07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਬੇਮੌਸਮੀਆਂ ਸਬਜ਼ੀਆਂ ਦੀ ਕਾਸ਼ਤ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025

ਜੇਕਰ ਸਲਾਦ ਵਿਚ ਖੀਰਾ ਜਾਂ ਤਰ ਨਾ ਹੋਵੇ ਤਾਂ ਸਲਾਦ ਵਧੀਆ ਨਹੀਂ ਲਗਦਾ। ਪਰ ਗਰਮ ਰੁੱਤ ਦੀਆਂ ਫ਼ਸਲਾਂ ਨੂੰ ਠੰਢਾ ਮੌਸਮ ਉੱਗਣ ਨਹੀਂ ਦਿੰਦਾ। ਜੇਕਰ ਇਨ੍ਹਾਂ ਸਬਜ਼ੀਆਂ ਨੂੰ ਪੈਦਾ ਕਰਕੇ ਸਿਆਲ ਵਿਚ ਵੇਚਿਆ ਜਾਵੇ ਤਾਂ ਕਿਸਾਨਾਂ ਨੂੰ ਵਧੀਆ ਮੁੱਲ ਮਿਲ ਸਕਦਾ ਹੈ। ਗਰਮੀ ਰੁੱਤ ਦੀਆਂ ਸਬਜ਼ੀਆਂ ਨੂੰ ਠੰਢ ਦੇ ਮੌਸਮ ਵਿਚ ਪੈਦਾ ਕਰਨ ਦੀ ਵਿਗਿਆਨੀਆਂ ਨੇ ਖੋਜ ਕੀਤੀ ਹੈ, ਜਿਸ ਤਹਿਤ ਕੱਦੂ ਜਾਤੀ ਦੀਆਂ ਸਬਜ਼ੀਆਂ ਸਿਆਲ ਵਿਚ ਪੈਦਾ ਕੀਤੀਆਂ ਜਾ ਸਕਦੀਆ ਹਨ। ਇਸ ਤਕਨੀਕ ਰਾਹੀਂ ਕਿਸਾਨ ਸਰਦੀ ਦੇ ਮੌਸਮ ਵਿਚ ਖੀਰਾ, ਕੱਕੜੀ, ਤਰਬੂਜ਼, ਖਰਬੂਜ਼ਾ, ਟਿੰਡਾ ਆਦਿ ਵਰਗੀਆਂ ਕੁੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹਨ। ਆਮ ਤੌਰ 'ਤੇ ਕਿਸਾਨ ਸਰਦੀਆਂ ਵਿਚ ਕੱਦੂ ਜਾਤੀ ਦੀਆਂ ਵੇਲਾਂ ਨੂੰ ਠੰਢ ਤੋਂ ਬਚਾਉਣ ਲਈ ਖਾਦਾਂ ਤੇ ਪਰਾਲੀ ਬਗੈਰਾ ਦਾ ਪ੍ਰਬੰਧ ਕਰਦੇ ਹਨ, ਜਿਹੜਾ ਜ਼ਿਆਦਾ ਖ਼ਰਚ ਅਤੇ ਮਿਹਨਤ ਵਾਲਾ ਕੰਮ ਹੈ। ਇਹ ਢੰਗ ਜ਼ਿਆਦਾ ਵਧੀਆ ਨਾ ਹੋਣ ਕਰਕੇ ਵੇਲਾਂ ਦਾ ਵਿਕਾਸ ਥੋੜ੍ਹਾ ਹੁੰਦਾ ਹੈ, ਜਿਸ ਕਰਕੇ ਕਿਸਾਨਾਂ ਨੂੰ ਅਗੇਤੀ ਫ਼ਸਲ ਲੈਣ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ। ਖੇਤੀ ਖੋਜਕਾਰਾਂ ਨੇ ਪਲਾਸਟਿਕ ਸੀਟ ਦੇ ਅੰਦਰ ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜਣ ਨੂੰ ਤਰਜੀਹ ਦਿੱਤੀ ਹੈ। ਇਸ ਨੂੰ ਆਮ ਤੌਰ 'ਤੇ ਪੋਲੀਥੀਨ ਹਾਊਸ ਕਿਹਾ ਜਾਂਦਾ ਹੈ। ਅਗੇਤੀਆਂ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਪੋਲੀਥੀਨ ਦੀ ਵਰਤੋਂ ਕਰਨ ਲੱਗੇ ਹੋਏ ਹਨ। ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜਣ ਲਈ ਅੱਧਾ ਫੁੱਟ ਡੂੰਘੀ ਅਤੇ ਦੋ ਫੁੱਟ ਚੌੜੀ ਕਿਆਰੀ ਤਿਆਰ ਕੀਤੀ ਜਾਂਦੀ ਹੈ, ਜਿਸ ਵਿਚ 10 ਤੋਂ ਲੈ ਕੇ 20 ਦਸੰਬਰ ਤੱਕ ਬੀਜ ਬੀਜੇ ਜਾਦੇ ਹਨ। ਬੀਜਾਂ ਨੂੰ ਬੀਜਣ ਤੋਂ ਪਹਿਲਾਂ ਕਿਆਰੀਆਂ ਵਿਚ ਲੋੜੀਂਦੀ ਦੇਸੀ ਖਾਦ ਜ਼ਰੂਰ ਪਾ ਦੇਣੀ ਚਾਹੀਦੀ ਹੈ। ਜੇਕਰ ਪੋਲੀਥੀਨ ਹਾਊਸ ਪੱਕੇ ਤੌਰ 'ਤੇ ਨਾ ਬਣਾਇਆ ਹੋਵੇ ਤਾਂ 6 ਐਮ. ਐਮ. ਦੇ ਸਰੀਏ ਗੋਲ ਮੋੜ ਕੇ ਡੇਢ ਮੀਟਰ ਦੇ ਫਾਸਲੇ 'ਤੇ ਲਾ ਕੇ 40 ਮਾਈਕਰੋਨ ਦੀ ਪਾਰਦਰਸ਼ੀ ਸ਼ੀਟ 'ਤੇ ਪਾ ਦੇਣੀ ਚਾਹੀਦੀ ਹੈ। ਧਿਆਨ ਰੱਖਣ ਯੋਗ ਗੱਲ ਹੈ ਕਿ ਉੱਤਰ ਦਿਸ਼ਾ ਵਾਲੇ ਪਾਸਿਉਂ ਸ਼ੀਟ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਦੱਬ ਦੇਣਾ ਚਾਹੀਦਾ ਹੈ ਅਤੇ ਦੱਖਣ ਵਾਲਾ ਪਾਸਾ ਕੁਝ ਦਿਨ ਬਾਅਦ ਦੱਬ ਦਿਉ। ਜ਼ਿਆਦਾਤਰ ਠੰਢੀਆਂ ਹਵਾਵਾਂ ਉੱਤਰ ਵਾਲੇ ਪਾਸਿਉਂ ਹੀ ਆਉਦੀਆਂ ਹਨ, ਜਿਸ ਕਰਕੇ ਪੋਲੀਥੀਨ ਸ਼ੀਟ ਚੰਗੀ ਤਰ੍ਹਾਂ ਦੱਬ ਦੇਣੀ ਚਾਹੀਦੀ ਹੈ। ਸ਼ੀਟ ਦੇ ਕਿਆਰਿਆਂ 'ਤੇ ਪੈਣ ਨਾਲ ਤਾਪਮਾਨ ਵਧਣ ਕਰਕੇ ਵੇਲਾਂ ਵਿਚ ਵਾਧਾ ਬਹੁਤ ਛੇਤੀ ਹੁੰਦਾ ਹੈ। ਫਰਵਰੀ ਮਹੀਨੇ ਵਿਚ ਮੌਸਮ ਤਬਦੀਲ ਹੋਣ ਕਰਕੇ ਦਿਨ ਸਮੇਂ ਸ਼ੀਟ ਚੁੱਕ ਦੇਣੀ ਚਾਹੀਦੀ ਹੈ ਅਤੇ ਰਾਤ ਨੂੰ ਦੁਬਾਰਾ ਫਿਰ ਪਾ ਦਿਓ। ਇਸ ਢੰਗ ਨਾਲ ਕਿਸਾਨ ਫਰਵਰੀ-ਮਾਰਚ ਦੇ ਮਹੀਨੇ ਕੱਦੂ ਜਾਤੀ ਦੀਆਂ ਅਗੇਤੀਆਂ ਸਬਜ਼ੀਆਂ ਪੈਦਾ ਕਰਕੇ ਵੱਧ ਮੁਨਾਫ਼ਾ ਲੈ ਸਕਦੇ ਹਨ। ਪਲਾਸਟਿਕ ਸ਼ੀਟ ਦੀ ਵਰਤੋਂ ਕਰਨ ਨਾਲ ਗਰਮੀ ਰੁੱਤ ਦੀਆਂ ਸਬਜ਼ੀਆਂ ਖੀਰਾ, ਕੱਕੜੀ ਆਦਿ ਆਮ ਫ਼ਸਲ ਨਾਲੋਂ 45 ਦਿਨ ਪਹਿਲਾਂ ਤਿਆਰ ਹੋ ਜਾਂਦੀਆਂ ਹਨ।

-ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ।
ਮੋਬਾ: 98761-01698

Ad Position 22
No active advertisement
ਪਿਛਲੀ ਖ਼ਬਰ ਬਾਗਾਂ ਵਿਚ ਅੰਤਰ ਫ਼ਸਲਾਂ ਲਗਾਓ-ਵਧੇਰੇ ਮੁਨਾਫ਼ਾ ਕਮਾਓ ਅਗਲੀ ਖ਼ਬਰ ਸੈਫ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ-2025 ਉੱਭਰਦੇ ਅਥਲੀਟਾਂ ਲਈ ਵਰਦਾਨ ਹਨ ਸੈਫ ਖੇਡਾਂ
Ad Position 24