ਵੀਹਵੀਂ ਸਦੀ ਵਿਚ ਦੂਜੀ ਸੰਸਾਰ ਜੰਗ ਤੋਂ ਬਾਅਦ ਸ਼ੁਰੂ ਹੋਏ ਸੀਤ ਯੁੱਧ ਦੌਰਾਨ ਵਿਸ਼ਵ ਦੀਆਂ ਦੋ ਮੁੱਖ ਤਾਕਤਾਂ ਅਮਰੀਕਾ ਅਤੇ ਸੋਵੀਅਤ ਯੂਨੀਅਨ ਵਿਚ ਲੱਗੀ ਮੁਕਾਬਲੇਬਾਜ਼ੀ ਦੀ ਹੋੜ ਨੇ ਪੁਲਾੜ ਦੌੜ ਨੂੰ ਜਨਮ ਦਿੱਤਾ। 4 ਅਕਤੂਬਰ, 1957 ਨੂੰ ਸੋਵੀਅਤ ਯੂਨੀਅਨ ਨੇ ਬਾਈਕੋਨੂਰ ਤੋਂ ਸਫਲਤਾਪੂਰਵਕ ਪਹਿਲਾ ਬਨਾਵਟੀ ਉਪਗ੍ਰਹਿ ਸਪੁਤਨਿਕ-1 ਧਰਤੀ ਦੁਆਲੇ ਗ੍ਰਹਿ ਪੰਧ 'ਤੇ ਘੁੰਮਣ ਵਾਸਤੇ ਲਾਂਚ ਕੀਤਾ। ਸਪੁਤਨਿਕ-1 ਮਨੁੱਖੀ ਹੱਥਾਂ ਦੀ ਸਿਰਜੀ, ਧਰਤੀ ਤੋਂ ਪੁਲਾੜ ਤੱਕ ਪਹੁੰਚਣ ਵਾਲੀ ਪਹਿਲੀ ਵਸਤੂ ਸੀ। ਅਗਲੇ ਮਹੀਨੇ 3 ਨਵੰਬਰ, 1957 ਨੂੰ ਸੋਵੀਅਤ ਯੂਨੀਅਨ ਨੇ ਸਪੁਤਨਿਕ-2 ਰਾਹੀਂ ਪਹਿਲੀ ਵਾਰ ਧਰਤੀ ਦਾ ਕੋਈ ਜੀਵ, ਲਾਇਕਾ ਨਾਮ ਦੀ ਕੁੱਤੀ ਧਰਤੀ ਦੁਆਲੇ ਗ੍ਰਹਿ ਪੰਧ 'ਤੇ ਸਫ਼ਰ ਵਾਸਤੇ ਭੇਜੀ। ਅਮਰੀਕਾ ਨੂੰ ਪੁਲਾੜ ਉਡਾਨ ਦੀ ਪਹਿਲੀ ਸਫਲਤਾ ਐਕਸਪਲੋਰਰ-1 ਉਪਗ੍ਰਹਿ ਦੇ ਲਾਂਚ ਨਾਲ 1 ਫਰਵਰੀ 1958 ਨੂੰ ਮਿਲੀ। ਦੋਹਾਂ ਮਹਾਂਸ਼ਕਤੀਆਂ ਨੇ ਸਾਲ 1958 ਦੀ ਦੂਜੀ ਛਿਮਾਹੀ ਦੌਰਾਨ ਆਪਣੇ ਸਪੇਸ ਕਰਾਫਟਾਂ ਦੇ ਮੂੰਹ ਚੰਨ ਵੱਲ ਨੂੰ ਸੇਧ ਲਏ। ਉਸੇ ਸਾਲ ਅਮਰੀਕਾ ਅਤੇ ਸੋਵੀਅਤ ਯੂਨੀਅਨ ਨੇ ਕ੍ਰਮਵਾਰ 4 ਅਤੇ 3 ਮਿਸ਼ਨ ਚੰਨ ਵੱਲ ਤੋਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ। ਚੰਨ ਨੇੜੇ ਪੁੱਜਣ ਦੀ ਪਹਿਲੀ ਸਫ਼ਲਤਾ 2 ਜਨਵਰੀ, 1959 ਨੂੰ ਲਾਂਚ ਕੀਤੇ ਸੋਵੀਅਤ ਯੂਨੀਅਨ ਦੇ ਲੂਨਾ-1 ਸਪੇਸਕਰਾਫਟ ਨੂੰ ਮਿਲੀ, ਜੋ 4 ਜਨਵਰੀ, 1959 ਨੂੰ ਚੰਨ ਦੇ ਕੋਲੋਂ ਲਗਭਗ 6000 ਕਿਲੋਮੀਟਰ ਦੀ ਦੂਰੀ ਤੋਂ ਗੁਜ਼ਰਿਆ। ਇਸੇ ਸਾਲ 13 ਸਤੰਬਰ ਨੂੰ ਸੋਵੀਅਤ ਯੂਨੀਅਨ ਦਾ ਲੂਨਾ-2 ਸਪੇਸ ਕਰਾਫਟ ਧਰਤੀ ਤੋਂ 38 ਘੰਟੇ 23 ਮਿੰਟ ਦਾ ਸਫ਼ਰ ਤਹਿ ਕਰਕੇ ਚੰਨ ਉੱਤੇ ਨੇਜ਼ੇ ਵਾਂਗ ਜਾ ਟਕਰਾਇਆ, ਜੋ ਮਨੁੱਖੀ ਹੱਥਾਂ ਦੀ ਬਣਾਈ ਚੰਨ 'ਤੇ ਪਹੁੰਚਣ ਵਾਲੀ ਪਹਿਲੀ ਕਿਰਤ ਸੀ। ਸੋਵੀਅਤ ਯੂਨੀਅਨ ਨੇ ਪਹਿਲ ਕਰਦਿਆਂ 6 ਅਕਤੂਬਰ, 1959 ਨੂੰ ਲੂਨਾ-3 ਸਪੇਸ ਕਰਾਫਟ ਚੰਨ ਕੋਲੋਂ ਲੰਘਾ ਕੇ ਪਾਰਲੇ ਪਾਸੇ ਦੀਆਂ ਤਸਵੀਰਾਂ ਵੀ ਖਿੱਚ ਲਈਆਂ, ਜੋ ਧਰਤੀ ਤੋਂ ਨਜ਼ਰ ਨਹੀਂ ਆਉਂਦਾ ਹੈ।
ਜਦੋਂ 12 ਅਪ੍ਰੈਲ, 1961 ਨੂੰ ਸੋਵੀਅਤ ਪਾਇਲਟ ਯੂਰੀ ਅਲੇਕਸੀਵਿਚ ਗਾਗਰਿਨ ਨੇ ਵੋਸਟੋਕ-1 ਸਪੇਸਕਰਾਫਟ 'ਤੇ 1 ਘੰਟਾ 48 ਮਿੰਟ ਦੀ ਉਡਾਨ ਭਰ ਕੇ ਧਰਤੀ ਦੁਆਲੇ ਗ੍ਰਹਿ ਪੰਧ 'ਤੇ ਪਹਿਲਾ ਚੱਕਰ ਲਗਾਇਆ ਤਾਂ ਅਮਰੀਕਾ ਸਮੇਤ ਪੂਰੀ ਦੁਨੀਆ ਦੀਆਂ ਅੱਖਾਂ ਮਨੁੱਖ ਦੀ ਪਹਿਲੀ ਪੁਲਾੜ ਉਡਾਰੀ ਦੇਖ ਕੇ ਅੱਡੀਆਂ ਰਹਿ ਗਈਆਂ। ਗਾਗਰਿਨ ਦੀ ਉਡਾਨ ਤੋਂ 6 ਹਫ਼ਤਿਆਂ ਬਾਅਦ 25 ਮਈ, 1961 ਨੂੰ ਤਤਕਾਲੀ ਅਮਰੀਕੀ ਰਾਸ਼ਟਰਪਤੀ ਜੌਹਨ ਫਿਟਜ਼ਗੇਰਾਲਡ ਕੈਨੇਡੀ ਨੇ ਕਾਂਗਰਸ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ, 'ਮੇਰਾ ਮੰਨਣਾ ਹੈ ਕਿ ਇਸ ਰਾਸ਼ਟਰ ਨੂੰ ਦਹਾਕਾ ਖ਼ਤਮ ਹੋਣ ਤੋਂ ਪਹਿਲਾਂ, ਚੰਦਰਮਾ 'ਤੇ ਇਕ ਆਦਮੀ ਨੂੰ ਉਤਾਰਨ ਅਤੇ ਉਸ ਨੂੰ ਸੁਰੱਖਿਅਤ ਧਰਤੀ 'ਤੇ ਵਾਪਸ ਲਿਆਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੇ-ਆਪ ਨੂੰ ਵਚਨਬੱਧ ਕਰਨਾ ਚਾਹੀਦਾ ਹੈ।' ਰਾਸ਼ਟਰਪਤੀ ਦੇ ਇਸ ਸੱਦੇ ਨੇ ਅਮਰੀਕੀ ਜਨਤਾ ਵਿਚ ਪ੍ਰਤੀਕਿਰਿਆ ਦੀ ਇਕ ਭਾਵਨਾ ਪੈਦਾ ਕੀਤੀ ਅਤੇ ਨਵੀਂ ਸਥਾਪਿਤ ਹੋਈ ਸੰਸਥਾ ਨਾਸਾ ਦੇ ਅਧੀਨ ਮਿਥੇ ਟੀਚੇ ਨੂੰ ਸਮਾਂਬੱਧ ਪੂਰਾ ਕਰਨ ਵਾਸਤੇ ਅਮਰੀਕਾ ਵਲੋਂ ਪੂਰੇ ਉਤਸ਼ਾਹ ਨਾਲ਼ ਉਪਰਾਲੇ ਆਰੰਭ ਦਿੱਤੇ ਗਏ।
ਚੰਨ 'ਤੇ ਮਨੁੱਖ ਉਤਾਰਨ ਦੀਆਂ ਤਿਆਰੀਆਂ ਵਿਚ ਜੁਟੇ ਅਮਰੀਕਾ ਸਾਹਮਣੇ ਦੋ ਮੁੱਖ ਚਿੰਤਾਵਾਂ ਸਨ, ਪਹਿਲੀ ਜੇਕਰ ਚੰਨ 'ਤੇ ਉੱਤਰਦੇ ਸਮੇਂ ਪਥਰੀਲੇ ਇਲਾਕੇ ਦਾ ਸਾਹਮਣਾ ਹੋ ਗਿਆ, ਤਾਂ ਸਪੇਸ ਕਰਾਫਟ ਪਲਟ ਜਾਵੇਗਾ। ਦੂਜਾ ਕੁਝ ਖਗੋਲ ਵਿਗਿਆਨੀਆਂ ਨੇ ਕਲਪਨਾ ਕੀਤੀ ਸੀ ਕਿ ਚੰਨ ਦੀ ਸਤਹਿ 'ਤੇ ਧੂੜ ਦੀ ਮੋਟੀ ਪਰਤ ਹੈ, ਜਿਸ ਦੀ ਮੋਟਾਈ ਕਿਲੋਮੀਟਰ ਤੱਕ ਵੀ ਹੋ ਸਕਦੀ ਹੈ, ਜਿਸ ਕਰਕੇ ਇਸ 'ਤੇ ਚਲਣਾ ਸਿਰਫ ਅਸੰਭਵ ਹੀ ਨਹੀਂ ਹੋਵੇਗਾ, ਬਲਕਿ ਪੁਲਾੜ ਯਾਤਰੀ ਇੱਥੇ ਜ਼ਮੀਨ ਵਿਚ ਧਸ ਕੇ ਮਰ ਜਾਣਗੇ। ਇਨ੍ਹਾਂ ਸ਼ੰਕਿਆਂ ਦੀ ਨਵਿਰਤੀ ਵਾਸਤੇ ਅਮਰੀਕਾ ਦੇ 13 ਮਨੁੱਖ-ਰਹਿਤ ਸਪੇਸ ਕਰਾਫਟਾਂ ਨੇ ਚੰਨ ਦਾ ਬਾਰੀਕੀ ਨਾਲ ਅਧਿਐਨ ਕੀਤਾ, ਜਿਨ੍ਹਾਂ ਵਿਚੋਂ ਤਿੰਨ ਸਪੇਸ ਕਰਾਫਟਾਂ ਨੂੰ ਚੰਨ ਦੀ ਸਤਹਿ 'ਤੇ ਨੇਜ਼ੇ ਵਾਂਗ ਸੁੱਟਿਆ ਗਿਆ, ਪੰਜ ਸਪੇਸ ਕਰਾਫਟਾਂ ਨੂੰ ਚੰਨ ਨੇੜੇ ਗ੍ਰਹਿ ਪੰਧ 'ਤੇ ਚੱਕਰ ਲਗਵਾਏ ਗਏ ਅਤੇ ਪੰਜ ਸਪੇਸ ਕਰਾਫਟਾਂ ਨੂੰ ਸਹਿਜੇ-ਸਹਿਜੇ ਚੰਨ ਦੀ ਸਤਹਿ 'ਤੇ ਉਤਾਰ ਕੇ ਦੇਖਦਿਆਂ ਪਤਾ ਲਗਾਇਆ ਕਿ ਚੰਨ ਉੱਪਰ ਧੂੜ ਦੀ ਪਤਲੀ ਤਹਿ ਹੈ, ਜਿਸ ਵਿਚ ਧਸਣ ਦਾ ਕੋਈ ਖ਼ਤਰਾ ਨਹੀਂ ਹੈ। ਅਮਰੀਕਾ ਨੂੰ ਵੱਡੀ ਸਫ਼ਲਤਾ 24 ਦਸੰਬਰ, 1968 ਨੂੰ ਉਸ ਸਮੇਂ ਮਿਲੀ, ਜਦੋਂ ਅਪੋਲੋ-8 ਸਪੇਸ ਕਰਾਫਟ ਪਹਿਲੀ ਵਾਰ ਧਰਤੀ ਤੋਂ ਤਿੰਨ ਮਨੁੱਖਾਂ ਨੂੰ ਚੰਨ ਦੁਆਲੇ ਪੰਧ 'ਤੇ ਚੱਕਰ ਲਗਵਾਉਣ ਵਾਸਤੇ ਲੈ ਪੁੱਜਿਆ, ਸਪੇਸ ਕਰਾਫਟ ਵਿਚ ਸਵਾਰ ਤਿੰਨ ਅਮਰੀਕੀ ਪੁਲਾੜ ਯਾਤਰੀਆਂ; ਫਰੈਂਕ ਬੋਰਮੈਨ, ਜੇਮਜ਼ ਲੋਵੇਲ ਜੂਨੀਅਰ ਅਤੇ ਵਿਲੀਅਮ ਐਂਡਰਸ ਨੇ ਚੰਨ ਦੁਆਲੇ ਪੰਧ 'ਤੇ ਘੱਟੋ-ਘੱਟ 113 ਕਿਲੋਮੀਟਰ ਦੀ ਉੱਚਾਈ 'ਤੇ 20 ਘੰਟੇ 51 ਮਿੰਟ ਤੱਕ ਘੁੰਮ ਕੇ 10 ਚੱਕਰ ਲਗਾਉਂਦਿਆਂ ਭਵਿੱਖ ਦੇ ਮਿਸ਼ਨਾਂ ਦੌਰਾਨ ਪੁਲਾੜ ਯਾਤਰੀਆਂ ਦੇ ਚੰਨ ਦੀ ਸਤਹਿ 'ਤੇ ਉੱਤਰਨਯੋਗ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ। ਇਹ ਯਾਤਰੂ ਦਲ ਸਫਲਤਾ ਪੂਰਵਕ ਆਪਣੇ ਕਾਰਜ ਸੰਪੂਰਨ ਕਰਕੇ 27 ਦਸੰਬਰ, 1968 ਨੂੰ ਧਰਤੀ 'ਤੇ ਵਾਪਿਸ ਆ ਪੁੱਜਿਆ। 18 ਮਈ, 1969 ਨੂੰ ਅਮਰੀਕਾ ਨੇ ਫਿਰ ਤਿੰਨ ਪੁਲਾੜ ਯਾਤਰੀਆਂ; ਥਾਮਸ ਸਟੈਫੋਰਡ, ਯੂਜੀਨ ਸਰਨਨ ਅਤੇ ਜੌਹਨ ਯੰਗ ਦਾ ਦਲ ਅਪੋਲੋ-10 ਸਪੇਸ ਕਰਾਫਟ ਰਾਹੀਂ ਚੰਨ ਦੁਆਲੇ ਗ੍ਰਹਿ ਪੰਧ 'ਤੇ ਭੇਜਿਆ, ਜਿਨ੍ਹਾਂ ਨੇ ਚੰਨ ਦੁਆਲੇ ਚੱਕਰਾਕਾਰ ਪੰਧ 'ਤੇ ਲਗਭਗ 111 ਕਿਲੋਮੀਟਰ ਦੀ ਉੱਚਾਈ 'ਤੇ ਘੁੰਮਦਿਆਂ, ਚੰਨ 'ਤੇ ਉੱਤਰਨ ਵਾਲਾ ਯਾਨ ਭਾਵ ਲੂਨਰ ਮੋਡੀਊਲ, ਜੋ ਕਿ ਮੁੱਖ ਸਪੇਸ ਕਰਾਫਟ ਨਾਲ ਹੀ ਜੋੜ ਕੇ ਭੇਜਿਆ ਗਿਆ ਸੀ, ਉਸਨੂੰ ਮੁੱਖ ਸਪੇਸ ਕਰਾਫਟ ਨਾਲੋਂ ਵੱਖ ਕਰਕੇ ਤਕਰੀਬਨ 8 ਘੰਟੇ ਤੱਕ ਚੰਨ ਦੁਆਲੇ ਅੰਡਾਕਾਰ ਪੰਧ 'ਤੇ ਘੁੰਮਾਉਂਦਿਆਂ ਚੰਨ ਦੀ ਸਤਹਿ ਦੇ ਲੱਗਭਗ ਪੌਣੇ ਦਸ ਮੀਲ ਨੇੜੇ ਭੇਜ ਕੇ ਭਵਿੱਖ ਦੇ ਮਨੁੱਖੀ ਮਿਸ਼ਨ ਦੀ ਚੰਨ ਉੱਪਰ ਉੱਤਰਨ ਵਾਲੀ ਜਗ੍ਹਾ ਦਾ ਨੇੜਿਓਂ ਜਾਇਜ਼ਾ ਲਿਆ । ਇਨ੍ਹਾਂ ਤਕਨੀਕੀ ਪ੍ਰੀਖਣਾਂ ਨੇ ਚੰਨ ਉੱਪਰ ਮਨੁੱਖ ਉਤਾਰਨ ਦੇ ਅਮਰੀਕੀ ਸੁਪਨੇ ਦੀ ਪੂਰਤੀ ਵਾਸਤੇ ਜ਼ਮੀਨ ਪੂਰੀ ਤਰ੍ਹਾਂ ਤਿਆਰ ਕਰ ਦਿੱਤੀ ਸੀ। ਨਾਸਾ ਦਾ ਅਪੋਲੋ ਸਥਾਨ ਚੋਣ ਬੋਰਡ ਪਿਛਲੇ ਦੋ ਸਾਲਾਂ ਤੋਂ ਵੀ ਪਹਿਲਾਂ ਦਾ ਅਪੋਲੋ-11 ਸਪੇਸ ਕਰਾਫਟ ਰਾਹੀਂ ਜਾਣ ਵਾਲੇ ਪੁਲਾੜ ਯਾਤਰੀਆਂ ਦੇ ਚੰਨ 'ਤੇ ਉੱਤਰਨ ਵਾਲੇ ਸੰਭਵ ਟਿਕਾਣਿਆਂ ਵਾਰੇ ਅਧਿਐਨ ਕਰ ਰਿਹਾ ਸੀ। ਪਹਿਲੀ ਸੂਚੀ ਵਿਚ ਚੰਨ ਉੱਪਰਲੀਆਂ 30 ਵੱਖ-ਵੱਖ ਸੰਭਾਵਿਤ ਥਾਵਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਪਰੰਤੂ ਕਾਫੀ ਵਿਚਾਰ-ਵਟਾਂਦਰੇ ਉਪਰੰਤ ਇਨ੍ਹਾਂ ਵਿਚੋਂ ਤਿੰਨ ਥਾਵਾਂ ਨੂੰ ਅੰਤਿਮ ਸੂਚੀ ਵਿਚ ਸਥਾਨ ਮਿਲਿਆ, ਜਿਨ੍ਹਾਂ ਵਿਚੋਂ ਕਿਸੇ ਇਕ ਸਥਾਨ 'ਤੇ ਮਨੁੱਖ ਨੇ ਪਹਿਲੀ ਵਾਰ ਚੰਨ 'ਤੇ ਜਾ ਪੈਰ ਰੱਖਣਾ ਸੀ। ਹੁਣ ਅਪੋਲੋ-11 ਸਪੇਸ ਕਰਾਫਟ ਮਨੁੱਖ ਨੂੰ ਚੰਨ 'ਤੇ ਲੈ ਕੇ ਜਾਣ ਵਾਸਤੇ ਪੂਰਨ ਰੂਪ ਵਿਚ ਤਿਆਰ ਸੀ। ਇਸ ਸਪੇਸ ਕਰਾਫਟ ਦੇ ਮੁੱਖ ਤਿੰਨ ਹਿੱਸੇ ਸਨ: ਕਮਾਂਡ ਮੋਡੀਊਲ, ਸਰਵਿਸ ਮੋਡੀਊਲ ਅਤੇ ਲੂਨਰ ਮੋਡੀਊਲ। ਕਮਾਂਡ ਮੋਡੀਊਲ, ਜਿਸ ਦਾ ਨਾਂਅ ਕੋਲੰਬੀਆ ਰੱਖਿਆ ਗਿਆ ਸੀ, ਇਸ ਦਾ ਕੰਮ ਧਰਤੀ ਤੋਂ ਤਿੰਨ ਪੁਲਾੜ ਯਾਤਰੀਆਂ ਨੂੰ ਬੈਠਾ ਕੇ ਚੰਨ ਦੇ ਨੇੜੇ ਤੱਕ ਲੈ ਕੇ ਜਾਣਾ ਸੀ, ਜਿੱਥੇ ਜਾ ਕੇ ਇਸ ਨੇ ਚੰਨ ਦੁਆਲੇ ਪੰਧ 'ਤੇ ਚੱਕਰ ਲਗਾਉਣੇ ਸਨ ਅਤੇ ਫਿਰ ਪੁਲਾੜ ਯਾਤਰੀਆਂ ਨੂੰ ਸੁਰੱਖਿਅਤ ਧਰਤੀ ਤੇ ਵਾਪਿਸ ਲੈ ਕੇ ਆਉਣਾ ਸੀ। ਸਰਵਿਸ ਮੋਡੀਊਲ ਦੀ ਜ਼ਿੰਮੇਵਾਰੀ ਕਮਾਂਡ ਮੋਡੀਊਲ ਨੂੰ ਪ੍ਰੋਪਲਸ਼ਨ, ਬਿਜਲੀ, ਆਕਸੀਜਨ ਅਤੇ ਪਾਣੀ ਆਦਿ ਦੀ ਜ਼ਰੂਰੀ ਸਹਾਇਤਾ ਪ੍ਰਦਾਨ ਕਰਨੀ ਸੀ। ਲੂਨਰ ਮੋਡੀਊਲ, ਜਿਸ ਦਾ ਨਾਂਅ ਈਗਲ ਰੱਖਿਆ ਗਿਆ ਸੀ, ਇਸ ਨੇ ਚੰਨ ਦੇ ਪੰਧ 'ਤੇ ਪੁੱਜ ਕੇ ਮੁੱਖ ਸਪੇਸ ਕਰਾਫਟ ਤੋਂ ਵੱਖ ਹੋ ਕੇ ਦੋ ਪੁਲਾੜ ਯਾਤਰੀਆਂ ਨੂੰ ਚੰਨ ਦੀ ਸਤਹਿ 'ਤੇ ਉਤਾਰਨਾ ਸੀ ਅਤੇ ਕੁਝ ਸਮੇਂ ਬਾਅਦ ਯਾਤਰੀਆਂ ਸਮੇਤ ਵਾਪਿਸ ਸੁਰੱਖਿਅਤ ਮੁੱਖ ਸਪੇਸ ਕਰਾਫਟ ਨਾਲ ਆ ਜੁੜਨਾ ਸੀ। ਇਸ ਮਿਸ਼ਨ 'ਤੇ ਜਾਣ ਵਾਲੇ ਤਿੰਨ ਤਜਰਬੇਕਾਰ ਪੁਲਾੜ ਯਾਤਰੀ ਮਿਸ਼ਨ ਕਮਾਂਡਰ ਨੀਲ ਆਰਮਸਟਰਾਂਗ, ਲੂਨਰ ਮੋਡੀਊਲ ਪਾਇਲਟ ਕਰਨਲ ਐਡਵਿਨ ਬਜ਼ ਐਲਡਰਿਨ ਅਤੇ ਕਮਾਂਡ ਮੋਡੀਊਲ ਪਾਇਲਟ ਲੈਫਟੀਨੈਂਟ ਕਰਨਲ ਮਾਈਕਲ ਕੋਲਿਨਸ ਪੂਰੀ ਤਰ੍ਹਾਂ ਚੁਸਤ-ਦਰੁਸਤ ਸਨ, ਇਹ ਤਿੰਨੇ ਪਹਿਲਾਂ ਜੈਮਿਨੀ ਮਿਸ਼ਨਾਂ ਤਹਿਤ ਪੁਲਾੜ ਯਾਤਰਾ ਦਾ ਅਨੁਭਵ ਪ੍ਰਾਪਤ ਕਰ ਚੁੱਕੇ ਸਨ। 16 ਜੁਲਾਈ, 1969 ਨੂੰ ਸਵੇਰ ਵੇਲੇ ਤਿੰਨੇ ਪੁਲਾੜ ਯਾਤਰੀ ਅਪੋਲੋ-11 ਸਪੇਸ ਕਰਾਫਟ ਵਿਚ ਸਵਾਰ ਸਨ, ਉਨ੍ਹਾਂ ਦਾ ਸਪੇਸ ਕਰਾਫਟ ਨਾਸਾ ਦੇ ਫਲੋਰੀਡਾ ਵਿਚਲੇ ਕੈਨੇਡੀ ਸਪੇਸ ਸੈਂਟਰ ਦੇ ਲਾਂਚ ਕੰਪਲੈਕਸ 39 ਦੀ ਲਾਂਚ ਪੈਡ 'ਏ' 'ਤੇ ਆਸਮਾਨ ਵੱਲ ਨੂੰ ਮੂੰਹ ਕਰੀ ਖੜ੍ਹੇ 20ਵੀਂ ਸਦੀ ਦੇ ਸਭ ਤੋਂ ਵੱਧ ਤਾਕਤਵਰ ਅਤੇ ਕੱਦਾਵਰ ਰਾਕਟ ਸੈਟਰਨ-5 ਦੇ ਆਖਰੀ ਸਿਰੇ ਕੋਲ ਆਸਮਾਨ ਵਿਚ ਧਰਤੀ ਤੋਂ ਲਗਭਗ 36 ਮੰਜ਼ਿਲਾ ਇਮਾਰਤ ਜਿੰਨੀ ਉੱਚਾਈ 'ਤੇ ਬਿਰਾਜਮਾਨ ਸੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬ. 94640 77434