ਕਿਊਬਾ ਦੇਸ਼ ਦੱਖਣੀ ਅਮਰੀਕਾ ਦਾ ਇਕ ਵਿਲੱਖਣ ਟਾਪੂ ਹੈ। ਇਸ ਦੀ ਕੀੜੀ ਦੇ ਰੂਪ ਦੀ ਦਿੱਖ ਹੈ। ਇਸ ਨੂੰ ਐਟਲਾਂਟਿਕ ਸਮੁੰਦਰ ਦੀ ਵਲਗਣ ਹੈ। ਕਿਊਬਾ ਕਈ ਵਰ੍ਹੇ, ਸਪੇਨ ਦੇ ਰਾਜ ਥੱਲੇ ਰਿਹਾ ਹੈ। ਸਪੇਨ ਦੇ ਸ਼ਾਸਕਾਂ ਨੇ ਯੂਰਪ ਅਤੇ ਅਫਰੀਕਾ ਤੋਂ ਲੋਕਾਂ ਨੂੰ ਲਿਆ ਕੇ ਕਈ ਸ਼ਹਿਰਾਂ ਦੀ ਉਸਾਰੀ ਕਰਵਾਈ। ਉਥੇ ਆਕਰਸ਼ਕ ਇਮਾਰਤਾਂ ਅੱਜ ਵੀ ਸਪੇਨ ਦੀ ਕਲਾਕਿਰਤੀ ਦਾ ਦ੍ਰਿਸ਼ ਪੇਸ਼ ਕਰਦੀਆਂ ਹਨ। ਇਹ ਕਮਿਊਨਿਸਟ ਦੇਸ਼ ਹੋਣ ਕਰਕੇ ਚੀਨ ਦੇ ਬਹੁਤ ਨੇੜੇ ਹੈ।
ਕਿਊਬਾ ਦੀ ਰਾਜਧਾਨੀ ਹਵਾਨਾ ਹੈ। ਇਹ ਬਿਲਕੁਲ ਸਮੁੰਦਰ ਦੀ ਹਿੱਕ 'ਤੇ ਵਸਿਆ ਬਹੁਤ ਵੱਡਾ ਸ਼ਹਿਰ ਹੈ। ਇਸ ਦੀ ਆਬਾਦੀ ਇਕ ਕਰੋੜ ਦੇ ਲਗਭਗ ਹੈ। ਸਪੇਨ ਦੇ ਸ਼ਾਸਕਾਂ ਨੇ ਇਥੇ ਉਪਰੋਥਲੀ ਚਾਰ ਕਿਲ੍ਹੇ ਉਸਾਰੇ। ਉੱਚੀਆਂ ਇਮਾਰਤਾਂ ਦੀ ਮੀਨਾਕਾਰੀ ਅਜੀਬ ਨਜ਼ਾਰਾ ਪੇਸ਼ ਕਰਦੀ ਹੈ। ਦੁਸ਼ਮਣਾਂ ਦੇ ਹਮਲੇ ਤੋਂ ਬਚਾਅ ਲਈ ਸਾਰੇ ਹਵਾਨਾ ਸ਼ਹਿਰ ਦੁਆਲੇ ਵੀਹ ਫੁੱਟ ਚੌੜੀ ਪੱਥਰਾਂ ਦੀ ਕੰਧ ਉਸਾਰੀ ਗਈ ਸੀ ਜੋ ਹੁਣ ਤੋੜ ਦਿੱਤੀ ਗਈ ਹੈ।
ਇਥੋਂ ਦੀਆਂ ਸਮੁੰਦਰੀ ਬੀਚਾਂ ਸੈਲਾਨੀਆਂ ਨੂੰ ਖੂਬ ਭਾਉਂਦੀਆਂ ਹਨ। ਚਿੱਟੇ ਰੇਤੇ ਨਾਲ ਭਰੀਆਂ ਬੀਚਾਂ ਤੇ ਸੈਲਾਨੀ ਅਠਖੇਲੀਆਂ ਤੇ ਖਰਮਸਤੀਆਂ ਕਰਦੇ ਹਨ। ਕਈ ਸਾਲ ਪਹਿਲਾਂ ਇਥੇ ਅਮਰੀਕਾ ਨੇ ਬੰਦਸ਼ਾਂ ਲਗਾ ਦਿੱਤੀਆਂ ਸਨ। ਅਮਰੀਕਾ ਦੇ ਬਾਸ਼ਿੰਦਿਆਂ ਨੂੰ ਇਸ ਦੇਸ਼ ਵਿਚ ਵੜਨ ਦੀ ਇਜਾਜ਼ਤ ਨਹੀਂ ਹੈ। ਇਹ ਦੇਸ਼ ਮੋਟੇ ਤੌਰ 'ਤੇ ਦੁਨੀਆ ਦੇ ਪਦਾਰਥਵਾਦੀ ਯੁੱਗ ਦੇ ਪ੍ਰਭਾਵ ਤੋਂ ਸੱਖਣਾ ਹੈ। ਲੋਕ ਗ਼ਰੀਬ ਨੇ ਪਰ ਦਿਲ ਦੇ ਅਮੀਰ ਨੇ। ਇਥੋਂ ਦੀ ਮੁਦਰਾ ਪੈਸੋ ਵਿਚ ਹੈ। ਕੀੜੇਮਾਰ ਦਵਾਈਆਂ ਦੀਆਂ ਜ਼ਹਿਰਾਂ ਤੋਂ ਮੁਕਤ ਕੁਦਰਤੀ ਮਾਹੌਲ ਵਿਚ ਐਵੋਕੈਡੋ, ਗੰਨਾ, ਅੰਬ, ਨਾਰੀਅਲ, ਅੰਜੀਰ, ਹਦਵਾਣੇ, ਬਹੁਤ ਹੀ ਆਹਲਾ ਕਿਸਮ ਦੇ ਹੁੰਦੇ ਹਨ। ਚੰਗੀਆਂ ਨੌਕਰੀਆਂ 'ਤੇ ਲੱਗੇ ਮੁਲਾਜ਼ਮਾਂ ਨੂੰ ਬਹੁਤ ਹੀ ਨਿਗੂਣਾ ਵੇਤਨ ਮਿਲਦਾ ਹੈ। ਉਦਾਹਰਨ ਦੇ ਤੌਰ 'ਤੇ ਨਰਸ ਅਤੇ ਅਧਿਆਪਕ ਨੂੰ ਵੀਹ ਅਮਰੀਕਨ ਡਾਲਰ ਪ੍ਰਤੀ ਮਹੀਨਾ ਮਿਲਦੇ ਹਨ ਜਦ ਕਿ ਇੰਜੀਨੀਅਰ ਨੂੰ ਤੀਹ ਡਾਲਰ ਪ੍ਰਤੀ ਮਹੀਨਾ ਮਿਲਦੇ ਹਨ।
ਇਥੋਂ ਦੀ ਮੁਦਰਾ ਸੈਲਾਨੀਆਂ ਦੀ ਆਮਦ 'ਤੇ ਹੀ ਨਿਰਭਰ ਕਰਦੀ ਹੈ। ਕੋਵਿਡ ਮਹਾਂਮਾਰੀ ਦੌਰਾਨ ਇਥੋਂ ਦੀ ਅਰਥ-ਵਿਵਸਥਾ ਢਹਿ-ਢੇਰੀ ਹੋ ਗਈ ਸੀ। ਕਿਸੇ ਸਮੇਂ ਇਥੋਂ ਦੀਆਂ ਸਿਹਤ ਸੇਵਾਵਾਂ ਬਹੁਤ ਹੀ ਉੱਚ-ਕੋਟੀ ਦੀਆਂ ਸਨ। ਪਰ ਹੁਣ ਸਿਹਤ ਸਹੂਲਤਾਂ ਵਿਚ ਪੂਰਾ ਨਿਘਾਰ ਆ ਚੁੱਕਾ ਹੈ।
ਸੈਲਾਨੀਆਂ ਦੀ ਖਿੱਚ ਦਾ ਕਾਰਨ ਪੁਰਾਣੀਆਂ ਕਾਰਾਂ ਹਨ। ਅਨੇਕਾਂ ਕਿਸਮਾਂ ਦੀਆਂ ਪੰਜਾਹ ਤੋਂ ਸੱਤਰ ਸਾਲ ਪੁਰਾਣੀਆਂ ਇਹ ਐਂਟੀਕ ਕਾਰਾਂ ਸੈਲਾਨੀਆਂ ਤੋਂ ਚੋਖਾ ਪੈਸਾ ਕਮਾਉਂਦੀਆਂ ਨੇ। ਆਪੋ-ਆਪਣੇ ਦੇਸ਼ਾਂ ਤੋਂ ਆਧੁਨਿਕ ਕਾਰਾਂ ਚਲਾਉਣ ਦੇ ਸ਼ੌਕੀਨ ਲੋਕ ਇਨ੍ਹਾਂ ਕਾਰਾਂ 'ਚ ਝੂਟੇ ਲੈਂਦੇ ਦਿਖਾਈ ਦਿੰਦੇ ਨੇ। ਅੱਜਕਲ੍ਹ ਇਥੇ ਚੀਨ ਦੀਆਂ ਬਣੀਆਂ ਕਾਰਾਂ ਵੀ ਕਿਤੇ ਕਿਤੇ ਦਿਖਾਈ ਦਿੰਦੀਆਂ ਹਨ।
ਆਕਰਸ਼ਕ ਥਾਵਾਂ ਅਤੇ ਰੈਸਟੋਰੈਂਟਾਂ ਵਿਚ ਕਾਮੇ ਇਕ ਅਮਰੀਕਨ ਡਾਲਰ ਦੀ ਟਿੱਪ ਲੈ ਕੇ ਫੁੱਲੇ ਨਹੀਂ ਸਮਾਉਂਦੇ। ਇਥੇ ਦੀ ਚਹੇਤੀ ਮੁਦਰਾ ਅਮਰੀਕਨ ਅਤੇ ਕੈਨੇਡੀਅਨ ਡਾਲਰ ਹੀ ਹਨ। ਇਥੋਂ ਦੇ ਪੇਂਡੂ ਇਲਾਕਿਆਂ ਵਿਚ ਘੁੰਮਦਿਆਂ ਇਉਂ ਲਗਦੈ ਜਿਵੇਂ ਅੱਜ ਤੋਂ ਪੰਜਾਹ ਸੱਠ ਸਾਲ ਦੇ ਪੁਰਾਣੇ ਪੰਜਾਬ ਦੇ ਪਿੰਡਾਂ ਵਿਚ ਘੁੰਮਦੇ ਹੋਈਏ।
ਇਥੋਂ ਦੇ ਚਮੜੇ ਦੇ ਪਰਸ ਅਤੇ ਝੋਲੇ ਬੜੇ ਮਸ਼ਹੂਰ ਹਨ। ਅਨੇਕਾਂ ਤਰ੍ਹਾਂ ਦੀ ਰੰਮ ਅਤੇ ਸੀਗਾਰ ਸੈਲਾਨੀ ਚਾਹ ਕੇ ਖਰੀਦਦੇ ਹਨ। ਇਹ ਟਾਪੂ ਸਮੁੰਦਰ ਦੇ ਵਿਚ ਘਿਰੇ ਹੋਣ ਕਰਕੇ ਅਨੇਕਾਂ ਬੀਚਾਂ ਅਤੇ ਰਿਜ਼ੋਰਟ ਸਰਕਾਰੀ ਅਤੇ ਪ੍ਰਾਈਵੇਟ ਦੇ ਰਲਵੇਂ ਪ੍ਰਬੰਧਾਂ ਹੇਠ ਮੋਟੀ ਕਮਾਈ ਕਰਦੇ ਹਨ।
ਬਹੁਤਾ ਕਰਕੇ ਮੀਂਹ ਦਾ ਪਾਣੀ ਧਰਤੀ 'ਚ ਬਣਾਏ ਪੱਕੇ ਟੋਇਆਂ ਵਿਚ ਸਾਂਭ ਕੇ ਰੱਖ ਲਿਆ ਜਾਂਦਾ ਹੈ। ਇਹ ਮੀਂਹ ਦਾ ਪਾਣੀ ਫਿਰ ਮੋਟਰਾਂ ਰਾਹੀਂ ਟੈਂਕੀਆਂ ਵਿਚ ਭਰ ਲਿਆ ਜਾਂਦੈ। ਇਥੇ ਹਰ ਘਰ ਦੀ ਛੱਤ 'ਤੇ ਘੱਟੋ-ਘੱਟ ਦੋ ਟੈਂਕੀਆਂ ਨਜ਼ਰ ਆ ਜਾਣਗੀਆਂ। ਹਰ ਗੁਸਲਖਾਨੇ ਵਿਚ ਪਖਾਨੇ ਦੀਆਂ ਦੋ ਸੀਟਾਂ ਬਣਾਈਆਂ ਹੁੰਦੀਆਂ ਨੇ।
ਇਥੇ ਚੌਰਸਤਿਆਂ ਦਾ ਰਿਵਾਜ ਨਹੀਂ ਹੈ। ਸੜਕਾਂ 'ਤੇ ਤਿਕੌਣੇ ਰਾਹ ਬਣੇ ਹੋਏ ਨੇ ਉਹ ਵੀ ਬਗੈਰ ਟ੍ਰੈਫਿਕ ਬੱਤੀਆਂ ਤੋਂ। ਲੋਕ ਬਗੈਰ ਵਾਹੋ-ਦਾਹੀ ਦੇ ਕਾਰਾਂ, ਬੱਸਾਂ, ਸਕੂਟਰ ਅਤੇ ਰਿਕਸ਼ੇ ਚਲਾਉਂਦੇ ਹਨ। ਕੋਈ ਭੱਜ ਦੌੜ ਨਹੀਂ, ਕੋਈ ਹਾਰਨ ਨਹੀਂ ਵੱਜਦੇ। ਇਹ ਦੇਸ਼ ਸਮੁੰਦਰ 'ਚ ਘਿਰੇ ਹੋਣ ਕਾਰਨ ਸੈਲਾਨੀ ਐਥੇ ਕਿਸ਼ਤੀਆਂ, ਕਰੂਜ਼, ਤੈਰਾਕੀ ਅਤੇ ਡੁਬਕਣੀਆਂ ਦਾ ਲੁਤਫ਼ ਲੈਂਦੇ ਨੇ। ਸਮੁੰਦਰ ਕੋਰਲ (3ora&) ਜੀਵਾਂ ਦੇ ਪੱਥਰ ਬੜੇ ਅਦਭੁੱਤ ਹਨ। ਇਨ੍ਹਾਂ ਨੂੰ ਕੰਧਾਂ ਅਤੇ ਫ਼ਰਸ਼ ਬਣਾਉਣ ਲਈ ਵਰਤਿਆ ਜਾਂਦੈ।
ਕਿਊਬਾ ਯੂਰਪ, ਸਪੇਨ ਅਤੇ ਅਮਰੀਕਾ ਦੇ ਸੱਭਿਆਚਾਰ ਦਾ ਮਿਲਗੋਭਾ ਹੈ। ਸੰਨ 1959 ਵਿਚ ਇਥੇ ਇਨਕਲਾਬ ਦਾ ਆਗਾਜ਼ ਹੋਇਆ। ਔਰਤਾਂ ਨੂੰ ਆਰਥਿਕ ਅਤੇ ਬਰਾਬਰਤਾ ਦੇ ਵੱਧ ਅਧਿਕਾਰ ਹਨ। ਬਾਹਰਲੇ ਦੇਸ਼ਾਂ 'ਚੋਂ ਆ ਕੇ ਕੋਈ ਜਾਇਦਾਦ ਨਹੀਂ ਖਰੀਦ ਸਕਦਾ, ਬਸ਼ਰਤੇ ਉਸ ਨੇ ਕਿਊਬਨ ਔਰਤ ਨਾਲ ਵਿਆਹ ਰਚਾਇਆ ਹੋਵੇ। ਇਹ ਇਕ ਅਤਿ ਹੀ ਗ਼ਰੀਬ ਦੇਸ਼ ਹੈ, ਜਿਥੇ ਬਹੁਤ ਮਹਿੰਗਾਈ ਹੈ ਅਤੇ ਅਕਸਰ ਹੀ ਸਬਜ਼ੀਆਂ, ਫਲਾਂ ਤੋਂ ਛੁੱਟ ਦੂਸਰੀਆਂ ਵਸਤਾਂ ਦੀ ਕਮੀ ਰਹਿੰਦੀ ਹੈ। ਮੁੱਖ ਤੌਰ 'ਤੇ ਪੈਟਰੋਲੀਅਮ, ਨਿਕਲ, ਕੋਬਾਲਟ, ਦਵਾਈਆਂ, ਸਟੀਲ, ਸੀਮੈਂਟ, ਚੀਨੀ ਤੇ ਖੇਤੀ-ਮਸ਼ੀਨਰੀ ਦੇ ਉਦਯੋਗ ਹਨ। 19ਵੀਂ ਸਦੀ ਵਿਚ ਕਿਊਬਾ ਬਹੁਤ ਹੀ ਖ਼ੁਸ਼ਹਾਲ ਦੇਸ਼ ਸੀ। ਇਸ ਨੂੰ ਉਸ ਵੇਲੇ ਵੱਡੀ ਢਾਹ ਲੱਗੀ ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ ਸੀ। ਹਰੇਕ ਵਿਅਕਤੀ ਲਈ ਦੋ ਸਾਲ ਦੀ ਮਿਲਟਰੀ ਟ੍ਰੇਨਿੰਗ ਲੈਣੀ ਲਾਜ਼ਮੀ ਹੈ।
ਉੱਤਰੀ ਅਮਰੀਕਾ (ਕੈਨੇਡਾ) ਤੋਂ ਆਉਣ ਵਾਲੇ ਯਾਤਰੀਆਂ ਲਈ ਇਹ ਸਥਾਨ ਬਹੁਤ ਹੀ ਸਸਤਾ ਪੈਂਦਾ ਹੈ, ਜਦੋਂ ਕਿ ਮੈਕਸੀਕੋ, ਪੁੰਟਾਕਾਨਾ, ਫਲੋਰਿਡਾ ਆਦਿ ਅਤਿ ਹੀ ਮਹਿੰਗੇ ਸੈਲਾਨੀ ਸਥਾਨ ਹਨ।
-ਟੋਰਾਂਟੋ, ਕੈਨੇਡਾ। ਮੋਬਾਈਲ : +16478315731