ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ 4-5 ਦਸੰਬਰ ਦੀ ਭਾਰਤ ਯਾਤਰਾ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਅਧਿਕਾਰਤ ਬੈਠਕ ਦਿੱਲੀ ਦੇ ਦਿਲ ਕਹੇ ਜਾਂਦੇ ਹੈਦਰਾਬਾਦ ਹਾਊਸ ਵਿਖੇ ਹੋਈ ਤਾਂ ਇਕ ਵਾਰ ਫਿਰ ਦੁਨੀਆ ਦੀਆਂ ਨਿਗਾਹਾਂ ਇਸ ਮਨਮੋਹਕ ਭਵਨ 'ਤੇ ਟਿਕ ਗਈਆਂ। ਇਹ ਕੋਈ ਸਾਧਾਰਨ ਗੈਸਟ ਹਾਊਸ ਨਹੀਂ ਬਲਕਿ ਇਹ ਉਹ ਜਗ੍ਹਾ ਹੈ, ਜਿਥੇ ਦੇਸ਼ਾਂ ਦੀਆਂ ਨੀਤੀਆਂ ਬਣਦੀਆਂ ਹਨ, ਵਿਸ਼ਵ ਪੱਧਰ ਦੇ ਸਮੀਕਰਨ ਪਹਿਲਾਂ ਹੀ ਮਿੱਥੇ ਗਏ ਹੁੰਦੇ ਹਨ ਅਤੇ ਭਾਰਤ ਦੀ ਕੂਟਨੀਤੀ ਆਪਣੀ ਫ਼ੈਸਲਾਕੁਨ ਛਾਪ ਛੱਡਦੀ ਹੈ। ਹੈਦਰਾਬਾਦ ਹਾਊਸ ਸਿਰਫ਼ ਪੱਥਰਾਂ, ਗੁੰਬਦਾਂ ਅਤੇ ਮਹਿਰਾਬਾਂ ਦਾ ਸਮੂਹ ਹੀ ਨਹੀਂ ਹੈ, ਇਹ ਭਾਰਤੀ ਇਤਿਹਾਸ ਦੀ ਉਸ ਵਿਰਾਟ ਧਾਰਾ ਦਾ ਜਿਊਂਦਾ ਜਾਗਦਾ ਗਵਾਹ ਹੈ, ਜਿਸ ਵਿਚ ਸਾਮਰਾਜ, ਸ਼ਾਨੋ-ਸ਼ੌਕਤ ਸੱਤਾ, ਕੂਟਨੀਤੀ ਅਤੇ ਪਰਿਵਰਤਨ ਦੇ ਹੋਰ ਕਈ ਅਧਿਆਏ ਇਕ-ਦੂਜੇ ਵਿਚ ਮਿਲਦੇ ਚਲੇ ਗਏ। ਇਹ ਜਾਨਣਾ ਬਹੁਤ ਦਿਲਚਸਪ ਹੈ ਕਿ ਵਿਸ਼ਵ ਪੱਧਰ 'ਤੇ ਸੁਰਖੀਆਂ ਵਿਚ ਰਹੀ ਇਸ ਇਤਿਹਾਸਕ ਇਮਾਰਤ ਦੀ ਕਹਾਣੀ ਅਖ਼ੀਰ ਸ਼ੁਰੂ ਕਿਥੋਂ ਹੁੰਦੀ ਹੈ? ਕੀ ਇਹ ਸਿਰਫ਼ ਕਿਸੇ ਰਿਆਸਤ ਦਾ ਸ਼ਾਹੀ ਮਹੱਲ ਸੀ ਜਾਂ ਫਿਰ ਇਹ ਭਾਰਤ ਦੀ ਆਤਮ ਨਿਰਭਰ ਕੂਟਨੀਤਕ ਪਹਿਚਾਣ ਦੀ ਪ੍ਰਚੀਨ ਅਤੇ ਆਧੁਨਿਕ ਯਾਤਰਾ ਦਾ ਪ੍ਰਤੀਕ ਵੀ ਹੈ?
ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 1911 ਤੋਂ, ਜਦੋਂ ਬਰਤਾਨਵੀ ਸ਼ਾਸਨ ਨੇ ਆਪਣੀ ਰਾਜਧਾਨੀ ਕਲਕੱਤਾ ਤੋਂ ਦਿੱਲੀ ਤਬਦੀਲ ਕਰਨ ਦਾ ਫ਼ੈਸਲਾ ਲਿਆ ਸੀ। ਨਵੀਂ ਦਿੱਲੀ ਦਾ ਨਿਰਮਾਣ ਮਹਿਜ ਇਕ ਸਥਾਪਿਤ ਯੋਜਨਾ ਹੀ ਨਹੀਂ ਸੀ ਬਲਕਿ ਇਹ ਸ਼ਕਤੀ ਦੇ ਨਵੇਂ ਕੇਂਦਰ ਦਾ ਜਨਮ ਵੀ ਸੀ। ਨਵੀਂ ਰਾਜਧਾਨੀ ਨੂੰ ਇਹੋ ਜਿਹਾ ਰੂਪ ਦਿੱਤਾ ਜਾ ਰਿਹਾ ਸੀ ਕਿ ਇਥੇ ਬਰਤਾਨਵੀ ਸਾਮਰਾਜ ਦੇ ਸਨਮਾਨ, ਫ਼ੌਜੀ ਤਾਕਤ ਅਤੇ ਰਿਆਸਤਾਂ ਨੂੰ ਕੰਟਰੋਲ ਕਰਨ, ਤਿੰਨਾਂ ਦਾ ਸੰਗਮ ਦਿਖਾਈ ਦੇਵੇ। ਇਸ ਦੇ ਸੰਦਰਭ ਵਿਚ ਭਾਰਤੀ ਰਿਆਸਤਾਂ ਨੂੰ ਦਿੱਲੀ ਵਿਚ ਰਿਹਾਇਸ਼ ਦੇਣ ਲਈ 'ਚੈਂਬਰ ਆਫ਼ ਪ੍ਰਿੰਸੈਸ' ਦੀ ਸਥਾਪਨਾ ਕੀਤੀ ਗਈ। ਇਹ ਸੱਤਾ ਦੇ ਉਸ ਸਮੀਕਰਨ ਦਾ ਅਹਿਮ ਹਿੱਸਾ ਸੀ, ਜਿਸਦੇ ਰਾਹੀਂ ਅੰਗਰੇਜ਼ ਭਾਰਤੀ ਰਿਆਸਤਾਂ ਨੂੰ ਆਪਣੇ ਪ੍ਰਭਾਵ ਖੇਤਰ ਵਿਚ ਰੱਖਣਾ ਚਾਹੁੰਦੇ ਸਨ।
ਰਿਆਸਤਾਂ ਦੀ ਸੂਚੀ ਵਿਚ ਸਭ ਤੋਂ ਪ੍ਰਭਾਵਸ਼ਾਲੀ, ਅਮੀਰ ਅਤੇ ਰਹੱਸਮਈ ਸ਼ਖ਼ਸੀਅਤ ਸੀ ਹੈਦਰਾਬਾਦ ਦੇ ਸੱਤਵੇਂ ਨਿਜ਼ਾਮ ਮੀਰ ਉਸਮਾਨ ਅਲੀ ਖ਼ਾਨ, ਜੋ ਉਸ ਸਮੇਂ ਨਾ ਸਿਰਫ਼ ਭਾਰਤ ਦੇ ਬਲਕਿ ਪੂਰੇ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਮੰਨੇ ਜਾਂਦੇ ਸਨ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਜੇਕਰ ਉਹ ਆਪਣੇ ਖ਼ਜ਼ਾਨੇ ਦੇ ਮੋਤੀਆਂ ਨਾਲ ਸਵਿਮਿੰਗ ਪੂਲ ਭਰਨਾ ਚਾਹੁੰਦੇ ਤਾਂ ਉਹ ਵੀ ਅਸੰਭਵ ਨਾ ਹੁੰਦਾ। ਉਨ੍ਹਾਂ ਕੋਲ ਮੌਜੂਦ 'ਜੈਕਬ ਡਾਇਮੰਡ' ਇੰਨਾ ਵੱਡਾ ਸੀ ਕਿ ਉਹ ਉਸ ਨੂੰ ਕਾਗਜ਼ ਦਬਾਉਣ ਲਈ ਪੇਪਰਵੇਟ ਦੀ ਤਰ੍ਹਾਂ ਇਸਤੇਮਾਲ ਕਰਦੇ ਸਨ। ਇਹੋ ਜਿਹੀ ਆਰਥਿਕ ਸ਼ਕਤੀ ਰੱਖਣ ਵਾਲੇ ਵਿਅਕਤੀ ਦਾ ਦਿੱਲੀ ਵਿਚ ਨਿਵਾਸ ਕਿਸੇ ਆਮ ਪੱਧਰ ਦਾ ਹੋਵੇ, ਇਹ ਕਲਪਨਾ ਕਰਨੀ ਵੀ ਅਸੰਭਵ ਸੀ। ਨਿਜ਼ਾਮ ਨੇ ਬਰਤਾਨਵੀ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਦਾ ਮਹੱਲ ਵਾਇਸਰਾਇ ਹਾਊਸ ਭਾਵ ਅੱਜ ਦੇ ਰਾਸ਼ਟਰਪਤੀ ਭਵਨ ਦੇ ਬਿਲਕੁਲ ਕੋਲ ਹੋਵੇ ਤਾਂ ਕਿ ਉਨ੍ਹਾਂ ਦਾ ਰੁਤਬਾ ਵੀ ਬਰਤਾਨਵੀ ਸੱਤਾ ਦੇ ਬਰਾਬਰ ਦਿਖਾਈ ਦੇਵੇ। ਅੰਗਰੇਜ਼ ਇਹ ਮਨਜ਼ੂਰੀ ਕਦੇ ਵੀ ਨਹੀਂ ਦੇ ਸਕਦੇ ਸਨ ਕਿਉਂਕਿ ਇਕ ਭਾਰਤੀ ਸ਼ਾਸਕ ਦਾ ਘਰ ਵਾਇਸਰਾਇ ਹਾਊਸ ਦੇ ਨੇੜੇ ਬਣਨਾ, ਉਸ ਬਸਤੀਵਾਦੀ ਅਨੁਸ਼ਾਸਨ ਅਤੇ ਮਾਨਸਿਕ ਦੂਰੀ ਨੂੰ ਤੋੜ ਦਿੰਦਾ, ਜਿਸ ਨੂੰ ਉਹ ਬਣਾਈ ਰੱਖਣਾ ਚਾਹੁੰਦੇ ਸਨ।
ਅਖ਼ੀਰ ਸਮਝੌਤਾ ਹੋਇਆ ਤੇ ਨਿਜ਼ਾਮ ਨੂੰ ਵਾਇਸਰਾਇ ਹਾਊਸ ਦੇ ਰਸਤੇ ਦੇ ਅਖ਼ੀਰਲੇ ਪੜਾਅ 'ਤੇ 8.2 ਏਕੜ ਭੂਮੀ ਦਿੱਤੀ ਗਈ। 1919 ਵਿਚ ਜ਼ਮੀਨ ਖਰੀਦੀ ਗਈ ਅਤੇ ਨਿਰਮਾਣ ਦੀ ਸ਼ੁਰੂਆਤ ਹੋਈ। ਨਿਜ਼ਾਮ ਨੇ ਆਪਣੇ ਮਹੱਲ ਲਈ ਉਸ ਵਾਸਤੂਕਾਰ ਸਰ ਐਡਵਿਨ ਲੁਟੀਅਨਜ਼ ਨੂੰ ਚੁਣਿਆ, ਜਿਸ ਨੇ ਪੂਰੀ ਦਿੱਲੀ ਨੂੰ ਉਸ ਦੀ ਪਹਿਚਾਣ ਦਿੱਤੀ ਸੀ। ਲੁਟੀਅਨਜ਼ ਨੇ ਰਾਸ਼ਟਰਪਤੀ ਭਵਨ, ਇੰਡੀਆ ਗੇਟ ਅਤੇ ਦਿੱਲੀ ਦੀਆਂ ਅਨੇਕ ਅਹਿਮ ਇਮਾਰਤਾਂ ਨੂੰ ਡਿਜ਼ਾਈਨ ਕੀਤਾ ਸੀ। ਲੁਟੀਅਨਜ਼ ਨੇ ਨਿਜ਼ਾਮ ਦੇ ਦਿੱਲੀ ਨਿਵਾਸ ਨੂੰ ਇਕ ਅਨੋਖੇ ਰੂਪ (ਤਿੱਤਲੀ ਦੇ ਆਕਾਰ ਵਿਚ ਢਾਲਿਆ)। ਇਹ ਆਕਾਰ ਸਿਰਫ਼ ਸੁੰਦਰ ਹੀ ਨਹੀਂ ਸੀ ਬਲਕਿ ਨਿਜ਼ਾਮ ਦੀ ਸੋਚ ਨੂੰ ਮਿਲਦਾ ਸਾਕਾਰ ਰੂਪ ਸੀ। ਇਸ ਮਹੱਲ ਵਿਚ ਵਿਸ਼ਾਲ ਗੁੰਬਦ, ਉਸ ਦੇ ਚਾਰੇ ਪਾਸੇ ਵਿਸ਼ਾਲ ਹਾਲ, ਚੌੜੇ ਗਲਿਆਰੇ, ਵਿਹੜੇ ਅਤੇ ਸ਼ਾਹੀ ਪ੍ਰਵੇਸ਼ ਦੁਆਰ ਸੀ। ਇਸ ਵਿਚ ਵਾਸਤੂਕਲਾ ਵਿਚ ਯੂਰਪੀ ਪ੍ਰਭਾਵ, ਮੁਗਲਾਂ ਦੇ ਸੁੰਦਰਤਾ ਸ਼ਾਸਤਰ ਅਤੇ ਭਾਰਤੀ ਸ਼ਿਲਪਕਲਾ ਦਾ ਅਦਭੁਤ ਸੰਗਮ ਦਿਖਾਈ ਦਿੰਦਾ ਸੀ। 1926 ਤੋਂ 1928 ਤਕ ਇਸ ਮਹੱਲ ਦੀ ਉਸਾਰੀ ਹੁੰਦੀ ਰਹੀ। ਇਸ ਦੀ ਲਾਗਤ ਕਰੀਬ ਦੋ ਲੱਖ ਪਾਊਂਡ ਸੀ, ਜੋ ਅੱਜ ਦੀ ਲਾਗਤ ਮੁਤਾਬਕ 170 ਤੋਂ 380 ਕਰੋੜ ਰੁਪਏ ਬਣਦੀ ਹੈ। ਉਸ ਦੌਰ ਵਿਚ ਇਹ ਰਾਸ਼ੀ ਕਿਸੇ ਵੀ ਭਾਰਤੀ ਰਿਆਸਤ ਲਈ ਬਹੁਤ ਜ਼ਿਆਦਾ ਸੀ। ਉਸਾਰੀ ਵਿਚ ਬਰਮਾ ਦੀ ਸਾਗੌਨ, ਯੂਰਪੀ ਫਰਨੀਚਰ, ਮੱਧ ਏਸ਼ੀਆ ਤੋਂ ਮੰਗਾਏ ਕਾਲੀਨ, ਨਿਊਯਾਰਕ ਤੋਂ ਮੰਗਵਾਈਆਂ ਗਈਆਂ ਬਿਜਲੀ ਦੀਆਂ ਫਿਟਿੰਗਾਂ, ਵੱਡਾ ਡਾਇਨਿੰਗ ਹਾਲ ਅਤੇ ਔਰਤਾਂ ਲਈ ਅਲੱਗ 'ਜ਼ਨਾਨਾ' ਵਿੰਗ ਸ਼ਾਮਿਲ ਸੀ। ਇਸ ਮਹੱਲ ਦਾ ਹਰੇਕ ਕਮਰਾ ਘੋੜਿਆਂ ਦੇ ਤਬੇਲੇ ਜਿੰਨਾ ਵੱਡਾ ਸੀ, ਅਤੇ ਇਸ ਦਾ ਡਾਇਨਿੰਗ ਹਾਲ ਇਕੋ ਵਾਰ 500 ਲੋਕਾਂ ਨੂੰ ਭੋਜਨ ਕਰਵਾਉਣ ਦੀ ਯੋਗਤਾ ਰੱਖਦਾ ਸੀ। ਇਹ ਮਹੱਲ ਨਾ ਸਿਰਫ਼ ਨਿਜ਼ਾਮ ਦਾ ਦਿੱਲੀ ਵਿਚ ਨਿਵਾਸ ਸੀ ਬਲਕਿ ਉਨ੍ਹਾਂ ਦਾ 'ਡਿਪਲੋਮੈਟਿਕ ਸਟੇਟਮੈਂਟ' ਵੀ ਸੀ, ਜਿਸ ਵਿਚ ਉਨ੍ਹਾਂ ਦੀ ਸ਼ਕਤੀ, ਸ਼ਾਨੋ-ਸ਼ੌਕਤ ਅਤੇ ਰਾਜਨੀਤਕ ਮਹੱਤਵ ਸਪੱਸ਼ਟ ਝਲਕਦਾ ਸੀ।
ਸਮਾਂ ਬਦਲਿਆ ਅਤੇ ਇਤਿਹਾਸ ਨੇ ਪਾਸਾ ਵੱਟਿਆ। 1947 ਵਿਚ ਭਾਰਤ ਆਜ਼ਾਦ ਹੋਇਆ ਅਤੇ ਰਿਆਸਤਾਂ ਨੂੰ ਮਿਲਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ। ਹੈਦਰਾਬਾਦ ਨੇ ਭਾਰਤ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ ਪਰ 1948 ਵਿਚ ਆਪਰੇਸ਼ਨ ਪੋਲੋ ਨਾਲ ਰਿਆਸਤ ਭਾਰਤ ਵਿਚ ਸ਼ਾਮਿਲ ਹੋ ਗਈ। ਨਿਜ਼ਾਮ ਦੀ ਸੱਤਾ ਇਤਿਹਾਸ ਦਾ ਹਿੱਸਾ ਬਣਨ ਲੱਗੀ ਅਤੇ ਹੌਲੀ-ਹੌਲੀ ਦਿੱਲੀ ਦਾ ਇਹ ਮਹੱਲ ਵੀ ਉਪਯੋਗਹੀਣ ਹੋ ਗਿਆ। ਇਸ ਤੋਂ ਬਾਅਦ ਬਦਲਾਅ ਦਾ ਜੋ ਦੌਰ ਸ਼ੁਰੂ ਹੋਇਆ, ਉਸ ਨੇ ਇਸ ਭਵਨ ਦੀ ਕਿਸਮਤ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। 1954 'ਚ ਭਾਰਤ ਸਰਕਾਰ ਨੇ ਇਸ ਨੂੰ ਲੀਜ਼ 'ਤੇ ਲੈ ਲਿਆ। 1974 ਆਉਂਦੇ-ਆਉਂਦੇ ਇਹ ਵਿਦੇਸ਼ ਮੰਤਰਾਲੇ ਨੂੰ ਸੌਂਪ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਹੈਦਰਾਬਾਦ ਹਾਊਸ ਦੀ ਆਤਮਾ ਬਦਲ ਗਈ। ਇਹ ਹੁਣ ਕਿਸੇ ਰਾਜੇ ਦਾ ਨਿੱਜੀ ਨਿਵਾਸ ਨਹੀਂ ਬਲਕਿ ਲੋਕਤੰਤਰੀ ਭਾਰਤ ਦਾ ਕੂਟਨੀਤਕ ਦਿਲ ਬਣ ਚੁੱਕਾ ਸੀ।
ਅੱਜ ਇਹ ਭਵਨ ਉਸ ਨਵੇਂ ਭਾਰਤ ਦੀ ਪਹਿਚਾਣ ਹੈ, ਜੋ ਵਾਰਤਾਵਾਂ 'ਚ ਯੁੱਧ ਨਹੀਂ, ਸਹਿਯੋਗ ਨਾਲ ਸੰਘਰਸ਼ਾਂ ਦਾ ਹੱਲ ਅਤੇ ਸਾਂਝ ਭਿਆਲੀਆਂ ਨਾਲ ਭਵਿੱਖ ਦੀਆਂ ਸੰਭਾਵਨਾਵਾਂ ਤਿਆਰ ਕਰਦਾ ਹੈ। ਇਸ ਮਹੱਲ 'ਚ ਭਾਰਤ-ਅਮਰੀਕਾ, ਭਾਰਤ-ਰੂਸ, ਭਾਰਤ-ਫਰਾਂਸ, ਭਾਰਤ-ਜਾਪਾਨ, ਭਾਰਤ-ਚੀਨ ਵਰਗੀਆਂ ਰਣਨੀਤਕ ਵਾਰਤਾਵਾਂ ਦੇ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ। ਇਥੇ ਬਰਾਕ ਓਬਾਮਾ ਨੇ ਭਾਰਤ ਨਾਲ ਨਵੀਂ ਰਣਨੀਤਕ ਸਾਂਝੇਦਾਰੀ 'ਤੇ ਚਰਚਾ ਕੀਤੀ, ਇਥੇ ਹੀ ਪੁਤਿਨ ਨਾਲ ਰੱਖਿਆ ਅਤੇ ਊਰਜਾ ਸਹਿਯੋਗ ਦੇ ਸਮਝੌਤੇ ਹੋਏ, ਇਥੇ ਹੀ ਸ਼ਿੰਜੋ ਆਬੇ ਨਾਲ ਹਿੰਦ-ਪ੍ਰਸ਼ਾਂਤ ਰਣਨੀਤੀ ਦੇ ਸੂਤਰ ਤੈਅ ਹੋਏ। ਇਹ ਮਹੱਲ ਹੁਣ ਉਹ ਸਥਾਨ ਬਣ ਚੁੱਕਾ ਹੈ, ਜਿਥੇ ਦੂਜੇ ਦੇਸ਼ਾਂ ਦੇ ਰਾਸ਼ਟਰ ਮੁਖੀ ਸਿਰਫ਼ ਆਉਂਦੇ-ਜਾਂਦੇ ਹੀ ਨਹੀਂ ਬਲਕਿ ਭਾਰਤ ਦੇ ਨਾਲ ਲੰਬੇ ਭਵਿੱਖ ਦੀਆਂ ਯੋਜਨਾਵਾਂ ਵੀ ਤਿਆਰ ਕਰਦੇ ਹਨ। ਹੈਦਰਾਬਾਦ ਹਾਊਸ ਦੀਆਂ ਦੀਵਾਰਾਂ 'ਚ ਅੱਜ ਵੀ ਉਹ ਸ਼ਾਹੀ ਠਹਿਰਾਅ, ਉਹ ਸਥਾਪਤੀ ਦੀ ਗਰਿਮਾ ਅਤੇ ਉਹ ਇਤਿਹਾਸਕ ਗੂੰਜ ਮੌਜੂਦ ਹੈ, ਜੋ ਇਸ ਨੂੰ ਕਿਸੇ ਅਜਾਇਬਘਰ 'ਚ ਕੈਦ ਮੂਰਤੀ ਨਹੀਂ ਬਲਕਿ ਜਿਊਂਦਾ-ਜਾਗਦਾ ਦਸਤਾਵੇਜ਼ ਬਣਾ ਦਿੰਦੀ ਹੈ।
ਇਕ ਸਮੇਂ ਜੋ ਜਗ੍ਹਾ ਨਿਜ਼ਾਮ ਦੇ ਮਾਣ-ਸਨਮਾਨ ਦੀ ਪ੍ਰਤੀਕ ਸੀ, ਉਹ ਅੱਜ ਸਾਰੇ ਭਾਰਤ ਦੀ ਕੂਟਨੀਤਕ ਸਮਰੱਥਾ, ਆਤਮ-ਵਿਸ਼ਵਾਸ ਅਤੇ ਵਿਸ਼ਵ ਦੀ ਅਗਵਾਈ ਕਰਨ ਵਾਲੀ ਹੈ। ਇਹ ਇਮਾਰਤ ਰਿਆਸਤਾਂ ਤੋਂ ਲੈ ਕੇ ਲੋਕਤੰਤਰਿਕ ਤੱਕ, ਮਹਿਲਾਂ ਦੀ ਸ਼ਾਨੋ-ਸ਼ੌਕਤ ਤੋਂ ਆਧੁਨਿਕ ਵਿਸ਼ਵ ਪੱਧਰ 'ਤੇ ਸਹਿਯੋਗ ਤੱਕ, ਲੋਕਾਂ ਦੇ ਇਕਪਾਸੜ ਪ੍ਰਭਾਵ ਤੋਂ ਭਾਰਤ ਦੇ ਬਹੁਧਰੁਵੀ ਵਿਸ਼ਵ ਦ੍ਰਿਸ਼ ਤੱਕ ਭਾਰਤ ਦੀ ਯਾਤਰਾ ਨੂੰ ਪ੍ਰਦਰਸ਼ਿਤ ਕਰਦੀ ਹੈ। ਅੱਜ ਜਦੋਂ ਵਿਸ਼ਵ ਭਰ ਦੇ ਨੇਤਾ ਭਾਰਤ ਨਾਲ ਰਣਨੀਤੀ ਘੜਨ ਜਾਂ ਭਵਿੱਖ ਨੂੰ ਦਿਸ਼ਾ ਦੇਣ ਦੇ ਇਰਾਦੇ ਨਾਲ ਭਾਰਤ ਆਉਂਦੇ ਹਨ ਤਾਂ ਉਨ੍ਹਾਂ ਦੀ ਯਾਤਰਾ ਦਾ ਸਭ ਤੋਂ ਮਹੱਤਵਪੂਰਨ ਟਿਕਾਣਾ ਇਹੀ ਹੁੰਦਾ ਹੈ। ਇਹ ਥਾਂ ਹੁਣ ਸਿਰਫ਼ ਰਾਜ ਵਲੋਂ ਵਿਦੇਸ਼ੀ ਮਹਿਮਾਨਾਂ ਨੂੰ ਖਾਣੇ ਦੀਆਂ ਦਾਅਵਤਾਂ ਅਤੇ ਰਸਮਾਂ ਦਾ ਮੰਚ ਨਹੀਂ ਬਲਕਿ ਇਹ ਉਹ ਥਾਂ ਹੈ, ਜਿਥੇ ਕੂਟਨੀਤਕ ਧਾਗੇ ਬੁਣੇ ਜਾਂਦੇ ਹਨ। ਸਮਝੌਤੇ ਸਿਰੇ ਚੜ੍ਹਦੇ ਹਨ ਅਤੇ ਰਾਸ਼ਟਰਾਂ ਦਾ ਭਵਿੱਖ ਆਕਾਰ ਲੈਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪ੍ਰਮੁੱਖ ਨੇਤਾਵਾਂ ਨਾਲ ਇਥੇ ਮੁਲਾਕਾਤ ਕਰਨਾ ਇਸ ਲਈ ਮਹਿਜ਼ ਇਕ ਰਵਾਇਤ ਨਹੀਂ ਬਲਕਿ ਇਕ ਸੰਦੇਸ਼ ਵੀ ਹੈ ਕਿ ਭਾਰਤ ਇਤਿਹਾਸ ਸਮੋਈ ਬੈਠਾ ਦੇਸ਼ ਹੀ ਨਹੀਂ, ਵਿਸ਼ਵ ਰਾਜਨੀਤੀ ਦਾ ਨਿਰਨਾਇਕ ਕੇਂਦਰ ਵੀ ਬਣ ਰਿਹਾ ਹੈ।
ਹੈਦਰਾਬਾਦ ਹਾਊਸ ਸਮੇਂ ਦੇ ਨਾਲ-ਨਾਲ ਭਾਵੇਂ ਬਦਲ ਗਿਆ ਹੋਵੇ ਪਰ ਇਸ ਦੀ ਆਤਮਾ ਉਹੀ ਹੈ। ਅੱਜ ਵੀ ਇਹ ਸ਼ਾਂਤ ਹੈ ਅਤੇ ਇਸ ਦੀ ਸ਼ਾਂਤੀ 'ਚ ਉਹ ਗੂੂੰਜ ਹੈ ਜੋ ਇਤਿਹਾਸ ਨੂੰ ਬਦਲਦੇ ਯੁੱਗ ਨਾਲ ਜੋੜਦੀ ਹੈ। ਇਹ ਮਹੱਲ ਹੁਣ ਕਿਸੇ ਇਕ ਖਾਨਦਾਨ ਦੀ ਅਮੀਰੀ ਦਾ ਪ੍ਰਤੀਕ ਨਹੀਂ ਬਲਕਿ ਸੰਪੂਰਨ ਭਾਰਤ ਦੀ ਕੂਟਨੀਤਕ ਸ਼ਕਤੀ ਅਤੇ ਵਿਸ਼ਵ ਪੱਧਰ ਦੀਆਂ ਆਸਾਂ ਦਾ ਪ੍ਰਤੀਕ ਹੈ। ਇਸ ਦੇ ਵਿਸ਼ਾਲ ਦਰਵਾਜ਼ਿਆਂ ਰਾਹੀਂ ਨੇਤਾ ਅੰਦਰ ਪ੍ਰਵੇਸ਼ ਕਰ ਕੇ ਸਿਰਫ਼ ਕਿਸੇ ਕਮਰੇ, ਹਾਲ ਜਾਂ ਦੀਵਾਰ ਦੇ ਸਾਹਮਣੇ ਨਹੀਂ ਖੜ੍ਹੇ ਹੁੰਦੇ ਬਲਕਿ ਉਸ ਭਾਰਤ ਦੇ ਸਾਹਮਣੇ ਖੜ੍ਹੇ ਹੁੰਦੇ ਹਨ, ਜੋ ਇਤਿਹਾਸ ਨਾਲ ਭਰਿਆ ਹੋਇਆ ਹੈ। ਵਰਤਮਾਨ ਨਾਲ ਪਰਿਪੱਕ ਹੈ ਅਤੇ ਭਵਿੱਖ ਨੂੰ ਆਕਾਰ ਦੇਣ ਲਈ ਤਿਆਰ ਹੈ। ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਕਿਸੇ ਦੂਜੇ ਦੇਸ਼ ਦੇ ਰਾਸ਼ਟਰ ਮੁਖੀ ਨੇ ਭਾਰਤ ਦੇ ਨਾਲ ਭਵਿੱਖ ਦੀ ਯਾਤਰਾ ਤੈਅ ਕਰਨੀ ਹੁੰਦੀ ਹੈ ਤਾਂ ਉਸ ਯਾਤਰਾ ਦੀ ਸ਼ੁਰੂਆਤ ਇਥੋਂ ਹੀ ਹੁੰਦੀ ਹੈ। ਜਿਥੇ ਕਦੀ ਨਿਜ਼ਾਮ ਦੀ ਸ਼ਾਨ ਤਿੱਤਲੀ ਦੇ ਖੰਭਾਂ 'ਤੇ ਉਡਾਣ ਭਰਦੀ ਸੀ।
-114, ਗਲੀ ਨੰ: 6, ਗੋਪਾਲ ਨਗਰ, ਐਮ.ਡੀ. ਮਾਰਗ, ਨਜਫ਼ਗੜ੍ਹ, ਨਵੀਂ ਦਿੱਲੀ-1100043
ਮੋਬਾਈਲ : 94167-40584