ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਾਹਿਤ ਸਭਾ ਦਿੱਲੀ ਵਲੋਂ ਧਰਮਿੰਦਰ ਦੀ ਇੱਛਾ ਪੂਰਤੀ

Ad Position 21
No active advertisement
ਅਜੀਤ ਡੈਸਕ 07-12-2025

ਫ਼ਿਲਮੀ ਦੁਨੀਆ ਦੇ ਬਾਦਸ਼ਾਹ ਧਰਮਿੰਦਰ ਦੇ ਤੁਰ ਜਾਣ 'ਤੇ ਮੀਡੀਆ ਨੇ ਉਸ ਦੇ ਮਾਨਵੀ ਗੁਣਾਂ ਤੇ ਲੋੜਵੰਦਾਂ ਦੀ ਸਹਾਇਤਾ ਵਾਲੀ ਰੁਚੀ ਉੱਤੇ ਖ਼ੂਬ ਚਾਨਣਾ ਪਾਇਆ ਹੈ। ਉਸ ਦੀ ਸੰਗਤ ਵਿਚ ਫ਼ਿਲਮ ਅਭਿਨੇਤਰੀਆਂ ਦੇ ਅਤਿਅੰਤ ਸੁਰੱਖਿਅਤ ਹੋਣ ਵਾਲੇ ਪੱਖ ਨੂੰ ਉਭਾਰਦਿਆਂ ਉਸ ਨਾਲ ਕੰਮ ਕਰਨ ਵਾਲੀਆਂ ਸਾਧਨਾ, ਸ਼ਰਮੀਲਾ ਟੈਗੋਰ, ਲਤਾ ਮੰਗੇਸ਼ਕਰ, ਸਾਇਰਾ ਬਾਨੋ, ਨੂਤਨ, ਆਸ਼ਾ ਪਾਰੇਖ ਤੇ ਜੀਨਤ ਅਮਾਨ ਹੀ ਨਹੀਂ, ਸੁਰੱਈਆ, ਮੀਨਾ ਕੁਮਾਰੀ ਤੇ ਹੇਮਾ ਮਾਲਿਨੀ ਦੇ ਨਾਂਅ ਵੀ ਚਰਚਾ 'ਚ ਆਏ ਹਨ, ਜਿੱਥੇ ਮੀਨਾ ਕੁਮਾਰੀ ਦੀ ਸਾਂਝ 'ਚ ਕਦੇ-ਕਦਾਈਂ ਦੋਹਾਂ ਦੇ ਕਵਿਤਾ ਲਿਖਣ ਦਾ ਸ਼ੌਕ ਹਾਵੀ ਸੀ। ਹੇਮਾ ਮਾਲਿਨੀ ਉਸ ਦੇ ਸਾਥ ਦੀ ਏਨੀ ਇਛੁੱਕ ਸੀ ਕਿ ਉਸ ਨਾਲ ਵਿਆਹ ਬੰਧਨ 'ਚ ਬੱਝਣ ਲਈ ਨਿੱਤਰ ਆਈ। ਫ਼ਿਲਮੀ ਦੁਨੀਆ 'ਚ ਸ਼ਾਇਦ ਧਰਮਿੰਦਰ ਹੀ ਅਜਿਹਾ ਸਿਤਾਰਾ ਹੈ, ਜਿਸ ਨੇ ਦੋ ਵਿਆਹ ਕੀਤੇ ਤੇ ਦੋਵੇਂ ਪਤਨੀਆਂ ਇਕ-ਦੂਜੀ ਨਾਲ ਰਲਮਿਲ ਕੇ ਰਹੀਆਂ। ਪਹਿਲੀ ਪ੍ਰਕਾਸ਼ ਕੌਰ ਦੋ ਪੁੱਤਰਾਂ ਤੇ ਦੋ ਧੀਆਂ ਦੀ ਮਾਂ ਬਣੀ ਅਤੇ ਹੇਮਾ ਮਾਲਿਨੀ ਦੋ ਧੀਆਂ ਦੀ ਮਾਂ। ਪੂਰਾ ਇਕ ਦਹਾਕਾ ਧਰਮਿੰਦਰ ਤੇ ਮੀਨਾ ਕੁਮਾਰੀ ਦੀ ਜੋੜੀ ਨੇ ਵੀ ਇਕੱਠਿਆਂ ਕੰਮ ਕਰਕੇ ਕਈ ਫ਼ਿਲਮਾਂ ਦਿੱਤੀਆਂ ਪਰ ਉਸ ਨੇ ਸਭ ਤੋਂ ਲੰਮਾ ਸਮਾਂ ਹੇਮਾ ਮਾਲਿਨੀ ਨਾਲ ਫ਼ਿਲਮਾਂ ਕੀਤੀਆਂ। ਇਸ ਜੋੜੀ ਨੇ ਸ਼ੋਅਲੇ, ਰਾਜ ਰਾਣੀ, ਸੀਤਾ ਔਰ ਗੀਤਾ, ਨਯਾ ਜ਼ਮਾਨਾ, ਪੱਥਰ ਔਰ ਪਾਇਲ, ਤੁਮ ਹੁਸੀਨ ਮੈਂ ਜਵਾਂ, ਜੁਗਨੂੰ, ਮਾਂ, ਚਾਚਾ ਭਤੀਜਾ ਆਦਿ ਹਿੱਟ ਫ਼ਿਲਮਾਂ ਦਿੱਤੀਆਂ। ਤਿੰਨ ਸੌ ਫ਼ਿਲਮਾਂ 'ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲਾ ਇਹ ਕਲਾਕਾਰ ਪੇਂਡੂ ਵਸਨੀਕ ਕੇਵਲ ਕ੍ਰਿਸ਼ਨ ਸਿੰਘ ਦਿਓਲ ਦੇ ਘਰ ਜਨਮ ਲੈ ਕੇ ਸਿਰਫ਼ ਮੁੰਬਈ ਦੀ ਫ਼ਿਲਮੀ ਦੁਨੀਆ 'ਤੇ ਹੀ ਨਹੀਂ ਛਾਇਆ, ਸਗੋਂ ਬੰਗਾਲੀ ਸਿਨੇਮਾ ਦਾ ਵੀ ਓਨਾ ਹੀ ਚਹੇਤਾ ਰਿਹਾ।
ਇਹ ਸਬੱਬ ਦੀ ਗੱਲ ਹੈ ਕਿ 3 ਦਸੰਬਰ, 2011 ਨੂੰ ਚੱਲ ਵਸੇ 114 ਫ਼ਿਲਮਾਂ ਨਾਲ ਜੁੜੇ ਬਾਲੀਵੁੱਡ ਅਦਾਕਾਰ ਦੇਵ ਆਨੰਦ ਨੂੰ ਵੀ ਇਨ੍ਹਾਂ ਦਿਨਾਂ 'ਚ ਹੀ ਚੇਤੇ ਕੀਤਾ ਜਾ ਰਿਹਾ ਹੈ। 1948 ਤੋਂ 1951 ਤੱਕ ਉਸ ਦੀ ਮੁਹੱਬਤ ਦੇ ਚਰਚੇ ਸੁਪਰਸਿੱਧ ਅਦਾਕਾਰਾ ਸੁਰੱਈਆ ਨਾਲ ਚੱਲੇ ਪਰ ਉਹ ਪੱਕੇ ਸਾਥੀ ਨਾ ਬਣ ਸਕੇ। ਅੰਤ ਉਸ ਨੇ ਫ਼ਿਲਮੀ ਅਦਾਕਾਰਾ ਕਲਪਨਾ ਕਾਰਤਿਕ ਨਾਲ ਵਿਆਹ ਕੀਤਾ, ਜਿਸ ਨੇ ਦੇਵ ਆਨੰਦ ਦੀ ਫ਼ਿਲਮ 'ਟੈਕਸੀ ਡਰਾਈਵਰ' 'ਚ ਨਾਇਕਾ ਦਾ ਰੋਲ ਕੀਤਾ ਸੀ। ਇਸ ਜੋੜੀ ਦੀ ਵੀ ਅੰਤਲੇ ਸਾਹਾਂ ਤੱਕ ਬਹੁਤ ਵਧੀਆ ਨਿਭੀ। ਸ਼ਾਇਦ ਇਸ ਲਈ ਕਿ ਫ਼ਿਲਮ ਜਗਤ ਵਿਚ ਇਕੱਠਾ ਕੰਮ ਕਰਨ ਵਾਲੇ ਇਕ-ਦੂਜੇ ਨੂੰ ਏਨੀ ਚੰਗੀ ਤਰ੍ਹਾਂ ਜਾਣਨ ਲੱਗ ਜਾਂਦੇ ਹਨ ਕਿ ਉਨ੍ਹਾਂ 'ਚ ਕਿਸੇ ਤਰ੍ਹਾਂ ਦੀ ਤਰੇੜ ਨਹੀਂ ਆਉਂਦੀ।
ਧਰਮਿੰਦਰ ਦੇ ਸੁਭਾਅ ਦਾ ਇਕ ਪੱਖ ਇਹ ਵੀ ਸੀ ਕਿ ਉਹ ਕਿਸੇ ਗੱਲ ਦੇ ਖਹਿੜੇ ਨਹੀਂ ਸੀ ਪੈਂਦਾ। ਮੀਡੀਆ ਖ਼ਬਰਾਂ ਅਨੁਸਾਰ ਉਹ ਪਿੰਡ ਡਾਂਗੋ ਜਿੱਥੇ ਉਸ ਨੇ ਬਚਪਨ ਦਾ ਕੁਝ ਸਮਾਂ ਬਤੀਤ ਕੀਤਾ, ਵਿਚ ਆਪਣੇ ਪਿਤਾ ਦੇ ਨਾਂਅ 'ਤੇ ਲਾਇਬ੍ਰੇਰੀ ਦੇਖਣਾ ਚਾਹੁੰਦਾ ਸੀ। ਇਕ ਪੜਾਅ 'ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਐਲਾਨ ਵੀ ਕੀਤਾ ਸੀ ਕਿ ਪੰਜਾਬ ਸਰਕਾਰ ਧਰਮਿੰਦਰ ਦੀ ਇਹ ਇੱਛਾ ਜ਼ਰੂਰ ਪੂਰੀ ਕਰੇਗੀ ਪਰ ਐਲਾਨ ਰਾਜਨੀਤੀ ਤੱਕ ਹੀ ਸੀਮਤ ਰਿਹਾ। ਧਰਮਿੰਦਰ ਨੇ ਪਿੱਛਾ ਨਹੀਂ ਕੀਤਾ। ਹੁਣ ਮੀਡੀਆਂ 'ਚ ਧਰਮਿੰਦਰ ਦੀ ਇਸ ਭਾਵਨਾ ਦਾ ਜ਼ਿਕਰ ਉਸ ਦੇ ਅਕਾਲ ਚਲਾਣੇ ਉਪਰੰਤ ਆਉਣ ਕਰਕੇ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਇਸ ਨੂੰ ਆਪਣੀ ਦਿਹਾਤੀ ਲਾਇਬ੍ਰੇਰੀ ਸਕੀਮ ਰਾਹੀਂ ਪੂਰਾ ਕਰਨ ਦਾ ਮਨ ਬਣਾ ਕੇ ਡਾਂਗੋਂ ਪਿੰਡ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਉਰਫ਼ ਬੌਬੀ ਨਾਲ ਤਾਲਮੇਲ ਕਰ ਰਹੀ ਹੈ। ਚੇਤੇ ਰਹੇ ਕਿ ਇਹ ਵਾਲੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ 'ਚ ਪੈਂਦੇ ਪਿੰਡ ਬਹਿਲਪੁਰ ਦੇ ਜੰਮਪਲ ਸਵ. ਹਰੀ ਸਿੰਘ ਨੇ 1943 'ਚ ਰਜਿਸਟਰ ਕਰਵਾਈ ਸੀ। ਪ੍ਰਕਾਸ਼ਕ ਭਾਪਾ ਪ੍ਰੀਤਮ ਸਿੰਘ ਦੇ ਉੱਦਮ ਸਦਕਾ ਅੱਜ ਇਸ ਸਭਾ ਕੋਲ ਨਵੀਂ ਦਿੱਲੀ ਦੇ ਮਾਤਾ ਸੁੰਦਰੀ ਗੁਰਦੁਆਰਾ ਨੇੜੇ ਆਪਣੀ ਇਮਾਰਤ ਹੈ, ਜਿਸ ਦਾ ਨਾਂਅ ਪੰਜਾਬੀ ਭਵਨ ਹੈ। ਭਵਨ ਦਾ ਕੁਝ ਹਿੱਸਾ ਕਿਰਾਏ 'ਤੇ ਦਿੱਤਾ ਹੋਣ ਕਾਰਨ ਸਭਾ ਦੇ ਦਫ਼ਤਰ ਤੇ ਮੀਟਿੰਗਾਂ ਦਾ ਖ਼ਰਚਾ ਹੀ ਨਹੀਂ ਨਿਕਲਦਾ, ਸਗੋਂ ਸਭਾ ਨੇ ਪੰਜਾਬ ਦੇ ਪਿੰਡਾਂ 'ਚ 200 ਦਿਹਾਤੀ ਲਾਇਬ੍ਰੇਰੀਆਂ ਸਥਾਪਤ ਕਰਨ ਦਾ ਪ੍ਰਬੰਧ ਵੀ ਕਰ ਰੱਖਿਆ ਹੈ। ਡਾਂਗੋਂ ਪਿੰਡ ਵਾਲੀ ਲਾਇਬ੍ਰੇਰੀ ਧਰਮਿੰਦਰ ਦੇ ਨਾਂਅ 'ਤੇ ਚੱਲੇਗੀ ਜਾਂ ਉਨ੍ਹਾਂ ਦੇ ਪਿਤਾ ਦੇ ਨਾਂਅ 'ਤੇ ਇਸ ਦਾ ਫ਼ੈਸਲਾ ਪਿੰਡ ਦੀ ਪੰਚਾਇਤ ਨੇ ਕਰਨਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬੀ ਭਵਨ ਦਾ ਨੀਂਹ ਪੱਥਰ 1990 'ਚ ਉਸ ਵੇਲੇ ਦੇ ਵਿਦੇਸ਼ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਨੇ ਰੱਖਿਆ ਸੀ ਤੇ ਇਮਾਰਤ ਸੰਪੂਰਨ ਹੋਣ ਉਪਰੰਤ ਇਸ ਦੀ ਆਰਟ ਗੈਲਰੀ ਦਾ ਉਦਘਾਟਨ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਐੱਚ.ਡੀ. ਦੇਵਗੌੜਾ ਨੇ ਕੀਤਾ ਸੀ। ਇਥੇ ਇਕ ਵੱਡੀ ਲਾਇਬਰੇਰੀ ਵੀ ਹੈ। ਸਭਾ ਦੇ ਪ੍ਰਬੰਧਕਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਨ੍ਹਾਂ ਨੂੰ ਧਰਮਿੰਦਰ ਦੀ ਇੱਛਾ ਦਾ ਪਤਾ ਨਹੀਂ ਸੀ, ਨਹੀਂ ਤਾਂ ਉਨ੍ਹਾਂ ਨੇ ਡਾਂਗੋਂ ਪਿੰਡ ਵਾਲੀ ਲਾਇਬ੍ਰੇਰੀ ਧਰਮਿੰਦਰ ਦੇ ਜਿਊਂਦੇ ਜੀਅ ਸ਼ੁਰੂ ਕਰਾ ਕੇ ਇਸ ਦਾ ਉਦਘਾਟਨ ਵੀ ਧਰਮਿੰਦਰ ਤੋਂ ਹੀ ਕਰਾਉਣਾ ਸੀ।
ਕੁਝ ਏਸੇ ਤਰ੍ਹਾਂ ਦਾ ਅਫ਼ਸੋਸ ਫ਼ਿਲਮ ਜਗਤ ਦੇ ਜਾਣੇ ਪਹਿਚਾਣੇ ਲੇਖਕ ਨਿਰਦੇਸ਼ਕ ਸ੍ਰੀਰਾਮ ਰਾਘਵਨ ਨੂੰ ਹੈ, ਜਿਸ ਦੀ ਧਰਮਿੰਦਰ ਵਾਲੀ 'ਇੱਕੀਸ' ਨਾਂਅ ਦੀ ਫ਼ਿਲਮ ਦਸੰਬਰ, 2025 'ਚ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨੀ ਸੀ। ਇਸ ਫ਼ਿਲਮ ਨੂੰ ਜਾਰੀ ਕਰਨ ਦੀ ਜਾਣਕਾਰੀ ਦੇਣ ਵਾਲਾ ਪੋਸਟਰ ਤਾਂ ਗੋਆ ਵਿਖੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਲੋਂ 24 ਨਵੰਬਰ 2025 ਨੂੰ ਵਿਖਾਇਆ ਗਿਆ ਪਰ ਇਸ ਦੇ ਜਾਰੀ ਹੋਣ ਤੋਂ ਪਹਿਲਾਂ ਹੀ ਇਸ ਦਾ ਨਾਇਕ ਸਦੀਵੀ ਵਿਛੋੜਾ ਦੇ ਗਿਆ। ਇਹ ਗੱਲ ਵੱਖਰੀ ਹੈ ਕਿ ਇਸ ਵਿਚ ਧਰਮਿੰਦਰ ਦੀ ਲਿਖੀ ਇਕ ਕਵਿਤਾ 'ਇੱਕੀਸ' ਦੇ ਦਰਸ਼ਕਾਂ ਨੂੰ ਧਰਮਿੰਦਰ ਦੀ ਯਾਦ ਦਿਵਾਉਂਦੀ ਰਹੇਗੀ। 'ਅੱਜ ਵੀ ਜੀਅ ਕਰਦਾ ਹੈ ਪਿੰਡ ਆਪਣੇ ਨੂੰ ਜਾਵਾਂ' ਸ੍ਰੀਰਾਮ ਰਾਘਵਨ ਨੇ ਇਸ ਸਤਰ ਵਾਲੀ ਕਵਿਤਾ ਧਰਮਿੰਦਰ ਕੋਲੋਂ ਉਸ ਦੇ ਖੰਡੇਲਵਲ ਫਾਰਮ ਹਾਊਸ ਦੀ ਫੇਰੀ ਸਮੇਂ ਸੁਣੀ ਤੇ ਇਸ ਨੂੰ ਫ਼ਿਲਮ 'ਇੱਕੀਸ' 'ਚ ਪਰੋ ਲਿਆ ਸੀ। ਉਸ ਦੇ ਕਹਿਣ ਅਨੁਸਾਰ ਧਰਮਿੰਦਰ ਡਾਂਗੋਂ ਪਿੰਡ ਵਿਚ ਚੁੱਲ੍ਹੇ ਅੱਗੇ ਬੈਠ ਕੇ ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਵੀ ਖਾਣੀ ਚਾਹੁੰਦਾ ਸੀ। ਉਸ ਦੀ ਇਹ ਸੱਧਰ ਵੀ ਅਧੂਰੀ ਹੀ ਰਹਿ ਗਈ। ਹਿੰਦੀ ਫ਼ਿਲਮਾਂ ਵਿਚ ਸਭ ਤੋਂ ਲੰਬਾ ਸਮਾਂ ਆਪਣੀ ਅਦਾਕਾਰੀ ਦਾ ਡੰਕਾ ਵਜਾਉਣ ਵਾਲਾ ਧਰਮ ਸਿੰਘ ਦਿਓਲ ਤੋਂ ਧਰਮਿੰਦਰ ਬਣਿਆ ਇਹ ਸਿਤਾਰਾ ਭਾਵੇਂ ਦੁਨੀਆ 'ਚ ਨਹੀਂ ਰਿਹਾ ਪਰ ਉਸ ਦੀਆਂ ਫ਼ਿਲਮ ਜਗਤ ਦੀਆਂ ਪ੍ਰਾਪਤੀਆਂ ਸਦਾ ਚੇਤੇ ਰਹਿਣਗੀਆਂ।
ਅੰਤਿਕਾ
ਸੀਰਤ ਕੇ ਹਮ ਗੁਲਾਮ ਹੈਂ ਸੂਰਤ ਹੂਈ ਤੋ ਕਿਆ
ਸੁਰਖ ਓ ਸਫੈਦ ਮਿੱਟੀ ਕੀ ਮੂਰਤ ਹੂਈ ਤੋ ਕਿਆ

ਈ-ਮੇਲ : sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਸੂਚਨਾਵਾਂ ਦਾ ਹੜ੍ਹ ਤੇ ਵਧ ਰਹੀਆਂ ਮਾਨਸਿਕ ਉਲਝਣਾਂ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਨੇ ਪੰਜਾਬ ਦੇ ਸਿਆਸੀ ਮਸਲੇ ਉਭਾਰੇ
Ad Position 24
No active advertisement