ਬੇ-ਮੌਸਮੇ ਮੀਂਹ ਨਾਲ ਫ਼ਸਲ ਦਾ ਬੜਾ ਨੁਕਸਾਨ ਹੋਇਆ। ਇਸ ਵਾਰ ਤਾਂ ਮਸਾਂ ਖਾਣ ਜੋਗੇ ਦਾਣੇ ਹੀ ਬਚੇ ਸਨ। ਜਵਾਕਾਂ ਦੀਆਂ ਦਾਖ਼ਲਾ ਫੀਸਾਂ ਵੀ ਆੜ੍ਹਤੀਏ ਤੋਂ ਵਿਆਜੂ ਪੈਸੇ ਫੜ ਕੇ ਭਰੀਆਂ ਤਾਂ ਜਾ ਕੇ ਉਹ ਸਕੂਲ ਜਾਣ ਜੋਗੇ ਹੋਏ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਘੁਲਦੇ-ਘੁਲਦੇ ਕਹਿਰ ਦਾ ਪਹਾੜ ਤਾਂ ਉਦੋਂ ਟੁੱਟਿਆ ਜਦੋਂ ਟਰੈਕਟਰ ਦੀ ਕਿਸ਼ਤ ਭਰਨ ਜੋਗਾ ਕੋਈ ਜੁਗਾੜ ਨਾ ਹੋਣ 'ਤੇ ਬੈਂਕ ਵਾਲੇ ਟਰੈਕਟਰ ਚੁੱਕ ਕੇ ਲੈ ਗਏ। ਬਾਪੂ ਇਹ ਗੱਲ ਦਿਲ 'ਤੇ ਲਾ ਗਿਆ। ਉਹ ਉਸ ਦਿਨ ਦਾ ਬੜਾ ਉਦਾਸ ਹੈ। ਨਾ ਘਰੋਂ ਬਾਹਰ ਨਿਕਲਦਾ ਹੈ ਤੇ ਨਾ ਕੁਝ ਚੰਗੀ ਤਰ੍ਹਾਂ ਖਾਂਦਾ, ਨਾ ਕਿਸੇ ਨਾਲ ਕੋਈ ਗੱਲ ਕਰਦਾ। ਬਸ ਅੰਦਰ ਚੁੱਪਚਾਪ ਪਿਆ ਰਹਿੰਦਾ ਹੈ। ਬਾਪੂ ਕੁਝ ਕਹੇ ਜਾਂ ਨਾ ਕਹੇ ਪਰ ਮੈਂ ਉਸ ਦੇ ਦਿਲ ਦੀ ਗੱਲ ਚੰਗੀ ਤਰ੍ਹਾਂ ਜਾਣਦਾ ਹਾਂ। ਬਾਪੂ ਟਰੈਕਟਰ 'ਤੇ ਕੱਪੜਾ ਮਾਰਦਾ ਹੋਇਆ ਹਮੇਸ਼ਾ ਇਹੀ ਕਹਿੰਦਾ ਹੁੰਦਾ ਸੀ ਕਿ ਕਿਸਾਨ ਨੂੰ ਸੰਦ ਵੀ ਪੁੱਤਾਂ ਜਿੰਨੇ ਪਿਆਰੇ ਹੁੰਦੇ ਨੇ। ਬਾਪੂ ਦੀ ਇਹ ਹਾਲਤ ਮੈਥੋਂ ਵੇਖੀ ਨਹੀਂ ਜਾਂਦੀ। ਨਮੋਸ਼ੀ ਦਾ ਸਾਹਮਣਾ ਤਾਂ ਮੈਨੂੰ ਵੀ ਕਰਨਾ ਪੈ ਰਿਹਾ ਹੈ ਪਰ ਕੋਈ ਰਾਹ ਨਹੀਂ ਦਿੱਸਦਾ। ਇਕ ਰਾਤ ਮੋਹਲੇਧਾਰ ਮੀਂਹ ਪੈ ਰਿਹਾ ਸੀ। ਕਰੀਬ 12 ਕੁ ਵਜੇ ਬਾਪੂ ਦੀ ਤਬੀਅਤ ਖ਼ਰਾਬ ਹੋ ਗਈ। ਸਾਹ ਔਖਾ ਆ ਰਿਹਾ ਸੀ, ਛਾਤੀ ਵਿਚ ਬਹੁਤ ਤੇਜ਼ ਦਰਦ ਹੋ ਰਿਹਾ ਸੀ। ਬਾਪੂ ਡਾਕਟਰ ਕੋਲ ਜਾਣ ਨੂੰ ਮੰਨ ਨਹੀਂ ਰਿਹਾ ਸੀ। ਮੈਂ ਔਖਾ-ਸੌਖਾ ਵਰ੍ਹਦੇ ਮੀਂਹ ਵਿਚ ਬੇਸੁੱਧ ਹੋਏ ਬਾਪੂ ਨੂੰ ਮੋਟਰਸਾਈਕਲ ਦੀ ਸੀਟ 'ਤੇ ਬਿਠਾ ਕੇ ਆਪਣੇ ਵੱਡੇ ਮੁੰਡੇ ਨੂੰ ਨਾਲ ਲੈ ਕੇ ਪਿੰਡ ਵਾਲੇ ਡਾਕਟਰ ਦਾ ਦਰ ਖੜਕਾਇਆ। ਡਾਕਟਰ ਨੇ ਬੀ.ਪੀ. ਦੇਖਦੇ ਸਾਰ ਹੀ ਬਾਪੂ ਦੀ ਜੀਭ ਥੱਲੇ ਕੋਈ ਗੋਲੀ ਰੱਖੀ ਅਤੇ ਬਿਨਾਂ ਸਮਾਂ ਖਰਾਬ ਕੀਤੇ ਸ਼ਹਿਰ ਦੇ 'ਹਾਰਟ' ਵਾਲੇ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ। ਮੈਨੂੰ ਉਦੋਂ ਕਿਸੇ ਅਨਹੋਣੀ ਦੀ ਕਿਆਸ ਨਹੀਂ ਸੀ। ਮੈਂ ਬਿਨਾਂ ਦੇਰੀ ਕੀਤੇ ਬਾਪੂ ਨੂੰ ਆਪਣੇ ਦੋਸਤ ਦੀ ਗੱਡੀ ਵਿਚ ਪਾ ਉਸੇ ਤਰ੍ਹਾਂ ਹੀ ਸ਼ਹਿਰ ਦੇ ਹਸਪਤਾਲ ਲੈ ਆਇਆ।
ਡਾਕਟਰ ਨੇ ਚੈੱਕਅਪ ਕਰ ਕੇ ਦੱਸਿਆ ਕਿ ਬਾਪੂ ਨੂੰ ਦਿਲ ਦਾ ਦੌਰਾ ਪਿਆ ਹੈ, ਤੁਰੰਤ ਆਪ੍ਰੇਸ਼ਨ ਹੋਵੇਗਾ। ਡਾਕਟਰ ਨਰਸ ਨੂੰ ਆਪਣੀ ਭਾਸ਼ਾ ਵਿਚ ਕੁਝ ਸਮਝਾ ਕੇ ਚਲਾ ਗਿਆ। ਨਰਸ ਨੇ ਡਾਕਟਰ ਦੀ ਐਮਰਜੈਂਸੀ ਚੈੱਕਅਪ ਫ਼ੀਸ, ਐਡਮਿਟ ਚਾਰਜ ਵਾਲਾ ਫ਼ਰਲਾ ਮੇਰੇ ਹੱਥ ਫੜਾਉਂਦਿਆਂ ਤੁਰੰਤ ਪੈਸੇ ਜਮ੍ਹਾਂ ਕਰਾਉਣ ਦਾ ਇਸ਼ਾਰਾ ਕਰ ਫ਼ਾਈਲ ਦਸਤਖ਼ਤ ਕਰਨ ਲਈ ਮੇਰੇ ਅੱਗੇ ਧਰ ਦਿੱਤੀ। ਜਿੰਨੇ ਕੁ ਪੈਸੇ ਪੱਲੇ ਸੀ, ਜਮ੍ਹਾਂ ਕਰਵਾ ਕੇ ਬਾਕੀ ਦੂਜੇ ਦਿਨ ਜਮ੍ਹਾਂ ਕਰਾਉਣ ਦਾ ਸਮਾਂ ਲੈ ਕੇ ਮੈਂ ਕੰਬਦੇ ਹੱਥਾਂ ਨਾਲ ਫਾਈਲ 'ਤੇ ਦਸਤਖ਼ਤ ਕਰਕੇ ਹਸਪਤਾਲ ਦੇ ਆਈ.ਸੀ.ਯੂ. 'ਚੋਂ ਸੋਚਦਾ-ਸੋਚਦਾ ਬਾਹਰ ਨਿਕਲਿਆ ਤਾਂ ਵੇਖਿਆ ਕਿ ਜਿਵੇਂ ਬਾਹਰ ਉੱਪਰ ਇਕ ਭਾਰਾ ਆਸਮਾਨ ਸੀ। ਫ਼ੋਨ ਦੇਖਦਾ-ਦੇਖਦਾ ਸੜਕ ਕਿਨਾਰੇ ਤੁਰਨ ਲੱਗਾ। ਸੋਚੀ ਜਾਵਾਂ ਕਿ ਹੁਣ ਕੀ ਕਰਾਂ? ਜ਼ਮੀਨ ਤਾਂ ਪਹਿਲਾਂ ਹੀ ਆੜ੍ਹਤੀਏ ਕੋਲ ਗਹਿਣੇ ਰੱਖੀ ਹੋਈ ਹੈ। ਸਾਰੇ ਪਾਸੇ ਦਿਮਾਗੀ ਘੋੜੇ ਭਜਾ ਕੇ ਪੈਸੇ ਦਾ ਹੱਲ ਹੁੰਦਾ ਨਾ ਵੇਖ ਮੈਂ ਬੇਵੱਸ ਹੋਏ ਨੇ ਕਿਸੇ ਗੱਡੀ ਅੱਗੇ ਛਾਲ ਮਾਰਨ ਦਾ ਮਨ ਬਣਾਇਆ। ਅਜੇ ਮੈਂ ਬੁਜ਼ਦਿਲੀ ਵਿਚ ਕਦਮ ਚੁੱਕਣ ਬਾਰੇ ਸੋਚ ਹੀ ਰਿਹਾ ਸਾਂ ਕਿ ਸਾਹਮਣੇ ਸਰਕਾਰੀ ਸਕੂਲ ਦੀ ਕੰਧ 'ਤੇ ਲਿਖੇ ਅੱਖਰਾਂ ਉੱਤੇ ਮੇਰੀ ਨਜ਼ਰ ਜਾ ਪਈ।
ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ
-(ਡਾ. ਸੁਰਜੀਤ ਪਾਤਰ)
ਇਹ ਸਤਰਾਂ ਪੜ੍ਹ ਕੇ ਮੇਰੀਆਂ ਅੱਖਾਂ ਮੂਹਰੇ ਬਾਪੂ ਆ ਗਿਆ। ਮੇਰੇ ਅੰਦਰ ਹਾਲਾਤ ਨਾਲ ਲੜਨ ਦੀ ਤਾਕਤ ਆ ਗਈ। ਬਾਪੂ ਦੀ ਜਾਨ ਟਰੈਕਟਰ ਵਿਚ ਹੈ। ਮੈਂ ਪਹਿਲਾਂ ਬਾਪੂ ਦੀ ਸਰਜਰੀ ਕਰਾਉਣ ਅਤੇ ਫੇਰ ਬੈਂਕ ਕੋਲੋਂ ਟਰੈਕਟਰ ਛੁਡਾਉਣ ਦਾ ਮਨ ਬਣਾ ਲਿਆ। ਅਗਲੇ ਹੀ ਦਿਨ ਆੜ੍ਹਤੀਏ ਕੋਲ ਜਾ ਕੇ ਪੈਸਿਆਂ ਲਈ ਹੱਥ ਅੱਡਿਆ। ਗਹਿਣੇ ਕੀਤੇ ਕੀਲੇ ਦਾ ਬੈ (ਵੇਚ) ਦਾ ਬਿਆਨਾ ਕਰ ਅਸ਼ਟਾਮ ਪੇਪਰਾਂ 'ਤੇ ਦਸਤਖ਼ਤ ਕਰ ਕੇ ਮੈਂ ਪੈਸਿਆਂ ਵਾਲਾ ਝੋਲਾ ਛਾਤੀ ਨਾਲ ਇਉਂ ਘੁੱਟ ਲਿਆ ਜਿਵੇਂ ਬਾਪੂ ਨੂੰ ਸੀਨੇ ਨਾਲ ਲਾਇਆ ਹੋਵੇ। ਹਸਪਤਾਲ ਜਾਂਦਾ-ਜਾਂਦਾ ਸੋਚੀ ਜਾਵਾਂ ਕਿ ਸਕੂਲ ਦੀਆਂ ਕੰਧਾਂ ਜਾਂ ਕਿਸੇ ਜਗ੍ਹਾ ਲਿਖੀਆਂ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਏਨੀਆਂ ਰਹੱਸਮਈ ਇਬਾਰਤਾਂ ਨੂੰ ਕੋਈ ਪੜ੍ਹਦਾ ਹੋਵੇਗਾ ਜਾਂ ਨਹੀਂ? ਫਿਰ ਉਸ ਦਾ ਜਵਾਬ ਵੀ ਆਪੇ ਹੀ ਮਿਲ ਗਿਆ, ਹਾਂ, ਜੇ ਕਿਸੇ ਇਕ ਮੇਰੇ ਵਰਗੇ ਨੇ ਹੀ ਉਹ ਸਤਰਾਂ ਪੜ੍ਹ ਕੇ ਉਨ੍ਹਾਂ 'ਤੇ ਅਮਲ ਕਰ ਲਿਆ ਤਾਂ ਲਿਖਣ ਵਾਲੇ ਦਾ ਲਿਖਣਾ ਸਾਰਥਕ ਹੋ ਗਿਆ।
ਖੰਨਾ।
ਮੋਬਾਈਲ : 78379-63067