ਸਾਡੇ ਸਮਿਆਂ ਵਿਚ ਤਕਨੀਕੀ ਵਿਕਾਸ ਤੇ ਸੂਚਨਾਵਾਂ ਦੇ ਆਏ ਹੜ੍ਹ ਦਾ ਵੇਗ ਦਿਨੋ-ਦਿਨ ਵਧ ਰਿਹਾ ਹੈ ਅਤੇ ਅਸੀਂ ਸਾਰੇ ਕਿਸੇ ਨਾ ਕਿਸੇ ਰੂਪ 'ਚ ਇਸ ਹੜ੍ਹ ਵਿਚ ਵਹਿੰਦੇ ਜਾ ਰਹੇ ਹਾਂ। ਸਾਡੇ ਦਿਮਾਗ਼ ਹਰ ਪਲ ਨਵੀਂ ਚੀਜ਼ ਵੇਖਣ ਜਾਣਨ ਦੀ ਲੱਤ ਦੇ ਸ਼ਿਕਾਰ ਬਣ ਰਹੇ ਹਨ। ਇਸ ਸਥਿਤੀ ਵਿਚ ਸਾਡਾ ਸੁਖ, ਚੈਨ ਤੇ ਸਕੂਨ ਹਰ ਪਲ ਪ੍ਰਭਾਵਿਤ ਹੋ ਰਿਹਾ ਹੈ। ਅਸੀਂ ਮੋਬਾਈਲ ਦੀ ਸਕ੍ਰੀਨ ਤੋਂ ਕੋਈ ਸ਼ੋਸ਼ਲ ਸਾਈਟ ਖੋਲ੍ਹਦੇ ਹਾਂ ਤਾਂ ਇਸ ਵਿਚ ਵਰ੍ਹਿਆਂ ਬੱਧੀ ਨਾ ਮੁੱਕਣ ਵਾਲਾ ਪਿਆ ਖਿਲਾਰਾ ਵੇਖ ਸਕਦੇ ਹਾਂ। ਜਦੋਂ ਅਸੀਂ ਘੰਟਿਆ ਬੱਧੀ ਹਿਪਨੋਟਾਈਜ਼ ਹੋਏ ਇਸ ਖਲਾਰੇ ਨੂੰ ਵੇਖਦੇ ਰਹਿੰਦੇ ਹਾਂ ਤਾਂ ਇਹ ਖਿਲਾਰਾ ਸਾਡੇ ਦਿਮਾਗ਼ 'ਚ ਖਿਲਰਨ ਲੱਗਦਾ ਹੈ। ਸਾਨੂੰ ਇਹ ਭਰਮ ਹੁੰਦਾ ਹੈ ਕਿ ਅਸੀਂ ਵੱਧ ਤੋਂ ਵੱਧ ਚੀਜ਼ਾਂ ਨੂੰ ਵੇਖ ਤੇ ਯਾਦ ਕਰ ਰਹੇ ਹਾਂ, ਜਦਕਿ ਹਕੀਕਤ 'ਚ ਸਾਡਾ ਮਨ ਭੁੱਲਣ, ਖੰਡਤਾ ਤੇ ਬੇਚੈਨੀ ਦਾ ਸ਼ਿਕਾਰ ਬਣ ਰਿਹਾ ਹੁੰਦਾ ਹੈ।
ਦੁਨੀਆ ਭਰ ਵਿਚ ਉਦਾਸੀ, ਪ੍ਰੇਸ਼ਾਨੀ, ਮਨ ਨੂੰ ਟੇਕ ਨਾ ਆਉਣੀ, ਨੀਂਦ ਨਾ ਆਉਣੀ, ਗੁੱਸਾ, ਬੇਚੈਨੀ, ਤਲਖੀ ਆਦਿ ਮਾਨਸਿਕ ਵਿਕਾਰ ਬੜੀ ਤੇਜ਼ੀ ਨਾਲ ਵਧ ਰਹੇ ਹਨ। ਭਾਵੇਂ ਇਸ ਦੇ ਹੋਰ ਕਾਰਨ ਵੀ ਹੋਣਗੇ ਪਰ ਆਧੁਨਿਕ ਜੀਵਨ ਸ਼ੈਲੀ ਤੇ ਮਨੁੱਖ ਦੀ ਇਕੱਲਤਾ ਇਸ ਦਾ ਮੁੱਖ ਕਾਰਨ ਹੈ। ਸਾਂਝੇ ਪਰਿਵਾਰਾਂ ਦਾ ਸੰਕਲਪ ਟੁੱਟਣ, ਵਿਆਹ ਕਰਵਾ ਕੇ ਪਤੀ-ਪਤਨੀ ਦਾ ਪਰਿਵਾਰ ਨਾਲੋਂ ਵੱਖਰੇ ਰਹਿਣ ਦੇ ਸੰਕਲਪ ਬਾਅਦ ਹੁਣ 'ਲਿਵ ਇੰਨ ਰਿਲੇਸ਼ਨਸ਼ਿਪ' ਦਾ ਦੌਰ ਸ਼ੁਰੂ ਹੋ ਗਿਆ ਹੈ। ਅਸੀਂ ਉਸ ਦੌਰ ਵਿਚ ਹਾਂ ਜਿੱਥੇ ਚੀਜ਼ਾਂ ਬੜੀ ਤੇਜ਼ੀ ਨਾਲ ਬਦਲ ਰਹੀਆਂ ਹਨ। ਸੰਚਾਰ ਤੇ ਇੰਟਰਨੈੱਟ ਦੀ ਦੁਨੀਆਂ ਨੇ ਸਾਡੇ ਕੰਮਾਂ ਵਿਚ ਹੀ ਤੇਜ਼ੀ ਨਹੀਂ ਲਿਆਂਦੀ ਬਲਕਿ ਮਨੁੱਖ ਦੇ ਵਿਹਾਰ ਨੂੰ ਵੀ ਤੇਜ਼ ਕਰ ਦਿੱਤਾ ਹੈ। ਕਿਸੇ ਵੀ ਚੀਜ਼ ਤੋਂ ਛੇਤੀ ਅੱਕ ਜਾਣਾ ਤੇ ਕਿਸੇ ਹੋਰ ਚੀਜ਼ ਦੀ ਹੋੜ ਲਈ ਹਰ ਹਰਬਾ ਵਰਤਣ ਦੀ ਪ੍ਰਵਿਰਤੀ ਵਧ ਰਹੀ ਹੈ। ਸਹਿਜ, ਸਬਰ, ਸਕੂਨ ਤੋਂ ਅਸੀਂ ਦੂਰ ਨਿਕਲ ਕੇ ਵਸਤਾਂ ਲਈ ਭਟਕ ਰਹੇ ਹਾਂ, ਇਹੋ ਵਿਹਾਰ ਮਨੁੱਖ ਆਪਣੇ ਰਿਸ਼ਤਿਆਂ ਨਾਲ ਕਰਨ ਲੱਗਾ ਹੈ। ਭਵਿੱਖ ਵਿਚ ਏ.ਆਈ. ਦੇ ਦੌਰ ਵਿਚ ਮਨੁੱਖੀ ਭਟਕਣਾ ਹੋਰ ਵੀ ਵਧੇਗੀ।
ਏ.ਆਈ. ਗਰੋਕ ਤੋਂ ਜਦੋਂ ਪੁੱਛਿਆ ਗਿਆ ਕਿ ਅੱਜ ਦੇ ਦੌਰ ਵਿਚ ਮੋਬਾਈਲ ਮਨੁੱਖ ਦੇ ਜ਼ਿਹਨ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ? ਤਾਂ ਉਸ ਦਾ ਜਵਾਬ ਸੀ- ਮੋਬਾਈਲ ਫੋਨ ਨੇ ਸਾਨੂੰ ਤੇਜ਼, ਭਾਵੁਕ, ਖੰਡਿਤ ਤੇ ਆਪਣੇ-ਆਪ ਵਿਚ ਬੰਦ ਕਰ ਦਿੱਤਾ ਹੈ। ਲੋਕ ਹੁਣ ਲੰਬੇ ਲੇਖ ਕਿਤਾਬਾਂ ਪੜ੍ਹਨ ਦੀ ਬਜਾਏ 15 ਤੋਂ 60 ਸਕਿੰਟ ਦੀਆਂ ਛੋਟੀਆਂ ਰੀਲਾਂ ਵੇਖਣੀਆਂ ਜ਼ਿਆਦਾ ਪਸੰਦ ਕਰਨ ਲੱਗੇ ਹਨ। ਗੁੱਸਾ, ਡਰ ਜਾਂ ਖ਼ੁਸ਼ੀ ਪੈਦਾ ਕਰਨ ਵਾਲੀ ਵੀਡੀਓ ਜ਼ਿਆਦਾ ਵਾਇਰਲ ਹੁੰਦੀ ਹੈ। ਰੋਜ਼ਾਨਾ ਆਪਣੀਆਂ ਫੋਟੋਆਂ ਜਾਂ ਸਟੋਰੀਜ਼ ਪਾਉਣ ਨਾਲ ਲੋਕ ਇਸ ਮਨੋਭਰਮ ਦਾ ਸ਼ਿਕਾਰ ਬਣ ਰਹੇ ਹਨ ਕਿ ਉਹ ਦੁਨੀਆ ਦਾ ਕੇਂਦਰ ਹਨ। ਹਰ ਚੀਜ਼ ਦੀ ਜਾਣਕਾਰੀ ਸਾਨੂੰ ਇੰਟਰਨੈੱਟ ਸਾਈਟਾਂ ਤੋਂ ਮਿਲਣ ਕਰਕੇ ਚੀਜ਼ਾਂ ਨੂੰ ਯਾਦ ਰੱਖਣ ਦੀ ਪ੍ਰਵਿਰਤੀ ਘੱਟ ਰਹੀ ਹੈ। ਜਨਰੇਸ਼ਨ ਅਲਫਾ, ਭਾਵ 2010 ਤੋਂ ਪੈਦਾ ਹੋਣ ਵਾਲੀ ਪੀੜ੍ਹੀ, ਦੀ ਰੋਜ਼ਾਨਾ 7-8 ਘੰਟੇ ਜਾਂ ਇਸ ਤੋਂ ਵੀ ਵੱਧ ਸਮਾਂ ਸਕਰੀਨ ਨਾਲ ਜੁੜੇ ਰਹਿਣ ਦੀ ਆਦਤ ਬਣ ਗਈ ਹੈ। ਇਸ ਕਰਕੇ ਬੱਚਿਆਂ 'ਚ ਉਨੀਂਦਰਾ, ਚਿੜਚਿੜਾਪਨ, ਡਿਪਰੈਸ਼ਨ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਬੱਚਿਆਂ ਦਾ ਦਿਮਾਗ਼ ਮਲਟੀਟਾਸਕਿੰਗ, ਵਿਜ਼ੂਅਲ ਥਿੰਕਿੰਗ (ਸ਼ਬਦਾਂ ਦੀ ਬਜਾਏ ਤਸਵੀਰਾਂ ਰਾਹੀ ਸੋਚਣਾ) ਅਤੇ ਹਾਈਪਰਲਿੰਕ (ਇਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਥਾਂ ਛਾਲ ਮਾਰਨ ਦੀ ਪ੍ਰਵਿਰਤੀ) ਵਰਗੀ ਸੋਚ ਨਾਲ ਤਿਆਰ ਹੋ ਰਿਹਾ ਹੈ। ਮਾਨਵ ਸੱਭਿਅਤਾ ਦੇ ਇਤਿਹਾਸ ਵਿਚ ਇਹ ਇਕ ਵੱਖਰੀ ਤਰ੍ਹਾਂ ਦੀ ਮਾਨਸਿਕ ਤਬਦੀਲੀ ਹੈ।' ਬਿਨਾਂ ਸ਼ੱਕ ਤਕਨੀਕੀ ਵਿਕਾਸ ਨੇ ਮਨੁੱਖ ਨੂੰ ਆਪਣੇ-ਆਪ ਨਾਲੋਂ ਤੋੜ ਦਿੱਤਾ ਹੈ, ਪਰ ਇਸ ਦੇ ਚੰਗੇ ਪ੍ਰਭਾਵਾਂ ਬਾਰੇ ਅਸੀਂ ਵੇਖਣਾ ਤੇ ਸੋਚਣਾ ਹੈ ਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਅਸੀਂ ਕਿਵੇਂ ਕਰਨੀ ਹੈ। ਇਸ ਸਮੇਂ ਪੂਰੀ ਦੁਨੀਆ ਵਿਚ ਸਭ ਤੋਂ ਵੱਧ ਏ.ਆਈ. ਦੀ ਚਰਚਾ ਹੈ ਅਤੇ ਇਸ ਦੇ 'ਗਾਡਫਾਦਰ' ਮੰਨੇ ਜਾਣ ਵਾਲੇ ਜੌਫਰੀ ਹਿਨਟਨ ਜਿਹੇ ਤਕਨੀਕੀ ਮਾਹਿਰ ਵੀ ਇਸ ਤੋਂ ਡਰੇ ਹੋਏ ਹਨ। ਉਨ੍ਹਾਂ ਨੂੰ ਖਦਸ਼ਾ ਹੈ ਕਿ ਜੇਕਰ ਏ.ਆਈ. ਗ਼ਲਤ ਹੱਥਾਂ 'ਚ ਚੜ੍ਹ ਕੇ ਕੰਟਰੋਲ ਤੋਂ ਬਾਹਰ ਹੋ ਗਈ ਤਾਂ ਇਸ ਨਾਲ ਪੂਰੀ ਮਨੁੱਖ ਜਾਤੀ ਖ਼ਤਮ ਹੋ ਸਕਦੀ ਹੈ। ਏ.ਆਈ. ਇਕ ਤਰ੍ਹਾਂ ਨਾਲ ਦੋਧਾਰੀ ਤਲਵਾਰ ਹੈ, ਜਿਸ ਨਾਲ ਬਹੁਤ ਕੁਝ ਠੀਕ ਅਤੇ ਤਬਾਹ ਵੀ ਕੀਤਾ ਜਾ ਸਕਦਾ ਹੈ। ਅਗਲੇ ਕੁਝ ਸਾਲਾਂ ਵਿਚ ਨੌਕਰੀਆਂ ਦੇ ਹੋਰ ਘੱਟਣ ਨਾਲ ਸਾਡੇ ਲਈ ਦੁਖਦਾਈ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਨਾਲ ਨੌਜਵਾਨਾਂ ਵਿਚ ਹੋਰ ਡੂੰਘੀ ਨਿਰਾਸ਼ਤਾ ਫੈਲੇਗੀ। ਦੂਜੇ ਪਾਸੇ ਏ.ਆਈ. ਦੀ ਸਹੀ ਤੇ ਸੁਯੋਗ ਵਰਤੋਂ ਕਰ ਕੇ ਹਰ ਤਰ੍ਹਾਂ ਦੀਆਂ ਬਿਮਾਰੀਆਂ, ਗ਼ਰੀਬੀ ਤੇ ਜੰਗਾਂ ਤੇ ਯੁੱਧ ਖ਼ਤਮ ਹੋ ਸਕਦੇ ਹਨ। ਮਨੁੱਖੀ ਸੱਭਿਅਤਾ ਵਿਚ ਦੁੱਖ ਨੂੰ ਸੁੱਖ ਤੇ ਅਨੰਦ ਵਿਚ ਬਦਲਣ ਦਾ ਇਤਿਹਾਸ ਹੈ। ਅੱਜ ਦੇ ਦੌਰ 'ਚ ਮਨੁੱਖ ਕੋਲ ਸਾਧਨ ਵਧਣ ਨਾਲ ਸਹੂਲਤਾਂ ਬਿਹਤਰ ਹੋ ਗਈਆਂ ਹਨ, ਪਰ ਮਨ ਦਾ ਸੁੱਖ ਚੈਨ ਗੁਆਚ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸਾਡੀ ਸਿੱਖਿਆ, ਸੱਭਿਆਚਾਰ, ਧਰਮ ਤੇ ਰਾਜਨੀਤੀ ਜਿਹੇ ਸਭ ਖੇਤਰਾਂ ਵਿਚ ਲਾਲਚਾਂ ਦਾ ਕੋਈ ਪਾਰਾਵਾਰ ਨਾ ਹੋਣਾ ਹੈ। ਮਨੁੱਖ ਦਾ ਬੌਧਿਕ ਤੇ ਮਾਨਸਿਕ ਪੱਧਰ ਸਥਿਰ ਨਹੀਂ ਰਿਹਾ, ਧਾਰਮਿਕ ਅਸਥਾਨਾਂ 'ਚ ਅਰਦਾਸਾਂ ਵੀ ਹੁਣ ਵਸਤਾਂ ਦੀ ਹੋੜ ਲਈ ਹੁੰਦੀਆਂ ਹਨ। ਸਾਡੇ ਦੌਰ ਵਿਚ ਸੂਚਨਾਵਾਂ ਤੇ ਜਾਣਕਾਰੀਆਂ ਦਾ ਜੋ ਹੜ੍ਹ ਆਇਆ ਹੈ, ਮਾਨਵਜਾਤੀ ਦਾ ਬੌਧਿਕ ਪੱਧਰ ਇਸ ਲਈ ਤਿਆਰ ਕਰਨਾ ਹੋਵੇਗਾ, ਕਿਉਂਕਿ ਅਜਿਹਾ ਨਾ ਹੋਣ 'ਤੇ ਭਵਿੱਖ 'ਚ ਇਹ ਖਿਲਾਰਾ ਹੋਰ ਵਧੇਗਾ। ਅਸੀਂ ਜਿਸ ਤਰ੍ਹਾਂ ਦੇ ਤਕਨੀਕੀ ਯੁੱਗ ਵਿਚ ਦਾਖਲ ਹੋਣ ਦੇ ਕੰਢੇ 'ਤੇ ਖੜ੍ਹੇ ਹਾਂ, ਉਸ ਦਾ 99.9 ਫ਼ੀਸਦੀ ਲੋਕਾਂ ਨੂੰ ਕਿਆਸ ਤੱਕ ਨਹੀਂ ਹੈ। ਆਉਣ ਵਾਲੇ ਸਮੇਂ ਦੌਰਾਨ ਕਈ ਕੁਝ ਇੰਨੀ ਤੇਜ਼ੀ ਨਾਲ ਬਦਲਣਾ ਹੈ ਇਸ ਲਈ ਅਸੀਂ ਮਾਨਸਿਕ ਪੱਧਰ 'ਤੇ ਕੀ ਤਿਆਰੀ ਕੀਤੀ ਹੈ? ਇਹ ਅਜਿਹੀ ਸਥਿਤੀ ਹੈ ਜਿਵੇਂ ਵਣਮਾਨਸ ਨੂੰ ਬਿਜਲੀ ਦੀਆਂ ਤਾਰਾਂ ਤੇ ਸਾਜ਼ੋ-ਸਾਮਾਨ ਦੇ ਕੇ ਬਿਜਲੀ ਠੀਕ ਕਰਨ ਲਈ ਕਹਿ ਦਿੱਤਾ ਜਾਵੇ। ਅਜਿਹੀ ਸਥਿਤੀ ਦੇ ਬਾਵਜੂਦ ਸਾਨੂੰ, ਖ਼ਾਸ ਤੌਰ 'ਤੇ ਸਾਡੀ ਸਿੱਖਿਆ ਤੇ ਹੋਰ ਖੇਤਰਾਂ ਵਿਚ ਵੱਡੀਆਂ ਤਬਦੀਲੀਆਂ ਦੀ ਲੋੜ ਹੈ। ਆਧੁਨਿਕ ਦੌਰ ਵਿਚ ਮਨੁੱਖ ਨੇ ਕਿਵੇਂ ਵਿਚਰਨਾ ਤੇ ਮਾਨਸਿਕ ਤੌਰ 'ਤੇ ਖ਼ੁਸ਼ਹਾਲ ਰਹਿਣਾ ਹੈ ਇਹ ਭਵਿੱਖ ਲਈ ਹੋਰ ਵੱਡਾ ਮਸਲਾ ਬਣ ਸਕਦਾ ਹੈ।
ਅੱਜ ਦੁਨੀਆ ਭਰ ਵਿਚ ਨਸ਼ਿਆਂ ਦੀ ਭਰਮਾਰ ਵਧਣ ਨਾਲ ਮਾਨਸਿਕ ਵਿਕਾਰ ਵਧ ਰਹੇ ਹਨ। ਨਸ਼ੇ ਇਕ ਤਰ੍ਹਾਂ ਮਾਨਸਿਕ ਵਿਕਾਰਾਂ ਨੂੰ ਠੀਕ ਕਰਨ ਲਈ ਮਾਨਸਿਕ ਰੋਗੀ ਲਈ ਆਪਣੇ ਵੱਲੋਂ ਆਪਣਾ ਖ਼ੁਦ ਇਲਾਜ ਕਰਨ ਦੀ ਵਿਧੀ ਹੁੰਦੀ ਹੈ, ਜੋ ਉਸ ਲਈ ਟੋਏ ਵਿਚੋਂ ਨਿਕਲ ਕੇ ਖੂਹ ਵਿਚ ਡਿੱਗਣ ਦਾ ਕਾਰਨ ਬਣਦੀ ਹੈ। ਵਿਕਸਤ ਮੁਲਕਾਂ ਵਿਚ ਬੱਚਿਆਂ ਨੂੰ ਸਕੂਲਾਂ ਕਾਲਜਾਂ ਵਿਚ ਸਿਖਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਠੀਕ ਢੰਗ ਨਾਲ ਨਸ਼ੇ ਦੀ ਵਰਤੋਂ ਕਿਵੇਂ ਕਰਨੀ ਹੈ ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਅੱਜ ਦੀ ਦੁਨੀਆ ਤੋਂ ਬਿਲਕੁਲ ਵੱਖਰੀ ਭਵਿੱਖ ਦੀ ਦੁਨੀਆ ਵਿਚ ਉਨ੍ਹਾਂ ਨੇ ਕਿਵੇਂ ਵਿਚਰਨਾ ਹੈ? ਇਸ ਸਮੇਂ ਪੂਰੀ ਦੁਨੀਆ ਨੂੰ ਮਨੁੱਖ ਦੇ ਮਨ 'ਤੇ ਸਭ ਤੋਂ ਵੱਧ ਕੰਮ ਕਰਨ ਦੀ ਲੋੜ ਹੈ। ਮਨੁੱਖ ਮਾਨਸਿਕ ਤੌਰ 'ਤੇ ਤੰਦਰੁਸਤ ਕਿਵੇਂ ਰਹੇ ਇਸ ਲਈ ਬਹੁਤ ਸਾਰੀਆਂ ਤਰਜੀਹਾਂ ਤੇ ਬਹੁਤ ਕੁਝ ਕੀਤਾ ਜਾ ਸਕਦਾ ਹੈ, ਜੋ ਨਹੀਂ ਹੋ ਰਿਹਾ। ਜੀਵਨ ਵਿਚ ਕੁਝ ਕਲਾਤਮਿਕਤਾ ਹੋਵੇ ਇਸ ਲਈ ਸਾਨੂੰ ਖੋਜ ਕਰਦੇ ਰਹਿਣਾ ਚਾਹੀਦਾ ਹੈ।
ਮਨੋਵਿਗਿਆਨ ਸਾਨੂੰ ਦੱਸਦਾ ਹੈ ਜੋ ਲੋਕ ਖ਼ੁਸ਼ੀ ਨੂੰ ਆਪਣੀ ਆਦਤ ਬਣਾ ਲੈਂਦੇ ਹਨ ਉਹੀ ਵਧੇਰੇ ਖ਼ੁਸ਼ ਰਹਿੰਦੇ ਹਨ, ਇਸ ਦੇ ਉਲਟ ਜੋ ਲੋਕ ਆਪਣੇ ਮਨ ਨੂੰ ਹਰ ਵੇਲੇ ਦੁਖਦਾਈ ਮੋਡ ਵਿਚ ਰੱਖਦੇ ਹਨ ਉਹ ਲਗਾਤਾਰ ਦੁਖੀ ਰਹਿੰਦੇ ਹਨ। ਇਸ ਲਈ ਮਨ ਦੇ ਭਾਵ ਨੂੰ ਬਦਲਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਚੀਜ਼ਾਂ ਵਸਤਾਂ ਤੋਂ ਕੁਝ ਸਮਾਂ ਅਲੱਗ ਹੋ ਕੇ ਕੁਦਰਤ ਨਾਲ ਸੰਵਾਦ ਰਚਾਉਂਦਿਆ ਉਸ ਨਾਲ ਇਕਮਿਕਤਾ ਪੈਦਾ ਕਰੀਏ, ਪਰਿਵਾਰ ਵਿਚ ਬਹਿ ਕੇ ਲੰਮਾਂ ਸਮਾਂ ਗੱਲਾਂ ਬਾਤਾਂ ਕਰੀਏ। ਮਨੋਵਿਗਿਆਨੀਆਂ ਅਨੁਸਾਰ ਹਰ ਦਿਨ ਸੌਣ ਤੋਂ ਪਹਿਲਾਂ ਉਨ੍ਹਾਂ ਚੰਗੀਆਂ ਸੁਖਦਾਈ ਤਿੰਨ ਗੱਲਾਂ, ਤਿੰਨ ਚੀਜ਼ਾਂ ਤੇ ਤਿੰਨ ਸ਼ਬਦਾਂ ਨੂੰ ਵਾਰ-ਵਾਰ ਯਾਦ ਕਰੋ ਜਾਂ ਲਿਖੋ ਜੋ ਉਸ ਦਿਨ ਤੁਹਾਡੇ ਨਾਲ ਵਾਪਰੀਆਂ ਹਨ। ਜਿਵੇਂ ਸੂਰਜ ਦਾ ਚੜ੍ਹਨਾ ਚੰਗਾ ਲੱਗਾ, ਕਿਸੇ ਨੇ ਧੰਨਵਾਦ ਕਿਹਾ, ਕੁਝ ਨਵਾਂ ਸਿੱਖਿਆ, ਕਿਸੇ ਨੇ ਮੁਸਕਰਾ ਕੇ ਗੱਲ ਕੀਤੀ, ਖਿੜੇ ਹੋਏ ਫੁੱਲ ਨੂੰ ਵੇਖਿਆ ਭਾਵ ਕੁਝ ਵੀ ਜੋ ਤੁਹਾਨੂੰ ਚੰਗਾ ਲੱਗਾ ਹੋਵੇ ਉਸ ਨੂੰ ਯਾਦ ਕਰੋ। ਇਸ ਨਾਲ ਮਨੁੱਖ ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰਨ ਦਾ ਆਦੀ ਹੋਣ ਲੱਗਦਾ ਹੈ ਅਤੇ ਮਨੁੱਖ ਦਾ ਆਤਮਵਿਸ਼ਵਾਸ ਵਧਣ ਲੱਗਦਾ ਹੈ। ਹਰ ਦਿਨ ਕੁਝ ਮਿੰਟ ਮੈਡੀਟੇਸ਼ਨ (ਧਿਆਨ) ਕਰੋ ਇਸ ਨਾਲ ਸਾਡਾ ਸਰੀਰ ਤਣਾਅ ਤੋਂ ਮੁਕਤ ਹੋਣ ਲੱਗਦਾ ਹੈ ਤੇ ਮਨ ਸ਼ਾਂਤ ਹੁੰਦਾ ਹੈ। ਕਿਸੇ ਦਾਰਸ਼ਨਿਕ ਨੇ ਕਿਹਾ ਹੈ ਕਿ ਜੇਕਰ ਮਨ ਠੀਕ ਹੋਵੇਗਾ ਤਾਂ ਸਭ ਕੁਝ ਠੀਕ ਹੀ ਹੋਵੇਗਾ। ਪਰ ਜਦੋਂ ਸਭ ਤੋਂ ਵੱਡਾ ਮਸਲਾ ਹੀ ਇਹ ਬਣ ਜਾਵੇ ਕਿ ਮਨ ਠੀਕ ਨਹੀਂ ਤਾਂ ਫਿਰ ਸਭ ਕੁਝ ਠੀਕ ਕਿਵੇਂ ਹੋਵੇਗਾ?
-ਜ਼ੀਰਾ।
ਮੋਬਾਈਲ : 98550-51099