ਕਿਸਮ ਦੀਆਂ ਅੰਤਰ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਅਤੇ ਅਜਿਹਾ ਕਰਨ ਨਾਲ ਚੰਗੀ ਆਮਦਨ ਵੀ ਹੋ ਸਕਦੀ ਹੈ। ਜਿਹੜੀਆਂ ਫ਼ਸਲਾਂ ਦੀ ਕਾਸ਼ਤ ਬਾਗ ਵਿਚ ਮੁੱਖ ਫਲਦਾਰ ਬੂਟਿਆਂ ਦੇ ਨਾਲ ਨਾਲ ਕੀਤੀ ਜਾਵੇ, ਉਨ੍ਹਾਂ ਨੂੰ ਅੰਤਰ ਫ਼ਸਲਾਂ ਕਿਹਾ ਜਾਂਦਾ ਹੈ। ਅੰਤਰ ਫ਼ਸਲਾਂ ਨੂੰ ਇਕ ਨਿਸਚਿਤ ਸਮੇਂ ਤੱਕ ਹੀ ਬਾਗ ਵਿਚ ਉਗਾਇਆ ਜਾ ਸਕਦਾ ਹੈ, ਜਿਸ ਤੋਂ ਬਾਅਦ ਇਹ ਫਲਦਾਰ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਲੱਗ ਪੈਂਦੀਆਂ ਹਨ। ਅੰਤਰ ਫ਼ਸਲਾਂ ਆਮ ਤੌਰ 'ਤੇ ਬਾਗ ਦੇ ਫਲ ਦੇਣ ਤੋਂ ਪਹਿਲਾਂ ਵਾਲੇ ਸਮੇਂ ਉਗਾਈਆਂ ਜਾਂਦੀਆਂ ਹਨ। ਬਾਗ ਵਿਚ ਅੰਤਰ ਫ਼ਸਲਾਂ ਨੂੰ ਕਿੰਨੇ ਸਮੇਂ ਤੱਕ ਉਗਾਇਆ ਜਾਵੇ, ਇਹ ਬਾਗ ਵਿਚ ਲੱਗੇ ਬੂਟਿਆਂ ਦੀ ਕਿਸਮ ਤੇ ਉਨ੍ਹਾਂ ਦੀ ਉਮਰ 'ਤੇ ਨਿਰਭਰ ਕਰਦਾ ਹੈ। ਜੋ ਬਾਗ ਵੱਡੇ ਸ਼ਹਿਰਾਂ ਦੇ ਨਜ਼ਦੀਕ ਹਨ, ਜਿੱਥੇ ਮੰਡੀਕਰਨ ਤੇ ਪ੍ਰੋਸੈਸਿੰਗ ਦੀਆਂ ਆਧੁਨਿਕ ਸੁਵਿਧਾਵਾਂ ਹਨ, ਉੱਥੇ ਵੱਧ ਮੁੱਲ ਦੇਣ ਵਾਲੀਆਂ ਮਹਿੰਗੀਆਂ ਸਬਜ਼ੀਆਂ ਦੀ ਕਾਸ਼ਤ ਬਾਗਬਾਨ ਨੂੰ ਜ਼ਿਆਦਾ ਮੁਨਾਫ਼ਾ ਦਿੰਦੀ ਹੈ।
ਅੰਤਰ ਫ਼ਸਲਾਂ ਉਗਾਉਣ ਦਾ ਸਮਾਂ ਤੇ ਚੋਣ
ਅੰਤਰ ਫ਼ਸਲਾਂ ਨੂੰ ਇਕ ਨਿਸਚਿਤ ਸਮੇਂ ਤੱਕ ਹੀ ਬਾਗ ਵਿਚ ਉਗਾਇਆ ਜਾ ਸਕਦਾ ਹੈ, ਜਿਸ ਤੋਂ ਬਾਅਦ ਇਹ ਫਲਦਾਰ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਲੱਗ ਪੈਂਦੀਆਂ ਹਨ। ਅੰਤਰ ਫ਼ਸਲਾਂ ਆਮ ਤੌਰ 'ਤੇ ਬਾਗ ਦੇ ਫਲ ਦੇਣ ਤੋਂ ਪਹਿਲਾਂ ਵਾਲੇ ਸਮੇਂ ਉਗਾਈਆਂ ਜਾਂਦੀਆਂ ਹਨ। ਇਨ੍ਹਾਂ ਫ਼ਸਲਾਂ ਦੀ ਕਾਸ਼ਤ ਦਾ ਮੁੱਖ ਉਦੇਸ਼ ਆਮਦਨ ਵਿਚ ਵਾਧਾ ਕਰਨਾ ਹੀ ਨਹੀਂ, ਸਗੋਂ ਬਾਗ ਨੂੰ ਨਦੀਨਾਂ ਦੇ ਨੁਕਸਾਨ ਤੋਂ ਬਚਾਉਣਾ ਤੇ ਬਾਗ ਦੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣਾ ਵੀ ਹੁੰਦਾ ਹੈ। ਬਾਗਾਂ ਵਿਚ ਜੜ੍ਹੀ-ਬੂਟੀਆਂ ਤੇ ਉਨ੍ਹਾਂ ਰਾਹੀਂ ਹੋਣ ਵਾਲਾ ਨੁਕਸਾਨ ਜਾਂ ਕਿਸੇ ਤਰ੍ਹਾਂ ਮਿੱਟੀ ਦਾ ਰੁੜ੍ਹ ਜਾਣਾ, ਉਸ ਵਿਚਲੇ ਤੱਤਾਂ ਦਾ ਥੱਲੇ ਚਲੇ ਜਾਣਾ ਆਦਿ ਦੇ ਨੁਕਸਾਨ ਨੂੰ ਵੀ ਅੰਤਰ ਫ਼ਸਲ ਲਗਾ ਕੇ ਰੋਕਿਆ ਜਾ ਸਕਦਾ ਹੈ। ਇਲਾਕੇ ਦਾ ਜਲਵਾਯੂ ਅਤੇ ਪੌਣ-ਪਾਣੀ ਅੰਤਰ ਫ਼ਸਲ ਦੀ ਚੋਣ ਲਈ ਮੁੱਖ ਭੂਮਿਕਾ ਨਿਭਉਂਦੇ ਹਨ। ਗਲਤ ਅੰਤਰ ਫ਼ਸਲ ਦੀ ਚੋਣ ਫਲਦਾਰ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸਬਜ਼ੀਆਂ ਦੀ ਬਾਗ ਵਿਚ ਕਾਸ਼ਤ ਕਰਕੇ ਆਮਦਨ ਦੇ ਨਾਲ-ਨਾਲ ਤਾਜ਼ੀਆਂ ਅਤੇ ਪੌਸ਼ਟਿਕ ਸਬਜ਼ੀਆਂ ਦਾ ਅਨੰਦ ਵੀ ਮਾਣਿਆ ਜਾ ਸਕਦਾ ਹੈ। ਜੋ ਬਾਗ ਵੱਡੇ ਸ਼ਹਿਰਾਂ ਦੇ ਨਜ਼ਦੀਕ ਹਨ, ਜਿੱਥੇ ਮੰਡੀਕਰਨ ਅਤੇ ਪ੍ਰੋਸੈਸਿੰਗ ਦੀਆਂ ਆਧੁਨਿਕ ਸੁਵਿਧਾਵਾਂ ਹਨ, ਉੱਥੇ ਵੱਧ ਮੁੱਲ ਦੇਣ ਵਾਲੀਆਂ ਮਹਿੰਗੀਆਂ ਸਬਜ਼ੀਆਂ ਦੀ ਕਾਸ਼ਤ ਬਾਗਬਾਨ ਨੂੰ ਜ਼ਿਆਦਾ ਮੁਨਾਫ਼ਾ ਦਿੰਦੀ ਹੈ। ਅੰਤਰ ਫ਼ਸਲਾਂ ਦੀ ਕਾਸ਼ਤ ਸਮੇਂ ਮਜ਼ਦੂਰਾਂ ਦੀ ਉਪਲਭਤਤਾ ਅਤੇ ਢੋਆ-ਢੁਆਈ ਦੀਆਂ ਸੁਵਿਧਾਵਾਂ ਦਾ ਖ਼ਾਸ ਖਿਆਲ ਰੱਖਿਆ ਜਾਵੇ ਤਾਂ ਕਿ ਉਪਜ ਨੂੰ ਸਮੇਂ ਸਿਰ ਤੁੜਾਈ ਬਾਅਦ ਆਪਣੀ ਮੰਜ਼ਿਲ 'ਤੇ ਪਹੁੰਚਾਇਆ ਜਾਵੇ।
ਅੰਤਰ ਫ਼ਸਲਾਂ ਦੇ ਲਾਭ
ਅੰਤਰ ਫ਼ਸਲਾਂ ਨੂੰ ਬਾਗਾਂ ਵਿਚ ਉਗਾਉਣ ਦੇ ਇਹ ਲਾਭ ਹੁੰਦੇ ਹਨ:-ਵਧੇਰੇ ਆਨਦਾਨ-ਬਾਗ ਲਗਾਉਣ ਵੇਲੇ ਫਲਦਾਰ ਬੂਟੇ ਛੋਟੇ ਹੋਣ ਕਾਰਨ ਬੂਟੇ ਦੀਆਂ ਕਤਾਰਾਂ ਵਿਚਕਾਰ ਬਹੁਤ ਜਗ੍ਹਾ ਖਾਲੀ ਪਈ ਰਹਿ ਜਾਂਦੀ ਹੈ ਅਤੇ ਬੂਟਿਆਂ ਨੂੰ ਫਲ ਲਗਣ ਤੱਕ ਬਾਗਬਾਨਾਂ ਨੂੰ ਜ਼ਮੀਨ 'ਚੋਂ ਕੋਈ ਆਮਦਨ ਨਹੀਂ ਹੁੰਦੀ। ਇਸ ਸਮੇਂ ਦੌਰਾਨ ਕਿਸਾਨ ਬਾਗ ਵਿਚ ਅੰਤਰ ਫ਼ਸਲਾਂ ਤੋਂ ਆਮਦਨ ਪ੍ਰਾਪਤ ਕਰ ਕੇ ਆਪਣੇ ਘਰ ਦਾ ਖ਼ਰਚ ਚਲਾ ਸਕਦੇ ਹਨ।
ਮਿੱਟੀ ਬੰਨ੍ਹ ਕੇ ਰੱਖਣਾ: ਜੇਕਰ ਬਾਗ ਵਿਚ ਅੰਤਰ ਫ਼ਸਲਾਂ ਲੱਗੀਆਂ ਹੋਣ ਤਾਂ ਇਹ ਮਿੱਟੀ ਨੂੰ ਬੰਨ੍ਹ ਕੇ ਰੱਖਦੀਆਂ ਹਨ ਅਤੇ ਮਿੱਟੀ ਰੁੜ੍ਹਨ ਤੋਂ ਬਚਾਉਂਦੀਆਂ ਹਨ। ਜਿਹੜੇ ਇਲਾਕੇ ਦੀ ਭੂਮੀ ਉੱਚੀ-ਨੀਂਵੀ ਹੋਵੇ, ਉੱਥੇ ਮੀਂਹ ਦੇ ਪਾਣੀ ਨਾਲ ਮਿੱਟੀ ਰੁੜ੍ਹਨ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਹੈ, ਜਿਸ ਨਾਲ ਜ਼ਮੀਨ ਵਿਚਲੇ ਖ਼ੁਰਾਕੀ ਤੱਤ ਵੀ ਰੁੜ੍ਹ ਜਾਂਦੇ ਹਨ।
ਭੂਮੀ ਦੀ ਉਪਜਾਊ ਸ਼ਕਤੀ: ਫਲੀਦਾਰ ਅੰਤਰ ਫ਼ਸਲਾਂ ਜਿਵੇਂ ਮੂੰਗੀ, ਮਾਂਹ, ਛੋਲੇ, ਮਟਰ ਅਤੇ ਸੇਂਜੀ ਬਾਗ ਦੀ ਭੂਮੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੀਆਂ ਹਨ। ਇਨ੍ਹਾਂ ਫ਼ਸਲਾਂ ਤੋਂ ਡਿਗਣ ਵਾਲੇ ਪੱਤਿਆਂ ਨਾਲ ਵੀ ਭੂਮੀ ਦੀ ਉਪਜਾਊ ਸ਼ਕਤੀ ਵਧਦੀ ਹੈ। ਇਨ੍ਹਾਂ ਫਲੀਦਾਰ ਫ਼ਸਲਾਂ ਦੀਆਂ ਜੜ੍ਹਾਂ ਵਿਚ ਇਕ ਖ਼ਾਸ ਕਿਸਮ ਦੀਆਂ ਗੰਢਾਂ ਹੁੰਦੀਆਂ ਹਨ, ਜੋ ਹਵਾ 'ਚੋਂ ਨਾਈਟ੍ਰੋਜਨ ਪ੍ਰਾਪਤ ਕਰਕੇ ਜ਼ਮੀਨ ਵਿਚ ਛੱਡਦੀਆਂ ਹਨ।
ਪਾਣੀ-ਖਾਦਾਂ ਦਾ ਸਹੀ ਉਪਯੋਗ: ਜਦ ਬੂਟੇ ਛੋਟੇ ਹੁੰਦੇ ਹਨ ਤਾਂ ਸਿੰਚਾਈ ਵਾਲੇ ਪਾਣੀ ਅਤੇ ਪਾਈਆਂ ਹੋਈਆਂ ਖਾਦਾਂ ਦੀ ਪੂਰੀ ਵਰਤੋਂ ਨਹੀਂ ਕਰ ਸਕਦੇ। ਅਜਿਹੇ ਬੂਟਿਆਂ ਦੀਆਂ ਜੜ੍ਹਾਂ ਪਾਣੀ ਤੇ ਖਾਦਾਂ ਦਾ ਕੁਝ ਭਾਗ ਹੀ ਪ੍ਰਾਪਤ ਕਰ ਸਕਦੀਆਂ ਹਨ। ਅਜਿਹੀ ਅਵਸਥਾ ਵਿਚ ਬਾਕੀ ਦਾ ਹਿੱਸਾ ਵਿਆਰਥ ਚਲਾ ਜਾਂਦਾ ਹੈ। ਜੇਕਰ ਅੰਤਰ ਫਸਲਾਂ ਬਾਗ ਵਿਚ ਲਗਾਈਆਂ ਹੋਣ ਤਾਂ ਇਹ ਵਿਆਰਥ ਹਿੱਸਾ ਉਨ੍ਹਾਂ ਦੇ ਕੰਮ ਆ ਜਾਂਦਾ ਹੈ। ਸੋ ਅੰਤਰ ਫ਼ਸਲਾਂ ਦੀ ਕਾਸ਼ਤ ਨਾਲ ਪਾਣੀ ਤੇ ਖਾਦਾਂ ਦਾ ਸਹੀ ਉਪਯੋਗ ਕੀਤਾ ਜਾ ਸਕਦਾ ਹੈ।
ਨਦੀਨਾਂ ਦੀ ਰੋਕਥਾਮ: ਬਾਗਾਂ ਵਿਚ ਨਦੀਨਾਂ ਦੀ ਬਹੁਤ ਵੱਡੀ ਸੱਮਸਿਆ ਆਉਂਦੀ ਹੈ। ਇਹ ਨਦੀਨ ਭੂਮੀ 'ਚੋਂ ਜ਼ਰੂਰੀ ਖੁਰਾਕੀ ਤੱਤ ਖਿੱਚਦੇ ਹਨ। ਇਸ ਤੋਂ ਇਲਾਵਾ ਇਹ ਕਈ ਪ੍ਰਕਾਰ ਦੇ ਕੀੜਿਆਂ ਤੇ ਬਿਮਾਰੀਆਂ ਦੇ ਵਾਧੇ ਲਈ ਜ਼ਿੰਮੇਵਾਰ ਹੁੰਦੇ ਹਨ। ਜੇਕਰ ਬੂਟਿਆਂ ਵਿਚਕਾਰ ਖਾਲੀ ਪਈ ਜਗ੍ਹਾ 'ਤੇ ਕਿਸੇ ਅੰਤਰ ਫ਼ਸਲ ਦੀ ਕਾਸ਼ਤ ਕੀਤੀ ਜਾਵੇ ਤਾਂ ਨਦੀਨਾਂ ਦੀ ਸਮੱਸਿਆ ਤੋਂ ਮੁਕਤੀ ਪਾਈ ਜਾ ਸਕਦੀ ਹੈ।
ਧਿਆਨ ਰੱਖਣ ਯੋਗ ਨੁਕਤੇ
1. ਫ਼ਲਦਾਰ ਬੂਟਿਆਂ ਤੇ ਬੀਜੀਆਂ ਅੰਤਰ ਫ਼ਸਲਾਂ ਦੀ ਵਾਹੀ ਦਾ ਵੱਖ-ਵੱਖ ਪ੍ਰਬੰਧ ਰੱਖੋ। 2. ਫ਼ਲਦਾਰ ਤੇ ਅੰਤਰ ਫ਼ਸਲਾਂ ਦੀ ਸਿੰਚਾਈ ਦਾ ਪ੍ਰਬੰਧ ਵੱਖਰਾ-ਵੱਖਰਾ ਹੋਣਾ ਚਾਹੀਦਾ ਹੈ ਤਾਂ ਜੋ ਲੋੜ ਅਨੁਸਾਰ ਵੱਖ-ਵੱਖ ਸਮੇਂ 'ਤੇ ਪਾਣੀ ਦਿੱਤਾ ਜਾ ਸਕੇ। 3. ਜਿਸ ਅੰਤਰ ਫ਼ਸਲ ਦੀ ਕਾਸ਼ਤ ਕਰਨੀ ਹੋਵੇ, ਉਸ ਨੂੰ ਲੋੜ ਅਨੁਸਾਰ ਵਾਧੂ ਖਾਦ-ਪਾਣੀ ਚਾਹੀਦੀ ਹੈ। 4. ਵੱਧ ਖੁਰਾਕ ਲੈਣ ਵਾਲੀਆਂ ਫ਼ਸਲਾਂ ਜਿਵੇਂ ਕਪਾਹ, ਬਰਸੀਮ ਆਦਿ ਨਾ ਬੀਜੋ ਕਿਉਂਕਿ ਇਹ ਫ਼ਸਲਾਂ ਜ਼ਮੀਨ ਵਿਚਲੇ ਤੱਤ ਵੱਡੀ ਮਿਕਦਾਰ ਵਿਚ ਖਿੱਚ ਲੈਂਦੀਆਂ ਹਨ। 5. ਉੱਚੇ ਕੱਦ ਵਾਲੀਆਂ ਫ਼ਸਲਾਂ ਜਿਵੇਂ ਗੰਨਾ, ਚਰ੍ਹੀ, ਬਾਜਰਾ ਨਹੀਂ ਉਗਾਉਣੀਆਂ ਚਾਹੀਦੀਆਂ ਕਿਉਂਕਿ ਇਹ ਰੌਸ਼ਨੀ ਲੈਣ ਲਈ ਮੁਕਾਬਲਾ ਕਰਦੀਆਂ ਹਨ। 6. ਜ਼ਿਆਦਤਰ ਫ਼ਲੀਦਾਰ ਫ਼ਸਲਾਂ ਅੰਤਰ ਫ਼ਸਲਾਂ ਵਜੋਂ ਲਗਾਉਣੀਆਂ ਚਾਹੀਦੀਆਂ ਹਨ ਕਿਉਂਕਿ ਆਮਦਨ ਤੋਂ ਇਲਾਵਾ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੀਆਂ ਹਨ। 7. ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਲੋੜ ਅਨੁਸਾਰ ਫ਼ਲਦਾਰ ਅਤੇ ਅੰਤਰ ਫ਼ਸਲ 'ਤੇ ਵੱਖ-ਵੱਖ ਕਰਨਾ ਚਾਹੀਦਾ ਹੈ।
-ਪੀ.ਏ.ਯੂ. ਲੁਧਿਆਣਾ, ਫਾਰਮ ਸਲਾਹਕਾਰ, ਸੇਵਾ ਕੇਂਦਰ, ਤਰਨ ਤਾਰਨ