ਦੱਖਣੀ ਏਸ਼ਿਆਈ ਦੇਸ਼ਾਂ ਦੇ ਖਿਡਾਰੀਆਂ ਦੇ ਇਕ ਸਥਾਨ 'ਤੇ ਖੇਡਣ ਨੂੰ ਸੈਫ ਖੇਡਾਂ ਕਿਹਾ ਜਾਂਦਾ ਹੈ। ਇਹ ਖੇਡਾਂ ਸੀਨੀਅਰ ਅਥਲੀਟਾਂ ਲਈ ਮੁਕਾਬਲੇ ਦੀ ਭਾਵਨਾ ਨਾਲ ਖੇਡਦਿਆਂ ਉੱਭਰਦੇ ਅਥਲੀਟਾਂ ਦੇ ਹੌਸਲੇ ਨੂੰ ਚਾਰ ਚੰਨ ਲਾਉਦੀਆਂ ਨਜ਼ਰ ਆਉਂਦੀਆਂ ਹਨ। ਸੈਫ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦੇ ਮੁਕਾਬਲੇ ਝਾਰਖੰਡ ਦੇ ਸ਼ਹਿਰ ਰਾਂਚੀ ਵਿਖੇ ਵਿਰਸਾ ਮੁੰਡਾ ਅਥਲੈਟਿਕਸ ਸਟੇਡੀਅਮ 'ਚ 24 ਤੋਂ 26 ਅਕਤੂਬਰ 2025 ਤੱਕ ਹੋਏ। ਇਸ ਮੁਕਾਬਲੇ 'ਚ 6 ਦੇਸ਼ਾਂ ਦੇ 206 ਤੋਂ ਵੱਧ ਅਥਲੀਟਾਂ ਨੇ 36 ਮੁਕਾਬਲਿਆਂ 'ਚ ਸ਼ਮੂਲੀਅਤ ਕੀਤੀ। ਇਸ ਮੁਕਾਬਲੇ 'ਚ ਭਾਰਤ ਨੇ ਮੇਜ਼ਬਾਨੀ ਕਰਦਿਆਂ 73 ਅਥਲੀਟ, ਭੂਟਾਨ ਨੇ 8, ਬੰਗਲਾਦੇਸ਼ ਨੇ 20, ਮਾਲਦੀਵ ਨੇ 15, ਨਿਪਾਲ ਨੇ 27 ਤੇ ਸ੍ਰੀਲੰਕਾ ਨੇ 63 ਅਥਲੀਟਾਂ ਦੇ ਖੇਡ ਦਲ ਨਾਲ ਜ਼ੋਰ-ਅਜ਼ਮਾਈ ਕੀਤੀ। ਇਸ ਦੌਰਾਨ ਭਾਰਤੀ ਅਥਲੀਟਾਂ ਨੇ 21 ਸੋਨੇ ਦੇ, 21 ਚਾਂਦੀ, 16 ਕਾਂਸੇ ਦੇ ਤੇ ਕੁੱਲ 58 ਤਗਮਿਆਂ ਦੀ ਬਦੌਲਤ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਹ ਪ੍ਰਦਰਸ਼ਨ ਹੁਣ ਤੱਕ ਹੋਈਆਂ 4 ਸੀਨੀਅਰ ਸੈਫ ਅਥਲੈਟਿਕਸ ਚੈਂਪੀਅਨਸ਼ਿਪਾਂ 'ਚੋਂ ਕਾਰਗੁਜ਼ਾਰੀ ਪੱਖੋਂ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ। ਸ੍ਰੀਲੰਕਾ ਨੇ 15 ਸੋਨ, 13 ਚਾਂਦੀ, 12 ਕਾਂਸੇ ਤੇ ਕੁੱਲ 40 ਤਗਮੇ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਨਿਪਾਲ 2 ਚਾਂਦੀ, 1 ਕਾਂਸੇ ਦੇ ਤੇ ਕੁੱਲ 3 ਤਗਮਿਆਂ ਨਾਲ ਤੀਜੇ ਸਥਾਨ 'ਤੇ ਰਿਹਾ। ਸੈਫ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਹੁਣ ਤੱਕ ਚਾਰ ਵਾਰ ਕਰਵਾਈ ਜਾ ਚੁੱਕੀ ਹੈ, ਜਦਕਿ ਭਾਰਤ ਤਿੰਨ ਵਾਰ ਮੇਜ਼ਬਾਨੀ ਕਰ ਚੁੱਕਾ ਹੈ। ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ 1997 'ਚ ਭਾਰਤ ਤੋਂ ਹੋਈ ਸੀ, ਇਸ ਨੂੰ ਇਕ ਵਾਰ 1998 ਵਿਚ ਕਰਾਉਣ ਦਾ ਮੌਕਾ ਸ੍ਰੀਲੰਕਾ ਨੂੰ ਮਿਲਿਆ ਸੀ। ਪਹਿਲਾਂ ਦਸ ਸਾਲ ਬਾਅਦ 2008 'ਚ ਇਹ ਮੁਕਾਬਲਾ ਭਾਰਤ ਦੇ ਸ਼ਹਿਰ ਕੋਚੀ ਵਿਖੇ ਕਰਵਾਇਆ ਗਿਆ ਸੀ ਤੇ ਹੁਣ ਇਹ ਮੁਕਾਬਲਾ 17 ਸਾਲ ਬਆਦ 2025 ਵਿਚ ਭਾਰਤ ਵਾਸੀਆਂ ਨੂੰ ਦੇਖਣ ਨੂੰ ਮਿਲਿਆ ਹੈ। ਜੇਕਰ ਭਾਰਤ ਦੇ ਤਿੰਨ ਦਹਾਕਿਆਂ ਤੋਂ ਤਗਮਿਆਂ ਦੇ ਅੰਕੜਿਆਂ 'ਤੇ ਤਿਰਛੀ ਨਜ਼ਰ ਮਾਰੀ ਜਾਵੇ ਤਾਂ ਅਥਲੈਟਿਕਸ 'ਚ ਅੱਗੇ ਵਧੇ ਜ਼ਰੂਰ ਹਾਂ ਪਰ ਓਨੇ ਨਹੀਂ, ਜਿੰਨੀ ਲੋੜ ਹੈ। ਭਾਰਤ ਨੂੰ ਸੀਨੀਅਰ ਅਥਲੀਟਾਂ ਵੱਲ ਧਿਆਨ ਦੇਣ ਦੀ ਲੋੜ ਹੈ, ਇਨ੍ਹਾਂ ਅਥਲੀਟਾਂ ਨੂੰ ਵੱਖ-ਵੱਖ ਦੇਸ਼ਾਂ 'ਚ ਵਾਤਾਵਰਨ ਨੂੰ ਮੁੱਖ ਰੱਖਦਿਆਂ ਜਪਾਨ ਵਿਖੇ ਹੋਣ ਵਾਲੀਆਂ ਏਸ਼ਿਆਈ ਖੇਡਾਂ-2026 ਦੀ ਤਿਆਰੀ ਲਈ ਭੇਜਿਆ ਜਾਣਾ ਚਾਹੀਦਾ ਹੈ। ਭਾਰਤ ਦੀ ਕਾਰਗੁਜ਼ਾਰੀ ਦਾ ਅਨੁਮਾਨ ਮੌਜੂਦਾ ਤਗਮਾ ਸੂਚੀ ਤੋਂ ਲਾਇਆ ਜਾ ਸਕਦਾ ਹੈ। ਤਗਮਿਆਂ ਵਿਚ ਹੋ ਰਿਹਾ ਵਾਧਾ ਸ਼ੁਭ-ਸ਼ਗਨ ਦੀ ਨਿਸ਼ਾਨੀ ਹੈ। ਜੇਕਰ ਵਿਸ਼ਵ ਪੱਧਰ ਦੇ ਮੁਕਾਬਲਿਆਂ 'ਚੋਂ ਖੇਡਾਂ ਦੇ ਮਹਾਂਕੁੰਭ ਉਲੰਪਿਕ ਦੀ ਗੱਲ ਕਾਰੀਏ ਤਾਂ ਤਗਮਿਆਂ ਦੀ ਦੌੜ 'ਚ ਥੋੜ੍ਹਾ ਪਿੱਛੇ ਨਜ਼ਰ ਆ ਰਹੇ ਹਾਂ। ਸੈਫ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ-2025 ਦੇ ਅੰਕੜੇ ਅਤੇ ਉਲੰਪਿਕ ਦੇ ਅੰਕੜਿਆਂ ਨੂੰ ਘੋਖਣ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਜੇ ਥੋੜ੍ਹਾ ਧਿਆਨ ਦਿੱਤਾ ਜਾਵੇ ਤਾਂ ਸਾਡੇ ਅਥਲੀਟ ਜਪਾਨ ਵਿਖੇ ਹੋਣ ਵਾਲੀਆਂ ਏਸ਼ਿਆਈ ਖੇਡਾਂ-2026 'ਚ ਤਗਮੇ ਪ੍ਰਾਪਤ ਕਰ ਸਕਦੇ ਹਨ। ਉਲੰਪਿਕ 'ਚ ਬਹੁਤ ਹੀ ਘੱਟ ਦੂਰੀ 'ਤੇ ਜੂਝ ਰਹੇ ਅਥਲੀਟਾਂ ਨੂੰ ਸੰਭਾਲਣ ਨਾਲ ਭਾਰਤ ਦੀ ਝੋਲੀ ਤਗਮਿਆਂ ਨਾਲ ਭਰ ਸਕਦੀ ਹੈ। ਜਪਾਨ ਵਿਖੇ ਹੋਣ ਵਾਲੀਆਂ ਏਸ਼ਿਆਈ ਖੇਡਾਂ-2026 ਦੇ ਮਹਾਂਕੁੰਭ ਨੇ ਦਸਤਕ ਦੇ ਦਿੱਤੀ ਹੈ। ਅਸੀਂ ਕਿੰਨੇ ਕੁ ਸੁਚੇਤ ਹਾਂ ਤੇ ਆਉਣ ਵਾਲਾ ਸਮਾਂ ਹੀ ਦੱਸ ਪਾਵੇਗਾ। ਭਾਰਤ ਦਾ ਸੈਫ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ-2025 ਵਿਚ ਕੀਤਾ ਗਿਆ ਪ੍ਰਦਰਸ਼ਨ ਭਵਿੱਖ ਦੇ ਉੱਭਰਦੇ ਅਥਲੀਟਾਂ ਲਈ ਵਰਦਾਨ ਸਾਬਤ ਹੋਵੇਗਾ।
-ਪਿੰਡ+ਡਾਕ-ਬੌਂਦਲੀ, ਤਹਿ-ਸਮਰਾਲਾ (ਲੁਧਿਆਣਾ)।
ਮੋਬਾ: 9876153007